ਗਾਜ਼ਾ: ਜਿੱਥੇ ਜਿਊਂਦੇ ਹੋਣ ਦਾ ਮਤਲਬ ਹਰ ਘੜੀ ਮੌਤ ਦਾ ਖ਼ੌਫ਼ ਢੋਣਾ
ਫ਼ਲਸਤੀਨ ਬਾਰੇ ਸੰਯੁਕਤ ਰਾਸ਼ਟਰ ਦੇ ਸੁਤੰਤਰ ਕੌਮਾਂਤਰੀ ਜਾਂਚ ਕਮਿਸ਼ਨ ਵੱਲੋਂ ਲੰਘੀ 23 ਜੂਨ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਸਿੱਟੇ 21ਵੀਂ ਸਦੀ ਦੀ ਇਸ ਦੁਨੀਆ ਨੂੰ ਝੰਜੋੜਨ ਵਾਲੇ ਹਨ। ਮਨੁੱਖਤਾ ਦੀ ਸੁਖ-ਸਹੂਲਤ ਲਈ ਜਿੱਥੇ ਵਿਗਿਆਨ ਦੀ ਵਰਤੋਂ ਤੇ ਤਰੱਕੀ ਦੇ ਦਮਗਜ਼ੇ ਮਾਰੇ ਜਾਂਦੇ ਨੇ, ਉੱਥੇ ਇਹ ਰਿਪੋਰਟ ਉਸੇ ਮਨੁੱਖਤਾ ਨੂੰ ਕਤਲ ਕਰਨ ਵਾਲਾ ਘਿਣਾਉਣਾ ਚਿਹਰਾ ਸਾਡੇ ਸਾਹਮਣੇ ਲਿਆਉਂਦੀ ਹੈ। ਰਿਪੋਰਟ ਵਿੱਚ ਇਸ ਤੱਥ ਦਾ ਖੁਲਾਸਾ ਕੀਤਾ ਗਿਆ ਹੈ ਕਿ ਇਜ਼ਰਾਇਲੀ ਸੁਰੱਖਿਆ ਬਲਾਂ ਵੱਲੋਂ ਸੋਚ ਸਮਝ ਕੇ ਬਹੁਤ ਯੋਜਨਾਬੱਧ ਢੰਗ ਨਾਲ ਫ਼ਲਸਤੀਨੀ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਰਿਪੋਰਟ ਤੋਂ ਸਾਹਮਣੇ ਆਏ ਅੰਕੜਿਆਂ ਅਨੁਸਾਰ ਅਕਤੂਬਰ 2023 ਤੋਂ ਲੈ ਕੇ ਅਕਤੂਬਰ 2025 ਦਰਮਿਆਨ 20,000 ਤੋਂ ਵੱਧ ਬੱਚੇ ਮਾਰੇ ਗਏ ਅਤੇ 44,000 ਤੋਂ ਵੱਧ ਜ਼ਖ਼ਮੀ ਹੋਏ ਹਨ।
ਯਹੂਦੀ ਕੌਮ ਨੇ ਅਤੀਤ ਵਿੱਚ ਹਿਟਲਰ ਦੇ ਨਾਜ਼ੀ ਸ਼ਾਸਨ ਦੌਰਾਨ ਖ਼ੁਦ ਨਸਲਕੁਸ਼ੀ ਦਾ ਸੰਤਾਪ ਝੱਲਿਆ ਸੀ। ਕੀ ਉਹ ਫ਼ਲਸਤੀਨੀਆਂ ਦੇ ਸੰਤਾਪ ਤੇ ਦੁੱਖ ਦਰਦ ਨੂੰ ਨਹੀਂ ਸਮਝਦੀ? ਜਾਂ ਫਿਰ ਕੀ ਆਪਣੇ ’ਤੇ ਹੋਏ ਜ਼ੁਲਮਾਂ ਦਾ ਬਦਲਾ ਲੈਣ ਦੀ ਮਾਨਸਿਕਤਾ ਕਾਰਨ ਉਹ ਇਨ੍ਹਾਂ ਬੇਦੋਸ਼ੇ ਫ਼ਲਸਤੀਨੀ ਬੱਚਿਆਂ ਤੇ ਲੋਕਾਂ ’ਤੇ ਜ਼ੁਲਮ ਢਾਹ ਰਹੀ ਹੈ, ਜਿਨ੍ਹਾਂ ਦਾ ਉਸ ਨਸਲਕੁਸ਼ੀ ਨਾਲ ਕੋਈ ਦੂਰ ਦਾ ਵੀ ਵਾਹ-ਵਾਸਤਾ ਨਹੀਂ? ਹੁਣ 21ਵੀਂ ਸਦੀ ਵਿੱਚ ਇਜ਼ਰਾਇਲੀ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ’ਚ ਜਾਨਾਂ ਗੁਆਉਣ ਤੇ ਜ਼ਖ਼ਮੀ ਹੋਣ ਵਾਲੇ ਫ਼ਲਸਤੀਨੀਆਂ ਵਿੱਚ 27 ਫ਼ੀਸਦੀ ਬੱਚੇ ਹਨ, ਜਿਨ੍ਹਾਂ ’ਚੋਂ ਬਹੁਤ ਸਾਰੇ ਲੜਕਿਆਂ ਦੇ ਸਿਰ ਅਤੇ ਗਰਦਨ ਵਿੱਚ ਗੋਲੀਆਂ ਵੱਜੀਆਂ ਸਨ। ਰਿਪੋਰਟ ਅਨੁਸਾਰ ਗਾਜ਼ਾ ਦੇ 97 ਫ਼ੀਸਦੀ ਸਕੂਲਾਂ ਅਤੇ ਬੱਚਿਆਂ ਦੇ ਹਸਪਤਾਲ ਸਣੇ ਸਮੁੱਚੇ ਸਿਹਤ ਸੰਭਾਲ ਢਾਂਚੇ ਨੂੰ ਤਬਾਹ ਕਰ ਦਿੱਤਾ ਗਿਆ ਹੈ, ਜਿਸ ਦੇ ਸਿੱਟੇ ਵਜੋਂ ਹਮਲ ਡਿੱਗਣ (ਗਰਭਪਾਤ ਹੋਣ) ਅਤੇ ਬੱਚਿਆਂ ਦੇ ਜਨਮ ਵੇਲੇ ਦਿੱਕਤਾਂ ’ਚ 300 ਫ਼ੀਸਦੀ ਵਾਧਾ ਹੋਇਆ ਹੈ। ਮਨੁੱਖਤਾ ਦੇ ਇਸ ਘਾਣ ਲਈ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਦੀ ਅੱਖ ’ਚ ਭੋਰਾ ਸ਼ਰਮ ਜਾਂ ਗੁਨਾਹ ਦਾ ਅਹਿਸਾਸ ਨਹੀਂ ਹੈ ਸਗੋਂ ਉਨ੍ਹਾਂ ਵੱਲੋਂ ਫ਼ਲਸਤੀਨੀਆਂ ਨੂੰ ਹਿਕਾਰਤ ਨਾਲ ‘ਪਸ਼ੂ’ ਸੱਦਿਆ ਜਾ ਰਿਹਾ ਹੈ ਅਤੇ ਗਾਜ਼ਾ ’ਚੋਂ ਉਨ੍ਹਾਂ ਦਾ ਤੁਖ਼ਮ ਮਿਟਾਉਣ ਦਾ ਸੱਦਾ ਦਿੰਦੇ ਹੋਏ ਸ਼ੇਖੀ ਮਾਰਦਿਆਂ ਇਜ਼ਰਾਇਲੀ ਸੁਰੱਖਿਆ ਬਲਾਂ ਦੀ ਸਫ਼ਲਤਾ ਨੂੰ ਇਸ ਗੱਲ ਨਾਲ ਮਾਪਿਆ ਜਾ ਰਿਹਾ ਹੈ ਕਿ ‘‘ਹਜ਼ਾਰਾਂ ਲੋਕ (ਫ਼ਲਸਤੀਨੀ) ਗਾਜ਼ਾ ਛੱਡ ਕੇ ਜਾ ਰਹੇ ਹਨ।
ਹੈਰਾਨੀ ਦੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਦੀ ਕਮੇਟੀ ਨੇ ਇਜ਼ਰਾਈਲ ਵੱਲੋਂ ਫ਼ਲਸਤੀਨੀਆਂ ਦੀ ਨਸਲਕੁਸ਼ੀ ਦੇ ਇਰਾਦੇ ਬਾਰੇ ਅੰਕੜਿਆਂ ਤੇ ਤੱਥਾਂ ’ਤੇ ਆਧਾਰਿਤ ਰਿਪੋਰਟ ਤਾਂ ਜਾਰੀ ਕੀਤੀ ਹੈ, ਪਰ ਅਮਰੀਕਾ ਵੱਲੋਂ ਇਜ਼ਰਾਈਲ ਦੀ ਪਿੱਠ ਪੂਰਨ ਕਾਰਨ ਇਹ ਉਸ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਤੋਂ ਅਸਮਰੱਥ ਹੈ। ਦੁਨੀਆ ਦੇ ਵੱਡੀ ਗਿਣਤੀ ਦੇਸ਼ਾਂ ਵੱਲੋਂ ਇਜ਼ਰਾਇਲੀ ਕਾਰਵਾਈਆਂ ਨੂੰ ਫ਼ਲਸਤੀਨੀ ਨਸਲਕੁਸ਼ੀ ਮੰਨਿਆ ਜਾ ਰਿਹਾ ਹੈ ਅਤੇ ‘ਇੰਟਰਨੈਸ਼ਨਲ ਕ੍ਰਿਮੀਨਲ ਕੋਰਟ’ ਵੱਲੋਂ ਸਮੁੱਚੀ ਇਜ਼ਰਾਇਲੀ ਲੀਡਰਸ਼ਿਪ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਗਏ ਹਨ, ਪਰ ਇਸ ਸਭ ਕਾਸੇ ਨਾਲ ਇਜ਼ਰਾਈਲ ਨੂੰ ਕੋਈ ਫ਼ਰਕ ਨਹੀਂ ਪਿਆ ਅਤੇ ਫ਼ਲਸਤੀਨੀਆਂ ਵਿਰੁੱਧ ਉਸ ਦੀਆਂ ਕਾਰਵਾਈਆਂ ਓਵੇਂ ਹੀ ਬੇਰੋਕ ਜਾਰੀ ਹਨ ਅਤੇ ਸਮੁੱਚਾ ਵਿਸ਼ਵ ਇਹ ਸਭ ਕੁਝ ਬੇਵੱਸੀ ਨਾਲ ਦੇਖ ਰਿਹਾ ਹੈ। ਇਜ਼ਰਾਈਲ ਨੇ ਫ਼ਲਸਤੀਨੀਆਂ ਤੋਂ ਰੋਟੀ, ਸਿਹਤ ਸਹੂਲਤਾਂ ਅਤੇ ਸਭ ਤੋਂ ਵੱਧ ਸਕੂਨ ਨਾਲ ਜ਼ਿੰਦਗੀ ਜਿਊਣ ਦਾ ਹੱਕ ਖੋਹ ਲਿਆ ਹੈ। ਗਾਜ਼ਾ ਦੇ ਫ਼ਲਸਤੀਨੀਆਂ ਨੂੰ ਨਹੀਂ ਪਤਾ ਕਿ ਰੋਟੀ ਲੈਣ ਲਈ ਲਾਈਨਾਂ ਵਿੱਚ ਲੱਗਿਆਂ ਕਿਹੜੇ ਵੇਲੇ ਕੋਈ ਗੋਲੀ ਆ ਕੇ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾ ਲਵੇ।
ਗਾਜ਼ਾ ’ਚ ਵਸਦੇ ਫ਼ਲਸਤੀਨੀਆਂ ਦੀ ਹੋਣੀ ਅਤੇ ਮਨੋਸਥਿਤੀ ਬਾਰੇ ਸੀਨੀਅਰ ਪੱਤਰਕਾਰ ਕਮਲ ਦੁਸਾਂਝ ਵੱਲੋਂ ‘ਜਲਾਵਤਨ – ਗਾਜ਼ਾ ਮੋਨੋਲੋਗਜ਼’ ਦੇ ਸਿਰਲੇਖ ਹੇਠ ਪੰਜਾਬੀ ’ਚ ਅਨੁਵਾਦ ਕੀਤੀ ਗਈ ਕਿਤਾਬ (ਸੰਪਾਦਕ: ਸੁਸ਼ੀਲ ਦੁਸਾਂਝ) ਦੇ ਵੇਰਵੇ ਲੂ-ਕੰਡੇ ਖੜ੍ਹੇ ਕਰਨ ਵਾਲੇ ਹਨ। ਇਸ ਵਿੱਚ ਗਾਜ਼ਾ ਦੇ ਬਾਸ਼ਿੰਦਿਆਂ ਵੱਲੋਂ ਸਾਂਝੇ ਕੀਤੇ ਗਏ ਆਪਣੇ ਅਹਿਸਾਸ, ਜ਼ਿੰਦਗੀ ਜਿਊਣ ਦੀ ਤਾਂਘ ਅਤੇ ਕਿਸੇ ਵੀ ਪਲ ਜ਼ਿੰਦਗੀ ਦਾ ਲੜ ਹੱਥੋਂ ਛੁੱਟ ਜਾਣ ਦਾ ਖ਼ੌਫ਼ ਬਿਆਨ ਕੀਤਾ ਗਿਆ ਹੈ। ਅਸਲ ਵਿੱਚ 2010 ਵਿੱਚ ਫ਼ਲਸਤੀਨ ਦੀ ਇੱਕ ਮੋਹਰੀ ਤੇ ਪ੍ਰਸਿੱਧ ਥੀਏਟਰ ਸੰਸਥਾ ‘ਅਸ਼ਤਰ ਥੀਏਟਰ’ (ਜਿਸ ਦੀ ਸਥਾਪਨਾ 1991 ’ਚ ਕੀਤੀ ਗਈ ਸੀ) ਨੇ ਦੁਨੀਆ ਭਰ ਦੇ ਥੀਏਟਰਾਂ ਨਾਲ ਮਿਲ ਕੇ ਗਾਜ਼ਾ ਦੇ ਧੀਆਂ-ਪੁੱਤਰਾਂ ਦੀਆਂ ਆਵਾਜ਼ਾਂ ‘ਗਾਜ਼ਾ ਮੋਨੋਲੋਗਜ਼’ ਰਾਹੀਂ ਵਿਸ਼ਵ-ਵਿਆਪੀ ਮੰਚ ਤੱਕ ਪਹੁੰਚਾਈਆਂ। ਫਿਰ 2024 ਵਿੱਚ 19 ਨਵੀਆਂ ਕਹਾਣੀਆਂ ’ਤੇ ਆਧਾਰਿਤ ‘ਦਿ ਨਿਊ ਗਾਜ਼ਾ ਮੋਨੋਲੋਗਜ਼ 2024’ ਜਾਰੀ ਕੀਤੇ ਗਏ, ਜੋ ਗਾਜ਼ਾ ’ਚ ਜੰਗ ਦੇ ਝੰਬੇ ਲੋਕਾਂ ਦੇ ਲੰਮੇ ਸੰਘਰਸ਼ ਨੂੰ ਉਜਾਗਰ ਕਰਦੇ ਹਨ। ਇਹ ਮੋਨੋਲੋਗਜ਼ ਅੱਜ ਵੀ ਜਾਰੀ ਹਨ।
ਜਦੋਂ ਤੁਸੀਂ ਪੁਸਤਕ ‘ਜਲਾਵਤਨ: ਗਾਜ਼ਾ ਮੋਨੋਲੋਗਜ਼’ ਰਾਹੀਂ ਗਾਜ਼ਾ ਦੇ ਇਨ੍ਹਾਂ ਬੱਚਿਆਂ ਦੇ ਸੰਸਾਰ ਵਿੱਚ ਦਾਖ਼ਲ ਹੁੰਦੇ ਹੋ ਤਾਂ ਜ਼ਿੰਦਗੀ ਦੇ ਅਤਿ ਭਿਆਨਕ ਤੇ ਖ਼ੌਫ਼ਨਾਕ ਰੂਪ ਦੇ ਰੂ-ਬ-ਰੂ ਹੁੰਦੇ ਹੋ। ਇਜ਼ਰਾਈਲ ਵੱਲੋਂ ਗਾਜ਼ਾ ਦੇ ਲੋਕਾਂ ਵਿਰੁੱਧ ਛੇੜੀ ਜੰਗ ਦੇ ਭੁਗਤ-ਭੋਗੀਆਂ ਦੇ ਤਜਰਬੇ ਪੜ੍ਹ ਕੇ ਜ਼ਿੰਦਗੀ ਪ੍ਰਤੀ ਤੁਹਾਡੇ ਨਜ਼ਰੀਏ ’ਚ ਕਈ ਤਬਦੀਲੀਆਂ ਆਉਂਦੀਆਂ ਹਨ। ਤੁਹਾਨੂੰ ਸਮਝ ਆਉਂਦੀ ਹੈ ਕਿ ਅਜਿਹੇ ਹਾਲਾਤ ਦਾ ਸਾਹਮਣਾ ਕਰਦਿਆਂ ਮਨੁੱਖ ਕਿਵੇਂ ਬੁਨਿਆਦੀ ਲੋੜਾਂ ਦੀ ਪੂਰਤੀ ਲਈ ਕਿਫ਼ਾਇਤ ਕਰਨਾ ਸਿੱਖ ਲੈਂਦਾ ਹੈ। ਪੁਸਤਕ ’ਚ ਗਾਜ਼ਾ ਦਾ ਬਾਸ਼ਿੰਦਾ ਅਹਿਮਦ ਅਲ-ਰੂਜ਼ੀ ਦੱਸਦਾ ਹੈ: ‘‘ਜੰਗ ਤੋਂ ਪਹਿਲਾਂ ਮੈਨੂੰ ਚੀਜ਼ਾਂ ਦੀ ਅਹਿਮੀਅਤ ਦਾ ਪਤਾ ਨਹੀਂ ਸੀ ਕਿਉਂਕਿ ਮੈਂ ਸੋਚਿਆ ਨਹੀਂ ਸੀ ਕਿ ਕਦੇ ਅਜਿਹੇ ਦਿਨ ਵੀ ਆਉਣਗੇ, ਜਦੋਂ ਮੈਨੂੰ ਭੁੱਖਾ ਪਿਆਸਾ ਰਹਿਣਾ ਪਵੇਗਾ। ਜੰਗ ਤੋਂ ਬਾਅਦ ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਬਹੁਤ ਧਿਆਨ ਰੱਖਣ ਲੱਗਿਆ। ਮੈਂ ਚਾਹ ਲਗਭਗ ਫਿੱਕੀ ਹੀ ਪੀਣ ਲੱਗਿਆ। ਮੈਂ ਜਦੋਂ ਵੀ ਰੋਟੀ ਖਾਣ ਲਈ ਬੁਰਕੀ ਤੋੜ ਕੇ ਮੂੰਹ ’ਚ ਪਾਉਂਦਾ ਤਾਂ ਉਸ ਰੋਟੀ ਵਿੱਚੋਂ ਵੀ ਕੁਝ ਹਿੱਸਾ ਅਗਲੇ ਡੰਗ ਖਾਣ ਲਈ ਬਚਾ ਲੈਂਦਾ। ਮੇਰੀ ਭੁੱਖ ਹੀ ਬਹੁਤ ਘਟ ਗਈ ਸੀ ਅਤੇ ਮੈਂ ਸੱਚਮੁੱਚ ਹੀ ਕਿਫ਼ਾਇਤ ਕਰਨਾ ਸਿੱਖ ਲਿਆ ਸੀ। … ਹੁਣ ਵੀ ਮੈਂ ਜ਼ਿੰਦਗੀ ਤੋਂ, ਹਰ ਵਰਤਾਰੇ ਤੋਂ, ਹਰ ਛੋਟੀ ਵੱਡੀ ਚੀਜ਼ ਤੋਂ ਡਰਿਆ ਸਹਿਮਿਆ ਰਹਿੰਦਾ ਹਾਂ, ਹਮੇਸ਼ਾ ਫ਼ਿਕਰਾਂ ਵਿੱਚ ਘਿਰਿਆ ਹੋਇਆ।
ਅਲ-ਦਰਾਜ਼ ਨਾਂ ਦੇ ਇੱਕ ਅੱਲ੍ਹੜ ਨੇ ਆਪਣੀ ਹੱਡਬੀਤੀ ਕੁਝ ਇਉਂ ਦੱਸੀ: ‘‘ਅਲ-ਸ਼ਿਫਾ ਹਸਪਤਾਲ ਵਿੱਚ ਜੋ ਮੰਜ਼ਰ ਮੈਂ ਦੇਖਿਆ, ਉਹ ਕਦੇ ਨਹੀਂ ਭੁੱਲ ਸਕਦਾ। ਇੱਕ ਉੱਪਰ ਇੱਕ ਸੁੱਟੀਆਂ ਸੈਂਕੜੇ ਲਾਸ਼ਾਂ ਦਾ ਅੰਬਾਰ ਲੱਗਿਆ ਹੋਇਆ ਸੀ। ਚੀਥੜੇ ਚੀਥੜੇ ਹੋਏ ਅੰਗ, ਉਨ੍ਹਾਂ ਵਿੱਚੋਂ ਵਗਦਾ ਲਹੂ ਤੇ ਲਾਸ਼ਾਂ ਦੀਆਂ ਹੱਡੀਆਂ ਇੱਕ-ਦੂਜੇ ਵਿੱਚ ਰਲੀਆਂ ਹੋਈਆਂ। ਪਤਾ ਨਹੀਂ ਸੀ ਲੱਗਦਾ ਕਿ ਲਾਸ਼ ਔਰਤ ਦੀ ਹੈ, ਮਰਦ ਦੀ ਜਾਂ ਬੱਚੇ ਦੀ। ਬੁਰੀ ਤਰ੍ਹਾਂ ਜ਼ਖ਼ਮੀ ਹੋਏ ਲੋਕਾਂ ਦੀ ਚੀਖ਼ ਪੁਕਾਰ ਘਬਰਾਹਟ ਪੈਦਾ ਕਰ ਰਹੀ ਸੀ। ਦਰਦ ਨਾਲ ਤੜਪ ਰਹੇ ਲੋਕ ਨਹੀਂ ਜਾਣਦੇ ਸਨ ਕਿ ਉਨ੍ਹਾਂ ਦੇ ਬੱਚੇ ਕਿੱਥੇ ਨੇ, ਉਨ੍ਹਾਂ ਦੇ ਮਰਦ, ਉਨ੍ਹਾਂ ਦੀਆਂ ਬੀਵੀਆਂ ਜਾਂ ਮਾਪੇ ਕਿੱਥੇ ਹਨ? ਉਸ ਰਾਤ ਜਦੋਂ ਹਸਪਤਾਲ ਤੋਂ ਪਰਤਿਆ ਤਾਂ ਨੀਂਦ ਉੱਡ-ਪੁੱਡ ਚੁੱਕੀ ਸੀ, ਮੈਂ ਸਾਰੀ ਰਾਤ ਡਰ ਨਾਲ ਕੰਬਦਾ ਰਿਹਾ। ਸੋਚਿਆ, ਸ਼ਾਇਦ ਇਹ ’ਕੱਲੀ ਕਾਰੀ ਰਾਤ ਹੈ ਜਦੋਂ ਨੀਂਦ ਨਹੀਂ ਆਵੇਗੀ, ਪਰ ਅੱਜ ਵੀ ਉਹ ਭਿਆਨਕ ਮੰਜ਼ਰ ਤੇ ਉਹ ਸਾਰੇ ਲੋਕ ਮੇਰੀਆਂ ਅੱਖਾਂ ਮੂਹਰੇ ਆਉਂਦੇ ਨੇ ਤੇ ਫਿਰ ਮੈਂ ਸੌਂ ਨਹੀਂ ਸਕਦਾ।
ਗਾਜ਼ਾ ਵਿੱਚ ਰੁਦਨ ਕਰਦੀਆਂ ਮਾਵਾਂ ਦਾ ਜ਼ਿਕਰ ਮਹਿਮੂਦ ਬਲਾਵੀ ਕੁਝ ਇਉਂ ਕਰਦਾ ਹੈ: ‘‘ਗਾਜ਼ਾ ਵਿੱਚ ਵਕਤ ਬਾਕੀ ਦੁਨੀਆ ਵਾਂਗ ਨਹੀਂ ਚੱਲ ਰਿਹਾ; ਗਾਜ਼ਾ ਵਿੱਚ ਘੰਟੇ ਦਾ ਮਤਲਬ 60 ਸ਼ਹੀਦ ਤੇ 33,600 ਜ਼ਖ਼ਮੀ। ਜਦੋਂ 60 ਘਰ ਤਬਾਹ ਹੋ ਜਾਣ ਤਾਂ ਇੱਕ ਮਿੰਟ ਅਤੇ ਇੱਕ ਸਕਿੰਟ ਦਾ ਮਤਲਬ ਰੁਦਨ ਕਰਦੀਆਂ 60 ਮਾਵਾਂ। ਸਭ ਤੋਂ ਦਰਦਨਾਕ ਹੈ ਉਸ ਮਾਂ ਦਾ ਰੁਦਨ, ਜੋ ਆਪਣੀਆਂ ਅੱਖਾਂ ਸਾਹਮਣੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਮਰਦਾ ਦੇਖ ਰਹੀ ਹੈ। ਜੰਗ ਦੌਰਾਨ ਗਾਜ਼ਾ ਵਿੱਚ ਇੱਕ ਰਾਤ ਦੀ ਕਥਾ ਸੈਂਕੜੇ ਕਹਾਣੀਆਂ ਬਰਾਬਰ ਹੈ। ਹਿਬਾ ਦਾਊਦ ਨੇ ਆਪਣੀ ਕਹਾਣੀ ਕੁਝ ਇਉਂ ਦੱਸੀ: ‘‘ਮੇਰੇ ਗੁਆਂਢੀ ਜਦੋਂ ਘਰੋਂ ਨਿਕਲ ਰਹੇ ਸਨ ਤਾਂ ਇੱਕ ਮਿਜ਼ਾਈਲ ਉਨ੍ਹਾਂ ਦੇ ਘਰ ’ਤੇ ਡਿੱਗੀ। ਹਾਲਾਂਕਿ, ਉਨ੍ਹਾਂ ਸਫ਼ੇਦ ਝੰਡੇ ਵੀ ਲਹਿਰਾਏ, ਉਹ ਘਰ ਛੱਡ ਕੇ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੇ ਸਨ, ਪਰ ਮਿਜ਼ਾਈਲ ਉਨ੍ਹਾਂ ’ਤੇ ਆ ਡਿੱਗੀ ਤੇ ਸਾਰਾ ਪਰਿਵਾਰ ਸ਼ਹੀਦ ਹੋ ਗਿਆ।…… … … ਸਵੇਰੇ 9 ਵਜੇ ਇਜ਼ਰਾਇਲੀ ਫ਼ੌਜ ਦਾ ਸਾਨੂੰ ਫੋਨ ਆਇਆ ਕਿ ਤੁਰੰਤ ਘਰ ਖਾਲੀ ਕਰ ਦਿਓ। ਸਾਡੀ ਗਲੀ ਵਿੱਚ 25 ਪਰਿਵਾਰ ਸਨ ਜੋ ਸਾਡੇ ਵਾਂਗ ਫਸੇ ਹੋਏ ਅਤੇ ਜ਼ਖ਼ਮੀ ਸਨ, ਪਰ ਸਿਰਫ਼ ਸਾਡੇ ਘਰ ’ਤੇ ਹੀ ਬੰਬ ਸੁੱਟਣ ਦੀ ਧਮਕੀ ਦਿੱਤੀ ਗਈ। ਉਨ੍ਹਾਂ ਕਿਹਾ, ਘਰ ਤੁਰੰਤ ਖਾਲੀ ਕਰ ਦਿਓ, ਨਹੀਂ ਤਾਂ ਅਸੀਂ ਤੁਹਾਨੂੰ ਬੰਬ ਨਾਲ ਉਡਾ ਦਿਆਂਗੇ। ਅਹਿਮਦ ਤਾਹਾ ਦੇ ਇਹ ਅਲਫਾਜ਼ ਸਮੁੱਚੇ ਫ਼ਲਸਤੀਨੀਆਂ ਦੇ ਦਰਦ ਨੂੰ ਜ਼ੁਬਾਨ ਦਿੰਦੇ ਹਨ: ‘‘ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਉਸ ਮੋੜ ’ਤੇ ਪੁੱਜ ਗਏ ਹਾਂ, ਜਿੱਥੇ ਤੁਸੀਂ ਮਰ ਸਕਦੇ ਹੋ ਅਤੇ ਸਾਰੇ ਤੁਹਾਨੂੰ ਮਰਦੇ ਹੋਏ ਦੇਖਦੇ ਹਨ ਅਤੇ ਕੋਈ ਵੀ ਤੁਹਾਡੀ ਮਦਦ ਕਰਨ ਦਾ ਇਛੁੱਕ ਨਹੀਂ।
Share this content:



Post Comment