ਗ਼ਜ਼ਲ/ਜਸਵਿੰਦਰ ਕੌਰ ਫਗਵਾੜਾ
ਥਾਹ ਨਾ ਪੈਂਦੀ ਜਿਸ ਦੀ ਉਹ ਸਰਨਾਵਾਂ ਹੁੰਦੀਆਂ
ਦਿਲ ਦੇ ਅੰਦਰ ਰਾਖਵੀਆਂ ਕੁਝ ਥਾਵਾਂ ਹੁੰਦੀਆਂ
ਬੇਪਰਵਾਹੀ ਬੇਫ਼ਿਕਰੀ ਵਿੱਚ ਰਹਿਣ ਕਦੇ ਨਾ ਜੋ
ਸਾਂਝ ਆਂਦਰਾਂ ਦੀ ਰੱਖਣ ਉਹ ਮਾਵਾਂ ਹੁੰਦੀਆਂ
ਸਭ ਨੂੰ ਹੀ ਜੋ ਠੰਢ ਵਰਤਾ ਕੇ ਖੁਸ਼ ਹੁੰਦੀਆਂ ਨੇ
ਹੋਰ ਨਾ ਕੋਈ ਉਹ ਰੁੱਖਾਂ ਦੀਆਂ ਛਾਵਾਂ ਹੁੰਦੀਆਂ
ਗ਼ੈਰਾਂ ਨੂੰ ਵੀ ਆਪਣਿਆਂ ਦੇ ਵਾਂਗੂੰ ਜਾਣਦੀਆਂ
ਕੁਝ ਰੂਹਾਂ ਤਾਂ ਰੱਬ ਦਾ ਹੀ ਪਰਛਾਵਾਂ ਹੁੰਦੀਆਂ
ਰੂਹ ਦੇ ਰਿਸ਼ਤੇ ਦਾ ਅਨਮੋਲ ਖ਼ਜ਼ਾਨਾ ਹੀ ਸਮਝੋ
ਇਹ ਜੋ ਕੋਸੇ ਹੰਝੂ ,ਠੰਢੀਆਂ ਹਾਵਾਂ ਹੁੰਦੀਆਂ
ਦੁੱਖ ਵੰਡਾਈਏ ਜੇਕਰ ਬਹਿ ਕੇ ਵੱਡਿਆਂ ਨੇੜੇ
ਰੂਹ ਖਿੜਦੀ ਹੈ ਸਿਰ ਤੋਂ ਦੂਰ ਬਲਾਵਾਂ ਹੁੰਦੀਆਂ
“ਜਸਵਿੰਦਰ” ਦੇ ਦਰ ਕੋਈ ਔਕੜ ਠਹਿਰ ਨਾ ਸਕਦੀ
ਆਪਣਿਆਂ ਦੀਆਂ ਉਹਦੇ ਨਾਲ ਦੁਆਵਾਂ ਹੁੰਦੀਆਂ
ਜਸਵਿੰਦਰ ਫਗਵਾੜਾ
Share this content:



Post Comment