ਗੁਜਰਾਤ ਤੋਂ ਬੰਗਾਲ ਦੇ ਵੋਟਰਾਂ ਨੂੰ ਲਿਆਉਣ ਲਈ BJP ਕਰ ਰਹੀ ਹੈ ਰੇਲਵੇ ਦੀ ਦੁਰਵਰਤੋਂ : TMC
ਨਵੀਂ ਦਿੱਲੀ, 22 ਅਪ੍ਰੈਲ – ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਕੁਝ ਘੰਟੇ ਪਹਿਲਾਂ, ਤ੍ਰਿਣਮੂਲ ਕਾਂਗਰਸ (TMC) ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੂੰ ਚਿੱਠੀ ਲਿਖੀ ਹੈ। ਇਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਭਾਜਪਾ ਚੋਣ ਜ਼ਾਬਤੇ ਦੀ ਉਲੰਘਣਾ ਕਰਕੇ ਵੋਟਰਾਂ ਨੂੰ ਲਿਆਉਣ ਲਈ ਸੂਰਤ ਤੋਂ ਪੱਛਮੀ ਬੰਗਾਲ ਤੱਕ ਮੁਫ਼ਤ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕਰ ਰਹੀ ਹੈ।
ਪਾਰਟੀ ਆਗੂ ਡੇਰੇਕ ਓ ਬ੍ਰਾਇਨ ਨੇ ਇੱਕ ਪੱਤਰ ਵਿੱਚ ਕਿਹਾ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਪਤਾ ਲੱਗਾ ਹੈ ਕਿ “ਭਾਜਪਾ ਅਤੇ ਇਸ ਦੀ ਗੁਜਰਾਤ ਇਕਾਈ ਨੇ ਪੱਛਮੀ ਬੰਗਾਲ ਦੇ ਰਜਿਸਟਰਡ ਪਰਵਾਸੀ ਮਜ਼ਦੂਰਾਂ ਨੂੰ ਸੂਬੇ ਵਿੱਚ ਲਿਆਉਣ ਲਈ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕੀਤਾ ਹੈ ਅਤੇ ਮੁਫ਼ਤ ਯਾਤਰਾ, ਖਾਣਾ ਤੇ ਨਾਸ਼ਤਾ ਮੁਹੱਈਆ ਕਰਵਾਇਆ ਹੈ।
ਇਸ ਨੂੰ ਚੋਣ ਨਿਯਮਾਂ ਦੀ ਉਲੰਘਣਾ ਦੱਸਦੇ ਹੋਏ, ਓ ਬ੍ਰਾਇਨ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰੇ ਅਤੇ ਭਾਜਪਾ ਆਗੂਆਂ ਵਿਰੁੱਧ ਸ਼ਿਕਾਇਤ ਦਰਜ ਕਰਨ ਦੇ ਨਿਰਦੇਸ਼ ਦੇਵੇ। ਉਨ੍ਹਾਂ ਕਮਿਸ਼ਨ ਨੂੰ ਇਹ ਵੀ ਕਿਹਾ ਕਿ ਇਨ੍ਹਾਂ ਵਿਸ਼ੇਸ਼ ਰੇਲ ਗੱਡੀਆਂ ‘ਤੇ ਹੋਣ ਵਾਲਾ ਸਾਰਾ ਖਰਚਾ ਭਾਜਪਾ ਦੇ ਚੋਣ ਖਰਚਿਆਂ ਵਿੱਚ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਜਾਣ। ਪਾਰਟੀ ਨੇ ਅੱਗੇ ਕਮਿਸ਼ਨ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਚੋਣਾਂ ਦੌਰਾਨ ਭਾਜਪਾ ਵੱਲੋਂ ਵੋਟਰਾਂ ਨੂੰ ਅਜਿਹੀ ਕੋਈ ਸਹੂਲਤ ਨਾ ਦਿੱਤੀ ਜਾਵੇ।
ਟੀ ਐੱਮ ਸੀ ਨੇ ਇਹ ਵੀ ਦੋਸ਼ ਲਗਾਇਆ ਕਿ ਸੂਰਤ ਤੋਂ ਭਾਜਪਾ ਦੀਆਂ ਖ਼ਾਸ ਰੇਲ ਗੱਡੀਆਂ ਪਹਿਲਾਂ ਹੀ ਰਵਾਨਾ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਗੁਜਰਾਤ ਭਾਜਪਾ ਦੇ ਮੈਂਬਰ ਵੋਟਰਾਂ ਦੇ ਨਾਲ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਟੀ ਐੱਮ ਸੀ ਦੇ ਖਿਲਾਫ ਵੋਟ ਪਾਉਣ ਲਈ ਪ੍ਰਭਾਵਿਤ ਕੀਤਾ ਜਾ ਸਕੇ। ਉਨ੍ਹਾਂ ਨੇ ਅੱਗੇ ਦਾਅਵਾ ਕੀਤਾ ਕਿ ਭਾਜਪਾ ਇਹ ਸਭ ਭਾਰਤੀ ਰੇਲਵੇ ਰਾਹੀਂ ਕਰ ਰਹੀ ਹੈ, ਜੋ ਕੇਂਦਰ ਸਰਕਾਰ ਦੇ ਅਧੀਨ ਹੈ। ਇਸ ਨਾਲ ਸਰਕਾਰੀ ਅਹੁਦੇ ਦੀ ਗ਼ਲਤ ਵਰਤੋਂ ਅਤੇ ਜਨਤਕ ਖਰਚੇ ‘ਤੇ ਸਰਕਾਰੀ ਸਰੋਤਾਂ ਦੀ ਵਰਤੋਂ ਦਾ ਗੰਭੀਰ ਖਦਸ਼ਾ ਪੈਦਾ ਹੁੰਦਾ ਹੈ।
Share this content:



Post Comment