ਜੈੱਨ-ਜ਼ੀ ਅਤੇ ਰੁਜ਼ਗਾਰ ਦਾ ਮਹਾ-ਸੰਕਟ
ਪਿਛਲੇ 35 ਤੋਂ ਵੱਧ ਸਾਲਾਂ ਤੋਂ ਖ਼ਾਸਕਰ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਮੱਧਵਰਗੀ ਮਾਪੇ ਆਪਣੇ ਬੱਚਿਆਂ ਨੂੰ ਉੱਚ ਪੇਸ਼ੇਵਰ ਡਿਗਰੀਆਂ ਦਿਵਾਉਣ ਲਈ ਕਾਲਜ ਭੇਜਦੇ ਆ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਚੰਗੀਆਂ ਦਫ਼ਤਰੀ ਨੌਕਰੀਆਂ ਮਿਲ ਸਕਣ। ਕਿਸੇ ਸਮੇਂ ਇਸ ਨੂੰ ਖੁਸ਼ਹਾਲੀ ਅਤੇ ਕਾਮਯਾਬੀ ਦੀ ਪੱਕੀ ਗਾਰੰਟੀ ਮੰਨਿਆ ਜਾਂਦਾ ਸੀ। ਇਸ ਰੁਝਾਨ ਨੇ ਲੰਮੇ ਸਮੇਂ ਤੱਕ ਭਰਪੂਰ ਲਾਹਾ ਵੀ ਦਿੱਤਾ। ਐੱਮ ਬੀ ਏ, ਫਾਇਨਾਂਸ (ਵਿੱਤ) ਜਾਂ ਕੰਪਿਊਟਰ ਵਿਗਿਆਨ ਦੀਆਂ ਡਿਗਰੀਆਂ ਵਾਲੇ ਨੌਜਵਾਨ ਆਸਾਨੀ ਨਾਲ ਕਾਰਪੋਰੇਟ ਦਫ਼ਤਰਾਂ ਵਿੱਚ ਪਹੁੰਚ ਗਏ ਅਤੇ ਆਪਣੇ ਮਾਪਿਆਂ ਨਾਲੋਂ ਕਿਤੇ ਵੱਧ ਕਮਾਈ ਕਰਨ ਲੱਗੇ। ਸੱਚ ਤਾਂ ਇਹ ਹੈ ਕਿ ਸਾਡੇ ਦੇਸ਼ ਦੇ ਤੇਜ਼ੀ ਨਾਲ ਵਧ ਰਹੇ ਆਈ ਟੀ ਅਤੇ ਵਿੱਤ ਖੇਤਰ ਨੇ ਛੋਟੇ ਸ਼ਹਿਰਾਂ ਦੇ ਲੱਖਾਂ ਹੀ ਪੜ੍ਹੇ-ਲਿਖੇ ਨੌਜਵਾਨਾਂ ਦੀ ਕਿਸਮਤ ਬਦਲ ਦਿੱਤੀ। ਜੇਕਰ ਇਹ ਮੌਕੇ ਨਾ ਮਿਲਦੇ ਤਾਂ ਸ਼ਾਇਦ ਇਹ ਨੌਜਵਾਨ ਆਰਥਿਕ ਤੰਗੀ ਵਾਲੀ ਆਮ ਮੱਧਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹੁੰਦੇ।
ਪਿਛਲੇ ਕੁਝ ਸਾਲਾਂ ਦੌਰਾਨ ਭਾਰਤ ਦੀ ਨਵੀਂ ਪੀੜ੍ਹੀ, ਜਿਸ ਨੂੰ ਆਮ ਤੌਰ ’ਤੇ ਜੈੱਨ-ਜ਼ੀ ਕਿਹਾ ਜਾਂਦਾ ਹੈ, ਲਈ ਹਾਲਾਤ ਕਾਫ਼ੀ ਨਿਰਾਸ਼ਾਜਨਕ ਹੋ ਗਏ ਹਨ। ਜੇਕਰ ਵ੍ਹਾਈਟ-ਕਾਲਰ ਜਾਂ ਦਫ਼ਤਰੀ ਨੌਕਰੀਆਂ ਦੀ ਉਪਲਬਧਤਾ ਦੀ ਗੱਲ ਕਰੀਏ ਤਾਂ ‘ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕੌਨੋਮੀ’ (ਸੀ ਐੱਮ ਆਈ ਈ) ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਤਿੰਨ ਸਾਲਾਂ ਵਿੱਚ ਨੌਕਰੀਆਂ ਦੀ ਭਾਲ ਕਰਨ ਵਾਲੇ ਗ੍ਰੈਜੂਏਟਾਂ ਦੀ ਗਿਣਤੀ ਵਿੱਚ 74 ਫ਼ੀਸਦੀ ਵਾਧਾ ਹੋਇਆ ਹੈ। ਦੂਜੇ ਪਾਸੇ ਨੌਕਰੀ ਡੌਟ ਕੌਮ ਦੇ ਜੌਬਸਪੀਕ ਇੰਡੈਕਸ ਮੁਤਾਬਿਕ ਇਸੇ ਅਰਸੇ ਦੌਰਾਨ ਵ੍ਹਾਈਟ-ਕਾਲਰ ਜਾਂ ਦਫ਼ਤਰੀ ਨੌਕਰੀਆਂ ਦੇ ਮੌਕਿਆਂ ਵਿੱਚ ਮਹਿਜ਼ ਦੋ ਫ਼ੀਸਦੀ ਦਾ ਨਾਂ-ਮਾਤਰ ਵਾਧਾ ਦਰਜ ਕੀਤਾ ਗਿਆ ਹੈ।
ਇਹ ਅੰਕੜਾ ਵੀ ਜੈੱਨ-ਜ਼ੀ ਨਾਲ ਹੋ ਰਹੀ ਅਸਲ ਬੇਇਨਸਾਫ਼ੀ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦਾ। ਆਮ ਤੌਰ ’ਤੇ ਕੋਈ ਨੌਜਵਾਨ 20 ਸਾਲ ਦੀ ਉਮਰ ਵਿੱਚ ਵ੍ਹਾਈਟ-ਕਾਲਰ ਪੇਸ਼ੇ ਵਿੱਚ ਕਦਮ ਰੱਖਦਾ ਹੈ, ਹਾਲਾਂਕਿ ਬਹੁਤੇ ਨੌਜਵਾਨ 22 ਸਾਲ ਦੀ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰਦੇ ਹਨ। ਜਦੋਂ ਤੱਕ ਉਹ 25 ਸਾਲਾਂ ਦੇ ਹੁੰਦੇ ਹਨ, ਮਾਪਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ’ਤੇ ਵਿਆਹ ਕਰਨ ਅਤੇ ਘਰ ਵਸਾਉਣ ਦਾ ਦਬਾਅ ਬਣਾਇਆ ਜਾਣ ਲੱਗਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਪੜ੍ਹਾਈ ਵਾਲਾ ਬੇਫ਼ਿਕਰ ਜੀਵਨ ਅਚਾਨਕ ਘਰੇਲੂ ਜ਼ਿੰਮੇਵਾਰੀਆਂ ਵਿੱਚ ਬਦਲ ਜਾਂਦਾ ਹੈ। ਇਸ ਦੇ ਨਾਲ ਹੀ ਪੈਸੇ ਦੀ ਲੋੜ ਵੀ ਵਧ ਜਾਂਦੀ ਹੈ। ਇਹੀ ਕਾਰਨ ਹੈ ਕਿ 30 ਸਾਲ ਦੀ ਉਮਰ ਦੇ ਨੇੜੇ ਪਹੁੰਚਦਿਆਂ ਹੀ ਨੌਜਵਾਨ ਪੇਸ਼ੇਵਰ ਬਿਹਤਰ ਨੌਕਰੀਆਂ ਦੀ ਤਲਾਸ਼ ਸ਼ੁਰੂ ਕਰ ਦਿੰਦੇ ਹਨ।
ਇਸ ਗਿਰਾਵਟ ਦਾ ਵੱਡਾ ਹਿੱਸਾ ਸੂਚਨਾ ਤਕਨਾਲੋਜੀ ਅਤੇ ਵਿੱਤੀ ਖੇਤਰਾਂ ਵਿੱਚ ਦੇਖਣ ਨੂੰ ਮਿਲਿਆ ਹੈ, ਜਦੋਂਕਿ ਜੈੱਨ-ਜ਼ੀ ਦੇ ਬਹੁਤੇ ਨੌਜਵਾਨਾਂ ਨੇ ਉਚੇਰੀ ਸਿੱਖਿਆ ਦੌਰਾਨ ਇਸੇ ਖੇਤਰ ਦੀ ਪੜ੍ਹਾਈ ਕੀਤੀ ਸੀ। ਪਿਛਲੇ ਤਿੰਨ ਸਾਲਾਂ ਵਿੱਚ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਨਵੀਂ ਭਰਤੀ ਵਿੱਚ ਭਾਰੀ ਗਿਰਾਵਟ ਆਈ ਹੈ। ਨੌਕਰੀ ਡੌਟ ਕੌਮ ਦੇ ਅੰਕੜੇ ਦਰਸਾਉਂਦੇ ਹਨ ਕਿ ਆਈ ਟੀ ਸੌਫਟਵੇਅਰ ਅਤੇ ਸੌਫਟਵੇਅਰ ਸੇਵਾਵਾਂ ਵਿੱਚ ਰੁਜ਼ਗਾਰ ਦੇ ਮੌਕੇ 8 ਫ਼ੀਸਦੀ ਘਟੇ ਹਨ ਜਦੋਂਕਿ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਦੇ ਖੇਤਰ ਵਿੱਚ ਇਹ ਗਿਰਾਵਟ 17 ਫ਼ੀਸਦੀ ਦਰਜ ਕੀਤੀ ਗਈ ਹੈ। ਆਮ ਚਰਚਾ ਅਤੇ ਹਾਲਾਤ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਨੌਕਰੀਆਂ ਦੇ ਇਸ ਮਹਾ-ਸੰਕਟ ਦੀ ਸਭ ਤੋਂ ਵੱਧ ਮਾਰ ਸ਼ੁਰੂਆਤੀ ਪੱਧਰ (ਐਂਟਰੀ-ਲੈਵਲ) ਦੇ ਨਵੇਂ ਮੁਲਾਜ਼ਮਾਂ ਅਤੇ ਮੱਧ ਕ੍ਰਮ ਦੇ ਪ੍ਰਬੰਧਕਾਂ ’ਤੇ ਪਈ ਹੈ।
ਦੂਜੇ ਪਾਸੇ ਸਭ ਤੋਂ ਸੀਨੀਅਰ ਮੁਲਾਜ਼ਮਾਂ ਵਿੱਚ ਦੇਖਣ ਨੂੰ ਮਿਲ ਰਿਹਾ ਰੁਝਾਨ ਕਾਫ਼ੀ ਦਿਲਚਸਪ ਹੈ। ਪਿਛਲੇ ਤਿੰਨ ਸਾਲਾਂ ਦੌਰਾਨ 13 ਸਾਲਾਂ ਤੋਂ ਵੱਧ ਦਾ ਕੰਮ ਦਾ ਤਜਰਬਾ ਰੱਖਣ ਵਾਲੇ ਉੱਚ-ਪੱਧਰੀ ਪੇਸ਼ੇਵਰਾਂ ਦੀ ਭਰਤੀ ਵਿੱਚ 32 ਫ਼ੀਸਦੀ ਦਾ ਵਾਧਾ ਹੋਇਆ ਹੈ। ਦਰਅਸਲ, ਇਹ ਅੰਕੜਾ 16 ਸਾਲ ਤੋਂ ਵੱਧ ਤਜਰਬਾ ਰੱਖਣ ਵਾਲਿਆਂ ਵੱਲ ਵਧੇਰੇ ਝੁਕਿਆ ਹੋਇਆ ਹੈ, ਜਿੱਥੇ ਭਰਤੀ ਦੀ ਦਰ ਵਿੱਚ 40 ਫ਼ੀਸਦੀ ਦਾ ਵੱਡਾ ਉਛਾਲ ਆਇਆ ਹੈ। ਇਹ ਸਭ ਕੁਝ ਕੰਮਕਾਜੀ ਖੇਤਰਾਂ, ਖ਼ਾਸ ਕਰਕੇ ਤਕਨਾਲੋਜੀ, ਵਿੱਤ ਅਤੇ ਸਲਾਹਕਾਰ ਸੇਵਾਵਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਧਦੇ ਦਖ਼ਲ ਦਾ ਸਿੱਧਾ ਨਤੀਜਾ ਹੈ। ਏ ਆਈ ਏਜੰਟਾਂ ਨੇ ਨਵੇਂ ਸਿਖਿਆਰਥੀਆਂ ਤੇ ਮੁਲਾਜ਼ਮਾਂ ਨੂੰ ਭਰਤੀ ਕਰਨ ਦੀ ਲੋੜ ਨੂੰ ਘਟਾ ਦਿੱਤਾ ਹੈ। ਜਦੋਂ ਸ਼ੁਰੂਆਤੀ ਪੱਧਰ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਹੀ ਘਟ ਜਾਵੇਗੀ ਤਾਂ ਕੰਪਨੀਆਂ ਨੂੰ ਉਨ੍ਹਾਂ ਦੀ ਨਿਗਰਾਨੀ ਲਈ ਟੀਮ ਲੀਡਰਾਂ ਅਤੇ ਮੱਧ ਕ੍ਰਮ ਦੇ ਪ੍ਰਬੰਧਕਾਂ ਦੀ ਵੀ ਬਹੁਤੀ ਲੋੜ ਨਹੀਂ ਰਹਿ ਜਾਂਦੀ। ਆਮ ਅਤੇ ਬਿਨਾਂ ਵਿਸ਼ੇਸ਼ ਮੁਹਾਰਤ ਵਾਲੇ ਕੰਮਾਂ ਵਿੱਚ ਏ ਆਈ ਵੱਲੋਂ ਮੁਕਾਬਲਾ ਬਰਾਬਰ ਕਰ ਦਿੱਤੇ ਜਾਣ ਕਾਰਨ ਹੁਣ ਕੰਪਨੀਆਂ ਮਾਰਕੀਟ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਲਈ ਬਿਹਤਰ ਕਾਰੋਬਾਰੀ ਰਣਨੀਤੀ ’ਤੇ ਜ਼ੋਰ ਦੇ ਰਹੀਆਂ ਹਨ। ਸਿੱਟੇ ਵਜੋਂ, ਦੁਨੀਆ ਭਰ ਦੀਆਂ ਕੰਪਨੀਆਂ ਆਪਣੇ ਜੂਨੀਅਰ ਅਤੇ ਮੱਧ ਕ੍ਰਮ ਦੇ ਸਟਾਫ ਦੀ ਛਾਂਟੀ ਕਰ ਰਹੀਆਂ ਹਨ ਜਦੋਂਕਿ ਬਿਹਤਰੀਨ ਸੀਨੀਅਰ ਅਧਿਕਾਰੀਆਂ ਨੂੰ ਆਪਣੇ ਨਾਲ ਜੋੜਨ ਲਈ ਹਰ ਹੀਲਾ ਵਰਤ ਰਹੀਆਂ ਹਨ।
ਇਸ ਪੂਰੀ ਕਹਾਣੀ ਦਾ ਦੂਜਾ ਪਹਿਲੂ ਇਹ ਹੈ ਕਿ ਉੱਚ ਅਧਿਕਾਰੀਆਂ ਦੀਆਂ ਤਨਖ਼ਾਹਾਂ ਵਿੱਚ ਰਿਕਾਰਡ ਵਾਧਾ ਹੋਇਆ ਹੈ ਜਦੋਂਕਿ ਕਾਰਪੋਰੇਟ ਜਗਤ ਦੇ ਹੇਠਲੇ ਦੋ ਪੱਧਰਾਂ ’ਤੇ ਮੌਜੂਦ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਵਾਧੇ ਦੀ ਦਰ ਬਿਲਕੁਲ ਮੱਠੀ ਪੈ ਗਈ ਹੈ। ਮਿਸਾਲ ਵਜੋਂ ਭਾਰਤ ਦੇ ਆਈ ਟੀ ਸੇਵਾਵਾਂ ਖੇਤਰ ਵਿੱਚ ਸ਼ੁਰੂਆਤੀ ਪੱਧਰ ਦੀਆਂ ਤਨਖ਼ਾਹਾਂ ਪਿਛਲੇ ਇੱਕ ਦਹਾਕੇ ਤੋਂ ਜਿਉਂ ਦੀਆਂ ਤਿਉਂ ਹਨ ਜਦੋਂਕਿ 5 ਤੋਂ 10 ਸਾਲ ਦਾ ਤਜਰਬਾ ਰੱਖਣ ਵਾਲਿਆਂ ਦੀਆਂ ਔਸਤ ਤਨਖ਼ਾਹਾਂ ਵਿੱਚ ਵਾਧਾ ਕੀੜੀ ਦੀ ਤੋਰ ਤੁਰ ਰਿਹਾ ਹੈ। ਦੂਜੇ ਪਾਸੇ, ਇਨ੍ਹਾਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਆਮ ਮੁਲਾਜ਼ਮਾਂ ਦੀ ਔਸਤ ਤਨਖ਼ਾਹ ਨਾਲੋਂ 500 ਤੋਂ 700 ਗੁਣਾ ਵੱਧ ਕਮਾ ਰਹੇ ਹਨ। ਇਹ ਰੁਝਾਨ ਸਿਰਫ਼ ਆਈ ਟੀ ਖੇਤਰ ਤੱਕ ਹੀ ਸੀਮਿਤ ਨਹੀਂ ਸਗੋਂ ਸਮੁੱਚੇ ਭਾਰਤੀ ਕਾਰਪੋਰੇਟ ਜਗਤ ਦੀ ਇਹੋ ਕਹਾਣੀ ਹੈ।
ਇਹ ਸਥਿਤੀ ਭਾਰਤ ਦੀਆਂ ਚੋਟੀ ਦੀਆਂ ਕੰਪਨੀਆਂ ਦੇ ਤਨਖ਼ਾਹਾਂ ਦੇ ਬੱਜਟ (ਵੇਜ ਬਿੱਲ) ਬਾਰੇ ਇੱਕ ਵੱਖਰਾ ਨਜ਼ਰੀਆ ਪੇਸ਼ ਕਰਦੀ ਹੈ। ਸਾਲ 2022-23 ਤੋਂ 2025-26 ਦਰਮਿਆਨ ਬੀ ਐੱਸ ਈ 500 (ਭਾਰਤ ਦੀਆਂ ਸਭ ਤੋਂ ਕੀਮਤੀ 500 ਸੂਚੀਬੱਧ ਕੰਪਨੀਆਂ ਹਨ) ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਭੱਤਿਆਂ ਵਿੱਚ ਸਾਲਾਨਾ 7.6 ਫ਼ੀਸਦੀ ਦੀ ਦਰ ਨਾਲ ਵਾਧਾ ਹੋਇਆ ਜਦੋਂਕਿ ਉਨ੍ਹਾਂ ਦਾ ਸ਼ੁੱਧ ਮੁਨਾਫ਼ਾ ਹਰ ਸਾਲ 18.7 ਫ਼ੀਸਦੀ ਦੀ ਦਰ ਨਾਲ ਵਧਿਆ। ਜੇਕਰ ਇਸ ਤੱਥ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਤਨਖ਼ਾਹਾਂ ਦੇ ਇਸ ਵਾਧੇ ਦਾ ਵੱਡਾ ਹਿੱਸਾ ਉੱਚ-ਪੱਧਰੀ ਪ੍ਰਬੰਧਕਾਂ ਦੀਆਂ ਜੇਬਾਂ ਵਿੱਚ ਗਿਆ ਹੈ ਤਾਂ ਇਹ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਹੁਤੇ ਆਮ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ ਹੋਇਆ ਵਾਧਾ ਮਹਿੰਗਾਈ ਦਰ ਦੇ ਮੁਕਾਬਲੇ ਮਸਾਂ ਹੀ ਬਰਾਬਰ ਰਿਹਾ ਹੋਵੇਗਾ। ਸਭ ਤੋਂ ਨਵੀਂ ਪੀੜ੍ਹੀ ਯਾਨੀ ਜੈੱਨ-ਜ਼ੀ ਦੇ ਮੁਲਾਜ਼ਮਾਂ ਲਈ ਤਾਂ ਇਹ ਵਾਧਾ ਉਨ੍ਹਾਂ ਦੇ ਰਹਿਣ-ਸਹਿਣ ਦੇ ਖ਼ਰਚਿਆਂ ਵਿੱਚ ਹੋਏ ਵਾਧੇ ਨਾਲੋਂ ਵੀ ਘੱਟ ਹੋਣ ਦੀ ਸੰਭਾਵਨਾ ਹੈ।
ਇਹ ਸੱਚ ਹੈ ਕਿ ਪਿਛਲੇ ਇੱਕ ਸਾਲ ਵਿੱਚ ਉੱਚ-ਪੱਧਰੀ ਵ੍ਹਾਈਟ-ਕਾਲਰ ਜਾਂ ਦਫ਼ਤਰੀ ਭਰਤੀ ਵਿੱਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ, ਪਰ ਸਾਰੀਆਂ ਰਿਪੋਰਟਾਂ ਇਹੀ ਇਸ਼ਾਰਾ ਕਰਦੀਆਂ ਹਨ ਕਿ ਨਵੀਆਂ ਨੌਕਰੀਆਂ ਬਹੁਤ ਘੱਟ ਤਨਖ਼ਾਹਾਂ ’ਤੇ ਮਿਲ ਰਹੀਆਂ ਹਨ। ਕੰਪਨੀਆਂ ਨੇ ਸਾਲ 2025 ਵਿੱਚ ਵੱਡੇ ਪੱਧਰ ’ਤੇ ਮੁਲਾਜ਼ਮਾਂ ਦੀ ਛਾਂਟੀ ਕਰਕੇ ਆਪਣੇ ਤਨਖ਼ਾਹਾਂ ਦੇ ਖ਼ਰਚੇ ਘਟਾਏ ਸਨ ਅਤੇ ਹੁਣ ਉਨ੍ਹਾਂ ਦੀ ਥਾਂ ਘੱਟ ਤਨਖ਼ਾਹ ’ਤੇ ਨਵੇਂ ਮੁਲਾਜ਼ਮ ਰੱਖ ਰਹੀਆਂ ਹਨ। ਇਸ ਲਈ ਭਾਵੇਂ 2024-25 ਦਾ ਭਿਆਨਕ ਰੁਜ਼ਗਾਰ ਸੰਕਟ ਹੁਣ ਥੋੜ੍ਹਾ ਘਟ ਰਿਹਾ ਹੈ, ਪਰ ਜੈੱਨ-ਜ਼ੀ ਨੂੰ ਅਜਿਹੀਆਂ ਨੌਕਰੀਆਂ ਮਿਲ ਰਹੀਆਂ ਹਨ ਜੋ ਉਨ੍ਹਾਂ ਨੂੰ ਉਹ ਜੀਵਨ-ਸ਼ੈਲੀ ਦੇਣ ਦੇ ਸਮਰੱਥ ਨਹੀਂ ਹਨ, ਜੋ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਦਿੱਤੀ ਸੀ। ਮੈਂ ਨਿੱਜੀ ਤੌਰ ’ਤੇ ਅਜਿਹੇ ਨੌਜਵਾਨਾਂ ਨੂੰ ਜਾਣਦਾ ਹਾਂ, ਜਿਨ੍ਹਾਂ ਨੂੰ ਦੋ ਸਾਲ ਤੋਂ ਵੱਧ ਸਮਾਂ ਨੌਕਰੀ ਕਰਨ ਦੇ ਬਾਵਜੂਦ ਆਪਣੇ ਮਹੀਨੇ ਦੇ ਖ਼ਰਚੇ ਪੂਰੇ ਕਰਨ ਲਈ ਅਜੇ ਵੀ ਮਾਪਿਆਂ ਤੋਂ ਪੈਸੇ ਲੈਣੇ ਪੈਂਦੇ ਹਨ। ਇਸ ਦੇ ਉਲਟ ਪਿਛਲੀ ਪੀੜ੍ਹੀ ਦੇ ਨੌਜਵਾਨ ਆਪਣੇ ਮਾਪਿਆਂ ਨੂੰ ਘਰ ਪੈਸੇ ਭੇਜਦੇ ਸਨ ਜਾਂ ਉਨ੍ਹਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਮਹਿੰਗੇ ਤੋਹਫ਼ੇ ਖਰੀਦਦੇ ਸਨ ਕਿਉਂਕਿ ਉਹ ਚੰਗੀਆਂ ਤਨਖ਼ਾਹਾਂ ਲੈ ਰਹੇ ਸਨ। ਇਹ ਮਾਮਲਾ ਸਿਰਫ਼ ਆਰਥਿਕ ਤੰਗੀ ਤੱਕ ਹੀ ਸੀਮਿਤ ਨਹੀਂ ਹੈ। ਮਾਪਿਆਂ ’ਤੇ ਵਿੱਤੀ ਨਿਰਭਰਤਾ ਕਾਰਨ ਨੌਜਵਾਨ ਆਪਣੀ ਖ਼ੁਦਮੁਖ਼ਤਿਆਰੀ ਅਤੇ ਫ਼ੈਸਲੇ ਲੈਣ ਦੀ ਆਜ਼ਾਦੀ ਗੁਆ ਰਹੇ ਹਨ। ਉਹ ਵਿਆਹ ਕਰਵਾਉਣ ਅਤੇ ਬੱਚੇ ਪੈਦਾ ਕਰਨ ਦੀਆਂ ਯੋਜਨਾਵਾਂ ਨੂੰ ਅੱਗੇ ਪਾਉਣ ਜਾਂ ਟਾਲਣ ਲਈ ਮਜਬੂਰ ਹਨ।
Share this content:



Post Comment