ਕੈਨੇਡਾ ਨੇ ਕੱਢੇ 60 ਫ਼ੀ ਸਦੀ ਪੰਜਾਬੀ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਹੈਰਾਨੀਜਨਕ ਅੰਕੜੇ ਆਏ ਸਾਹਮਣੇ
ਔਟਵਾ, 18 ਸਤੰਬਰ – ਕੈਨੇਡਾ ਵਿੱਚ ਇਮੀਗ੍ਰੇਸ਼ਨ ਉਲੰਘਣਾਵਾਂ ’ਤੇ ਵਧੀ ਹੋਈ ਕਾਰਵਾਈ ਦਾ ਸੱਭ ਤੋਂ ਵੱਧ ਪ੍ਰਭਾਵ ਪੰਜਾਬੀਆਂ ’ਤੇ ਪਿਆ ਹੈ। 31 ਜੁਲਾਈ, 2026 ਤਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ ਸੱਤ ਮਹੀਨਿਆਂ ਵਿਚ ਕੁੱਲ 12,491 ਲੋਕਾਂ ਨੂੰ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ। ਇਨ੍ਹਾਂ ਵਿਚੋਂ 3,717 ਭਾਰਤੀ ਨਾਗਰਿਕ ਹਨ, ਜੋ ਕਿ ਕੁੱਲ ਡਿਪੋਰਟੇਸ਼ਨ ਦਾ ਲਗਭਗ 29.8 ਫ਼ੀ ਸਦੀ ਹਨ। ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਦੇਸ਼ ਨਿਕਾਲਾ ਦਿਤੇ ਗਏ ਭਾਰਤੀਆਂ ਵਿਚੋਂ 60 ਪ੍ਰਤੀਸ਼ਤ ਇਕੱਲੇ ਪੰਜਾਬ ਤੋਂ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਹਨ ਜੋ ਅਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੋਰ ਵੀਜ਼ਾ ਪ੍ਰਾਪਤ ਕਰਨ ਵਿਚ ਅਸਮਰਥ ਸਨ। ਇਹ ਰੁਝਾਨ ਅਗੱਸਤ ਅਤੇ ਸਤੰਬਰ ਵਿੱਚ ਵੀ ਜਾਰੀ ਰਿਹਾ। ਇਹ ਖ਼ਦਸ਼ਾ ਹੈ ਕਿ ਦਸੰਬਰ 2026 ਤਕ ਇਹ ਅੰਕੜਾ 6,000 ਤੋਂ 8,000 ਤਕ ਪਹੁੰਚ ਜਾਵੇਗਾ।
ਅੰਕੜਿਆਂ ਮੁਤਾਬਕ ਸਾਲ 2024 ਵਿਚ 2,004, ਸਾਲ 2025 ਵਿਚ 3,779 ਅਤੇ ਸਾਲ 2026 (ਜਨਵਰੀ-ਜੁਲਾਈ) ਵਿਚ 3,717 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿਤਾ। ਜ਼ਿਕਰਯੋਗ ਹੈ ਕਿ ਸੀਬੀਐਸਏ ਨੇ ਸਾਲ 2025 ਵਿਚ ਕੁੱਲ 23,160 ਲੋਕਾਂ ਨੂੰ ਦੇਸ਼ ਨਿਕਾਲਾ ਦਿਤਾ ਸੀ, ਜੋ ਕਿ ਹੁਣ ਤਕ ਦਾ ਸੱਭ ਤੋਂ ਵੱਡਾ ਸਾਲਾਨਾ ਅੰਕੜਾ ਸੀ। ਏਜੰਸੀ ਅਨੁਸਾਰ ਇਸ ਸਮੇਂ ਹਰ ਹਫ਼ਤੇ ਲਗਭਗ 400 ਅਯੋਗ ਵਿਅਕਤੀਆਂ ਨੂੰ ਦੇਸ਼ ਵਿਚੋਂ ਬਾਹਰ ਕਢਿਆ ਜਾ ਰਿਹਾ ਹੈ। ਸੀਬੀਐਸਏ ਦੀ ਰਿਪੋਰਟ ਅਨੁਸਾਰ ਦੇਸ਼ ਨਿਕਾਲੇ ਦੇ ਮੁੱਖ ਕਾਰਨਾਂ ਵਿੱਚ ਨਿਯਮਾਂ ਦੀ ਉਲੰਘਣਾ, ਅਪਰਾਧਿਕ ਗਤੀਵਿਧੀਆਂ ਅਤੇ ਗ਼ਲਤ ਜਾਣਕਾਰੀ ਜਾਂ ਧੋਖਾਧੜੀ ਸ਼ਾਮਲ ਹਨ। ਸੀਬੀਐਸਏ ਮੁਤਾਬਕ 12,491 ਹਟਾਏ ਗਏ ਲੋਕਾਂ ਵਿਚੋਂ ਸੱਭ ਤੋਂ ਵੱਡਾ ਅਨੁਪਾਤ (10,050) ਸ਼ਰਨਾਰਥੀ ਦਾਅਵਿਆਂ ਨਾਲ ਸਬੰਧਤ ਗ਼ੈਰ-ਪਾਲਣਾ ਮਾਮਲਿਆਂ ਦਾ ਹੈ । ਇਸ ਤੋਂ ਇਲਾਵਾ ਜਿਹੜੇ 44,781 ਮਾਮਲਿਆਂ ਵਿਚ ਕੱਢਣ ਦੀ ਪ੍ਰਕਿਕਿਆ ਚੱਲ ਰਹੀ ਹੈ ਉਨ੍ਹਾਂ ਵਿਚ ਵੀ 8,817 ਭਾਰਤੀ ਨਾਗਰਿਕ ਸ਼ਾਮਲ ਹਨ ਜੋ ਕੁੱਲ ਲੰਬਿਤ ਮਾਮਲਿਆਂ ਦਾ 19.7% ਹਨ। ਇਸ ਤੋਂ ਇਲਾਵਾ ਗ਼ੈਰ-ਦਾਅਵੇਦਾਰ ਗ਼ੈਰ-ਪਾਲਣਾ ਦੇ 1,544 ਮਾਮਲੇ, ਅਪਰਾਧਿਕਤਾ ਦੇ 746,ਅਤੇ ਗ਼ਲਤ ਜਾਣਕਾਰੀ ਦੇ 67 ਮਾਮਲੇ ਦਰਜ ਕੀਤੇ ਗਏ।
ਕੈਨੇਡੀਅਨ ਸਰਕਾਰ ਇਮੀਗ੍ਰੇਸ਼ਨ ਦਸਤਾਵੇਜ਼ਾਂ ’ਤੇ ਗ਼ਲਤ ਜਾਣਕਾਰੀ ਪ੍ਰਦਾਨ ਕਰਨ ਲਈ ਪੰਜ ਸਾਲ ਤਕ ਦੀ ਪ੍ਰਵੇਸ਼ ਪਾਬੰਦੀ ਲਗਾ ਸਕਦੀ ਹੈ। 3 ਸਤੰਬਰ, 2026 ਤਕ ਸੀਬੀਐਸਏ ਨੇ ਜਬਰਨ ਵਸੂਲੀ ਨਾਲ ਜੁੜੇ ਮਾਮਲਿਆਂ ਲਈ 188 ਹਟਾਉਣ ਦੇ ਆਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਵਿਚੋਂ 111 ਵਿਅਕਤੀਆਂ ਨੂੰ ਹਟਾ ਦਿਤਾ ਗਿਆ ਹੈ। ਏਜੰਸੀ ਗੰਭੀਰ ਅਤੇ ਸੰਗਠਿਤ ਅਪਰਾਧ ਵਿਚ ਸ਼ਾਮਲ ਵਿਅਕਤੀਆਂ ਨੂੰ ਹਟਾਉਣ ਨੂੰ ਤਰਜੀਹ ਦੇ ਰਹੀ ਹੈ। 12,491 ਮਾਮਲਿਆਂ ਵਿਚੋਂ 7,333 ਡਿਪੋਰਟੇਸ਼ਨ ਆਰਡਰ 2,618 ਡਿਪਾਰਚਰ ਆਰਡਰ ਅਤੇ 2,540 ਐਕਸਕਲੂਜ਼ਨ ਆਰਡਰ ਨਾਲ ਸਬੰਧਤ ਹਨ। ਭਾਰਤ ਤੋਂ ਬਾਅਦ ਮੈਕਸੀਕੋ ਦੇ 1,936 ਅਤੇ ਅਮਰੀਕਾ ਦੇ 510 ਨਾਗਰਿਕਾਂ ਨੂੰ ਬਾਹਰ ਕਢਿਆ ਗਿਆ।
Share this content:



Post Comment