Loading Now

ਜਲਵਾਯੂ, ਸੰਘਰਸ਼, ਕੋਵਿਡ ਤੇ ਅਸੁਰੱਖਿਅਤ ਰਾਹ

ਜਲਵਾਯੂ, ਸੰਘਰਸ਼, ਕੋਵਿਡ ਤੇ ਅਸੁਰੱਖਿਅਤ ਰਾਹ

ਹਰ ਫ਼ੌਜੀ ਇਹ ਜਾਣਦਾ ਹੈ ਕਿ ਜ਼ਮੀਨ ਕਦੇ ਵੀ ਨਿਰਪੱਖ ਨਹੀਂ ਹੁੰਦੀ। ਕੋਈ ਪੁਲ ਜਾਂ ਪਹਾੜੀ ਦੱਰਾ ਕਿਸੇ ਵੀ ਲੜਾਈ ਦਾ ਰੁਖ਼ ਮੋੜ ਸਕਦਾ ਹੈ। ਸਮੁੰਦਰ ਵਿੱਚ ਜਲਡਮਰੂ ਵੀ ਇਹੋ ਤਾਕਤ ਰੱਖਦੇ ਹਨ। ਇਹ ਵਪਾਰ ਦੀ ਰਾਖੀ ਕਰ ਸਕਦੇ ਹਨ, ਵਿਰੋਧੀ ’ਤੇ ਦਬਾਅ ਬਣਾ ਸਕਦੇ ਹਨ ਜਾਂ ਕਿਸੇ ਟਕਰਾਅ ਦੀ ਦਿਸ਼ਾ ਬਦਲ ਸਕਦੇ ਹਨ। ਇਤਿਹਾਸ ਇਸ ਦਾ ਗਵਾਹ ਹੈ। 1915 ਵਿੱਚ ਗੈਲੀਪੋਲੀ ਵਿੱਚ ਹਿੰਦੋਸਤਾਨੀ ਫ਼ੌਜੀਆਂ ਨੇ ਲੜਾਈ ਲੜੀ ਸੀ, ਜੋ ਅਜਿਹੀ ਨਾਕਾਮੀ ਵਿੱਚ ਬਦਲ ਗਈ ਜਿਸ ਦੀ ਸਾਨੂੰ ਵੱਡੀ ਕੀਮਤ ਤਾਰਨੀ ਪਈ ਸੀ। ਅੱਜ ਜਦੋਂ ਹੋਰਮੁਜ਼ ਜਲਡਮਰੂ ਵਿੱਚ ਤਣਾਅ ਵਧਿਆ ਹੋਇਆ ਹੈ ਅਤੇ ਬਾਬ ਅਲ-ਮੰਦੇਬ ਨੇੜੇ ਹਮਲੇ ਹੋ ਰਹੇ ਹਨ ਤਾਂ ਭਾਰਤੀ ਜੰਗੀ ਬੇੜੇ ਵਪਾਰਕ ਜਹਾਜ਼ਾਂ ਨੂੰ ਖ਼ਤਰੇ ਵਿੱਚੋਂ ਕੱਢ ਕੇ ਸੁਰੱਖਿਅਤ ਲੰਘਾ ਰਹੇ ਹਨ। ਸੰਕਟ ਦਾ ਅਸਰ ਦੂਰ-ਦੂਰ ਤੱਕ ਪਿਆ ਹੈ। ਚੋਕਪੁਆਇੰਟ (ਸਪਲਾਈ ਜਾਂ ਆਵਾਜਾਈ ਦੇ ਤੰਗ ਤੇ ਅਸੁਰੱਖਿਅਤ ਰਾਹ) ਹੁਣ ਸਿਰਫ਼ ਜੰਗੀ ਬੇੜਿਆਂ ਵੱਲੋਂ ਨਿਗਰਾਨੀ ਰੱਖੇ ਜਾਣ ਵਾਲੇ ਸਮੁੰਦਰੀ ਤੰਗ ਰਾਹ ਤੱਕ ਸੀਮਿਤ ਨਹੀਂ ਰਹੇ। ਇਹ ਸਮੁੰਦਰ ਹੇਠਲੀ ਕੇਬਲ, ਊਰਜਾ ਲਾਂਘਾ ਜਾਂ ਖੁਰਾਕ ਤੇ ਦਵਾਈਆਂ ਲਿਜਾਣ ਵਾਲੀ ਸਪਲਾਈ ਲੜੀ ਵੀ ਹੋ ਸਕਦੇ ਹਨ। ਕੋਵਿਡ-19, ਜਲਵਾਯੂ ਤਬਦੀਲੀ ਅਤੇ ਮੌਜੂਦਾ ਸੰਘਰਸ਼ ਨੇ ਦਿਖਾ ਦਿੱਤਾ ਹੈ ਕਿ ਦੁਨੀਆ ਦੇ ਇੱਕ ਕੋਨੇ ਵਿੱਚ ਪੈਦਾ ਹੋਈ ਅੜਚਨ ਕਿਵੇਂ ਦੁਨੀਆ ਦੇ ਦੂਜੇ ਕੋਨੇ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰਦੀ ਹੈ।

ਇਨ੍ਹਾਂ ਨਾਲ ਹੁਣ ਚੌਥੀ ‘ਸੀ’ ਵੀ ਜੁੜ ਗਈ ਹੈ, ਹਥਿਆਰ ਵਜੋਂ ਵਰਤੇ ਜਾ ਰਹੇ ‘ਚੋਕਪੁਆਇੰਟ’। ਜਿਨ੍ਹਾਂ ਮੁਲਕਾਂ ’ਤੇ ਸਭ ਤੋਂ ਵੱਧ ਆਰਥਿਕ ਬੋਝ ਪੈਂਦਾ ਹੈ, ਉਨ੍ਹਾਂ ਦੀ ਸੁਣਵਾਈ ਅਕਸਰ ਸਭ ਤੋਂ ਘੱਟ ਹੁੰਦੀ ਹੈ। ਜਦੋਂ ਸੰਪਰਕ ਤੇ ਸਪਲਾਈ ਦਾ ਤਾਣਾ-ਬਾਣਾ ਟੁੱਟਦਾ ਹੈ ਤਾਂ ਕਿਸੇ ਦਾ ਵੀ ਫ਼ਾਇਦਾ ਨਹੀਂ ਹੁੰਦਾ। ਜਦੋਂ ਕੋਈ ਸਮੁੰਦਰੀ ਮਾਰਗ ਬੰਦ ਹੁੰਦਾ ਹੈ ਤਾਂ ਇਸ ਦਾ ਅਸਰ ਲੜਾਈ ਵਾਲੀ ਥਾਂ ਤੋਂ ਬਹੁਤ ਦੂਰ ਤੱਕ ਪੈਂਦਾ ਹੈ। ਕਿਸੇ ਮਲਾਹ ਦਾ ਜਹਾਜ਼ ਅੱਗੇ ਨਹੀਂ ਵਧ ਸਕਦਾ। ਕੇਰਲਮ ਦਾ ਕੋਈ ਪਰਿਵਾਰ ਖਾੜੀ ਦੇਸ਼ ਤੋਂ ਆਉਣ ਵਾਲੀ ਕਮਾਈ ਦੀ ਉਡੀਕ ਕਰਦਾ ਰਹਿੰਦਾ ਹੈ। ਕਿਸਾਨ ਨੂੰ ਡੀਜ਼ਲ ਅਤੇ ਖਾਦ ਲਈ ਵੱਧ ਪੈਸੇ ਦੇਣੇ ਪੈਂਦੇ ਹਨ। ਬੀਮਾ ਕਿਸ਼ਤਾਂ ਵਧ ਜਾਂਦੀਆਂ ਹਨ। ਜਿਹੜੇ ਮੁਲਕ ਇਸ ਵਿਵਾਦ ਵਿੱਚ ਸ਼ਾਮਿਲ ਵੀ ਨਹੀਂ, ਉਨ੍ਹਾਂ ਨੂੰ ਵੀ ਭਾਰ ਝੱਲਣਾ ਪੈਂਦਾ ਹੈ। ਰੋਕਥਾਮ ਦੀ ਸਮਰੱਥਾ ਅਹਿਮ ਹੈ। ਇਸ ਦੇ ਨਾਲ ਹੀ ਸਪੱਸ਼ਟ ਨਿਯਮ, ਸਮੇਂ ਸਿਰ ਜਾਣਕਾਰੀ ਸਾਂਝੀ ਕਰਨਾ ਅਤੇ ਸੇਵਾਵਾਂ ਨੂੰ ਛੇਤੀ ਬਹਾਲ ਕਰਨ ਦੀ ਸਮਰੱਥਾ ਵੀ ਓਨੀ ਹੀ ਜ਼ਰੂਰੀ ਹੈ। ਅਜਿਹੇ ਹਾਲਾਤ ਵਿੱਚ ਭੂਗੋਲਿਕ ਸਥਿਤੀ ਕਾਰਨ ਭਾਰਤ ਦਾ ਬਹੁਤ ਕੁਝ ਦਾਅ ’ਤੇ ਵੀ ਲੱਗਿਆ ਹੋਇਆ ਹੈ ਅਤੇ ਇਸ ਦੀ ਖ਼ਾਸ ਜ਼ਿੰਮੇਵਾਰੀ ਵੀ ਬਣਦੀ ਹੈ। ਹਿੰਦ ਮਹਾਂਸਾਗਰ ਪੱਛਮ ਵਿੱਚ ਹੋਰਮੁਜ਼ ਅਤੇ ਬਾਬ ਅਲ-ਮੰਦੇਬ ਨੂੰ ਪੂਰਬ ਵਿੱਚ ਮਲੱਕਾ ਨਾਲ ਜੋੜਦਾ ਹੈ। ਭਾਰਤ ਦੀ ਖ਼ੁਸ਼ਹਾਲੀ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਇਹ ਰਾਹ ਖੁੱਲ੍ਹੇ ਅਤੇ ਸੁਰੱਖਿਅਤ ਰਹਿਣ। ਭਾਰਤ ਦੀ ਕੇਂਦਰੀ ਸਥਿਤੀ ਕਿਸੇ ਨੂੰ ਰੋਕਣ ਦੇ ਜ਼ਰੀਏ ਦੀ ਬਜਾਏ ਸਹਿਯੋਗ ਦਾ ਧੁਰਾ ਬਣ ਸਕਦੀ ਹੈ। ਹਿੰਦ ਮਹਾਂਸਾਗਰ ਕਿਸੇ ਇੱਕ ਦੇਸ਼ ਦੀ ਨਿੱਜੀ ਜਾਇਦਾਦ ਨਹੀਂ ਹੈ। ਇਸ ਦੇ ਰਾਹ ਪੂਰਬੀ ਅਫ਼ਰੀਕਾ ਤੋਂ ਲੈ ਕੇ ਦੱਖਣ-ਪੂਰਬੀ ਏਸ਼ੀਆ ਤੱਕ ਦੇ ਅਰਥਚਾਰਿਆਂ ਨੂੰ ਚਲਾਉਂਦੇ ਹਨ। ਇਸ ਲਈ ਕਈ ਮੁਲਕਾਂ ਦੇ ਹਿੱਤ ਭਾਰਤ ਦੇ ਹਿੱਤਾਂ ਨਾਲ ਜੁੜੇ ਹੋਏ ਹਨ।

ਟੁੱਟਦੀ ਦੁਨੀਆ ਵਿੱਚ ਰਣਨੀਤਕ ਖ਼ੁਦਮੁਖ਼ਤਿਆਰੀ

ਰਣਨੀਤਕ ਖ਼ੁਦਮੁਖ਼ਤਿਆਰੀ ਦਾ ਮਕਸਦ ਭਾਰਤ ਦੀ ਆਪਣੀ ਆਜ਼ਾਦਾਨਾ ਕਾਰਵਾਈ ਤੋਂ ਵੀ ਅੱਗੇ ਹੋਣਾ ਚਾਹੀਦਾ ਹੈ। ਟੁੱਟਦੀ-ਖਿੰਡਦੀ ਦੁਨੀਆ ਵਿੱਚ ਭਾਰਤ ਦਾ ਆਕਾਰ ਅਤੇ ਬਾਹਰਲੇ ਇਲਾਕਿਆਂ ’ਤੇ ਕਬਜ਼ੇ ਦੀ ਦੌੜ ਤੋਂ ਦੂਰ ਰਹਿਣ ਦਾ ਇਸ ਦਾ ਰਿਕਾਰਡ ਅਸ਼ਾਂਤੀ ਤੇ ਉਥਲ-ਪੁਥਲ ਨੂੰ ਸ਼ਾਂਤ ਕਰਨ ਦਾ ਮੌਕਾ ਦਿੰਦੇ ਹਨ ਪਰ ਇਹ ਦੋਵੇਂ ਗੱਲਾਂ ਸਾਨੂੰ ਨੈਤਿਕ ਤੌਰ ’ਤੇ ਉੱਤਮ ਹੋਣ ਦਾ ਹੱਕ ਨਹੀਂ ਦਿੰਦੀਆਂ। ਭਰੋਸਾ ਅਮਲ ਤੇ ਵਿਹਾਰ ਨਾਲ ਬਣਦਾ ਹੈ, ਖ਼ਾਸਕਰ ਛੋਟੇ ਗੁਆਂਢੀ (ਮੁਲਕਾਂ) ਨਾਲ ਵਰਤਾਅ ਅਤੇ ਆਫ਼ਤ ਵੇਲੇ ਦੂਜਿਆਂ ਨੂੰ ਮਦਦ ਪਹੁੰਚਾਉਣ ਨਾਲ। ਭਾਰਤ ਕੋਲ ਅੱਗੇ ਵਧਣ ਲਈ ਪਹਿਲਾਂ ਹੀ ਠੋਸ ਤਜਰਬਾ ਮੌਜੂਦ ਹੈ। ਸਾਡੇ ਦੇਸ਼ ਦੇ ਫ਼ੌਜੀ ਦਹਾਕਿਆਂ ਤੋਂ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਵਿੱਚ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਭਾਰਤ ਕੌਮਾਂਤਰੀ ਸੂਰਜੀ ਗੱਠਜੋੜ (ਇੰਟਰਨੈਸ਼ਨਲ ਸੋਲਰ ਅਲਾਇੰਸ) ਦਾ ਸਹਿ-ਬਾਨੀ ਕੀਤੀ ਅਤੇ ਭਾਰਤ ਨੇ ਆਫ਼ਤ ਰੋਕੂ ਬੁਨਿਆਦੀ ਢਾਂਚੇ ਲਈ ਗੱਠਜੋੜ (ਕੋਲੀਸ਼ਨ ਫੌਰ ਡਿਜ਼ਾਸਟਰ ਰੈਜ਼ੀਲੀਐਂਟ ਇਨਫਰਾਸਟਰੱਕਚਰ) ਦੀ ਸ਼ੁਰੂਆਤ ਕੀਤੀ। ‘ਵੈਕਸੀਨ ਮੈਤਰੀ’ ਰਾਹੀਂ ਛੋਟੇ ਟਾਪੂਨੁਮਾ ਦੇਸ਼ਾਂ ਸਮੇਤ ਦੁਨੀਆ ਭਰ ਵਿੱਚ ਵੈਕਸੀਨ ਭੇਜੀ ਗਈ। ਹੌਰਨ ਆਫ ਅਫ਼ਰੀਕਾ ਨੇੜੇ ਸਮੁੰਦਰੀ ਡਾਕੂਆਂ ਵਿਰੁੱਧ ਗਸ਼ਤ ਦੌਰਾਨ ਵੱਖ-ਵੱਖ ਮੁਲਕਾਂ ਵਾਲੇ ਜਹਾਜ਼ਾਂ ਨੂੰ ਸੁਰੱਖਿਅਤ ਲੰਘਾਇਆ ਗਿਆ।

ਅਜਿਹੀਆਂ ਜ਼ਿੰਮੇਵਾਰੀਆਂ ਲਗਾਤਾਰ ਨਿਭਾਉਣ ਦੀ ਲੋੜ ਹੈ, ਨਾ ਕਿ ਇਨ੍ਹਾਂ ਦਾ ਪ੍ਰਚਾਰ ਕਰਨ ਦੀ। ਇਹ ਉਪਰਾਲੇ ਇਹ ਵੀ ਦਰਸਾਉਂਦੇ ਹਨ ਕਿ ਸਮਰੱਥਾ ਅਤੇ ਸਹਿਯੋਗ ਦਾ ਆਪਸ ਵਿੱਚ ਟਕਰਾਅ ਹੋਣਾ ਜ਼ਰੂਰੀ ਨਹੀਂ। ਜਿਹੜੀ ਜਲ ਸੈਨਾ ਨਿਗਰਾਨੀ ਕਰਨ, ਜਹਾਜ਼ਾਂ ਦੀ ਸੁਰੱਖਿਆ ਕਰਨ ਅਤੇ ਬਚਾਅ ਕਾਰਜਾਂ ਦੇ ਸਮਰੱਥ ਹੋਵੇ, ਉਹ ਆਪਣੇ ਹਿੱਤਾਂ ਦੀ ਰਾਖੀ ਕਰਦਿਆਂ ਸਾਰਿਆਂ ਲਈ ਵਪਾਰ ਦੀ ਰਫ਼ਤਾਰ ਵੀ ਕਾਇਮ ਰੱਖਦੀ ਹੈ। ਰਾਖੀ ਤੇ ਸਾਂਭ-ਸੰਭਾਲ ਕੋਈ ਮੂਕ ਦਰਸ਼ਕ ਬਣੇ ਰਹਿਣ ਦਾ ਕੰਮ ਨਹੀਂ, ਇਸ ਲਈ ਭਰੋਸੇਯੋਗ ਸਮਰੱਥਾ ਦੀ ਲੋੜ ਹੁੰਦੀ ਹੈ। ਭਾਰਤ ਨੂੰ ਸਮੁੰਦਰੀ ਅਤੇ ਡਿਜੀਟਲ ਮਜ਼ਬੂਤੀ ਵਧਾਉਣੀ ਚਾਹੀਦੀ ਹੈ, ਜੋ ਅੜਿੱਕਿਆਂ ਨੂੰ ਰੋਕੇ ਅਤੇ ਸਾਂਝੇ ਮਾਰਗਾਂ ਨੂੰ ਧੌਂਸ ਤੇ ਦਬਾਅ ਦਾ ਜ਼ਰੀਆ ਬਣਨ ਤੋਂ ਬਚਾਵੇ। ਸੁਰੱਖਿਆ ਆਖ਼ਰਕਾਰ ਲੋਕਾਂ ਨਾਲ ਜੁੜੀ ਹੈ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਸਮੁੰਦਰ ਰਾਹੀਂ ਆਉਂਦੇ ਸਾਮਾਨ, ਟੈਂਕਰਾਂ ਰਾਹੀਂ ਪਹੁੰਚਦੀ ਊਰਜਾ ਅਤੇ ਕੇਬਲਾਂ ਰਾਹੀਂ ਲੰਘਦੇ ਡੇਟਾ ’ਤੇ ਨਿਰਭਰ ਕਰਦੀ ਹੈ। ਮਨੁੱਖਤਾ ਨੂੰ ਇੱਕ ਸਾਂਝੀ ਵਿਸ਼ਵ-ਵਿਰਾਸਤ ਜਾਂ ਸਾਂਝਾ ਸਰੋਤ ਮੰਨਣ ਦਾ ਇਹੀ ਅਰਥ ਹੈ। ਇਹ ਨਾ ਤਾਂ ਕੋਈ ਕਾਨੂੰਨੀ ਸ਼੍ਰੇਣੀ ਹੈ ਅਤੇ ਨਾ ਹੀ ਮਾਲਕੀ ਦਾ ਦਾਅਵਾ ਸਗੋਂ ਇਹ ਵਿਹਾਰਕ ਅਸੂਲ ਹੈ। ਇਸ ਦਾ ਮਤਲਬ ਹੈ ਕਿ ਸਾਂਝੇ ਰਾਹਾਂ ਤੇ ਸਰੋਤਾਂ ਤੱਕ ਬੇਰੋਕ ਪਹੁੰਚ ਕਾਇਮ ਰੱਖੀ ਜਾਵੇ, ਅੜਿੱਕੇ ਘਟਾਏ ਜਾਣ ਅਤੇ ਸਭ ਤੋਂ ਵੱਧ ਉਨ੍ਹਾਂ ਲੋਕਾਂ ਲਈ ਮੁੜ-ਉਭਾਰ ਮੁਮਕਿਨ ਬਣਾਇਆ ਜਾਵੇ, ਜਿਨ੍ਹਾਂ ਵਿੱਚ ਸੰਕਟ ਦਾ ਝਟਕਾ ਸਹਿਣ ਦੀ ਸਮਰੱਥਾ ਸਭ ਤੋਂ ਘੱਟ ਹੈ। ਇਸ ਦੀ ਪਰਖ ਸਿੱਧੀ ਹੈ: ਕੀ ਕੋਈ ਕਦਮ ਉਨ੍ਹਾਂ ਲੋਕਾਂ ਲਈ ਸਾਂਝੇ ਰਾਹ ਖੁੱਲ੍ਹੇ ਰੱਖਦਾ ਹੈ, ਜਿਨ੍ਹਾਂ ਨੇ ਇਹ ਸੰਕਟ ਖ਼ੁਦ ਨਹੀਂ ਸਹੇੜਿਆ?

ਸਿਧਾਂਤ ਤੋਂ ਅਮਲ ਵੱਲ

ਪਹਿਲਾ, ਉਨ੍ਹਾਂ ਮਾਰਗਾਂ ਦੀ ਰਾਖੀ ਕੀਤੀ ਜਾਵੇ, ਜੋ ਕਿਸੇ ਨੂੰ ਦਿਖਾਈ ਨਹੀਂ ਦਿੰਦੇ। ਸਮੁੰਦਰ ਹੇਠਲੀਆਂ ਕੇਬਲਾਂ, ਲੈਂਡਿੰਗ ਸਟੇਸ਼ਨਾਂ ਅਤੇ ਮੁਰੰਮਤ ਦੀ ਸਮਰੱਥਾ ’ਤੇ ਵੀ ਓਨਾ ਹੀ ਧਿਆਨ ਦੇਣਾ ਚਾਹੀਦਾ ਹੈ, ਜਿੰਨਾ ਅਸੀਂ ਸਮੁੰਦਰੀ ਜਹਾਜ਼ਾਂ ਦੇ ਲਾਂਘਿਆਂ ਅਤੇ ਬੰਦਰਗਾਹਾਂ ਨੂੰ ਦਿੰਦੇ ਹਾਂ। 2025 ਵਿੱਚ ਜੇਦਾਹ ਨੇੜੇ ਕੇਬਲਾਂ ਵਿੱਚ ਆਈਆਂ ਖ਼ਰਾਬੀਆਂ ਨੇ ਭਾਰਤ, ਪਾਕਿਸਤਾਨ ਅਤੇ ਖਾੜੀ ਦੇਸ਼ਾਂ ਵਿੱਚ ਸੰਪਰਕ ਤੇ ਇੰਟਰਨੈੱਟ ਸੇਵਾਵਾਂ ਨੂੰ ਕਮਜ਼ੋਰ ਕਰ ਦਿੱਤਾ ਸੀ। ਸਾਨੂੰ ਬਿਹਤਰ ਨਿਗਰਾਨੀ, ਫ਼ੌਰੀ ਪ੍ਰਵਾਨਗੀਆਂ ਅਤੇ ਚੰਗੀ ਮੁਰੰਮਤ ਸਮਰੱਥਾ ਦੀ ਲੋੜ ਹੈ। ਦੂਜਾ, ਤੱਟੀ ਦੇਸ਼ਾਂ ਨੂੰ ਸਾਂਝੇ ਮੰਚ ਅਤੇ ਸਲਾਹ-ਮਸ਼ਵਰੇ ਵਿੱਚ ਥਾਂ ਦਿੱਤੀ ਜਾਵੇ। ਜਦੋਂ ਮੁਕਾਬਲੇਬਾਜ਼ੀ ਉਨ੍ਹਾਂ ਦੇ ਸਮੁੰਦਰੀ ਇਲਾਕਿਆਂ ਤੱਕ ਪਹੁੰਚਦੀ ਹੈ ਤਾਂ ਸਭ ਤੋਂ ਪਹਿਲਾਂ ਤੱਟੀ ਦੇਸ਼ਾਂ ਨੂੰ ਹੀ ਖ਼ਮਿਆਜ਼ਾ ਭੁਗਤਣਾ ਪੈਂਦਾ ਹੈ। ਖੇਤਰੀ ਢਾਂਚੇ ਉਨ੍ਹਾਂ ਦੇ ਨਾਲ ਮਿਲ ਕੇ ਬਣਨੇ ਚਾਹੀਦੇ ਹਨ, ਨਾ ਕਿ ਸਿਰਫ਼ ਉਨ੍ਹਾਂ ਲਈ। ਕੋਲੰਬੋ ਸੁਰੱਖਿਆ ਕੌਨਕਲੇਵ ਅਤੇ ਇੰਡੀਅਨ ਓਸ਼ਨ ਰਿਮ ਐਸੋਸੀਏਸ਼ਨ ਸ਼ੁਰੂਆਤੀ ਕਦਮ ਹਨ, ਭਾਰਤ ਦੇ ਸੂਚਨਾ-ਸਾਂਝਾ ਕਰਨ ਵਾਲੇ ਨੈੱਟਵਰਕ ਨਾਲ ਜੁੜੀ ਤੱਟੀ ਭਾਈਵਾਲਾਂ ਦੀ ਸਥਾਈ ਸਲਾਹ-ਮਸ਼ਵਰਾ ਵਿਵਸਥਾ ਇਨ੍ਹਾਂ ਨੂੰ ਠੋਸ ਅਰਥ ਦੇ ਸਕਦੀ ਹੈ। ਤੀਜਾ, ਸੰਕਟ ਆਉਣ ਤੋਂ ਪਹਿਲਾਂ ਹੀ ਭਰੋਸਾ ਕਾਇਮ ਕੀਤਾ ਜਾਵੇ ਕਿਉਂਕਿ ਸੰਕਟ ਵੇਲੇ ਫੋਨ ਨੰਬਰ ਵਟਾਉਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਗੁਰੂਗ੍ਰਾਮ ਸਥਿਤ ‘ਇਨਫਰਮੇਸ਼ਨ ਫਿਊਜ਼ਨ ਸੈਂਟਰ ਫੌਰ ਦਿ ਇੰਡੀਅਨ ਓਸ਼ਨ ਰਿਜਨ’ ਵਿੱਚ ਪਹਿਲਾਂ ਹੀ ਭਾਈਵਾਲ ਦੇਸ਼ਾਂ ਦੇ ਸੰਪਰਕ ਅਧਿਕਾਰੀ ਤਾਇਨਾਤ ਹਨ। ਇਸ ਦਾ ਨੈੱਟਵਰਕ ਸ਼ਿਪਿੰਗ ਕੰਪਨੀਆਂ, ਬੀਮਾਕਰਤਾਵਾਂ ਤੇ ਕੇਬਲ ਸੰਚਾਲਕਾਂ ਤੱਕ ਫੈਲਾਇਆ ਜਾਣਾ ਚਾਹੀਦਾ ਹੈ ਅਤੇ ਇਸ ਦੇ ਨਿਯਮ ਤੇ ਪ੍ਰੋਟੋਕੋਲ ਪਹਿਲਾਂ ਤੋਂ ਤੈਅ ਹੋਣੇ ਚਾਹੀਦੇ ਹਨ।

ਚੌਥਾ, ਸਮੁੰਦਰੀ ਥੀਏਟਰ ਕਮਾਂਡਾਂ ਦਾ ਘੇਰਾ ਤੇ ਨਜ਼ਰੀਆ ਪੂਰੇ ਹਿੰਦ ਮਹਾਸਾਗਰ ਤੱਕ ਫੈਲਾਇਆ ਜਾਵੇ। ਜਲ ਸੈਨਾ ਪਹਿਲਾਂ ਹੀ ਇਸੇ ਦਿਸ਼ਾ ਵਿੱਚ ਕੰਮ ਕਰ ਰਹੀ ਹੈ। 2023 ਦੇ ਅਖ਼ੀਰ ਤੋਂ ਇਹ ਅਰਬ ਸਾਗਰ ਅਤੇ ਅਦਨ ਦੀ ਖਾੜੀ ਵਿੱਚ ਸੰਕਟਕਾਲੀ ਸੱਦਿਆਂ ’ਤੇ ਫੌਰੀ ਕਾਰਵਾਈਆਂ ਕਰਦੀ ਆ ਰਹੀ ਹੈ, ਜਿੱਥੇ ਇਸ ਨੇ ਅਮਲੇ ਨੂੰ ਬਚਾਇਆ ਅਤੇ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਲੰਘਾਇਆ। ਜਿਉਂ-ਜਿਉਂ ਭਾਰਤ ਏਕੀਕ੍ਰਿਤ ਕਮਾਂਡਾਂ ਦਾ ਢਾਂਚਾ ਘੜ ਰਿਹਾ ਹੈ, ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਤਿੰਨਾਂ ਸੈਨਾਵਾਂ ਵਿਚਕਾਰ ਨਿਗਰਾਨੀ, ਜਹਾਜ਼ਾਂ ਦੀ ਸੁਰੱਖਿਆ, ਖੋਜ ਤੇ ਬਚਾਅ ਅਤੇ ਮਾਨਵਤਾਵਾਦੀ ਸਹਾਇਤਾ ਨੂੰ ਇਕੱਠਾ ਕੀਤਾ ਜਾਣਾ ਚਾਹੀਦਾ ਹੈ, ਜੋ ਕੌਮਾਂਤਰੀ ਕਾਨੂੰਨ ਅਤੇ ਰਾਸ਼ਟਰੀ ਫ਼ੈਸਲੇ ’ਤੇ ਆਧਾਰਿਤ ਹੋਵੇ। ਸੰਕਟ ਆਉਣ ਤੋਂ ਪਹਿਲਾਂ ਭਾਈਵਾਲ ਜਲ ਸੈਨਾਵਾਂ ਨਾਲ ਸਹਿਯੋਗ ਦਾ ਅਭਿਆਸ ਹੋਣਾ ਜ਼ਰੂਰੀ ਹੈ। ਪੰਜਵਾਂ, ਅਸਲ ਅਹਿਮੀਅਤ ਵਾਲੀਆਂ ਗੱਲਾਂ ਦਾ ਹਿਸਾਬ ਲਾਇਆ ਜਾਵੇ। ਸੁਰੱਖਿਆ ਨੂੰ ਲੋਕਾਂ ਦੀਆਂ ਜਾਨਾਂ ਅਤੇ ਰੋਜ਼ੀ-ਰੋਟੀ ਦੇ ਪੈਮਾਨੇ ’ਤੇ ਪਰਖਿਆ ਜਾਵੇ, ਜਿਸ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਵਿੱਚ ਘੱਟ ਅੜਿੱਕੇ, ਕੇਬਲਾਂ ਤੇ ਸਮੁੰਦਰੀ ਆਵਾਜਾਈ ਦੀ ਤੇਜ਼ ਬਹਾਲੀ ਅਤੇ ਘਰਾਂ ਤੇ ਨਾਜ਼ੁਕ ਆਰਥਿਕਤਾਵਾਂ ’ਤੇ ਘੱਟ ਵਿੱਤੀ ਭਾਰ ਸ਼ਾਮਿਲ ਹੋਵੇ। ਇਸ ਤੋਂ ਇਹ ਸਪੱਸ਼ਟ ਹੋਵੇਗਾ ਕਿ ਸੁਰੱਖਿਆ ’ਤੇ ਕੀਤਾ ਖ਼ਰਚ ਰੋਜ਼ਮੱਰ੍ਹਾ ਦੀ ਜ਼ਿੰਦਗੀ ਨੂੰ ਮਜ਼ਬੂਤ ਕਰਦਾ ਹੈ ਜਾਂ ਸਿਰਫ਼ ਜੰਗੀ ਬੇੜਿਆਂ, ਸਾਜ਼ੋ-ਸਾਮਾਨ ਅਤੇ ਗਸ਼ਤਾਂ ਦਾ ਦਾਇਰਾ ਹੀ ਵਧਾਉਂਦਾ ਹੈ।

ਸੰਪਰਕ ਤੇ ਆਵਾਜਾਈ ਦਾ ਨਵਾਂ ਪ੍ਰਬੰਧ

ਭੂਗੋਲਿਕ ਸਥਿਤੀ ਕਾਰਨ ਭਾਰਤ ਪੂਰਬ-ਪੱਛਮ ਸਮੁੰਦਰੀ ਸੰਪਰਕ ਦੇ ਧੁਰੇ ’ਤੇ ਹੈ। ਟੁੱਟਦੀ-ਖਿੰਡਦੀ ਦੁਨੀਆ ਵਿੱਚ ਇਸ ਕੜੀ ਨੂੰ ਮਜ਼ਬੂਤ ਬਣਾਈ ਰੱਖਣ ਅਤੇ ਇਸ ਦੇ ਵਿਆਪਕ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਨਾਲ ਚੋਕਪੁਆਇੰਟਾਂ ਦੀ ਤਾਕਤ ਤੇ ਦਬਾਅ ਘਟਦਾ ਹੈ ਅਤੇ ਇਨ੍ਹਾਂ ਰਾਹਾਂ ’ਤੇ ਨਿਰਭਰ ਲੋਕਾਂ ਦੀ ਜ਼ਿੰਦਗੀ ਸੌਖੀ ਹੁੰਦੀ ਹੈ। ਇਹ ਚਾਰੋਂ ‘ਸੀ’ ਇੱਕ ਸਥਾਈ ਸਬਕ ਦਿੰਦੇ ਹਨ ਕਿ ਸੰਪਰਕ ਤੇ ਆਵਾਜਾਈ ਦੇ ਮਾਰਗਾਂ ਨੂੰ ਮਜ਼ਬੂਤ, ਖੁੱਲ੍ਹੇ ਕਾਨੂੰਨ ਦੇ ਦਾਇਰੇ ਵਿੱਚ ਅਤੇ ਹਰ ਅੜਿੱਕੇ ਨੂੰ ਝੱਲਣ ਦੇ ਸਮਰੱਥ ਬਣਾਇਆ ਜਾਣਾ ਚਾਹੀਦਾ ਹੈ। ਵੱਡੀਆਂ ਤਾਕਤਾਂ ਨੇ ਵਿਸ਼ਵ ਪ੍ਰਬੰਧ ਨੂੰ ਆਪਣੀ ਸਰਬਉੱਚਤਾ, ਚੋਕਪੁਆਇੰਟਾਂ ’ਤੇ ਕਬਜ਼ੇ ਅਤੇ ਦੂਜਿਆਂ ਦੀ ਨਿਰਭਰਤਾ ਦਾ ਲਾਹਾ ਲੈ ਕੇ ਘੜਿਆ ਹੈ। ਭਾਰਤ ਉੱਭਰ ਰਹੇ ਇਸ ਨਵੇਂ ਪ੍ਰਬੰਧ ਨੂੰ ਸੰਜਮ ਅਤੇ ਸਾਂਭ-ਸੰਭਾਲ ਤੇ ਰਾਖੀ ਦੀ ਭਾਵਨਾ ਰਾਹੀਂ ਰੂਪ ਦੇਣ ਵਿੱਚ ਮਦਦ ਕਰ ਸਕਦਾ ਹੈ। ਸੰਕਟ ਵੇਲੇ ਸਵੈ-ਹਿੱਤ ਇੱਕ ਸੁਭਾਵਿਕ ਪ੍ਰਤੀਕਿਰਿਆ ਹੁੰਦੀ ਹੈ, ਹਰ ਦੇਸ਼ ਆਪਣੇ ਹਿੱਤਾਂ ਦੀ ਰਾਖੀ ਕਰਦਾ ਹੈ, ਭਾਰਤ ਵੀ ਕਰੇਗਾ। ਪਰ ਜਿੱਥੇ ਦੁਨੀਆ ਦੇ ਮੁੱਖ ਸਮੁੰਦਰੀ ਮਾਰਗ ਮਿਲਦੇ ਹਨ, ਉੱਥੇ ਭਾਰਤ ਉਹ ਗੱਲ ਵੀ ਕਹਿ ਸਕਦਾ ਹੈ ਜੋ ਬਾਕੀ ਭੁੱਲ ਜਾਂਦੇ ਹਨ ਕਿ ‘ਖੁੱਲ੍ਹੇ ਸਮੁੰਦਰ ਸਾਰਿਆਂ ਦਾ ਭਲਾ ਕਰਦੇ ਹਨ, ਸਿਰਫ਼ ਤਾਕਤਵਰਾਂ ਦਾ ਨਹੀਂ।

ਇੱਕ ਫ਼ੌਜੀ, ਜ਼ਮੀਨ ’ਤੇ ਕਬਜ਼ਾ ਉਸ ਚੀਜ਼ ਦੀ ਰਾਖੀ ਲਈ ਕਰਦਾ ਹੈ, ਜਿਸ ਨੂੰ ਉਹ ਬਚਾਉਣਾ ਚਾਹੁੰਦਾ ਹੈ। ਇਸ ਮਹਾਸਾਗਰ ਦਾ ਨਾਂ ਭਾਰਤ ਦੇ ਨਾਮ ’ਤੇ ਜੁੜਨ ਦਾ ਆਧਾਰ ਜਿੱਤ ਜਾਂ ਕਬਜ਼ਾ ਨਹੀਂ ਸਗੋਂ ਆਪਸੀ ਜੁੜਾਅ ਹੈ। ਹਜ਼ਾਰਾਂ ਸਾਲਾਂ ਤੋਂ ਮੌਨਸੂਨ ਹਵਾਵਾਂ ਅਫ਼ਰੀਕਾ, ਅਰਬ ਅਤੇ ਏਸ਼ੀਆ ਵਿਚਕਾਰ ਵਪਾਰੀਆਂ, ਵਿਚਾਰਾਂ ਤੇ ਆਸਥਾਵਾਂ ਨੂੰ ਅਤੇ ਪਰਿਵਾਰਾਂ ਤੇ ਪ੍ਰੇਮੀਆਂ ਦੇ ਸੁਨੇਹਿਆਂ ਨੂੰ ਲੈ ਕੇ ਆਉਂਦੀਆਂ-ਜਾਂਦੀਆਂ ਰਹੀਆਂ ਹਨ, ਜਿਸ ਨਾਲ ਦੂਰ-ਦੁਰਾਡੇ ਦੇ ਤੱਟੀ ਮੁਲਕ ਇੱਕ ਸਾਂਝੀ ਤੰਦ ਨਾਲ ਜੁੜੇ ਰਹੇ। ਇਹ ਇਤਿਹਾਸਕ ਯਾਦ ਅੱਜ ਲਈ ਮੁੱਢਲੇ ਅਸੂਲ ਤੈਅ ਕਰਦੀ ਹੈ ਕਿ ਸਮੁੰਦਰੀ ਮਾਰਗਾਂ ਦੀ ਰਾਖੀ ਕੀਤੀ ਜਾਵੇ, ਅਜਿਹਾ ਬੁਨਿਆਦੀ ਢਾਂਚਾ ਉਸਾਰਿਆ ਜਾਵੇ ਜੋ ਸਾਰਿਆਂ ਲਈ ਖੁੱਲ੍ਹਾ ਹੋਵੇ ਅਤੇ ਸੰਕਟ ਆਉਣ ’ਤੇ ਸਭ ਤੋਂ ਪਹਿਲਾਂ ਮਦਦ ਲਈ ਪਹੁੰਚਿਆ ਜਾਵੇ ਜਿਵੇਂ ਭਾਰਤ ਨੇ ‘ਵੈਕਸੀਨ ਮੈਤਰੀ’ ਅਤੇ ‘ਅਪਰੇਸ਼ਨ ਦੋਸਤ’ ਵੇਲੇ ਕੀਤਾ। ਚੋਕਪੁਆਇੰਟ ਇਸ ਗੱਲ ਦੀ ਪਰਖ ਹੈ ਕਿ ਤਾਕਤ ਕਿਸ ਮਕਸਦ ਲਈ ਵਰਤੀ ਜਾਣੀ ਚਾਹੀਦੀ ਹੈ। ਜੇ ਇਸ ਨੂੰ ਹਥਿਆਰ ਵਜੋਂ ਵਰਤਿਆ ਜਾਵੇ ਤਾਂ ਦੁਨੀਆ ਸੁੰਗੜਦੀ ਹੈ, ਜੇ ਇਸ ਦੀ ਅਮਾਨਤ ਵਜੋਂ ਰਾਖੀ ਕੀਤੀ ਜਾਵੇ ਤਾਂ ਸੰਭਾਵਨਾਵਾਂ ਦਾ ਘੇਰਾ ਖੁੱਲ੍ਹਾ ਰਹਿੰਦਾ ਹੈ। ਹਿੰਦ ਮਹਾਸਾਗਰ ਦੁਨੀਆ ਦੀਆਂ ਸਭ ਤੋਂ ਵੱਡੀਆਂ ਜੀਵਨ-ਰੇਖਾਵਾਂ ਵਿੱਚੋਂ ਇੱਕ ਹੈ।

Share this content:

Post Comment