ਦਾਜ ਖ਼ਾਤਰ ਹੱਤਿਆਵਾਂ
ਇਹ ਮੰਦਭਾਗਾ ਅਤੇ ਚਿੰਤਾਜਨਕ ਹੈ ਕਿ 21ਵੀਂ ਸਦੀ ਦੇ ਇਸ ਯੁੱਗ ਵਿਚ ਵੀ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਹੱਤਿਆ ਨਾਲ ਜੁੜੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਨ੍ਹੀਂ ਦਿਨੀਂ ਅਜਿਹੇ ਹੀ ਦੋ ਮਾਮਲੇ ਖ਼ਾਸ ਤੌਰ ’ਤੇ ਚਰਚਾ ਵਿਚ ਹਨ। ਇਕ ਨੋਇਡਾ ਦੀ ਤਵਿਸ਼ਾ ਸ਼ਰਮਾ ਦੀ ਆਪਣੇ ਸਹੁਰੇ ਘਰ ਭੋਪਾਲ ਵਿਚ ਸ਼ੱਕੀ ਹਾਲਾਤ ਵਿਚ ਮੌਤ ਦਾ ਹੈ ਅਤੇ ਦੂਜਾ ਗ੍ਰੇਟਰ ਨੋਇਡਾ ਦੀ ਦੀਪਿਕਾ ਨਾਗਰ ਦਾ। ਦੀਪਿਕਾ ਦੇ ਪਰਿਵਾਰ ਵਾਲੇ ਇਹ ਦੋਸ਼ ਲਗਾ ਰਹੇ ਹਨ ਕਿ ਉਨ੍ਹਾਂ ਦੀ ਬੇਟੀ ਦੀ ਦਾਜ ਕਾਰਨ ਜਾਨ ਲੈ ਲਈ ਗਈ। ਭੋਪਾਲ ਦੇ ਮਾਮਲੇ ਨੇ ਤਾਂ ਇੰਨਾ ਤੂਲ ਫੜ ਲਿਆ ਕਿ ਮੱਧ ਪ੍ਰਦੇਸ਼ ਸਰਕਾਰ ਨੇ ਜਾਂਚ ਸੀਬੀਆਈ ਨੂੰ ਸੌਂਪਣ ਦਾ ਫ਼ੈਸਲਾ ਕੀਤਾ। ਦੀਪਿਕਾ ਦੇ ਪਰਿਵਾਰ ਦੇ ਲੋਕ ਵੀ ਆਪਣੀ ਧੀ ਦੀ ਮੌਤ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਹਨ। ਦੀਪਿਕਾ ਦੇ ਪਰਿਵਾਰ ਵਾਲਿਆਂ ਅਨੁਸਾਰ ਉਨ੍ਹਾਂ ਨੇ ਉਸ ਦੇ ਵਿਆਹ ’ਤੇ ਇਕ ਕਰੋੜ ਰੁਪਏ ਤੋਂ ਵੱਧ ਖ਼ਰਚ ਕੀਤੇ ਅਤੇ ਲਾੜਾ ਪੱਖ ਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ ਸਨ, ਫਿਰ ਵੀ ਹੋਰ ਦਾਜ ਦੀ ਮੰਗ ਕੀਤੀ ਜਾ ਰਹੀ ਸੀ।
ਤਵਿਸ਼ਾ ਸ਼ਰਮਾ ਦੇ ਸਸੁਰਾਲ ਵਾਲਿਆਂ ’ਤੇ ਵੀ ਦਾਜ ਲਈ ਤੰਗ-ਪਰੇਸ਼ਾਨ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਹ ਦੋਵੇਂ ਪਰਿਵਾਰ ਆਰਥਿਕ ਤੌਰ ’ਤੇ ਖ਼ੁਸ਼ਹਾਲ ਹਨ, ਇਸ ਲਈ ਇਸ ਨਤੀਜੇ ’ਤੇ ਪੁੱਜਣ ਦੀ ਮਜਬੂਰੀ ਹੈ ਕਿ ਦਾਜ ਦੇ ਮਾਮਲੇ ਸਿਰਫ਼ ਗ਼ਰੀਬ-ਅਨਪੜ੍ਹ ਪਰਿਵਾਰਾਂ ਤੱਕ ਹੀ ਸੀਮਤ ਨਹੀਂ ਹਨ। ਕਿਉਂਕਿ ਦੋਵਾਂ ਹੀ ਮਾਮਲਿਆਂ ਦੀ ਜਾਂਚ ਜਾਰੀ ਹੈ, ਇਸ ਲਈ ਅਜੇ ਅੰਤਿਮ ਨਤੀਜੇ ’ਤੇ ਨਹੀਂ ਪੁੱਜਿਆ ਜਾ ਸਕਦਾ। ਇਸ ਲਈ ਹੋਰ ਵੀ ਨਹੀਂ ਕਿਉਂਕਿ ਕਈ ਵਾਰ ਦਾਜ ਲਈ ਤੰਗ ਕਰਨ ਦੇ ਦੋਸ਼ ਝੂਠੇ ਹੁੰਦੇ ਹਨ ਅਤੇ ਇਹ ਵੀ ਕਿਸੇ ਤੋਂ ਲੁਕਿਆ ਨਹੀਂ ਕਿ ਦਾਜ ਰੋਕੂ ਐਕਟ ਉਨ੍ਹਾਂ ਕਾਨੂੰਨਾਂ ਵਿੱਚੋਂ ਇਕ ਹੈ ਜਿਨ੍ਹਾਂ ਦੀ ਦੁਰਵਰਤੋਂ ਹੋ ਰਹੀ ਹੈ। ਇਸ ਦੁਰਵਰਤੋਂ ਨੂੰ ਲੈ ਕੇ ਹਾਈ ਕੋਰਟਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਚਿੰਤਾ ਜ਼ਾਹਰ ਕਰ ਜਾ ਚੁੱਕੀਆਂ ਹੈ ਪਰ ਇਸ ਦਾ ਇਹ ਵੀ ਅਰਥ ਨਹੀਂ ਕਿ ਦਾਜ ਖ਼ਾਤਰ ਤੰਗ-ਪਰੇਸ਼ਾਨ ਕਰਨ ਦੇ ਸਾਰੇ ਮਾਮਲੇ ਝੂਠੇ ਹੁੰਦੇ ਹਨ।
ਇਹ ਇਕ ਕੌੜੀ ਸੱਚਾਈ ਹੈ ਕਿ ਕਈ ਵਾਰ ਲਾੜੀਆਂ ਨੂੰ ਦਾਜ ਖ਼ਾਤਰ ਇੰਨਾ ਤੰਗ ਕੀਤਾ ਜਾਂਦਾ ਹੈ ਕਿ ਉਹ ਆਤਮ-ਹੱਤਿਆ ਕਰ ਲੈਂਦੀਆਂ ਹਨ। ਤੱਥ ਇਹ ਵੀ ਹੈ ਕਿ ਦਾਜ ਖ਼ਾਤਰ ਹੱਤਿਆ ਦੇ ਮਾਮਲਿਆਂ ਵਿਚ ਸਜ਼ਾ ਹੁੰਦੀ ਰਹਿੰਦੀ ਹੈ। ਅਜਿਹੇ ਮਾਮਲੇ ਸੱਭਿਅਕ ਸਮਾਜ ਲਈ ਸ਼ਰਮਨਾਕ ਗੱਲ ਹਨ। ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਬੇਟੀ ਦੇ ਵਿਆਹ ਵਿਚ ਆਪਣੀ ਮਰਜ਼ੀ ਨਾਲ ਤੋਹਫ਼ੇ ਦੇਣ ਵਾਲੇ ਮਾਤਾ-ਪਿਤਾ ਨੂੰ ਕਈ ਵਾਰ ਲਾੜਾ ਪੱਖ ਦੀਆਂ ਬੇਵਜ੍ਹਾ ਮੰਗਾਂ ਨੂੰ ਵੀ ਮੰਨਣਾ ਪੈਂਦਾ ਹੈ। ਦਰਅਸਲ, ਅਜਿਹੇ ਮਾਮਲਿਆਂ ਦੀ ਗਿਣਤੀ ਕਰਨਾ ਮੁਸ਼ਕਲ ਹੈ ਜਿਨ੍ਹਾਂ ਵਿਚ ਦਾਜ ਮੰਗਿਆ ਜਾਂਦਾ ਹੈ। ਕੁਝ ਮਾਮਲਿਆਂ ਵਿਚ ਤਾਂ ਵਿਆਹ ਤੋਂ ਬਾਅਦ ਵੀ ਦਾਜ ਦੀ ਮੰਗ ਹੁੰਦੀ ਹੈ। ਅਜਿਹਾ ਉਨ੍ਹਾਂ ਲੜਕੀਆਂ ਨਾਲ ਵੀ ਹੋ ਰਿਹਾ ਹੈ ਜੋ ਨੌਕਰੀਪੇਸ਼ਾ ਹਨ। ਰਾਸ਼ਟਰੀ ਅਪਰਾਧ ਰਿਕਾਰਡਜ਼ ਬਿਊਰੋ ਮੁਤਾਬਕ 2024 ਵਿਚ ਦਾਜ ਸਬੰਧੀ ਹੱਤਿਆਵਾਂ ਦੇ 5,737 ਮਾਮਲੇ ਦਰਜ ਹੋਏ ਸਨ। ਸਾਨੂੰ ਇਹ ਸੱਚ ਸਵੀਕਾਰ ਕਰਨਾ ਹੋਵੇਗਾ ਕਿ ਦਾਜ ਇਕ ਸਮਾਜਿਕ ਬੁਰਾਈ ਦੇ ਤੌਰ ’ਤੇ ਸਾਡੇ ਵਿਚਕਾਰ ਅਜੇ ਵੀ ਮੌਜੂਦ ਹੈ। ਇਸ ਬੁਰਾਈ ਨੂੰ ਸਿਰਫ਼ ਕਾਨੂੰਨ ਦੇ ਸਹਾਰੇ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਵਿਚ ਸਮਾਜ ਦਾ ਸਹਿਯੋਗ ਜ਼ਰੂਰੀ ਹੈ। ਦਾਜ ਵਾਸਤੇ ਤੰਗ ਕਰਨ ਅਤੇ ਹੱਤਿਆ ਦੇ ਮਾਮਲੇ ਇਹ ਦੱਸਦੇ ਹਨ ਕਿ ਅਸੀਂ ਅਜੇ ਵੀ ਆਦਰਸ਼ ਸਮਾਜ ਬਣਨ ਤੋਂ ਕੋਹਾਂ ਦੂਰ ਹਾਂ।
Share this content:



Post Comment