ਗੋਦੀ ਮੀਡੀਆ ਨੂੰ ਲਤਾੜ ਗਿਆ ਕਾਕਰੋਚ ਅੰਦੋਲਨ/ਗੁਰਮੀਤ ਸਿੰਘ ਪਲਾਹੀ
ਨੌਜਵਾਨਾਂ ਦੀ ‘ਕਾਕਰੋਚ ਕ੍ਰਾਂਤੀ’ਅੱਗੇ ਕੁਝ ਹੀ ਦਿਨਾਂ ਵਿੱਚ ਨਾ ਸਿਰਫ਼ ਇਸ ਰਾਸ਼ਟਰ ਦੇ ਉਸ ਪ੍ਰਮੁੱਖ ਨੂੰ ਝੁਕਣਾ ਪਿਆ, ਜਿਹੜਾ ਸਿਰਫ਼ ਆਪਣੇ ‘ਮਨ ਦੀ ਗੱਲ’ਕਰਨੀ ਜਾਣਦਾ ਹੈ ਅਤੇ ਦੂਜਿਆਂ ਦੇ ਮਨ ਦੀ ਗੱਲ ਸੁਣਨ ਤੋਂ ਮੁਨਕਰ ਰਿਹਾ ਹੈ; ਸਗੋਂ ਇਸ ਇਤਿਹਾਸਕ ਅੰਦੋਲਨ ਨੇ ਗੋਦੀ ਮੀਡੀਆ ਦਾ ਵੀ ਲੱਕ ਤੋੜ ਕੇ ਰੱਖ ਦਿੱਤਾ। ਇਹ ਉਹ ਮੀਡੀਆ ਹੈ ਜੋ ਮੁੱਠੀ ਭਰ ਸਰਮਾਏਦਾਰਾਂ ਅਤੇ ਸਰਕਾਰ ਦੀ ਪਿੱਠੂ ਬਣ ਕੇ ਲੋਕਤੰਤਰ ਦੇ ਚੌਥੇ ਥੰਮ੍ਹ ਦੀ ਪ੍ਰਮਾਣਿਕਤਾ ਨੂੰ ਲਗਾਤਾਰ ਦਾਗ਼ਦਾਰ ਕਰ ਰਿਹਾ ਸੀ।
ਕਿਸਾਨ ਅੰਦੋਲਨ ਵੇਲੇ ਵੀ ਅਤੇ ਮੌਜੂਦਾ ਕੇਂਦਰ ਸਰਕਾਰ ਦੇ ਪਿਛਲੇ 12 ਸਾਲਾਂ ਦੇ ਕਾਰਜਕਾਲ ਦੌਰਾਨ ਹੋਏ ਹੋਰਨਾਂ ਜਨ-ਸੰਘਰਸ਼ਾਂ ਦੌਰਾਨ ਵੀ, ਗੋਦੀ ਮੀਡੀਆ ਦੀ ਭੂਮਿਕਾ ਉੱਨੀ ਹੀ ਨਿੰਦਣਯੋਗ ਅਤੇ ਪੱਖਪਾਤੀ ਰਹੀ ਜਿੰਨੀ ਹਕੂਮਤ ਦੀ। ਪਰ ਇਸ ਨੌਜਵਾਨ ਅੰਦੋਲਨ ਦੇ ਅਟੱਲ ਸਿਰੜ ਅੱਗੇ ਗੋਦੀ ਮੀਡੀਆ ਦੇ ਓਹਲੇ ਰਾਜ ਕਰਨ ਵਾਲੀ ਹਕੂਮਤ ਨੂੰ ਇੱਕ ਵਾਰ ਫਿਰ ਮੂੰਹ ਦੀ ਖਾਣੀ ਪਈ। ਪ੍ਰਧਾਨ ਮੰਤਰੀ ਨੂੰ ਨੌਜਵਾਨਾਂ ਦੇ ਰੋਸ ਅੱਗੇ ਝੁਕਣਾ ਪਿਆ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਵਾਨ ਕਰਨੀਆਂ ਪਈਆਂ।
ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚੇ ਇਹ ਨੌਜਵਾਨ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ, ਸਿੱਖਿਆ ਢਾਂਚੇ ਵਿੱਚ ਪਾਰਦਰਸ਼ਤਾ, ਪੇਪਰ ਲੀਕ ਮਾਫ਼ੀਆ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਤੇ ਭਰਤੀ ਪ੍ਰੀਖਿਆਵਾਂ ਵਿੱਚ ਜਵਾਬਦੇਹੀ ਦੀ ਮੰਗ ਕਰ ਰਹੇ ਸਨ। ਇਹ ਰੋਸ ਕਿਸੇ ਇੱਕ ਵਿਅਕਤੀ, ਸੰਗਠਨ ਜਾਂ ਸਿਆਸੀ ਧਿਰ ਤੱਕ ਸੀਮਤ ਨਹੀਂ ਸੀ, ਬਲਕਿ ਇਹ ਦੇਸ਼ ਦੇ ਲੱਖਾਂ ਬੇਰੋਜ਼ਗਾਰ ਅਤੇ ਪੀੜਤ ਨੌਜਵਾਨਾਂ ਦੇ ਮਨਾਂ ਵਿੱਚ ਸਾਲਾਂ ਤੋਂ ਪਣਪ ਰਹੇ ਵਿਆਪਕ ਅੰਦਰੂਨੀ ਉਬਾਲ ਦਾ ਪ੍ਰਗਟਾਵਾ ਸੀ।
ਇਸ ਅੰਦੋਲਨ ਦਾ ਨਾਂ ‘ਕਾਕਰੋਚ ਅੰਦੋਲਨ’ਕਿਵੇਂ ਪਿਆ, ਇਹ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਅਤੇ ਇਤਿਹਾਸਕ ਵੇਰਵਾ ਹੈ। ਇਸ ਮੁਹਿੰਮ ਦੀ ਚੰਗਿਆੜੀ ਸੁਪਰੀਮ ਕੋਰਟ ਦੀ ਉਸ ਅਫ਼ਸੋਸਜਨਕ ਟਿੱਪਣੀ ਤੋਂ ਭੜਕੀ ਸੀ, ਜਿਸ ਵਿੱਚ ਪੇਪਰ ਲੀਕ ਤੋਂ ਪੀੜਤ ਵਿਦਿਆਰਥੀਆਂ ਦੇ ਰੋਸ ਨੂੰ ਬੇਹੱਦ ਹਿਕਾਰਤ ਅਤੇ ਵਿਅੰਗ ਨਾਲ ‘ਕਾਕਰੋਚਾਂ ਦੀ ਬੜਬੜਾਹਟ’ਵਾਂਗਰ ਦੇਖਿਆ ਗਿਆ ਸੀ। ਨੀਟਪੇਪਰ ਲੀਕ ਦੇ ਧੱਕੇਸ਼ਾਹੀ ਭਰੇ ਫ਼ੈਸਲਿਆਂ ਅਤੇ ਅਦਾਲਤੀ ਰਵੱਈਏ ਨੇ ਨੌਜਵਾਨਾਂ ਦੇ ਮਨਾਂ ਵਿੱਚ ਅਥਾਹ ਗੁੱਸਾ ਭਰ ਦਿੱਤਾ।
ਪਰ ਦੇਸ਼ ਦੇ ਜਾਗਰੂਕ ਨੌਜਵਾਨਾਂ ਨੇ ਇਸ ਅਪਮਾਨ ਨੂੰ ਆਪਣੀ ਤਾਕਤ ਬਣਾਇਆ। ਉਨ੍ਹਾਂ ਨੇ ਇਸ ਵਿਅੰਗ ਨੂੰ ਹੀ ਹਥਿਆਰ ਬਣਾ ਕੇ ਸੋਸ਼ਲ ਮੀਡੀਆ ’ਤੇ ‘ਕਾਕਰੋਚ ਕ੍ਰਾਂਤੀ’ਦਾ ਬਿਗੁਲ ਵਜਾ ਦਿੱਤਾ। ਜਿਸ ਕਾਕਰੋਚ ਨੂੰ ਨਫ਼ਰਤ ਨਾਲ ਲਤਾੜਨ ਦੀ ਗੱਲ ਕੀਤੀ ਗਈ ਸੀ, ਉਹੀ ਕਾਕਰੋਚ ਸਿਸਟਮ ਦੀਆਂ ਨੀਹਾਂ ਹਿਲਾਉਣ ਵਾਲਾ ਪ੍ਰਤੀਕ ਬਣ ਗਿਆ। ਸੋਸ਼ਲ ਮੀਡੀਆ ’ਤੇ ਸ਼ੁਰੂ ਹੋਈ ਇਸ ਵਿਅੰਗਾਤਮਕ ਮੁਹਿੰਮ ਨੇ ਵੇਖਦਿਆਂ ਹੀ ਵੇਖਦਿਆਂ ਇੱਕ ਅਜਿਹਾ ਵਿਆਪਕ ਜਨ-ਅੰਦੋਲਨ ਖੜ੍ਹਾ ਕਰ ਦਿੱਤਾ, ਜਿਸ ਨੇ ਸਿਰਫ਼ 70 ਦਿਨਾਂ ਦੇ ਅੰਦਰ-ਅੰਦਰ ਕੇਂਦਰੀ ਸਿੱਖਿਆ ਮੰਤਰੀ ਨੂੰ ਆਪਣੀ ਕੁਰਸੀ ਛੱਡਣ ਲਈ ਮਜਬੂਰ ਕਰ ਦਿੱਤਾ।
ਇੱਥੇ ਇਹ ਨੰਗਾ ਸੱਚ ਸਮਝਣਾ ਬਹੁਤ ਜ਼ਰੂਰੀ ਹੈ ਕਿ ਅੱਜ ਦੇਸ਼ ਦਾ 99 ਫ਼ੀਸਦੀ ਟੀਵੀ ਅਤੇ ਇਲੈਕਟ੍ਰੋਨਿਕ ਮੀਡੀਆ ਪੂਰੀ ਤਰ੍ਹਾਂ ਸਰਕਾਰੀ ਸਰਪ੍ਰਸਤੀ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਹੇਠ ਹੈ। ਇਹ ਮੀਡੀਆ ਹੁਣ ਲੋਕਤੰਤਰ ਦਾ ਪਹਿਰੇਦਾਰ ਨਹੀਂ, ਸਗੋਂ ਸੱਤਾ ਦਾ ਭੌਂਪੂ ਬਣ ਚੁੱਕਾ ਹੈ। ਇਨ੍ਹਾਂ ਟੀਵੀ ਚੈਨਲਾਂ ਦੀ ਪ੍ਰਵਿਰਤੀ ਬਣ ਚੁੱਕੀ ਹੈ ਕਿ ਇਹ ਸਵੇਰੇ ਉੱਠ ਕੇ ਸਰਕਾਰ ਦੁਆਰਾ ਤੈਅ ਕੀਤਾ ਇੱਕੋ ‘ਏਜੰਡਾ’ਜਾਂ ‘ਨਰੇਟਿਵ’ਫੜ ਲੈਂਦੇ ਹਨ ਅਤੇ ਦਿਨ ਤੋਂ ਲੈ ਕੇ ਰਾਤ ਤੱਕ ਉਸੇ ਇੱਕੋ ਖ਼ਬਰ ਦਾ ਪ੍ਰੋਪੇਗੰਡਾ ਲੋਕਾਂ ਦੇ ਦਿਮਾਗਾਂ ਵਿੱਚ ਠੋਸਦੇ ਰਹਿੰਦੇ ਹਨ।
ਇਸ ਬਿਕਾਊ ਮੀਡੀਆ ਦੀ ਮੁੱਖ ਨੀਤੀ ਹਕੂਮਤ ਦੀਆਂ ਨਾਕਾਮੀਆਂ ’ਤੇ ਪਰਦਾ ਪਾਉਣਾ ਅਤੇ ਜਨਤਾ ਤੱਕ ਸੱਚੀਆਂ ਖ਼ਬਰਾਂ ਪਹੁੰਚਣ ਤੋਂ ਰੋਕਣਾ ਹੈ ਅਤੇ ਅੰਦੋਲਨਾਂ ਅਤੇ ਆਗੂਆਂ ਨੂੰ ਬਦਨਾਮ ਕਰਨਾ ਹੈ। ਜਦੋਂ ਵੀ ਦੇਸ਼ ਵਿੱਚ ਕੋਈ ਲੋਕ-ਪੱਖੀ ਮੂਵਮੈਂਟ ਖੜ੍ਹੀ ਹੁੰਦੀ ਹੈ, ਤਾਂ ਇਹ ਮੀਡੀਆ ਸਰਕਾਰੀ ਇਸ਼ਾਰੇ ’ਤੇ ਉਸ ਅੰਦੋਲਨ ਦੇ ਆਗੂਆਂ ਅਤੇ ਸਮਰਥਕਾਂ ’ਤੇ ਚਿੱਕੜ ਉਛਾਲਣ ਲਈ ਪੂਰਾ ਜ਼ੋਰ (ਟਿੱਲ) ਲਗਾ ਦਿੰਦਾ ਹੈ। ਇਨ੍ਹਾਂ ਦੀ ਇਸ ਚਾਲਬਾਜ਼ੀ ਕਾਰਨ ਇਤਿਹਾਸ ਵਿੱਚ ਅਨੇਕਾਂ ਸਮਾਜਿਕ ਅਤੇ ਜਨਤਕ ਅੰਦੋਲਨ ਬਦਨਾਮ ਕਰਕੇ ਖ਼ਤਮ ਕੀਤੇ ਗਏ ਹਨ।
ਮੀਡੀਆ ਦੇ ਇਸ ਗੁਲਾਮਾਨਾ ਅਤੇ ਭ੍ਰਿਸ਼ਟ ਰਵੱਈਏ ਕਾਰਨ ਹੀ ਅੱਜ ਪੂਰੀ ਦੁਨੀਆ ਵਿੱਚ ਭਾਰਤ ਦੀ ਪ੍ਰੈਸ ਦੀ ਆਜ਼ਾਦੀ ਦਾ ਜਨਾਜ਼ਾ ਨਿਕਲ ਰਿਹਾ ਹੈ। ਵਿਸ਼ਵ ਪ੍ਰੈਸ ਆਜ਼ਾਦੀ ਸੂਚਕਾਂਕ ਵਿੱਚ ਭਾਰਤ ਦੀ ਸਥਿਤੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ ਅਤੇ ਸਾਡਾ ਦੇਸ਼ 180 ਦੇਸ਼ਾਂ ਦੀ ਸੂਚੀ ਵਿੱਚੋਂ ਡਿੱਗ ਕੇ 154ਵੇਂ ਨੰਬਰ ’ਤੇ ਪਹੁੰਚ ਚੁੱਕਾ ਹੈ (ਜੋ ਹਰ ਸਾਲ ਹੋਰ ਖ਼ਰਾਬ ਹੋ ਰਹੀ ਹੈ)। ਇਹ ਅੰਕੜਾ ਸਾਬਤ ਕਰਦਾ ਹੈ ਕਿ ਭਾਰਤੀ ਮੀਡੀਆ ਹੁਣ ਆਜ਼ਾਦ ਨਹੀਂ, ਸਗੋਂ ਸੱਤਾਧਾਰੀਆਂ ਦੀ ਕੱਠਪੁਤਲੀ ਹੈ।
ਇਸ ਅੰਦੋਲਨ ਦਾ ਕੋਈ ਪਰੰਪਰਾਗਤ ਸਿਆਸੀ ਰਹਿਬਰ ਨਹੀਂ ਸੀ, ਬਲਕਿ ਇੰਸਟਾਗ੍ਰਾਮ, ਯੂ-ਟਿਊਬ ਅਤੇ ‘ਐਕਸ’ (X) ਵਰਗੇ ਡਿਜੀਟਲ ਪਲੇਟਫਾਰਮਾਂ ’ਤੇ ਬਣੇ ਨੈੱਟਵਰਕ ਨੇ ਇਸ ਦੀ ਨੀਂਹ ਰੱਖੀ। ਵਿਦਿਆਰਥੀਆਂ ਨੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਬਹੁਤ ਹੀ ਸੂਝ-ਬੂਝ ਅਤੇ ਯੋਜਨਾਬੱਧ ਤਰੀਕੇ ਨਾਲ ਕੀਤੀ। ਉਨ੍ਹਾਂ ਨੇ ਲੰਮੇ-ਲੰਮੇ ਭਾਸ਼ਣ ਦੇਣ ਦੀ ਥਾਂ ਸੋਸ਼ਲ ਮੀਡੀਆ ’ਤੇ 30 ਸੈਕਿੰਡ ਤੋਂ ਲੈ ਕੇ 1 ਮਿੰਟ ਤੱਕ ਦੀਆਂ ਛੋਟੀਆਂ-ਛੋਟੀਆਂ ਵੀਡੀਓਜ਼ ਪਾ ਕੇ ਆਪਣੇ ਅੰਦੋਲਨ ਨੂੰ ਬੇਹੱਦ ਮਜ਼ਬੂਤ ਕੀਤਾ।
ਇਨ੍ਹਾਂ 30-60 ਸੈਕਿੰਡਾਂ ਦੀਆਂ ਵੀਡੀਓਜ਼ ਵਿੱਚ ਨੌਜਵਾਨਾਂ ਨੇ ਬਿਨਾਂ ਕਿਸੇ ਫੋਕੀ ਬਿਆਨਬਾਜ਼ੀ ਜਾਂ ਹੁੱਲੜਬਾਜ਼ੀ ਦੇ, ਬਹੁਤ ਹੀ ਸੁਚੇਤ, ਤਰਕਸ਼ੀਲ ਅਤੇ ਸਹੀ ਢੰਗ ਨਾਲ ਆਪਣੇ ਮੁੱਦੇ ਰੱਖੇ। ਇਨ੍ਹਾਂ ਛੋਟੀਆਂ ਖ਼ਬਰਾਂ ਅਤੇ ਸੁਨੇਹਿਆਂ ਵਿੱਚ ਪੇਪਰ ਲੀਕ ਦੇ ਤੱਥ, ਭ੍ਰਿਸ਼ਟਾਚਾਰ ਦੇ ਸਬੂਤ ਅਤੇ ਸਿੱਖਿਆ ਪ੍ਰਣਾਲੀ ਦੀਆਂ ਨਾਕਾਮੀਆਂ ਨੂੰ ਏਨੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ ਕਿ ਇਹ ਸੁਨੇਹਾ ਦੇਸ਼ ਦੇ ਕੋਨੇ-ਕੋਨੇ ਵਿੱਚ ਵਸਦੇ ਕਰੋੜਾਂ ਲੋਕਾਂ ਤੱਕ ਪਹੁੰਚ ਗਿਆ।
ਨੌਜਵਾਨ ਆਪਣੇ ਟਾਰਗੈਟ ਉੱਤੇ ਪੂਰੀ ਤਰ੍ਹਾਂ ਸੁਚੇਤ ਰੂਪ ਵਿੱਚ ਕੰਮ ਕਰਦੇ ਨਜ਼ਰ ਆਏ। ਉਨ੍ਹਾਂ ਨੇ ਆਪਣੇ ਆਪ ਨੂੰ ਮੁੱਖ ਤੌਰ ’ਤੇ ਸਿੱਖਿਆ ਦੇ ਖੇਤਰ ਵਿੱਚ ਹੋਏ ਧੱਕੇ ਅਤੇ ਇਸ ਨਾਲ ਜੁੜੇ ਬੇਰੋਜ਼ਗਾਰੀ ਦੇ ਗੰਭੀਰ ਮੁੱਦੇ ਤੱਕ ਹੀ ਕੇਂਦਰਿਤ ਰੱਖਿਆ। ਇਹ ਆਵਾਜ਼ ਦਿੱਲੀ ਦੇ ਜੰਤਰ-ਮੰਤਰ ਤੋਂ ਸ਼ੁਰੂ ਹੋ ਕੇ ਵੇਖਦਿਆਂ ਹੀ ਵੇਖਦਿਆਂ ਦੇਸ਼ ਦੀਆਂ ਤਮਾਮ ਯੂਨੀਵਰਸਿਟੀਆਂ ਅਤੇ ਹਰ ਰਾਜ ਦੇ ਗਲਿਆਰਿਆਂ ਤੱਕ ਫੈਲ ਗਈ।
ਅੱਜ ਪੂਰੇ ਦੇਸ਼ ਵਿੱਚ ਇਹ ਗੰਭੀਰ ਚਰਚਾ ਚੱਲ ਰਹੀ ਹੈ ਕਿ ਆਖ਼ਰ ਇਹ ਅੰਦੋਲਨ ਏਨੀ ਤੇਜ਼ੀ ਨਾਲ ਪੂਰੇ ਭਾਰਤ ਵਿੱਚ ਕਿਵੇਂ ਫੈਲ ਗਿਆ ਅਤੇ ਏਨਾ ਅਚਾਨਕ ਬਿਜਲੀ ਦੀ ਗਤੀ ਵਾਂਗ ਕਿਉਂ ਉੱਠਿਆ?
ਇਸ ਦਾ ਸਭ ਤੋਂ ਵੱਡਾ ਅਤੇ ਮੁੱਖ ਕਾਰਨ ਇਹ ਹੈ ਕਿ ਭਾਰਤ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਜਨਤਾ ਦੇ, ਅਤੇ ਖ਼ਾਸ ਕਰਕੇ ਨੌਜਵਾਨਾਂ ਦੇ ਅਸਲ ਮੁੱਦਿਆਂ ਨੂੰ ਚੁੱਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ।
ਇਤਿਹਾਸ ਗਵਾਹ ਹੈ ਕਿ ਕਮਿਊਨਿਸਟ (ਖੱਬੇਪੱਖੀ) ਪਾਰਟੀਆਂ ਨੂੰ ਹਮੇਸ਼ਾ ਦੇਸ਼ ਵਿੱਚ ਜਨ-ਅੰਦੋਲਨ, ਵਿਦਿਆਰਥੀ ਲਹਿਰਾਂ ਅਤੇ ਮਜ਼ਦੂਰ-ਕਿਸਾਨ ਸੰਘਰਸ਼ਾਂ ਦੀ ਅਗਵਾਈ ਕਰਨ ਲਈ ਜਾਣਿਆ ਜਾਂਦਾ ਸੀ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਕਮਿਊਨਿਸਟ ਧਿਰਾਂ ਵਿਦਿਆਰਥੀਆਂ ਅਤੇ ਬੇਰੋਜ਼ਗਾਰਾਂ ਦੇ ਹੱਕਾਂ ਲਈ ਕੋਈ ਵੱਡਾ ਦੇਸ਼-ਵਿਆਪੀ ਸੰਘਰਸ਼ ਖੜ੍ਹਾ ਕਰਨ ਵਿੱਚ ਅਸਮਰੱਥ ਰਹੀਆਂ ਅਤੇ ਇੱਕ ਕਿਸਮ ਨਾਲ ਚੁੱਪ ਕਰਕੇ ਬੈਠੀਆਂ ਰਹੀਆਂ। ਉਨ੍ਹਾਂ ਦੇ ਅੰਦੋਲਨ ਸਿਰਫ਼ ਬਿਆਨਬਾਜ਼ੀਆਂ ਤੱਕ ਸੀਮਤ ਹੋ ਕੇ ਰਹਿ ਗਏ।
ਦੂਜੇ ਪਾਸੇ, ਮੁੱਖ ਵਿਰੋਧੀ ਧਿਰ ਕਾਂਗਰਸ ਨੇ ਭਾਵੇਂ ‘ਕਾਕਰੋਚ ਅੰਦੋਲਨ’ਦੇ ਦਰਮਿਆਨ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਬਹੁਤ ਪ੍ਰਭਾਵਸ਼ਾਲੀ ਰੋਲ ਅਦਾ ਕੀਤਾ, ਪਰ ਸੱਚਾਈ ਇਹ ਵੀ ਹੈ ਕਿ ਉਹ ਲਗਾਤਾਰ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਬੋਲਣ ਦੇ ਬਾਵਜੂਦ, ਸੜਕਾਂ ’ਤੇ ਇੱਕ ਅਜਿਹਾ ਜਨਤਕ ਅੰਦੋਲਨ ਢਾਲਣ ਵਿੱਚ ਕਾਮਯਾਬ ਨਹੀਂ ਹੋ ਸਕੀ ਜੋ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੰਦਾ।
ਜਦੋਂ ਰਾਜਨੀਤਿਕ ਪਾਰਟੀਆਂ ਲੋਕਾਂ ਦੇ ਦਰਦ ਨੂੰ ਜ਼ਮੀਨ ’ਤੇ ਲੜਨ ਦੀ ਥਾਂ ਸਿਰਫ਼ ਚੋਣ ਪ੍ਰਚਾਰ ਤੱਕ ਸੀਮਤ ਕਰ ਲੈਂਦੀਆਂ ਹਨ, ਤਾਂ ਸਮਾਜ ਵਿੱਚ ਇੱਕ ਵੱਡਾ ‘ਰਾਜਨੀਤਿਕ ਖ਼ਾਲੀਪਣ’ਪੈਦਾ ਹੋ ਜਾਂਦਾ ਹੈ। ਇਸ ਅੰਦੋਲਨ ਦੀ ਤੇਜ਼ੀ ਦਾ ਕਾਰਨ ਹੀ ਇਹ ਸੀ ਕਿ ਨੌਜਵਾਨਾਂ ਦੇ ਮਨਾਂ ਵਿੱਚ ਬੇਰੋਜ਼ਗਾਰੀ ਅਤੇ ਪੇਪਰ ਲੀਕ ਦਾ ਗੁੱਸਾ ਪਹਿਲਾਂ ਹੀ ਭਰਿਆ ਪਿਆ ਸੀ, ਅਤੇ ਜਦੋਂ ਸਿਆਸੀ ਧਿਰਾਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ, ਤਾਂ ਨੌਜਵਾਨਾਂ ਨੇ ਬਿਨਾਂ ਕਿਸੇ ਪਾਰਟੀ ਦੇ ਝੰਡੇ ਹੇਠ ਖ਼ੁਦ ਹੀ ਦੇਸ਼-ਵਿਆਪੀ ਸੰਘਰਸ਼ ਦਾ ਬਿਗੁਲ ਵਜਾ ਦਿੱਤਾ।
ਜੇਕਰ ਇਤਿਹਾਸ ’ਤੇ ਝਾਤ ਮਾਰੀਏ ਤਾਂ ਵਿਦਿਆਰਥੀ ਅੰਦੋਲਨਾਂ ਨੇ ਹਮੇਸ਼ਾ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ-1906 ਵਿੱਚ ਡਾ. ਰਾਜੇਂਦਰ ਪ੍ਰਸਾਦ ਦੀ ਅਗਵਾਈ ਹੇਠ ‘ਬਿਹਾਰੀ ਸਟੂਡੈਂਟਸ ਸੈਂਟਰਲ ਐਸੋਸੀਏਸ਼ਨ’ਨੇ ਆਜ਼ਾਦੀ ਸੰਗ੍ਰਾਮ ’ਚ ਅਹਿਮ ਭੂਮਿਕਾ ਨਿਭਾਈ। 11 ਅਗਸਤ 1942 ਨੂੰ ਪਟਨਾ ਵਿਧਾਨ ਸਭਾ ’ਤੇ ਝੰਡਾ ਲਹਿਰਾਉਂਦਿਆਂ 7 ਵਿਦਿਆਰਥੀ ਸ਼ਹੀਦ ਹੋਏ। 1955 ਵਿੱਚ ਬਿਹਾਰ ’ਚ ਬੱਸ ਕਿਰਾਇਆ ਵਾਧੇ ਵਿਰੁੱਧ ਹੋਏ ਵਿਦਿਆਰਥੀ ਅੰਦੋਲਨ ਕਾਰਨ ਮੰਤਰੀ ਨੂੰ ਅਸਤੀਫ਼ਾ ਦੇਣਾ ਪਿਆ ਸੀ। 1973-74 ਦਾ ਗੁਜਰਾਤ ਦਾ ‘ਨਵਨਿਰਮਾਣ ਅੰਦੋਲਨ’ਵਿਦਿਆਰਥੀਆਂ ਦੀ ਤਾਕਤ ਸੀ, ਜਿਸ ਨੇ ਚਿਮਨਭਾਈ ਪਟੇਲ ਦੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ। 1974 ਦਾ ਇਤਿਹਾਸਕ ‘ਜੇ.ਪੀ. ਅੰਦੋਲਨ’ਵੀ ਵਿਦਿਆਰਥੀਆਂ ਦੇ ਰੋਸ ਤੋਂ ਸ਼ੁਰੂ ਹੋਇਆ, ਜਿਸ ਦੇ ਸਿੱਟੇ ਵਜੋਂ ਦੇਸ਼ ’ਚ ਇਮਰਜੈਂਸੀ ਲੱਗੀ ਅਤੇ ਕਾਂਗਰਸ ਸੱਤਾ ਤੋਂ ਬਾਹਰ ਹੋਈ। 1979-1985 ਤੱਕ ਅਸਾਮ ਦੇ ਵਿਦਿਆਰਥੀ ਅੰਦੋਲਨ ਨੇ ਕੇਂਦਰ ਸਰਕਾਰ ਨੂੰ ‘ਅਸਾਮ ਸਮਝੌਤਾ’ਕਰਨ ਲਈ ਮਜਬੂਰ ਕੀਤਾ। 1990 ਦਾ ਮੰਡਲ ਕਮਿਸ਼ਨ ਵਿਰੋਧੀ ਅੰਦੋਲਨ ਹੋਵੇ ਜਾਂ 2016 ਵਿੱਚ ਹੈਦਰਾਬਾਦ ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਦੀ ਸੰਸਥਾਗਤ ਹੱਤਿਆ ਵਿਰੁੱਧ ਉੱਠਿਆ ਰੋਸ-ਵਿਦਿਆਰਥੀਆਂ ਨੇ ਹਮੇਸ਼ਾ ਹਕੂਮਤਾਂ ਦੀਆਂ ਨੀਂਦਾਂ ਉਡਾਈਆਂ ਹਨ। 2017 ਵਿੱਚ ਪੰਜਾਬ ਯੂਨੀਵਰਸਿਟੀ (ਪੀ.ਯੂ.) ਚੰਡੀਗੜ੍ਹ ਵਿਖੇ ਫੀਸਾਂ ਦੇ ਭਾਰੀ ਵਾਧੇ ਵਿਰੁੱਧ ਵਿਦਿਆਰਥੀਆਂ ਦਾ ਇਤਿਹਾਸਕ ਸੰਘਰਸ਼, 2019 ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦਾ ਫੀਸ ਵਾਧਾ ਵਿਰੋਧੀ ਅੰਦੋਲਨ, ਅਤੇ ਹਾਲ ਹੀ ਵਿੱਚ 2025 ਵਿੱਚ ਪੰਜਾਬ ਯੂਨੀਵਰਸਿਟੀ ਦੇ ਲੋਕਤੰਤਰ ਤੇ ਸੈਨੇਟ ਨੂੰ ਬਚਾਉਣ ਲਈ ਲੜਿਆ ਗਿਆ ਅੰਦੋਲਨ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਨੌਜਵਾਨ ਚੁੱਪ ਨਹੀਂ ਬੈਠ ਸਕਦੇ।
ਅਫ਼ਸੋਸ ਦੀ ਗੱਲ ਇਹ ਹੈ ਕਿ ਗੋਦੀ ਮੀਡੀਆ ਨੇ ਹਮੇਸ਼ਾ ਇਨ੍ਹਾਂ ਇਤਿਹਾਸਕ ਅੰਦੋਲਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਇਸ ‘ਕਾਕਰੋਚ ਅੰਦੋਲਨ’ਵੇਲੇ ਵੀ ਵਿਕੇ ਹੋਏ ਮੀਡੀਆ ਨੇ ਪ੍ਰਦਰਸ਼ਨਕਾਰੀਆਂ ਨੂੰ ‘ਦੇਸ਼-ਵਿਰੋਧੀ’ਅਤੇ ‘ਅੰਦੋਲਨਜੀਵੀ’ਗਰਦਾਨਣ ’ਚ ਕੋਈ ਕਸਰ ਨਹੀਂ ਛੱਡੀ। ਟੀਵੀ ਸਕ੍ਰੀਨਾਂ ’ਤੇ ਬੈਠੇ ਕਥਿਤ ਬੁੱਧੀਜੀਵੀ ਹਰ ਰੋਜ਼ ਹਕੂਮਤ ਦੀ ਭਗਤੀ ਕਰਦੇ ਅਤੇ ‘ਕਾਕਰੋਚ ਅੰਦੋਲਨ‘ ਦੇ ਆਗੂ ਅਭਿਜੀਤ ਦਿਪਕੇ ’ਤੇ ਤੀਰ ਛੱਡਦੇ ਦਿਖਾਈ ਦਿੱਤੇ। ਇਸ ਮੀਡੀਆ ਨੇ ਵਾਤਾਵਰਨ ਪ੍ਰੇਮੀ ਸੋਨਮ ਵਾਂਗਚੁਕ ਦੇ ਮਰਨ ਵਰਤ ਦਾ ਵੀ ਮਜ਼ਾਕ ਉਡਾਇਆ।
ਅੰਕੜੇ ਗਵਾਹ ਹਨ ਕਿ ਪਿਛਲੇ 10 ਸਾਲਾਂ ਵਿੱਚ 99 ਤੋਂ ਵੱਧ ਪ੍ਰਮੁੱਖ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਏ, ਜਿਸ ਨਾਲ ਸਾਢੇ ਛੇ ਕਰੋੜ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗਿਆ। ਪੇਪਰ ਮਾਫ਼ੀਆ ਦਾ ਜਾਲ 19 ਸੂਬਿਆਂ ਵਿੱਚ ਫੈਲਿਆ ਹੋਇਆ ਹੈ। ਪਰ ਹਕੂਮਤ ਦੀ ਖ਼ਾਮੋਸ਼ੀ ਅਤੇ ਗੋਦੀ ਮੀਡੀਆ ਦੀ ਅੰਨ੍ਹੀ ਵਫ਼ਾਦਾਰੀ ਸ਼ਰਮਨਾਕ ਰਹੀ। ਜਦੋਂ ਨੀਟਪ੍ਰੀਖਿਆ ਦੇ ਧਾਂਦਲੇਪਣ ਕਾਰਨ 22 ਦੇ ਲਗਭਗ ਮਾਸੂਮ ਵਿਦਿਆਰਥੀਆਂ ਨੇ ਨਿਰਾਸ਼ਾ ਵਿੱਚ ਆਤਮਹੱਤਿਆ ਕੀਤੀ, ਤਾਂ ਕਿਸੇ ਟੀਵੀ ਚੈਨਲ ਨੇ ਉਨ੍ਹਾਂ ਦੇ ਪਰਿਵਾਰਾਂ ਦਾ ਦਰਦ ਨਹੀਂ ਦਿਖਾਇਆ।
ਕਾਹਨ ਪਟੇਲ ਨਾਮ ਦੇ ਵਿਦਿਆਰਥੀ ਦੇ ਪਿਤਾ ਪ੍ਰਸ਼ਾਂਤ ਪਟੇਲ ਦੇ ਇਹ ਸ਼ਬਦ ਸਿਸਟਮ ਦੇ ਮੂੰਹ ’ਤੇ ਚਪੇੜ ਹਨ: “ਮੇਰੇ ਪੁੱਤ ਨੇ ਡਾਕਟਰ ਬਣਨ ਲਈ ਖੇਡਣਾ, ਘੁੰਮਣਾ, ਗਿਟਾਰ ਵਜਾਉਣਾ ਸਭ ਛੱਡ ਦਿੱਤਾ ਸੀ। ਪਰ ਪੇਪਰ ਲੀਕ ਦੀ ਖ਼ਬਰ ਨੇ ਉਸ ਦਾ ਵਿਸ਼ਵਾਸ ਤੋੜ ਦਿੱਤਾ। ਮੇਰਾ ਬੇਟਾ ਆਪ ਨਹੀਂ ਹਾਰਿਆ, ਇਸ ਭ੍ਰਿਸ਼ਟ ਸਿਸਟਮ ਨੇ ਉਸ ਦਾ ਕਤਲ ਕੀਤਾ ਹੈ।”
ਪਰ ਗੋਦੀ ਮੀਡੀਆ ਨੂੰ ਇਹ ਦਰਦ ਨਜ਼ਰ ਨਹੀਂ ਆਇਆ। ਜੰਤਰ-ਮੰਤਰ ’ਤੇ ਜਦੋਂ ਦੇਸ਼ ਦੇ ਭਵਿੱਖ ਉੱਤੇ ਲਾਠੀਆਂ ਅਤੇ ਅੱਥਰੂ ਗੈਸ ਦੇ ਗੋਲੇ ਬਰਸਾਏ ਜਾ ਰਹੇ ਸਨ, ਉਦੋਂ ਮੀਡੀਏ ਦੇ ਕੈਮਰੇ ਬੰਦ ਸਨ। ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਨੌਜਵਾਨ ਧੀਆਂ-ਭੈਣਾਂ ਨਾਲ ਪੁਲਿਸ ਵੱਲੋਂ ਬੇਰਹਿਮੀ ਅਤੇ ਬਦਸਲੂਕੀ ਕੀਤੀ ਗਈ, ਉਨ੍ਹਾਂ ਨੂੰ ਘੜੀਸਿਆ ਗਿਆ, ਪਰ ਸਰਕਾਰੀ ਸ਼ਹਿ ਪ੍ਰਾਪਤ ਮੀਡੀਆ ਨੇ ਆਪਣੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਰੱਖੀ।
ਇਸ ਅੰਦੋਲਨ ਦੀ ਸਭ ਤੋਂ ਵੱਡੀ ਖ਼ਾਸੀਅਤ ਅਤੇ ਖ਼ੂਬਸੂਰਤੀ ਇਹ ਰਹੀ ਕਿ ਇਸ ਨੇ ਕਿਸੇ ਵੀ ਤਰ੍ਹਾਂ ਦਾ ਧਾਰਮਿਕ, ਫ਼ਿਰਕੂ ਜਾਂ ਜਾਤੀ ਰੂਪ ਅਖ਼ਤਿਆਰ ਨਹੀਂ ਕੀਤਾ। ਹਕੂਮਤ ਅਤੇ ਮੀਡੀਆ ਨੇ ਇਸ ਨੂੰ ਵੰਡੀਆਂ ’ਚ ਉਲਝਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਇਹ ਨੌਜਵਾਨ ਕਿਸੇ ਜਾਲ ’ਚ ਨਹੀਂ ਫਸੇ।
ਇਸ ਦੇ ਨਾਲ ਹੀ, ਵਿਦਿਆਰਥੀ ਪ੍ਰਬੰਧਕਾਂ ਨੇ ਇਸ ਅੰਦੋਲਨ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਦੀ ‘ਕੱਠਪੁਤਲੀ’ਨਹੀਂ ਬਣਨ ਦਿੱਤਾ। ਭਾਵੇਂ ਕਿ ਲਗਭਗ ਸਾਰੀਆਂ ਵਿਰੋਧੀ ਧਿਰਾਂ ਨੇ ਇਸ ਸੰਘਰਸ਼ ਦਾ ਸਮਰਥਨ ਕੀਤਾ ਅਤੇ ਸਮਾਜਿਕ ਜਥੇਬੰਦੀਆਂ ਵੀ ਹੱਕ ਵਿੱਚ ਨਿੱਤਰ ਕੇ ਸਾਹਮਣੇ ਆਈਆਂ, ਪਰ ਪ੍ਰਬੰਧਕਾਂ ਨੇ ਸਮਝਦਾਰੀ ਦਿਖਾਉਂਦਿਆਂ ਕਿਸੇ ਵੀ ਸਿਆਸੀ ਧਿਰ ਨੂੰ ਇਸ ਮੰਚ ਨੂੰ ਹਥਿਆਉਣ ਨਹੀਂ ਦਿੱਤਾ।
ਨੌਜਵਾਨਾਂ ਨੇ ਇਹ ਵੀ ਸਪਸ਼ਟ ਅਤੇ ਚੇਤਾਵਨੀ ਭਰਿਆ ਸੰਦੇਸ਼ ਦਿੱਤਾ ਹੈ ਕਿ ਇਹ ਸੰਘਰਸ਼ ਹੁਣੇ ਖ਼ਤਮ ਹੋਣ ਵਾਲਾ ਨਹੀਂ ਹੈ। ਜੇਕਰ ਸਰਕਾਰ ਪ੍ਰਵਾਨ ਕੀਤੀਆਂ ਮੰਗਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਤੋਂ ਪਿੱਛੇ ਹਟਦੀ ਹੈ ਜਾਂ ਆਪਣੇ ਵਾਅਦਿਆਂ ਤੋਂ ਮੁਨਕਰ ਹੁੰਦੀ ਹੈ, ਤਾਂ ਅਗਲੇ ਚਰਨ ਵਿੱਚ ਇਹ ਅੰਦੋਲਨ ਸਿੱਧਾ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਮੰਗ ਤੱਕ ਵਧ ਸਕਦਾ ਹੈ।
ਨੌਜਵਾਨਾਂ ਦੇ ਇਸ ਅੰਦੋਲਨ ਨੇ ਇਹ ਸੱਚਾਈ ਪੂਰੀ ਦੁਨੀਆ ਸਾਹਮਣੇ ਨੰਗੀ ਕਰ ਦਿੱਤੀ ਹੈ ਕਿ ਦੇਸ਼ ਦੀ 1.42 ਅਰਬ ਆਬਾਦੀ ਵਿੱਚੋਂ ਅੱਧੇ ਨਾਲੋਂ ਵੱਧ ਹਿੱਸਾ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦਾ ਹੈ। ਜਦੋਂ ਇਹ ਚੇਤਨ ਸ਼ਕਤੀ ਆਪਣੇ ਹੱਕਾਂ ਲਈ ਸੜਕਾਂ ’ਤੇ ਉੱਤਰਦੀ ਹੈ, ਤਾਂ ਵੱਡੇ ਤੋਂ ਵੱਡੇ ਹੰਕਾਰੀ ਸ਼ਾਸਕਾਂ ਦੇ ਤਖ਼ਤ ਹਿੱਲ ਜਾਂਦੇ ਹਨ। ਪ੍ਰਧਾਨ ਮੰਤਰੀ ਦੀ ਲੰਮੀ ਖ਼ਾਮੋਸ਼ੀ, ਸਿਆਸੀ ਪਾਰਟੀਆਂ ਦੀ ਸੁਸਤੀ ਅਤੇ ਗੋਦੀ ਮੀਡੀਆ ਦਾ ਪ੍ਰੋਪੇਗੰਡਾ ਨੌਜਵਾਨਾਂ ਦੇ 30-ਸੈਕਿੰਡਾਂ ਦੇ ਡਿਜੀਟਲ ਸੁਨੇਹਿਆਂ ਅਤੇ ਸੜਕੀ ਸੰਘਰਸ਼ ਦੇ ਸੁਮੇਲ ਅੱਗੇ ਬੇਅਸਰ ਹੋ ਗਿਆ।
‘ਕਾਕਰੋਚ ਅੰਦੋਲਨ’ਸਿਰਫ਼ ਵਿਦਿਆਰਥੀਆਂ ਦੀ ਇੱਕ ਆਰਜ਼ੀ ਜਿੱਤ ਨਹੀਂ ਹੈ, ਸਗੋਂ ਇਹ ਗੋਦੀ ਮੀਡੀਆ ਦੀ ਗੁਲਾਮ ਮਾਨਸਿਕਤਾ, ਵਿਰੋਧੀ ਧਿਰਾਂ ਦੀ ਨਾਕਾਮੀ ਅਤੇ ਸੱਤਾ ਦੇ ਹੰਕਾਰ ਲਈ ਇੱਕ ਬਹੁਤ ਵੱਡਾ ਇਤਿਹਾਸਕ ਸਬਕ ਹੈ। ਨੌਜਵਾਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਲੋਕਤੰਤਰ ਦਾ ਚੌਥਾ ਥੰਮ੍ਹ (ਮੀਡੀਆ) ਆਪਣਾ ਇਖ਼ਲਾਕ ਵੇਚ ਦੇਵੇ ਅਤੇ ਪ੍ਰੈਸ ਫ੍ਰੀਡਮ ਇੰਡੈਕਸ ’ਚ 154ਵੇਂ ਸਥਾਨ ’ਤੇ ਡਿੱਗ ਕੇ ਗੁਲਾਮੀ ਕਰੇ, ਤਾਂ ਦੇਸ਼ ਦਾ ਨੌਜਵਾਨ ਖ਼ੁਦ ਸੜਕਾਂ ’ਤੇ ਉੱਤਰ ਕੇ ਲੋਕਤੰਤਰ ਦੀ ਰਾਖੀ ਕਰਨ ਅਤੇ ਨਵੇਂ ਇਤਿਹਾਸ ਦੇ ਪੰਨੇ ਲਿਖਣ ਦੀ ਸਮਰੱਥਾ ਰੱਖਦਾ ਹੈ। ਗੋਦੀ ਮੀਡੀਆ ਦੀਆਂ ਸਮੁੱਚੀਆਂ ਚਾਲਾਂ ਨੂੰ ਮਾਤ ਦੇ ਕੇ ਇਨ੍ਹਾਂ ‘ਕਾਕਰੋਚਾਂ’ਨੇ ਸ਼ਾਸਕਾਂ ਨੂੰ ਲਤਾੜ ਕੇ ਇੱਕ ਨਵੀਂ ਕ੍ਰਾਂਤੀ ਦਾ ਆਗਾਜ਼ ਕਰ ਦਿੱਤਾ ਹੈ।

-ਗੁਰਮੀਤ ਸਿੰਘ ਪਲਾਹੀ
-9815802070
Share this content:



Post Comment