ਗ਼ਜ਼ਲ/ਗੁਰਭਜਨ ਗਿੱਲ
ਸੁਰਵੰਤੇ, ਸੁਰ-ਸਾਗਰ ਵਰਗੇ, ਜ਼ਿੰਦਗੀ ਅੰਦਰ ਯਾਰ ਮਿਲੇ।
ਅੱਜ ਤੀਕਰ ਵੀ ਨਿੱਖੜੇ ਨਹੀਂ ਜੋ,ਰੂਹ ਦੇ ਅੰਦਰਵਾਰ ਮਿਲੇ।
ਕੱਚੇ ਘਰ ਦੇ ਪੱਕੇ ਰਿਸ਼ਤੇ ਕਾਇਮ ਦਾਇਮ ਸਲਾਮਤ ਜੋ,
ਕੰਕਰੀਟ ਦਾ ਕੈਦੀ ਚਾਹਵੇ,ਫਿਰ ਓਹੀ ਸੰਸਾਰ ਮਿਲੇ।
ਤਪਦੀ ਧਰਤੀ ਉੱਤੇ ਪਹਿਲੀ ਬਾਰਸ਼ ਤੋਂ ਜੋ ਮਹਿਕ ਮਿਲੀ,
ਕਿਣ ਮਿਣ ਕਣੀਆਂ ਰੂਹ ਤੇ ਬਰਸਣ, ਓਹੀ ਮਸਤ ਫੁਹਾਰ ਮਿਲੇ।
ਰੁੱਖੀ ਮਿੱਸੀ ਰੋਟੀ ਵਰਗੇ ਨਿਭਦੇ ਸੀ ਜੋ ਉਮਰਾਂ ਤੀਕ,
ਦਿਲ ਮੰਗਦੈ,ਜੋ ਛੱਡ ਆਏ ਹਾਂ, ਫਿਰ ਓਹੀ ਪਰਿਵਾਰ ਮਿਲੇ।
ਜਿਸ ਥਾਂ ਜਾ ਕੇ ਸੀਸ ਝੁਕਾਇਆਂ, ਤਨ ਮਨ ਹਰਿਆ ਹੋ ਜਾਵੇ,
ਰਸਨਾ ਉੱਤੇ ਸਰਗਮ ਖੇਡੇ, ਐਸਾ ਗੁਰ-ਦਰਬਾਰ ਮਿਲੇ।
ਮੈਂ ਤਾਂ ਬਲ ਬੁੱਧ-ਹੀਣ ਬਾਲਕਾ, ਭਰਮ- ਜਾਲ ਵਿੱਚ ਉਲਝ ਗਿਆਂ,
ਸੁਰਤਿ-ਸ਼ਬਦ-ਧੁਨ ਇੱਕ ਸੁਰ ਬਿਰਤੀ,ਏਕੋ ਨਾਮ ਆਧਾਰ ਮਿਲੇ।
ਤੁਣਕ ਤੁਣਕ ਤੁਣ ਤਾਰ ਨਿਰੰਤਰ, ਦਿਲ ਦੀ ਧੜਕਣ ਬਣ ਜਾਵੇ,
ਸ਼ਹਿਰ ਲਾਹੌਰੋਂ ਅੰਬਰਸਰ ਨੂੰ, ਆਉਂਦੀ ਜਾਂਦੀ ਡਾਰ ਮਿਲੇ।

-ਗੁਰਭਜਨ ਗਿੱਲ
Share this content:



Post Comment