ਘਟੀਆਂ ਜੀ ਐੱਸ ਟੀ ਦਰਾਂ ਅੱਜ ਤੋਂ ਹੋਈਆਂ ਲਾਗੂ
ਨਵੀਂ ਦਿੱਲੀ , 22 ਸਤੰਬਰ – ਸੋਮਵਾਰ ਤੋਂ ਰਸੋਈ ਦੇ ਜ਼ਰੂਰੀ ਸਾਮਾਨ ਤੋਂ ਲੈ ਕੇ ਇਲੈਕਟਰਾਨਿਕਸ ਤੱਕ, ਦਵਾਈਆਂ ਅਤੇ ਉਪਕਰਣਾਂ ਤੋਂ ਲੈ ਕੇ ਆਟੋਮੋਬਾਈਲ ਤੱਕ ਦੀਆਂ ਕੀਮਤਾਂ ਸਸਤੀਆਂ ਹੋ ਜਾਣਗੀਆਂ, ਕਿਉਂਕਿ ਕਰੀਬ 375 ਵਸਤਾਂ ’ਤੇ ਘਟੀਆਂ ਜੀ ਐੱਸ ਟੀ ਦਰਾਂ ਲਾਗੂ ਹੋਣਗੀਆਂ। ਕੇਂਦਰ ਤੇ ਰਾਜਾਂ ਦੀ ਸ਼ਮੂਲੀਅਤ ਵਾਲੀ ਜੀ ਐੱਸ ਟੀ ਕੌਂਸਲ ਨੇ 22 ਸਤੰਬਰ ਨਵਰਾਤਿਆਂ ਦੇ ਪਹਿਲੇ ਦਿਨ ਤੋਂ ਵਸਤਾਂ ਤੇ ਸੇਵਾਵਾਂ ’ਤੇ ਟੈਕਸ ਦਰਾਂ ਘਟਾਉਣ ਦਾ ਫੈਸਲਾ ਕੀਤਾ ਹੈ। ਜੀ ਐੱਸ ਟੀ ਦਰਾਂ ਵਿਚ ਕਟੌਤੀ ਨਾਲ ਘਿਓ, ਪਨੀਰ, ਮੱਖਣ, ਨਮਕੀਨ, ਕੈਚਪ, ਜੈਮ, ਸੁੱਕੇ ਮੇਵੇ, ਕੌਫੀ ਅਤੇ ਆਈਸ ਕਰੀਮ ਵਰਗੀਆਂ ਜਨਤਕ ਖਪਤ ਵਾਲੀਆਂ ਵਸਤਾਂ ਅਤੇ ਟੀ ਵੀ, ਏ ਸੀ, ਵਾਸ਼ਿੰਗ ਮਸ਼ੀਨਾਂ ਵਰਗੀਆਂ ਵਸਤਾਂ ਸਸਤੀ ਹੋਣਗੀਆਂ। ਇਸ ਦੇ ਨਾਲ ਹੀ ਘਰ ਬਣਾਉਣ ਵਾਲਿਆਂ ਨੂੰ ਫਾਇਦਾ ਹੋਵੇਗਾ, ਕਿਉਂਕਿ ਸੀਮੈਂਟ ’ਤੇ ਜੀ ਐੱਸ ਟੀ 28 ਫੀਸਦ ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ।
ਸਰਕਾਰ ਨੇ ਜੀ ਐੱਸ ਟੀ ਕਟੌਤੀ ਦੇ ਲਾਭਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਹਿਲਾਂ ਹੀ ਫਾਰਮੇਸੀਆਂ ਨੂੰ ਆਪਣੀ ਐੱਮ ਆਰ ਪੀ ਵਿੱਚ ਸੋਧ ਕਰਨ ਜਾਂ ਘੱਟ ਦਰ ’ਤੇ ਦਵਾਈਆਂ ਵੇਚਣ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਵਰਤੋਂ ਵਾਲੇ ਉਤਪਾਦਾਂ, ਜਿਵੇਂ ਕਿ ਵਾਲਾਂ ਦਾ ਤੇਲ, ਟਾਇਲਟ ਸਾਬਣ ਬਾਰ, ਸ਼ੈਂਪੂ, ਟੁਥਬਰੁਸ਼, ਟੁੱਥ ਪੇਸਟ ਵੀ ਸਸਤੇ ਹੋਣ ਦੀ ਸੰਭਾਵਨਾ ਹੈ, ਕਿਉਂਕਿ ਉਨ੍ਹਾਂ ’ਤੇ ਮੌਜਦਾ ਟੈਕਸ 12/18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ। ਵਧੇਰੇ ਲਗਜ਼ਰੀ ਵਸਤਾਂ ’ਤੇ 40 ਫੀਸਦ ਟੈਕਸ ਲਗਾਇਆ ਜਾਵੇਗਾ, ਜਦੋਂ ਕਿ ਤੰਬਾਕੂ ਅਤੇ ਸੰਬੰਧਤ ਉਤਪਾਦ 28 ਪ੍ਰਤੀਸ਼ਤ ਪਲੱਸ ਸੈੱਸ ਸ਼੍ਰੇਣੀ ਵਿੱਚ ਰਹਿਣਗੇ। ਮੌਜੂਦਾ ਸਮੇਂ ਵਸਤਾਂ ਤੇ ਸੇਵਾਵਾਂ ਟੈਕਸ (ਜੀ ਐੱਸ ਟੀ) 5, 12, 18 ਅਤੇ 28 ਪ੍ਰਤੀਸ਼ਤ ਦੇ 4 ਸਲੈਬਾਂ ਵਿੱਚ ਲਗਾਇਆ ਜਾਂਦਾ ਹੈ।
Share this content:



Post Comment