ਗੁਰਵੀਰ ਸਿੰਘ ਸੈਣੀ ‘ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ’ ਲਈ ਜਾ ਰਿਹਾ ਕਰੋਸ਼ੀਆ
-ਜਜ਼ਬਾ ਮੇਰਾ ਤਾਇਕਵਾਂਡੋ, ਪਹਿਚਾਣ ਮੇਰੀ ਦਸਤਾਰ!
-ਨਿਊਜ਼ੀਲੈਂਡ ਤਾਇਕਵਾਂਡੋ ਦੀ ਟੀਮ ਵਿਚ ਸ਼ਾਇਦ ਪਹਿਲੀ ਵਾਰ ਦਸਤਾਰਧਾਰੀ ਨੌਜਵਾਨ
ਔਕਲੈਂਡ, 26 ਸਤੰਬਰ 2025 (ਹਰਜਿੰਦਰ ਸਿੰਘ ਬਸਿਆਲਾ) – ਤਾਇਕਵਾਂਡੋ ਸਵੈ-ਰੱਖਿਆ ਦੀ ਕੋਰੀਆਈ ਕਲਾ ਹੈ ਅਤੇ ਦੁਨੀਆ ਦੀ ਸਭ ਤੋਂ ਪ੍ਰਸਿੱਧ ਮਾਰਸ਼ਲ ਆਰਟ ਹੈ। ਇਸਨੂੰ ਸਭ ਤੋਂ ਪਹਿਲਾਂ 1950 ਅਤੇ 1960 ਦੇ ਦਹਾਕਿਆਂ ਵਿੱਚ ਇੱਕ ਕੋਰੀਆਈ ਫ਼ੌਜ ਦੇ ਜਨਰਲ, ਜਨਰਲ ਚੋਈ ਹੋਂਗ ਹੀ ਦੁਆਰਾ ਵਿਕਸਤ ਕੀਤਾ ਗਿਆ ਸੀ। ‘ਤਾਇ’ ਦਾ ਮਤਲਬ ਹੈ ਪੈਰ ਨਾਲ ਛਾਲ ਮਾਰਨਾ ਜਾਂ ਲੱਤ ਮਾਰਨਾ; ‘ਕਵਾਂਡੋ’ ਦਾ ਮਤਲਬ ਹੈ ਹੱਥ ਜਾਂ ਮੁੱਠੀ ਨਾਲ ਮੁੱਕਾ ਮਾਰਨਾ; ਅਤੇ ‘ਡੋ’ ਦਾ ਮਤਲਬ ਹੈ ਕਲਾ ਜਾਂ ਰਸਤਾ। ਇਸ ਵਾਰ ਤਾਇਕਵਾਂਡੋ ਵਿਸ਼ਵ ਚੈਂਪੀਅਨਸ਼ਿੱਪ ਕਰੋਸ਼ੀਆ (ਯੂਰਪ) ਦੇ ਵਿਚ 7 ਅਕਤੂਬਰ ਨੂੰ ਹੋ ਰਹੀ ਹੈ।
ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਅਤੇ ਮਾਣ ਹੋਏਗਾ ਕਿ ਨਿਊਜ਼ੀਲੈਂਡ ਤੋਂ ਜਾ ਰਹੀ ਲਗਪਗ 45 ਮੈਂਬਰੀ ਟੀਮ ਦੇ ਵਿਚ ਇਕ ਦਸਤਾਰਧਾਰੀ ਨੌਜਵਾਨ ਗੁਰਵੀਰ ਸਿੰਘ ਸੈਣੀ (ਉਮਰ ਵਰਗ ਅੰਡਰ18 ਜੂਨੀਅਰ ਡਿਵੀਜ਼ਨ) ਵੀ ਜਾ ਰਿਹਾ ਹੈ। ਔਕਲੈਂਡ ਯੂਨੀਵਰਸਿਟੀ ਆਫ਼ ਟੈਕਨਾਲੋਜੀ ਵਿੱਚ ਪਹਿਲੇ ਸਾਲ ਦਾ ਵਿਦਿਆਰਥੀ ਹੈ ਅਤੇ ਖੇਡਾਂ, ਖਾਸ ਕਰਕੇ ਤਾਇਕਵਾਂਡੋ, ਫੁੱਟਬਾਲ ਅਤੇ ਕਬੱਡੀ ਵਿੱਚ ਬਹੁਤ ਦਿਲਚਸਪੀ ਰੱਖਦਾ ਹੈ। ਤਾਇਕਵਾਂਡੋ ਵਿੱਚ ਵਿਚ ਉਹ ਬਲੈਕ ਬੈਲਟ ਹੈ ਅਤੇ ਨਿਊਜ਼ੀਲੈਂਡ ਵਿੱਚ ਹੋਣ ਵਾਲੇ ਸਾਰੇ ਵੱਡੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦਾ ਹੈ, ਜਿਸ ਵਿੱਚ ਨੈਸ਼ਨਲਜ਼, ਰੀਜਨਲ ਅਤੇ ਸਟਾਰ ਸੀਰੀਜ਼ ਸ਼ਾਮਲ ਹਨ, ਅਤੇ ਕਈ ਮੈਡਲ ਜਿੱਤ ਚੁੱਕਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੋਨੇ ਦੇ ਤਮਗੇ ਹਨ। ਉਹ ਪੌਲ ਐਮ ਪਾਪਾਕੁਰਾ ਤਾਇਕਵਾਂਡੋ ਕਲੱਬ ਦਾ ਮੈਂਬਰ ਹੈ, ਜੋ ਕਿ ਕਾਊਂਟੀਜ਼ ਮਾਨੂਕਾਊ ਖੇਤਰ ਦੇ ਅਧੀਨ ਆਉਂਦਾ ਹੈ।
ਪਹਿਲਾ ਸਿੱਖ ਅਥਲੀਟ: ਇਹ ਨੌਜਵਾਨ ਪਹਿਲਾ ਦਸਤਾਰਧਾਰੀ ਸਿੱਖ ਅਥਲੀਟ ਹੈ ਜਿਸਨੂੰ ਕਰੋਸ਼ੀਆ (ਯੂਰਪ) ਵਿੱਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਵਿੱਚ ਤਾਇਕਵਾਂਡੋ ਵਿੱਚ ਨਿਊਜ਼ੀਲੈਂਡ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ। ਇਹ 7 ਸਾਲ ਦੀ ਉਮਰ ਤੋਂ ਤਾਇਕਵਾਂਡੋ ਦਾ ਇੱਕ ਸਮਰਪਿਤ ਅਭਿਆਸੀ ਅਤੇ ਇੱਕ ਦ੍ਰਿੜ੍ਹ ਪ੍ਰਤੀਯੋਗੀ ਹੈ ਅਤੇ ਪਟਕੇ ਤੋਂ ਬਾਅਦ ਹੁਣ ਦਸਤਾਰ ਸਜਾਉਂਦਾ ਹੈ। ਉਹ ਇੰਜੀਨੀਅਰਿੰਗ ਵਿੱਚ ਆਨਰਜ਼ ਦੀ ਡਿਗਰੀ ਹਾਸਲ ਕਰ ਰਿਹਾ ਹੈ ਅਤੇ ਵਰਤਮਾਨ ਵਿੱਚ ਔਕਲੈਂਡ ਯੂਨੀਵਰਸਿਟੀ ਆਫ਼ ਟੈਕਨਾਲੋਜੀ ਵਿੱਚ ਪਹਿਲੇ ਸਾਲ ਦਾ ਇਲੈਕਟਰੀਕਲ ਅਤੇ ਇਲੈਕਟਰੋਨਿਕਸ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ। ਕਮਿਊਨਿਟੀ ਅਤੇ ਮੀਡੀਆ ਕਰਮੀਆਂ ਵੱਲੋਂ ਇਸ ਹੋਣਹਾਰ ਬੱਚੇ ਨੂੰ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਦੇ ਲਈ ਸ਼ੁੱਭ ਇਛਾਵਾਂ!
Share this content:



Post Comment