ਚੰਡੀਗੜ੍ਹ ’ਚ ਪਲਾਸਟਿਕ ਤੇ ਥਰਮੋਕੋਲ,ਸਿੰਗਲ-ਯੂਜ਼ ਦੀ ਵਰਤੋਂ ’ਤੇ ਸਖ਼ਤੀ
ਚੰਡੀਗੜ੍ਹ, 20 ਨਵੰਬਰ- ਸ਼ਹਿਰ ਵਿੱਚ ਵਾਤਾਵਰਨ ਦੀ ਸੰਭਾਲ ਲਈ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਸਿੰਗਲ-ਯੂਜ਼ ਪਲਾਸਟਿਕ ਅਤੇ ਥਰਮੋਕੋਲ ਦੀਆਂ 17 ਕਿਸਮਾਂ ‘ਤੇ ਮੁਕੰਮਲ ਰੋਕ ਲਗਾ ਦਿੱਤੀ ਹੈ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਤਾਜ਼ਾ ਹੁਕਮਾਂ ਮੁਤਾਬਕ ਹੁਣ ਬਾਜ਼ਾਰ ਵਿੱਚ ਡਿਸਪੋਜ਼ੇਬਲ ਕੱਪ-ਪਲੇਟਾਂ, ਸਟ੍ਰਾਅ ਅਤੇ ਚਮਚਿਆਂ ਦੇ ਨਾਲ-ਨਾਲ ‘ਯੂਜ਼ ਐਂਡ ਥ੍ਰੋ’ ਪੈੱਨ ਅਤੇ ਰੇਜ਼ਰ ਵੇਚਣ ਦੀ ਵੀ ਇਜਾਜ਼ਤ ਨਹੀਂ ਹੋਵੇਗੀ।
ਪ੍ਰਸ਼ਾਸਨ ਵੱਲੋਂ ਜਾਰੀ ਜਨਤਕ ਨੋਟਿਸ ਰਾਹੀਂ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਵਸਤਾਂ ਦੇ ਉਤਪਾਦਨ, ਭੰਡਾਰਨ, ਵਿਕਰੀ ਅਤੇ ਵਰਤੋਂ ‘ਤੇ ਪੂਰਨ ਪਾਬੰਦੀ ਰਹੇਗੀ। ਦੁਕਾਨਦਾਰਾਂ, ਵਪਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਤਾਕੀਦ ਕੀਤੀ ਗਈ ਹੈ। ਇਸ ਵਾਰ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਸਿਰਫ਼ ਜੁਰਮਾਨੇ ਤੱਕ ਹੀ ਸੀਮਤ ਨਹੀਂ ਰਹੇਗੀ। ਕਮੇਟੀ ਨੇ ਚੇਤਾਵਨੀ ਦਿੱਤੀ ਹੈ ਕਿ ਵਾਤਾਵਰਨ ਸੁਰੱਖਿਆ ਐਕਟ-1986 ਦੀ ਧਾਰਾ 5 ਤਹਿਤ ਬਿਨਾਂ ਕਿਸੇ ਅਗਾਊਂ ਨੋਟਿਸ ਦੇ ਸਿੱਧਾ ਐਕਸ਼ਨ ਲਿਆ ਜਾਵੇਗਾ।
ਨਿਯਮ ਤੋੜਨ ‘ਤੇ ਇਨ੍ਹਾਂ 3 ਤਰੀਕਿਆਂ ਨਾਲ ਹੋਵੇਗਾ ਐਕਸ਼ਨ:
• ਆਰਥਿਕ ਦੰਡ: ਪਾਬੰਦੀਸ਼ੁਦਾ ਸਾਮਾਨ ਰੱਖਣ, ਵੇਚਣ ਜਾਂ ਵਰਤਣ ‘ਤੇ ਵਾਤਾਵਰਨ ਨੁਕਸਾਨ ਦੀ ਭਰਪਾਈ ਵਜੋਂ ਮੋਟਾ ਜੁਰਮਾਨਾ ਵਸੂਲਿਆ ਜਾਵੇਗਾ।
• ਬਿਜਲੀ-ਪਾਣੀ ਦੀ ਸਪਲਾਈ ਬੰਦ: ਨਿਯਮ ਤੋੜਨ ਵਾਲੇ ਕਾਰੋਬਾਰੀ ਅਦਾਰਿਆਂ ਜਾਂ ਦੁਕਾਨਾਂ ਦੇ ਬਿਜਲੀ ਅਤੇ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ।
• ਅਦਾਰੇ ਹੋਣਗੇ ਸੀਲ: ਹੁਕਮਾਂ ਦੀ ਪ੍ਰਵਾਹ ਨਾ ਕਰਨ ਵਾਲੀਆਂ ਦੁਕਾਨਾਂ ਅਤੇ ਉਦਯੋਗਿਕ ਯੂਨਿਟਾਂ ਨੂੰ ਸੀਲ ਕਰ ਦਿੱਤਾ ਜਾਵੇਗਾ।
ਸਹਿਯੋਗ ਦੀ ਅਪੀਲ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਮੈਂਬਰ ਸਕੱਤਰ ਨੇ ਸਮੂਹ ਕਾਰੋਬਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਤਾਵਰਨ ਦੀ ਸ਼ੁੱਧਤਾ ਲਈ ਇਨ੍ਹਾਂ ਚੀਜ਼ਾਂ ਦੀ ਵਰਤੋਂ ਬੰਦ ਕਰਨ ਅਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ।
Share this content:



Post Comment