Loading Now

ਚਿੰਤਾ ਦਾ ਵਿਸ਼ਾ ਹੈ ਜਲ ਭੰਡਾਰਾਂ ’ਚ ਘਟਦੇ ਪਾਣੀ ਦੇ ਸਰੋਤ

ਚਿੰਤਾ ਦਾ ਵਿਸ਼ਾ ਹੈ ਜਲ ਭੰਡਾਰਾਂ ’ਚ ਘਟਦੇ ਪਾਣੀ ਦੇ ਸਰੋਤ

ਕਿਸੇ ਵੀ ਦੇਸ਼ ਵਿੱਚ ਜਲ ਭੰਡਾਰ ਲੋਕਾਂ ਲਈ ਪਾਣੀ ਦੇ ਬਫ਼ਰ ਸਟਾਕ ਭਾਵ ਪਾਣੀ ਦੇ ਸੁਰੱਖਿਅਤ ਭੰਡਾਰ ਹੁੰਦੇ ਹਨ, ਜੋ ਕੁਦਰਤ ਦੇ ਅਣਕਿਆਸੇ ਵਰਤਾਰਿਆਂ ਅਤੇ ਸੰਕਟਮਈ ਹਾਲਾਤ ਦੇ ਨਿਪਟਾਰੇ ਲਈ ਅਤੇ ਉੱਥੋਂ ਦੇ ਲੋਕਾਂ ਲਈ ਜੀਵਨ ਰੇਖਾ ਦਾ ਕੰਮ ਕਰਦੇ ਹਨ। ਇਨ੍ਹਾਂ ਵਿਚਲਾ ਲੱਖਾਂ-ਕਰੋੜਾਂ ਲਿਟਰ ਪਾਣੀ ਸਥਾਨਕ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਦਾ ਹੈ। ਖੇਤੀ ਵਾਲੀ ਜ਼ਮੀਨ ਦੀਆਂ ਸਿੰਜਾਈ ਜ਼ਰੂਰਤਾਂ ਨੂੰ ਪੂਰਾ ਕਰਕੇ ਇਹ ਪਾਣੀ ਭੋਜਨ ਸੁਰੱਖਿਆ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਪਣ-ਬਿਜਲੀ ਉਤਪਾਦਨ ਵਿੱਚ ਸਹਾਇਤਾ ਕਰਕੇ ਘਰਾਂ, ਖੇਤੀ ਅਤੇ ਉਦਯੋਗਾਂ ਨੂੰ ਨਿਰਵਿਘਨ ਊਰਜਾ ਦੀ ਪੂਰਤੀ ਕਰਦਾ ਹੈ। ਡੈਮਾਂ ਅਤੇ ਜਲ ਭੰਡਾਰਾਂ ਤੋਂ ਆਏ ਪਾਣੀ ਦਾ ਖੇਤੀ ਲਈ ਇੱਕ ਇਹ ਵੀ ਫ਼ਾਇਦਾ ਹੈ ਕਿ ਪਹਾੜਾਂ ਤੋਂ ਆਉਂਦਾ ਜਲ ਭੰਡਾਰਾਂ ਦਾ ਪਾਣੀ ਖਣਿਜ ਤੱਤਾਂ ਨਾਲ ਭਰਪੂਰ ਹੁੰਦਾ ਹੈ, ਜੋ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ। ਇਸ ਲਈ ਵਿਕਸਿਤ ਹੁੰਦੇ ਸਮਾਜ ਦੀਆਂ ਲੋੜਾਂ, ਵਧਦੀ ਆਬਾਦੀ ਅਤੇ ਵਾਤਾਵਰਣੀ ਅਨਿਸ਼ਚਿਤਤਾਵਾਂ ਦੇ ਦੌਰ ਵਿੱਚ ਜਲ ਭੰਡਾਰਾਂ ਦੇ ਪਾਣੀ ਦੀ ਅਹਿਮੀਅਤ ਪਹਿਲਾਂ ਨਾਲੋਂ ਕਿਤੇ ਵਧ ਗਈ ਹੈ। ਇਸ ਦੇ ਨਾਲ ਹੀ ਲਗਾਤਾਰ ਵਧ ਰਹੇ ਕੌਮਾਂਤਰੀ ਝਗੜਿਆਂ ਦੇ ਸਿੱਟੇ ਵਜੋਂ ਇਨ੍ਹਾਂ ਦੀ ਅਹਿਮੀਅਤ ਇਸ ਲਈ ਵੀ ਵਧ ਗਈ ਹੈ ਕਿਉਂਕਿ ਇਨ੍ਹਾਂ ਝਗੜਿਆਂ ਕਾਰਨ ਪੈਟਰੋਲ, ਡੀਜ਼ਲ ਅਤੇ ਐੱਲ ਪੀ ਜੀ ਆਦਿ ਜਿਹੇ ਵਿਦੇਸ਼ਾਂ ਤੋਂ ਆਉਂਦੇ ਬਾਲਣਾਂ ਦੀ ਪੂਰਤੀ ਗ਼ੈਰ-ਯਕੀਨੀ ਹੋ ਜਾਂਦੀ ਹੈ। ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਅਜੋਕੇ ਸਮੇਂ ਵਿੱਚ ਕਿਸੇ ਦੇਸ਼ ਦੀ ਆਰਥਿਕ ਤਰੱਕੀ ਨੂੰ ਬਰਕਰਾਰ ਰੱਖਣ, ਜਨਤਕ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਰਾਸ਼ਟਰੀ ਸੁਰੱਖਿਆ ਨੂੰ ਕਾਇਮ ਰੱਖਣ ਦੀ ਸਮਰੱਥਾ ਉਸ ਦੇਸ਼ ਦੇ ਜਲ ਭੰਡਾਰਾਂ ਵਿੱਚ ਪਾਣੀ ਸਟੋਰ ਕਰਨ ਦੀਆਂ ਸਮਰੱਥਾਵਾਂ ਉੱਤੇ ਸਿੱਧੇ ਤੌਰ ’ਤੇ ਨਿਰਭਰ ਕਰਦੀ ਹੈ।

ਦੱਖਣ-ਪੱਛਮੀ ਮੌਨਸੂਨੀ ਵਰਖਾ ਦੇ ਘੱਟ ਪੈਣ ਦੇ ਮਾੜੇ ਪ੍ਰਭਾਵ:

ਐੱਲ ਨੀਨੋ ਦੇ ਪ੍ਰਭਾਵ ਹੇਠ ਇਸ ਸਾਲ ਮੌਨਸੂਨ ਦੀ ਵਰਖਾ ਔਸਤਨ 13 ਫ਼ੀਸਦ ਘੱਟ ਰਹੀ, ਜਿਸ ਨਾਲ ਮਾਹਿਰਾਂ ਵੱਲੋਂ ਫ਼ਸਲਾਂ ਦੀ ਸਿੰਜਾਈ, ਖੇਤੀ ਉਤਪਾਦ ਅਤੇ ਬਿਜਲੀ ਉਤਪਾਦਨ ਦੇ ਘੱਟ ਹੋਣ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ। ਇਸ ਸਾਲ ਦੱਖਣ-ਪੱਛਮੀ ਵਰਖਾ ਔਸਤ ਸਾਲਾਨਾ ਵਰਖਾ ਦਾ 87 ਫ਼ੀਸਦ ਰਹੀ। ਸਾਲ 2001 ਤੋਂ ਬਾਅਦ ਇਹ ਚੌਥੀ ਸਭ ਤੋਂ ਘੱਟ ਮੌਨਸੂਨੀ ਵਰਖਾ ਰਹੀ। ਸਰਕਾਰੀ ਅੰਕੜਿਆਂ ਮੁਤਾਬਿਕ ਦੇਸ਼ ਭਰ ਦੇ ਪਾਣੀ ਦੇ ਸਰੋਵਰ, ਜੋ ਪਿਛਲੇ ਸਾਲ ਆਪਣੀਆਂ ਸਮਰੱਥਾਵਾਂ ਦਾ 90 ਫ਼ੀਸਦ ਤੱਕ ਭਰੇ ਹੋਏ ਸਨ, ਉਹ ਇਸ ਸਾਲ ਦੋ-ਤਿਹਾਈ ਤੋਂ ਵੀ ਘੱਟ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਦੀ ਮੌਨਸੂਨ ਵਰਖਾ ਪਿਛਲੇ ਇੱਕ ਦਹਾਕੇ ਦੀ ਸਭ ਤੋਂ ਘੱਟ ਵਰਖਾ ਰਹੀ। 15 ਅਕਤੂਬਰ, 2026 ਨੂੰ ‘ਕੇਂਦਰੀ ਜਲ ਕਮਿਸ਼ਨ’ ਦੇ ਜਾਰੀ ਕੀਤੇ ਬੁਲੇਟਿਨ ਦੇ ਅੰਕੜਿਆਂ ਅਨੁਸਾਰ ਦੇਸ਼ ਦੇ 178 ਜਲ ਭੰਡਾਰਾਂ ਵਿਚਲਾ ਪਾਣੀ 126.717 ਅਰਬ ਕਿਊਬਿਕ ਮੀਟਰ ਸੀ, ਜੋ ਪਿਛਲੇ ਸਾਲ ਇਕੱਠੇ ਕੀਤੇ ਗਏ ਪਾਣੀ ਦੇ ਮੁਕਾਬਲੇ 24.53 ਫ਼ੀਸਦ ਘੱਟ ਸੀ। ਮੌਜੂਦਾ ਸਾਲ ਵਿੱਚ ਇਨ੍ਹਾਂ ਜਲ ਭੰਡਾਰਾਂ ਦੀ ਸਮਰੱਥਾ ਦਾ 68.58 ਫ਼ੀਸਦ ਹਿੱਸਾ ਭਰਿਆ ਹੋਇਆ ਹੈ ਅਤੇ 31.42 ਫ਼ੀਸਦ ਖ਼ਾਲੀ ਹੈ। ਇਹ ਪਿਛਲੇ ਦਸ ਸਾਲਾਂ ਦੇ ਸਾਲਾਨਾ ਔਸਤ ਜਲ ਭੰਡਾਰ ਨਾਲੋਂ 16.44 ਫ਼ੀਸਦ ਘੱਟ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ 178 ਵੱਡੇ ਜਲ ਭੰਡਾਰਾਂ ਦੀ ਧਾਰਨ ਸਮਰੱਥਾ 184.762 ਅਰਬ ਕਿਊਬਿਕ ਮੀਟਰ ਹੈ। ਘੱਟ ਮੌਨਸੂਨ ਵਰਖਾ ਪੈਣ ਨਾਲ ਦੇਸ਼ ਦਾ ਦੱਖਣੀ ਹਿੱਸਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਉੱਤਰੀ ਖੇਤਰ ਦੇ ਜਲ ਭੰਡਾਰਾਂ ਵਿੱਚ ਪਿਛਲੇ ਸਾਲ 17.1 ਅਰਬ ਕਿਊਬਿਕ ਮੀਟਰ ਪਾਣੀ ਸੀ, ਜੋ ਘਟ ਕੇ ਇਸ ਸਾਲ 11.2 ਅਰਬ ਕਿਊਬਿਕ ਮੀਟਰ ਰਹਿ ਗਿਆ ਹੈ।

ਇਸੇ ਤਰ੍ਹਾਂ ਦੇ ਕ੍ਰਮਵਾਰ ਅੰਕੜੇ ਪਿਛਲੇ ਸਾਲ ਅਤੇ ਇਸ ਸਾਲ ਦੇ ਪੂਰਬੀ ਖੇਤਰ (17.8 ਅਤੇ 16.6), ਪੱਛਮੀ ਖੇਤਰ (37.1 ਅਤੇ 29.4), ਕੇਂਦਰੀ ਖੇਤਰ (44.7 ਅਤੇ 40.9) ਅਤੇ ਦੱਖਣੀ ਖੇਤਰ (50.3 ਅਤੇ 23.8) ਦੇ ਹਨ। ਜਮ੍ਹਾਂ ਹੋਈ ਗਾਦ ਦੇ ਵੀ ਹਨ ਬੁਰੇ ਪ੍ਰਭਾਵ: ਜਲ ਭੰਡਾਰਾਂ ਵਿੱਚ ਸਟੋਰ ਕੀਤੇ ਜਾਣ ਵਾਲੇ ਪਾਣੀ ਦੀ ਸਮਰੱਥਾ ਨੂੰ ਭੰਡਾਰਾਂ ਵਿਚਲੀ ਗਾਦ ਵੀ ਪ੍ਰਭਾਵਿਤ ਕਰਦੀ ਹੈ। ਮਾਹਿਰਾਂ ਅਨੁਸਾਰ ਪਾਣੀ ਦੀ ਇਹ ਘਾਟ ਫ਼ਸਲਾਂ ਦੀ ਬਿਜਾਈ, ਸਿੰਜਾਈ ਅਤੇ ਉਤਪਾਦਾਂ ਨੂੰ ਸਿੱਧੇ ਤੌਰ ’ਤੇ ਪ੍ਰਭਾਵਿਤ ਕਰਦੀ ਹੈ। ਇੱਕ ਅਨੁਮਾਨ ਅਨੁਸਾਰ ਇਨ੍ਹਾਂ ਭੰਡਾਰਾਂ ਵਿੱਚ ਗਾਦ ਦੀ ਮੌਜੂਦਗੀ ਕਾਰਨ ਵੀ ਇਨ੍ਹਾਂ ਦੀ ਭੰਡਾਰਨ ਸਮਰੱਥਾ 19 ਤੋਂ 20 ਫ਼ੀਸਦ ਘਟ ਚੁੱਕੀ ਹੈ ਅਤੇ ਹਰ ਸਾਲ ਇਹ 0.74 ਫ਼ੀਸਦ ਦੀ ਦਰ ਨਾਲ ਘਟ ਰਹੀ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਭੰਡਾਰਾਂ ਦੀ ਜਿੰਨੀ ਭੰਡਾਰਨ ਸਮਰੱਥਾ ਕੁਝ ਸਾਲ ਪਹਿਲਾਂ ਸੀ, ਉਹ ਹੁਣ ਓਨੀ ਨਹੀਂ ਰਹੀ ਹੈ। ਇਸ ਤਰ੍ਹਾਂ ਜਲ ਭੰਡਾਰਾਂ ਉੱਤੇ ਦੋਹਰੀ ਮਾਰ ਪੈ ਰਹੀ ਹੈ, ਇੱਕ ਤਾਂ ਵਰਖਾ ਘੱਟ ਪਈ ਸੀ ਅਤੇ ਦੂਜਾ ਗਾਦ ਕਾਰਨ ਧਾਰਨ ਸਮਰੱਥਾ ਘਟ ਗਈ ਹੈ। ਇਨ੍ਹਾਂ ਭੰਡਾਰਾਂ ਵਿੱਚ ਗਾਦ ਇੱਕੋ ਸਾਲ ਵਿੱਚ ਇਕੱਠੀ ਨਹੀਂ ਹੋ ਗਈ, ਸਗੋਂ ਇਹ ਪਿਛਲੇ ਕਈ ਸਾਲਾਂ ਵਿੱਚ ਇਕੱਠੀ ਹੋਈ ਹੈ। ਮੀਂਹ ਪੈਣ ਨਾਲ ਪਹਾੜਾਂ ਦੇ ਕਟਾਅ ਨਾਲ ਇਹ ਗਾਦ ਹੌਲੀ-ਹੌਲੀ ਡਿੱਗ ਕੇ ਥੱਲੇ ਆਉਂਦੀ ਰਹਿੰਦੀ ਹੈ। ਇਸ ਲਈ ਜਲ ਭੰਡਾਰਾਂ ਦੀ ਭੰਡਾਰਨ ਸਮਰੱਥਾ ਬਣਾਈ ਰੱਖਣ ਲਈ ਇਨ੍ਹਾਂ ਨੂੰ ਕੇਂਦਰੀ ਜਲ ਨੀਤੀ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ।

ਰਜਾ ਉਤਪਾਦਨ ਦੇ ਘਟਣ ਦੀ ਸੰਭਾਵਨਾ

‘ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ’ ਦੇ ਮਾਹਿਰਾਂ ਮੁਤਾਬਿਕ ਘੱਟ ਮੌਨਸੂਨੀ ਵਰਖਾ ਦਾ ਪਣ-ਬਿਜਲੀ ਉਤਪਾਦਨ ਉੱਤੇ ਅਸਰ ਪਏਗਾ। ਹਿਮਾਚਲ ਪ੍ਰਦੇਸ਼ ਵਿੱਚ ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ 5 ਨਵੰਬਰ, 2026 ਨੂੰ ਪਿਛਲੇ ਸਾਲ ਦੇ ਮੁਕਾਬਲੇ 85.09 ਫ਼ੀਸਦ ਜਲ ਭੰਡਾਰ ਮੌਜੂਦ ਸੀ। ਇਸ ਵਿੱਚ ਪਿਛਲੇ ਦਸ ਸਾਲਾਂ ਵਿੱਚ ਇਸ ਦੀ ਕੁੱਲ ਸਮਰੱਥਾ ਦਾ 73.52 ਫ਼ੀਸਦ ਪਾਣੀ ਔਸਤਨ ਜਮ੍ਹਾਂ ਹੋਇਆ ਕਰਦਾ ਸੀ, ਜੋ ਕਿ ਇਸ ਸਾਲ ਮਹਿਜ਼ ਧਾਰਨ ਸਮਰੱਥਾ ਦਾ 56.87 ਫ਼ੀਸਦ ਹੀ ਸਟੋਰ ਹੋ ਸਕਿਆ ਹੈ। ਇੱਕ ਗੀਗਾਵਾਟ ਬਿਜਲੀ ਉਤਪਾਦਨ ਸਮਰੱਥਾ ਵਾਲੇ ਟੀਹਰੀ ਡੈਮ (ਉੱਤਰਾਖੰਡ) ਵਿੱਚ ਸਾਲ 2025 ਵਿੱਚ ਕੁੱਲ ਸਮਰੱਥਾ ਦਾ 95.28 ਫ਼ੀਸਦ ਜਲ ਭੰਡਾਰ ਮੌਜੂਦ ਸੀ, ਜਦਕਿ ਸਾਲ 2026 ਵਿੱਚ ਇਹ ਘਟ ਕੇ 92.91 ਫ਼ੀਸਦ ਰਹਿ ਗਿਆ ਹੈ। ਮਾਹਿਰਾਂ ਦਾ ਅੱਗੇ ਅਨੁਮਾਨ ਹੈ ਕਿ ਭਰ ਸਰਦੀਆਂ ਦੇ ਦਿਨਾਂ ਵਿੱਚ ਬਿਜਲੀ ਦੀਆਂ ਲੋੜਾਂ ਵਧ ਜਾਣ ਨਾਲ ਬਿਜਲੀ ਦੀ ਪੂਰਤੀ ਪ੍ਰਭਾਵਿਤ ਹੋਣ ਦੀ ਪੂਰੀ-ਪੂਰੀ ਸੰਭਾਵਨਾ ਹੈ। ਘੱਟ ਵਰਖਾ ਕਾਰਨ ਦੇਸ਼ ਦੇ ਜਲ ਭੰਡਾਰਾਂ ਵਿੱਚ ਘਟੇ ਪਾਣੀ ਦਾ ਅਸਰ ਜ਼ਮੀਨ ਹੇਠਲੇ ਪਾਣੀ ਉੱਤੇ ਪਏਗਾ। ਜਦੋਂ ਧਰਤੀ ਉੱਪਰਲੇ ਜਲ ਸਰੋਤਾਂ ਵਿੱਚ ਪਾਣੀ ਘਟ ਜਾਂਦਾ ਹੈ ਤਾਂ ਕਿਸਾਨ ਸਿੰਜਾਈ ਲਈ ਜ਼ਮੀਨ ਹੇਠਲੇ ਪਾਣੀ ਵੱਲ ਰੁਖ਼ ਕਰਦੇ ਹਨ। ਸ਼ਹਿਰਾਂ ਵਿੱਚ ਵੀ ਜਦੋਂ ਉੱਪਰਲੇ ਪਾਣੀ ਦੇ ਸਰੋਤ ਕਮਜ਼ੋਰ ਪੈ ਜਾਂਦੇ ਹਨ ਤਾਂ ਟਿਊਬਵੈੱਲਾਂ ਉੱਤੇ ਨਿਰਭਰਤਾ ਵਧ ਜਾਂਦੀ ਹੈ।

ਇਸ ਤਰ੍ਹਾਂ ਜ਼ਮੀਨ ਉੱਪਰਲੇ ਪਾਣੀ ਦੀ ਘਾਟ ਦਾ ਬੋਝ ਧਰਤੀ ਹੇਠਲੇ ਪਾਣੀ ਉੱਤੇ ਆ ਜਾਂਦਾ ਹੈ। ਜਲ ਭੰਡਾਰਾਂ ਵਿੱਚ ਘਟਦੇ ਪਾਣੀ ਦੇ ਸੋਮਿਆਂ ਦੇ ਹੱਲ ਲਈ ਇਨ੍ਹਾਂ ਦੇ ਉੱਪਰਲੇ ਹਿੱਸਿਆਂ ਵਿੱਚ ਰੁੱਖ ਲਗਾਉਣੇ ਚਾਹੀਦੇ ਹਨ, ਤਾਂ ਕਿ ਉਨ੍ਹਾਂ ਤੋਂ ਮਿੱਟੀ ਜਾਂ ਗਾਦ ਡਿੱਗ ਕੇ ਹੇਠਾਂ ਨਾ ਆਏ। ਭਾਖੜਾ ਡੈਮ ਸਮੇਤ ਕਈ ਹੋਰ ਡੈਮਾਂ ਵਿੱਚ ਗਾਦ ਇਕੱਠੀ ਹੋਣ ਨਾਲ ਉਨ੍ਹਾਂ ਦੀ ਸਮਰੱਥਾ ਘਟ ਗਈ ਹੈ। ਲੋੜ ਹੈ ਕਿ ਸਮੇਂ-ਸਮੇਂ ਉਨ੍ਹਾਂ ਦੀ ਡੀਸਿਲਟਿੰਗ ਕਰਕੇ ਸਰੋਵਰ ਦੀ ਜਲ ਧਾਰਨ ਸਮਰੱਥਾ ਨੂੰ ਵਧਾਇਆ ਜਾਵੇ। ਡੈਮਾਂ ਦੀਆਂ ਝੀਲਾਂ ਉੱਤੇ ਚੈੱਕ ਡੈਮ ਬਣਾ ਕੇ ਝੀਲਾਂ ਵਿੱਚ ਪਾਣੀ ਦੀ ਰਫ਼ਤਾਰ ਘਟਾ ਕੇ ਝੀਲਾਂ ’ਚ ਆਉਂਦੀ ਗਾਦ ਨੂੰ ਘਟਾਇਆ ਜਾ ਸਕਦਾ ਹੈ।

Share this content:

Post Comment