ਕੰਨਾਂ ਦੇ ਕੱਚੇ ਅਫਸਰ ਦਾ ਦਫ਼ਤਰੀ ਸ਼ੱਕ
ਇਹ ਅਜਿਹੇ ਅਫ਼ਸਰ ਦੀ ਕਹਾਣੀ ਹੈ, ਜੋ ਕੰਨਾਂ ਦਾ ਕੱਚਾ ਸੀ। ਵੈਸੇ ਇਹ ਵੀ ਕਿਹਾ ਜਾਂਦਾ ਹੈ ਕਿ ਉੁਹ ਅਫਸਰ ਹੀ ਨਹੀ ਜੋ ਕੰਨਾ ਦਾ ਕੱਚਾ ਨਾ ਹੋਵੇ। ਉਹ ਅਫਸਰ ਇਸ ਵੇਲੇ ਦੁਨੀਆਂ ’ਚ ਨਹੀਂ ਰਿਹਾ। ਉਨ੍ਹੀਂ ਦਿਨੀਂ ਇਸ ਜ਼ਿਲ੍ਹੇ ਦੇ ਇਕ ਦਫਤਰ ’ਚ ਮਾਲਵੇ ਦੇ ਇਲਾਕੇ ਦੇ ਅਫਸਰ ਦੀ ਨਿਯੁਕਤੀ ਬਤੌਰ ਮੁੱਖ ਅਫਸਰ ਹੋ ਗਈ। ਕੁਦਰਤੀ ਇੱਥੇ ਇਕ ਐੱਮਐੱਲਏ ਓਸੇ ਵਿਭਾਗ ਦੇ ਮੰਤਰੀ ਬਣ ਗਏ, ਜਿਸ ਵਿਚ ਉਕਤ ਅਫ਼ਸਰ ਕੰਮ ਕਰਦਾ ਸੀ। ਮੁੱਖ ਅਫਸਰ ਹਰ ਸ਼ੁਕਰਵਾਰ ਆਪਣੇ ਪਿੰਡ ਚਲਿਆ ਜਾਂਦਾ ਸੀ ਅਤੇ ਉਕਤ ਅਫਸਰ ਨੂੰ ਮੰਤਰੀ ਦੀ ਹਾਜਰੀ ਭਰਨੀ ਪੈਂਦੀ ਸੀ। ਹਰ ਹਫਤੇ ਮੰਤਰੀ ਦੀ ਹਾਜ਼ਰੀ ਭਰਨ ਕਰ ਕੇ ਉਸ ਦੀ ਉਨ੍ਹਾਂ ਨਾਲ ਚੰਗੀ ਜਾਣ ਪਛਾਣ ਹੋ ਗਈ।
ਮੰਤਰੀ ਨਾਲ ਨੇੜਤਾ ਕ ਰਕੇ ਉਹ ਮੁੱਖ ਦਫਤਰ ਦੇ ਅਧਿਕਾਰੀਆਂ ਨੂੰ ਟਿੱਚ ਜਾਣਨ ਲੱਗਾ। ਲਿਹਾਜਾ ਮੁੱਖ ਦਫਤਰ ਦੇ ਅਧਿਕਾਰੀ ਉਸ ਲਾਲ ਖਾਰ ਖਾਣ ਲਗ ਪਏ। ਕੁਦਰਤੀ ਜਦੋਂ ਮੰਤਰੀ ਦਾ ਵਿਭਾਗ ਬਦਲ ਦਿੱਤਾ ਗਿਆ ਤਾਂ ਮੁੱਖ ਦਫਤਰ ਨੇ ਉਸ ਦੀ ਬਦਲੀ ਕਿਸੇ ਹੋਰ ਦਫਤਰ ਦੀ ਕਰ ਦਿੱਤੀ। ਅਫਸਰ ਦੀ ਪਤਨੀ ਬੀਮਾਰ ਰਹਿੰਦੀ ਸੀ ਅਤੇ ਉਸ ਦਾ ਇਲਾਜ ਇਸੇ ਜ਼ਿਲ੍ਹੇ ਦੇ ਇਕ ਡਾਕਟਰ ਤੋਂ ਚੱਲ ਰਿਹਾ ਸੀ। ਇਸ ਦੇ ਕਾਰਨ ਉਸ ਨੇ ਆਪਣੀ ਬਦਲੀ ਮੁੜ ਇਸ ਦਫਤਰ ਦੀ ਕਰਵਾ ਲਈ। ਪਤਾ ਨਹੀਂ ਕਿਵੇਂ ਅਫਸਰ ਦੀ ਪਤਨੀ ਆਪਣੇ ਪਤੀ ’ਤੇ ਸ਼ੱਕ ਕਰਨ ਲੱਗ ਪਈ ਕਿ ਉਸ ਦੀ ਨੇੜਤਾ ਦਫਤਰ ਦੀ ਇਕ ਕਰਮਚਾਰੀ ਨਾਲ ਹੈ। ਉਹ ਰੋਜ਼ਾਨਾ ਸ਼ਾਮ ਨੂੰ ਘਰ ਗਏ ਅਫਸਰ ਨੂੰ ਮਿਹਣੇ ਮਾਰ ਕੇ ਉਸ ਨਾਲ ਨੇੜਤਾ ਦਾ ਰਾਗ ਅਲਾਪਦੀ ਰਹਿੰਦੀ।
ਇਥੋਂ ਤੱਕ ਕਿ ਉਹ ਇਹ ਵੀ ਕਹਿੰਦੀ ਰਹੀ ਕਿ ਅੱਜ ਉਹ ਅਫਸਰ ਦੇ ਪੱਗ ਦੇ ਰੰਗ ਦਾ ਸੂਟ ਪਾ ਕੇ ਆਈ ਹੈ ਜਾਂ ਉਹ ਏਨੇ ਵਜੇ ਉਸ ਦੇ ਕਮਰੇ ’ਚ ਗਈ ਹੈ ਅਤੇ ਏਨੇ ਵਜੇ ਉਸ ਦੇ ਕਮਰੇ ਤੋਂ ਬਾਹਰ ਆਈ ਹੈ। ਉਸ ਦੀ ਪਤਨੀ ਇਹ ਸ਼ੱਕ ਵੀ ਕਰਦੀ ਰਹੀ ਕਿ ਅਫਸਰ ਦੀ ਸਰਕਾਰੀ ਜੀਪ ਉਸ ਨੂੰ ਬੱਸ ਅੱਡੇ ਤੋਂ ਸਵੇਰੇ ਲੈਣ ਜਾਂਦੀ ਹੈ ਅਤੇ ਸ਼ਾਮ ਨੂੰ ਬੱਸ ਅੱਡੇ ’ਤੇ ਛੱਡ ਕੇ ਵੀ ਆਉਂਦੀ ਹੈ। ਜਦ ਕਿ ਦਫਤਰ ਵਿਚ ਅਜਿਹਾ ਕੁਝ ਵੀ ਨਹੀਂ ਸੀ ਹੁੰਦਾ। ਦਫਤਰੀ ਕੰਮ ਦੇ ਸਿਲਸਿਲੇ ’ਚ ਤਾਂ ਅਕਸਰ ਕਰਮਚਾਰੀਆਂ ਦਾ ਅਫਸਰ ਦੇ ਦਫਤਰ ਵਿਚ ਆਉਂਣ ਜਾਣ ਬਣਿਆਂ ਰਹਿੰਦਾ ਹੈ। ਅਫਸਰ ਆਪਣੀ ਘਰ ਵਾਲੀ ਦੇ ਰੋਜ਼ ਦੇ ਮਿਹਣਿਆਂ ਤੋਂ ਬੜਾ ਤੰਗ ਸੀ। ਉਸ ਨੇ ਦਫਤਰ ਵਿਚ ਇਕ ਖੇਤਰੀ ਅਫਸਰ ਨਾਲ ਇਹ ਗੱਲ ਕੀਤੀ ਕਿ ਕੌਣ ਉਸ ਦੀ ਘਰਵਾਲੀ ਨੂੰ ਦਫਤਰ ਦੀਆਂ ਗੱਲਾਂ ਦੱਸਦਾ ਹੈ। ਖੇਤਰੀ ਅਫਸਰ ਨੇ ਪੀਏ ਦਾ ਨਾਂ ਲਗਾ ਦਿੱਤਾ।
ਕੰਨਾਂ ਦੇ ਕੱਚੇ ਅਫਸਰ ਨੇ ਉਸ ਦੀ ਇਹ ਗੱਲ ਮੰਨ ਲਈ ਅਤੇ ਪੀਏ ਦੇ ਦੋ ਦੋਸਤ ਕਰਮਚਾਰੀਆਂ ਨਾਲ ਇਹ ਗੱਲ ਕੀਤੀ। ਪੁੱਛਣ ’ਤੇ ਪੀਏ ਨੇ ਸਾਫ ਕਿਹਾ ਕਿ ਉਸ ਦੀ ਅਫਸਰ ਦੀ ਘਰਵਾਲੀ ਨਾਲ ਕਦੇ ਗੱਲ ਨਹੀਂ ਹੋਈ ਪਰ ਅਫਸਰ ਨਾ ਮੰਨਿਆਂ ਅਤੇ ਗਾਹੇ ਬਗਾਹੇ ਪੀਏੇ ਨੂੰ ਉਸ ਦੇ ਦੋਸਤਾਂ ਰਾਹੀਂ ਉਲਾਂਭੇ ਦਿੰਦਾ ਰਿਹਾ। ਇਕ ਵਾਰ ਤਾਂ ਹੱਦ ਹੀ ਹੋ ਗਈ। ਇਕ ਸ਼ਾਮ ਦੋਵੇਂ ਦੋਸਤ ਪੀਏ ਕੋਲ ਸ਼ਾਮ ਵੇਲੇ ਆਏ ਅਤੇ ਕਹਿਣ ਲੱਗੇ ਕਿ ਅਫਸਰ ਨੇ ਕਿਹਾ ਹੈ ਕਿ ਪੀਏ ਆਪਣੀ ਗ਼ਲਤੀ ਮੰਨ ਲਵੇ ਨਹੀਂ ਤਾਂ ਉਹ ਦਫਤਰ ਦੀ ਕਿਸੇ ਮਹਿਲਾ ਕਰਮਚਾਰੀ ਨੂੰ ਕਹਿ ਕੇ ਉਸ ’ਤੇ ਹਰਾਸਮੈਂਟ ਦਾ ਕੇਸ ਪੁਆ ਦਵੇਗਾ। ਪੀਏ ਨੇ ਆਪਣੇ ਦੋਸਤਾਂ ਨੂੰ ਬੜੀ ਸਫਾਈ ਦਿੱਤੀ ਕਿ ਉਹ ਅਜਿਹਾ ਨਹੀਂ ਕਰਦਾ ਐਂਵੇ ਉਸ ’ਤੇ ਸ਼ੱਕੀ ਨਾ ਕੀਤਾ ਜਾਵੇ। ਏਸੇ ਦੌਰਾਨ ਕੁਦਰਤੀ ਪੀਏ ਦੀ ਬਦਲੀ ਕਿਸੇ ਹੋਰ ਦਫਤਰ ਹੋ ਗਈ।
ਪੀਏ ਨੂੰ ਸ਼ੱਕ ਸੀ ਕਿ ਉਸ ਦੀ ਬਦਲੀ ਅਫਸਰ ਨੇ ਕਰਵਾਈ ਹੈ। ਪੀਏ ਦੇ ਇਸ ਦਫਤਰ ਤੋਂ ਜਾਣ ’ਤੇ ਵੀ ਅਫਸਰ ਦੀ ਘਰਵਾਲੀ ਨੇ ਅਫਸਰ ਨਾਲ ਲੜਾਈ ਨਾ ਛੱਡੀ। ਪੀਏ ਦੇ ਦੋਸਤਾਂ ਨੇ ਅਫਸਰ ਨੂੰ ਕਿਹਾ ਕਿ ਹੁਣ ਉਨ੍ਹਾਂ ਦੀ ਘਰਵਾਲੀ ਨੂੰ ਕੌਣ ਦਫਤਰ ਦੀਆਂ ਖ਼ਬਰਾਂ ਦਿੰਦਾ ਹੈ। ਉਹਨਾ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਇਹ ਉੁਸ ਖੇਤਰੀ ਅਫਸਰ ਦੀ ਸ਼ਰਾਰਤ ਹੋਵੇ ਕਿਉਂਕਿ ਉਹ ਉਹਨਾ ਦੇ ਬੇਟੇ ਨੂੰ ਕੰਪਿਊਟਰ ਸਿਖਾੳਂਣ ਜਾਂਦਾ ਹੈ। ਇਹ ਗੱਲ ਅਫਸਰ ਦੇ ਮਨ ’ਚ ਵੀ ਆਈ ਪਰ ਉਹ ਉਸ ਨੂੰ ਕਹਿ ਨਾ ਸਕਿਆ। ਕੁਦਰਤੀ ਅਫਸਰ ਦੀ ਵੀ ਤਰੱਕੀ ਹੋ ਗਈ ਅਤੇ ਉਸ ਦੀ ਬਦਲੀ ਮੁੱਖ ਦਫਤਰ ਚੰਡੀਗੜ੍ਹ ਹੋ ਗਈ। ਦਫਤਰ ’ਚ ਆਏ ਨਵੇਂ ਅਫਸਰ ਨੇ ਪੀਏ ਦੀ ਬਦਲੀ ਮੁੜ ਆਪਣੇ ਦਫਤਰ ਵਿਖੇ ਕਰਵਾ ਲਈ। ਉਕਤ ਤਰੱਕੀ ਹੋਏ ਅਫਸਰ ਦੀ ਲੜਕੀ ਦਾ ਵਿਆਹ ਆ ਗਿਆ। ਉਸ ਨੇ ਇਸ ਦਫਤਰ ਦੇ ਦੋ ਕਰਮਚਾਰੀਆਂ ਦੀ ਡਿਊਟੀ ਲਗਾ ਦਿੱਤੀ ਅਤੇ ਉਹਨਾ ਨੇ ਦਿੱਤੀ ਲਿਸਟ ਅਨੁਸਾਰ ਵਿਆਹ ਦੇ ਕਾਰਡ ਅਤੇ ਮਠਿਆਈ ਦੇ ਡੱਬੇ ਵੰਡ ਦਿੱਤੇ। ਇਸ ਲਿਸਟ ’ਚ ਪੀਏ ਅਤੇ ਉਸ ਖੇਤਰੀ ਅਫਸਰ ਦਾ ਨਾਂ ਨਹੀਂ ਸੀ, ਜਿਸ ਕਰਕੇ ਨਾ ਤਾਂ ਪੀਏ ਨੂੰ ਕਾਰਡ ਦਿੱਤਾ ਗਿਆ ਅਤੇ ਨਾ ਹੀ ਉਸ ਖੇਤਰੀ ਅਫਸਰ ਨੂੰ। ਵਿਆਹ ਚੰਡੀਗੜ੍ਹ ਦੇ ਕਿਸੇ ਪੈਲੇਸ ’ਚ ਸੀ। ਦਿੱਤੇ ਕਾਰਡਾਂ ਅਨੁਸਾਰ ਦਫਤਰ ਦਾ ਸਟਾਫ ਵਿਆਹ ਤੇ ਗਿਆ।
ਅਚਾਨਕ ਉਸ ਖੇਤਰੀ ਅਫਸਰ ਨੇ ਜਦੋਂ ਸ਼ਗਨ ਦਾ ਲਿਫਾਫਾ ਉਸ ਅਫਸਰ ਨੂੰ ਫੜਾਇਆ ਤਾਂ ਉਹ ਹੈਰਾਨ ਰਹਿ ਗਿਆ। ਅਫਸਰ ਨੇ ਆਪਣੇ ਉਸ ਕਰਮਚਾਰੀ ਤੋਂ ਪੁੱਛਿਆ ਜਿਸ ਨੂੰ ਵਿਆਹ ਦੇ ਕਾਰਡ ਵੰਡਣ ਲਈ ਕਿਹਾ ਸੀ ਕਿ ਲਿਸਟ ਵਿਚ ਇਸ ਦਾ ਨਾਂ ਤਾਂ ਨਹੀਂ ਸੀ ਫਿਰ ਇਹ ਵਿਆਹ ਕਿਵੇਂ ਆ ਗਿਆ। ਕਰਮਚਾਰੀ ਨੇ ਦੱਸਿਆ ਕਿ ਉਹਨਾ ਦੀ ਘਰਵਾਲੀ ਦਫਤਰ ਆਈ ਸੀ ਅਤੇ ਉਹ ਖੇਤਰੀ ਅਫਸਰ ਨੂੰ ਵਿਆਹ ਦਾ ਕਾਰਡ ਤੇ ਡੱਬਾ ਦੇ ਕੇ ਗਈ ਸੀ।
ਅਫਸਰ ਦੇ ਦਿਮਾਗ ਵਿਚ ਇਕਦਮ ਇਹ ਸੋਚ ਆ ਗਈ ਅਤੇ ਕਹਿਣ ਲੱਗਾ ‘ਓਹੋ ਅਸਲੀ ਚੁਗਲਖੋਰ ਤਾਂ ਇਹ ਖੇਤਰੀ ਅਫਸਰ ਸੀ, ਉਹ ਐਂਵੇਂ ਹੀ ਪੀਏ ’ਤੇ ਸ਼ੱਕ ਕਰਦਾ ਰਿਹਾ।’ ਉਕਤ ਵਿਆਹ ਦੀ ਘਟਨਾ ਤੋਂ ਬਾਅਦ ਮੁੱਖ ਅਫਸਰ ਨੇ ਮੁੜ ਆਪਣੀ ਬਦਲੀ ਇਸ ਦਫਤਰ ਵਿਖੇ ਕਰਵਾ ਲਈ ਸੀ। ਉਹ ਉੁਸ ਖੇਤਰੀ ਅਫ਼ਸਰ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ, ਪਰ ਉਸ ਨੂੰ ਅਚਾਨਕ ਬਿਮਾਰੀ ਨੇ ਘੇਰ ਲਿਆ ਅਤੇ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਉਸ ਦੀ ਪਤਨੀ ਪਹਿਲਾਂ ਤੋਂ ਹੀ ਬੀਮਾਰ ਸੀ ਅਤੇ ਕੁਝ ਸਾਲਾਂ ਵਿਚ ਉਹ ਵੀ ਚੜ੍ਹਾਈ ਕਰ ਗਈ। ਸਾਰੀ ੳਮਰ ਦੀ ਕਮਾਈ ਨਾਲ ਬਣਾਈ ਜਾਇਦਾਦ ਉਸ ਦਾ ਇਕਲੋਤਾ ਲੜਕਾ ਜੋ ਪਹਿਲਾਂ ਤੋਂ ਹੀ ਵਿਦੇਸ਼ ਵਿਚ ਰਹਿੰਦਾ ਸੀ, ਵੇਚ ਗਿਆ।
Share this content:


Post Comment