(ਕੈਨੇਡਾ ਦੀ ਪਲੇਠੀ ਫੇਰੀ-2)/ “ਮੇਪਲ ਦੇ ਮੁਲਕ ‘ਚ ਗਰਮੀਆਂ ਦੀ ਰੁੱਤੇ”/ਪ੍ਰੋ. ਜਸਵੰਤ ਸਿੰਘ ਗੰਡਮ

ਬੇਸ਼ਕ ਕੈਨੇਡਾ ਵਿਚ ਐਸ ਵੇਲੇ ਪਤਝੜ ਦੀ ਬਹਾਰ ਹੈ ਅਤੇ ਵਣ-ਤ੍ਰਿਣ,ਬਿਰਖ-ਬੂਟੇ,ਵਿਸ਼ੇਸ਼ ਕਰ ਮੇਪਲ ਦਾ ਰੁੱਖ, ਸੱਤਰੰਗੀ ਪੀਂਘ ਦੇ ਰੰਗਾਂ ਵਾਂਗ ਵੰਨ-ਸੁਵੰਨੇ ਰੰਗ ਬਖੇਰ ਰਹੇ ਹਨ ਅਤੇ ਸੈਲਾਨੀਆਂ ਨੂੰ ਆਕਰਸ਼ਤ ਕਰ ਰਹੇ ਹਨ,ਪਰ ਅਸੀਂ ਇਥੇ ਕੈਨੇਡਾ ‘ਚ ਗਰਮੀਆਂ ਦੀ ਰੁੱਤ ਦਾ ਜ਼ਿਕਰ ਕਰਾਂਗੇ,ਕਿਉਕਿ ਅਸੀਂ ਭਰ ਗਰਮੀਆਂ,ਭਾਵ ਜੁਲਾਈ ਮਹੀਨੇ ਦੌਰਾਨ ਕੈਨੇਡਾ ਵਿਚ ਰਹਿ ਕੇ ਪਰਤੇ ਹਾਂ।
ਗਰਮੀਆਂ ਦੀ ਰੁੱਤ ਓਥੇ ਖੇੜੇ,ਖਿੜਨ,ਖੇਲਣ ਅਤੇ ਖੁਲ਼ਣ ਦੀ ਰੁੱਤ ਹੈ!ਬਾਹਰ,ਆਸਮਾਨ ਥੱਲੇ,ਖੁਲੀ ਹਵਾ ਵਿਚ (ਆਊਡ-ਡੋਰ) ਮਸਤਖੋਰੀਆਂ, ਮਨ-ਪਰਚਾਵਾ, ਹਾਸਾ-ਠੱਠਾ (ਫੱਨ) ਕਰਨ, ਤਿਉਹਾਰਾਂ, ਗਾਉਣ-ਵਜਾਉਣ ਅਤੇ ਜ਼ਿੰਦਗੀ ਦੇ ਜਸ਼ਨ ਮਨਾਉਣ ਦੀ ਰੁੱਤ ਹੈ। ਇਸ ਰੁੱਤੇ ‘ਮੇਪਲ ਦੇ ਮੁਲਕ’ ਵਿੱਚ ਖੁਲੀਆਂ ਥਾਵਾਂ, ਸੈਲ਼ਾਨੀ ਸਥਲਾਂ, ਪਾਰਕਾਂ,ਝੀਲਾਂ, ਦਰਿਆਵਾਂ, ਦਿਹਾਤੀ ਖੇਤਰਾਂ (ਕੰਟਰੀਸਾਈਡ), ਤਾਰਿਆਂ ਦੀ ਛਾਂ ਹੇਠਾਂ ਕੈਂਪਾਂ, ਰੈਸਟੋਰੈਂਟਾਂ ਵਿੱਚ ਖੂਬ ਰੌਣਕਾਂ ਲਗਦੀਆਂ ਹਨ। ਵੀਕ-ਐਂਡ ‘ਚ ਝੀਲਾਂ ਕਿਨਾਰੇ ਕੈਬਿਨਾਂ ‘ਚ ਰਹਿਣ, ਸਾਈਕਲਿੰਗ,ਬਾਈਕਿੰਗ,ਕਿੰਨੋਇੰਗ,ਬੋਟਿੰਗ,ਫਿਸ਼ਿੰਗ ਅਤੇ ਹੋਰ ਖੇਡਾਂ ਦਾ ਦੌਰ ਦੌਰਾ ਹੁੰਦੈ।
ਕੈਨੇਡਾ ਦੇ ਮਸ਼ਹੂਰ ਗੀਤਕਾਰ ਅਤੇ ਗਾਇਕ ਡੀਨ ਬਰੋਡੀ ਦਾ ਬੜਾ ਪ੍ਰਚੱਲਿਤ ਗੀਤ ‘ਕੈਨੇਡੀਆਨ ਸਮਰ’ ਇਸ ਰੁੱਤ ਦੀ ਤਰਜਮਾਨੀ ਕਰਦੈ।ਇਸ ਵਿਚ ਗਰਮ ਰੁੱਤ ਦੇ ਰੁਮਾਂਸ,ਬੇਪਰਵਾਹੀ,ਆਜ਼ਾਦੀ,ਜਵਾਨ ਪਿਆਰ,ਕੁਦਰਤ ਦੇ ਹੁਸਨ,ਖਾਸ ਕਰਕੇ ਮਸਕੋਕਾ ਖੇਤਰ(ਕੇਂਦਰੀ ਓਨਟਾਰੀਉ) ਦੇ ਚੀੜ੍ਹ ਦੇ ਬਿਰਖਾਂ,ਅਵਾਰਾ ਲੱਕੜ ਨਾਲ ਅੱਗ ਬਾਲ ਕੇ ਰਾਤਾਂ ਨੂੰ ‘ਕੈਂਪਫਾਇਰ’ ਮਾਨਣ,ਪੁਰਾਣਾ ਟਰੱਕ ਚਲਾਉਣ,ਪਿਆਰੀ ‘ਬੇਬ’ ਦੇ ਇਸ਼ਕ ‘ਚ ਚਾਣਚੱਕ ਜਕੜੇ ਜਾਣ ਵਰਗੀਆਂ ਉਦਰੇਵੇਂ ਭਰੀਆਂ ਯਾਦਾਂ ਦੀ ਤਸਵੀਰਕਸ਼ੀ ਕੀਤੀ ਗਈ ਹੈ ਅਤੇ ਜਸ਼ਨ ਵੀ ਮਨਾਇਆ ਗਿਐ।

ਕੁਝ ਸਤਰਾਂ ਦੇਖੋ-
”ਕੈਨੇਡਾ ਦੀ ਗਰਮ ਰੁੱਤੇ/ਦੋਸਤ ਬਨਾਉਣ,ਕਨਸਤਰ ਫੇਹਣ,ਹੱਥਾਂ ‘ਚ ਹੱਥ ਫੜਨ,ਮਸਕੋਕਾ ਦੇ ਉਹਨਾਂ ਚੀੜ੍ਹ ਦੇ ਬਿਰਖਾਂ ‘ਚ ਜਦ ਮੈਂ ਤੇਰੇ ਇਸ਼ਕ ‘ਚ ਚਾਣਚੱਕ ਜਕੜਿਆ ਗਿਆ, ਬੇਬ/ਤੇ ਉਹ ਸਾਰਾ ਤਲਿਸਮ ਜੋ ਆਪਾਂ ਰਚਿਆ/(ਉਸ) ਕੈਨੇਡੀਅਨ ਗਰਮ ਰੁੱਤੇ…”(ਕੈਨੇਡੀਅਨ ਸਮਰ/ਮੇਕਿੰਨ’ ਫ੍ਰੈਂਡਜ਼,ਕਰੱਸ਼ਿਨ’ ਕੈਨਜ਼, ਹੋਲਡਿੰਨ’ ਹੈਂਡਜ਼/ਇਨ ਦੋਜ਼ ਮਸਕੋਕਾ ਪਾਈਨਜ਼/ਵੈਨ ਆਈ,ਸਟੰਬਲਡ ਇਨ ਲਵ ਵਿਦ ਯੂ,ਬੇਬ,/ਆਲ ਦਿ ਮੈਜਿਕ ਵੀ ਮੇਡ/ ਦੈਟ ਕੈਨੇਡੀਅਨ ਸਮਰ…)।
ਜੂਨ ਤੋਂ ਅਗਸਤ ਤੀਕ ਰਹਿਣ ਵਾਲੀ ਇਸ ਗਰਮ ਰੁੱਤ ਸਬੰਧੀ ਗੀਤ ਤਾਂ ਦਰਜਨਾਂ ਹਨ ਪਰ ਉਹਨਾਂ ਸਾਰਿਆਂ ਦੇ ਹਵਾਲੇ ਇਥੇ ਦਿਤੇ ਨਹੀਂ ਜਾ ਸਕਦੇ।
ਕੈਨੇਡਾ ਦੀ ਇਹ ਗਰਮ ਰੁੱਤ ਬਹਾਰ ਤੋਂ ਬਾਅਦ ਅਤੇ ਪਤਝੜ ਤੋਂ ਪਹਿਲਾਂ ਆਉਂਦੀ ਹੈ।ਬਹਾਰ ਇਸ ਦੀ ਅਗਰਦੂਤ ਹੈ।ਬਹਾਰ ਆਪਣਾ ਬਿਸਤਰ ਬੰਨ੍ਹ ਰਹੀ ਹੁੰਦੀ ਹੈ ਕਿ ਗਰਮ ਰੁੱਤ ਦਸਤਕ ਦੇ ਦਿੰਦੀ ਹੈ।ਗਰਮ ਰੁੱਤ ਅਗੋਂ ਪਤਝੜ ਦੀ ਅਗਰਦੂਤ ਹੈ।ਅਸੀਂ ਆਪਣੀ ਪਲੇਠੀ ਫੇਰੀ ਦੌਰਾਨ ਕੈਨੇਡਾ ਦੀ ਗਰਮ ਰੁੱਤ ਤਾਂ ਜੁਲਾਈ-ਅਗਸਤ ‘ਚ ਰੱਜ ਕੇ ਮਾਣੀ ਪਰ ਪਤਝੜ ਅਰੰਭ ਹੋਣ ਤੋਂ ਪਹਿਲਾਂ ਵਤਨ ਪਰਤ ਆਏ।ਪੜ੍ਹਿਆ-ਸੁਣਿਐਂ ਕਿ ਕੈਨੇਡਾ ਦੀ ਪਤਝੜ ਵੀ ਬੜੀ ਸੁਹਾਵਣੀ ਅਤੇ ਰੰਗਦਾਰ ਹੁੰਦੀ ਹੈ।

ਗਰਮ ਰੁੱਤ ਇਸ ਲਈ ਵੀ ਵਧੇਰੇ ਸੁਹਾਵਣੀ ਲਗਦੀ ਐ ਕਿਉਂਕਿ ਕੁਝ ਕੁ ਸਮੇਂ ਬਾਅਦ ਕੜਾਕੇ ਦੀ ਸਰਦੀ,ਹੱਡ-ਚੀਰਵੀਆਂ ਠੰਡੀਆਂ ਹਵਾਵਾਂ ਅਤੇ ਭਾਰੀ ਬਰਫਬਾਰੀ ਵਾਲੀ ਸਿਆਲੂ ਰੁੱਤ ਆਉਣੀ ਹੁੰਦੀ ਐ,ਜਦੋਂ ਠੰਡ ਹੱਡਾਂ ਵਿੱਚ ਵੜ ਜਾਂਦੀ ਐ।
ਕੈਨੇਡਾ ਬਹੁਤ ਵਿਸ਼ਾਲ ਮੁਲਕ ਹੈ ਅਤੇ ਇਸ ਦੇ 10 ਪ੍ਰਾਂਤਾਂ ਅਤੇ 3 ਟੈਰੀਟਰੀਆਂ ਵਿਚ ਗਰਮ ਰੁੱਤ ਦੀ ਗਰਮੀ ਦੇ ਤਾਪਮਾਨ ਵਿਚ ਫਰਕ ਹੁੰਦੈ।ਕਈ ਥਾਂ ਵਧੇਰੇ ਤੇ ਕਈ ਥਾਂ ਜ਼ਰਾ ਘਟ।ਪਰ ਇਹ ਗਰਮੀ ਸਾਡੀ ਗਰਮੀ ਵਰਗੀ ਨਹੀਂ ਹੁੰਦੀ,ਭਾਵ 45-48 ਡਿਗਰੀ ਸੈਲਸੀਯਸ ਵਾਲੀ ਨਹੀਂ ਹੁੰਦੀ।ਹਾਂ ਕਦੀ ਕਦੀ ਇਹ ਤਾਪਮਾਨ 30-35 ਡਿਗਰੀ ਸੈਲਸੀਯਸ ਤੀਕ ਅੱਪੜ ਜਾਂਦੈ(ਕਿਸੇ ਵੇਲੇ ਵਧ ਵੀ ਜਾਂਦੈ)।ਉਸ ਸਮੇਂ ਓਧਰ ਲੋਕ ਹਾਏ-ਤੋਬਾ ਕਰਨ ਲਗ ਪੈਂਦੇ ਹਨ।ਗੋਰੇ ਤਾਂ ਸ਼ਾਬਦਿਕ ਤੌਰ ਤੇ ਕੱਪੜਿਆਂ ਤੋਂ ਬਾਹਰ ਆ ਜਾਂਦੇ ਹਨ।ਸਾਡੇ ਲੋਕ ਵੀ ਹਲਕੇ-ਫੁਲਕੇ ਪਹਿਰਾਵੇ ਪਹਿਨਣ ਲਗ ਪੈਂਦੇ ਹਨ।ਜਦ ਹੁੰਮਸ ਹੋਵੇ ਤਾਂ ਤਪਸ਼ ਹੋਰ ਵੀ ਤਿੱਖੀ ਤੇ ਚੁੱਭਵੀਂ ਹੋ ਜਾਂਦੀ ਹੈ।ਸਪੇਸ ਸਾਫ ਹੋਣ ਕਾਰਨ ਅਤੇ ਗਰਦੋ-ਗੁਬਾਰ ਦੀ ਪ੍ਰਦੂਸ਼ਨ ਨਾਂ ਹੋਣ ਕਾਰਨ ਸੂਰਜ ਦੀਆਂ ਕਿਰਨਾਂ ਬੜੀਆਂ ਲੂਸਵੀਆਂ ਹੁੰਦੀਆਂ ਹਨ।ਪਰ ਇਹ ਤਾਪਮਾਨ ਜਲਦੀ ਹੇਠਾਂ ਆ ਜਾਂਦੈ।ਜਾਂ ਬਾਰਸ਼ ਹੋ ਜਾਂਦੀ ਹੈ ਤੇ ਜਾਂ ਬੱਦਲਵਾਈ।ਕਈ ਵਾਰ ਤਾਂ ਭਰ ਗਰਮੀ,ਭਾਵ ਜੁਲਾਈ ਵਿਚ ਵੀ ਤਾਪਮਾਨ 10 ਡਿਗਰੀ ਸੈਲਸੀਯਸ ਤਕ ਹੈਠਾਂ ਆ ਜਾਂਦੈ ਜੋ ਸਾਡੇ ਵਰਗਿਆਂ ਲਈ ਠੰਡ ਵਰਗਾ ਈ ਹੁੰਦੈ।
ਗਰਮੀਆਂ ਵਿਚ ਕੈਨੇਡਾ ‘ਚ ਫੁੱਲ-ਬੂਟੇ ਬਹੁਤ ਖਿੜਦੇ-ਮੌਲਦੇ ਹਨ। ਮਿੱਟੀ-ਘੱਟਾ ਨਾਂ ਹੋਣ ਕਾਰਨ ਫੁੱਲਾਂ ਦੇ ਖਿੜਾਅ ‘ਚ ਬੜਾ ਉਠਾਅ ਹੁੰਦੈ। ਸਾਫ-ਸੁਥਰੇ ਵਾਤਾਵਰਨ ਕਾਰਨ ਅਤੇ ਸਾਡੇ ਇਧਰ ਦੇ ਮੁਕਾਬਲੇ ਘਟ ਗਰਮੀ ਹੋਣ ਕਾਰਨ ਫੁੱਲ-ਪੱਤੀਆਂ ਲੂਸਦੀਆ ਨਹੀਂ,ਜਿਸ ਕਾਰਨ ਫੁਲਾਂ ਦੇ ਚਿਹਰਿਆਂ ਤੇ ਬੜੀਆਂ ਰੌਣਕਾਂ ਹੁੰਦੀਆਂ ਹਨ।ਕੁਦਰਤੀ ਤੌਰ ਤੇ ਉੱਗੇ,ਘਰਾਂ ਬਾਹਰ ਆਪ ਲਗਾਏ ਗਏ,ਬਗੀਚਿਆਂ,ਸਬਜ਼ਾਜ਼ਾਰ ਬੇਲਿਆਂ ਅਤੇ ਸੜਕਾਂ ਕਿਨਾਰੇ ਲਗਾਏ ਗਏ ਵੰਨ-ਸੁਵੰਨੇ ਫੁੱਲਾਂ ਦੀ ਮਹਿਕ ਅਤੇ ਖਿੜਾਅ ਦੇਖਣ-ਸੁੰਘਣ ਯੋਗ ਹੁੰਦੈ।ਐਂ ਲਗਦੈ ਜਿਵੇਂ ਕੈਨੇਡਾ ਦਾ ਆਲਾ-ਦੁਆਲਾ ਕਿਸੇ ਸੱਜ-ਵਿਆਹੀ ਦੁਲਹਨ ਵਾਂਗ ਸੱਜ ਗਿਆ ਹੋਵੇ! ਬ੍ਰੈਂਪਟਨ ਦੀ ਤਾਂ ਟੈਗਲਾਈਨ ਹੀ ‘ਫੁੱਲਾਂ ਦਾ ਸ਼ਹਿਰ’ ਹੈ(ਕੈਲਗਿਰੀ ਦੇ ਪਹਾੜੀ ਇਲਾਕਿਆਂ ਵਿਚ ਜੰਗਲੀ ਗੁਲਾਬ ਬਹੁਤ ਖਿੜਦੇ ਹਨ)।

ਹੋਰ ਤਾਂ ਹੋਰ,ਕੈਨੇਡਾ ‘ਚ ਜੰਗਲੀ ਫੁੱਲਾਂ ਦੀ ਦਿੱਖ ਵੀ ਬੜੀ ਆਕਰਸ਼ਕ ਹੁੰਦੀ ਹੈ।ਜੰਗਲੀ ਇਲਾਕੇ ਅਤੇ ਕੰਟਰੀਸਾਈਡ ਦੀਆਂ ਵਿੰਗਵਲਾਂਵੇਂ ਵਾਲੀਆਂ ਅਤੇ ਲਹਿਰਦਾਰ ਸੜਕਾਂ/ਰਾਹਾਂ ਦੁਆਲੇ ਫੁੱਲ ਹੀ ਫੁੱਲ ਦੇਖਣ ਨੂੰ ਮਿਲਦੇ ਹਨ।
ਫੁੱਲ ਤਾਂ ਅਨੇਕ ਪ੍ਰਕਾਰ ਦੇ ਖਿੜਦੇ ਹਨ ਪਰ ਸਾਨੂੰ ਚਿੱਟੇ ਰੰਗ ਦੇ ‘ਹਾਈਡਰੇਂਜੀਆ’ ਦੇ ਗੁੱਛਿਆਂ ਨੇ ਬੜਾ ਮੋਹਿਆ।ਇਹ ਫੁੱਲ ਬੇਸ਼ਕ ਗੁਲਾਬੀ ਅਤੇ ਨੀਲੇ ਰੰਗਾਂ ਵਿਚ ਵੀ ਹੁੰਦੈ ਪਰ ਓਨਟਾਰੀਉ ਪ੍ਰਾਂਤ ਦੇ ਜਿਹਨਾਂ ਸ਼ਹਿਰਾਂ-ਟੌਰਾਂਟੋ,ਬ੍ਰੈਂਪਟਨ,ਮਿਸੀਸਾਗਾ,ਕਿਚਨਰ,ਨਾਇਆਗਰਾ ਫਾਲਜ਼,ਓਕਵਿਲ,ਬੈੱਲਫਾਂਊਂਟੇਨ,ਵਾਟਰਲੂ ਅਤੇ ਐੇਲਬਰਟਾ ਪ੍ਰਾਂਤ ਦੇ ਕੈਲਗਰੀ ਵਿੱਚ ਅਸੀਂ ਘੁੰਮੇ-ਫਿਰੇ ਉਹਨਾਂ ਵਿੱਚ ਇਸ ਦੇ ਚਿੱਟੇ ਰੰਗ ਦੀ ਸਰਬ-ਵਿਆਪੀ ਮੌਜੂਦਗੀ ਦੇਖੀ। ਓਕਵਿਲ ‘ਚ ਡਾਕਟਰ ਗੁਰਸ਼ਰਨ ਸਿੰਘ ਦੇ ਘਰ ਦੇ ਬਾਹਰ ਲਗੇ ਇਸ ਗੁੱਛੇਦਾਰ ਫੁੱਲ ਦੇ ਪੌਦੇ ਦੀ ਅਸੀਂ ਫੋਟੋ ਵੀ ਖਿਚੀ।
ਇਸ ਦੇ ਨਾਲ ਹੀ ਪੀਲੇ ਰੰਗ ਦੇ ‘ਬਲੈਕ-ਆਈਡ ਸੂਸਨ’ ਅਤੇ ਬਹੁ-ਰੰਗੇ ਲਿੱਲੀਆਂ ਦੇ ਫੁੱਲਾਂ ਸਮੇਤ ਅਨੇਕਾਂ ਹੋਰ ਫੁੱਲਾਂ ਦੇ ਖਿੜੇ ਹੋਏ ਚਿਹਰੇ ਨਿਹਾਰ ਕੇ ਅਸੀਂ ਗਦ ਗਦ ਹੋ ਗਏ।
ਗਰਮੀਆ ਵਿੱਚ ਸੂਰਜ ਰਾਤ ਨੂੰ 9 ਵਜੇ ਦੇ ਕਰੀਬ ਛਿਪਦਾ ਹੈ।ਭਾਵ ਦਿਨ ਵਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ।ਇਧਰੋਂ ਪਹਿਲੀ ਵਾਰ ਗਏ ਬੰਦੇ ਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਓਧਰ ਸੂਰਜ ਐਨਾ ਲੇਟ ਛਿਪਦੈ।ਕਹਿੰਦੇ ਹਨ ਕੈਨੇਡਾ ਦੇ ਕੁਝ ਇਲਾਕਿਆਂ ਵਿਚ ਤਾਂ ਗਰਮੀਆਂ ਨੂੰ ਸੂਰਜ ਇਸ ਤੋਂ ਵੀ ਲੇਟ ਛਿਪਦੈ।ਵਿੱਕੀਪੀਡਿਆ ਅਨੁਸਾਰ ‘ਆਰਕਟਿਕ ਸਰਕਲ’ ਦੇ ਖੇਤਰਾਂ-ਯੂੁਕੋਨ,ਨੌਰਥਵੈਸਟ ਟੈਰਿਟੈਰੀਜ਼,ਨੂਨਾਵੁੂਟ ਆਦਿ ਵਿਚ ਤਾਂ ਗਰਮੀਆਂ ਨੂੰ ਕਦੀ ਕਦੀ 24 ਘੰਟੇ ਹੀ ਸੂਰਜ ਚਮਕਦਾ ਰਹਿੰਦੈ ਜਾਣੀ ਰਾਤ ਨੂੰ ਵੀ ਦਿਨ ਹੀ ਹੁੰਦੈ!

ਗਰਮ ਰੁੱਤ ਵਿਚ ਮੱਕੀ ਅਤੇ ਰੌਂਗੀ ਦੀ ਫਸਲ ਪੁੰਗਰਨ ਲਗ ਪੈਂਦੀ ਹੈ ਜਦ ਕਿ ਕਣਕ ਦੀ ਫਸਲ ਪੱਕਣ।ਜੁਲਾਈ ਦੇ ਮਹੀਨੇ ਅਸੀਂ ਆਪਣੇ ਬੇਟੇ ਸਿਮਰਨ ਨਾਲ ਬ੍ਰੈਂਪਟਨ ਦੇ ਦਿਹਾਤੀ ਇਲਾਕਿਆਂ ‘ਚ ਫਾਰਮਲੈਂਡਜ਼ ਦੇਖਣ ਗਏ।ਵਡੇ ਫਾਰਮਾਂ ਤੇ ਪਹਿਲੀਆਂ ਦੋ ਫਸਲਾਂ ਪੁੰਗਰਦੀਆਂ ਅਤੇ ਪੱਕੀ ਕਣਕ ਨਾਲ ਨਾਲ ਦੇਖੀਆਂ! ਜੁਲਾਈ ਦੇ ਅਖੀਰ ਵਿਚ ਆਪਣੇ ਦੂਸਰੇ ਗੇੜੇ ਵੇਲੇ ਮੱਕੀ ਨਿਸਰਦੀ ਤੇ ਕਣਕ ਦੀ ਵਾਢੀ ਪੈਣ ਵਾਲੀ ਵੀ ਤਕੀ।ਰੌਂਗੀ(ਲੋਬੀਆ) ਦੀ ਫਸਲ ਬਹੁਤ ਦੇਖੀ।ਪਹਿਲਾਂ ਤਾਂ ਅਸੀਂ ਪਹਿਚਾਣ ਨਾਂ ਸਕੇ ਪਰ ‘ਕਿਚਨਰ’ ਵਿੱਚ ਰਹਿੰਦੇ ਆਪਣੇ ਮਾਮਾਜੀ ਸ.ਦੀਦਾਰ ਸਿੰਘ ਗੋਰਾਇਆ,ਜੋ ਕੈਨੇਡਾ ਵਿਚ 20 ਸਾਲ ਤੋਂ ਰਹਿ ਰਹੇ ਹਨ,ਤੋਂ ਇਸ ਵਾਰੇ ਵਿਸਥਾਰ ਨਾਲ ਪਤਾ ਲਗਾ।ਮਾਮੀ ਜੀ ਜੋਗਿੰਦਰ ਕੌਰ ਗੋਰਾਇਆ ਨੇ ਵੀ ਬੜਾ ਕੁਝ ਦਸਿਆ।ਉਹਨਾਂ ਦੀ ਬੇਟੀ ਬੇਬੀ ਕੋਲੋਂ ਬਹੁਮੁਲੀ ਜਾਣਕਾਰੀ ਮਿਲੀ।
ਹੋਰ ਤਾਂ ਹੋਰ,ਖੇਤਾਂ ਦੇ ਐੇਨ ਵਿਚਕਾਰ ਦਰਖਤਾਂ ਦੇ ਝੁੰਡ/ਝਿੜੀਆਂ ਵੀ ਦੇਖੇ ਜਿਹਨਾਂ ਨੂੰ ‘ਉੱਪ-ਵਨ’ ਕਿਹਾ ਜਾਂਦੇ।ਜਾਣੀ ਇਕ ਥਾਂ ਹੀ ਦੋ ਦੋ ਫਸਲਾਂ ਅਤੇ ਖੇਤਾਂ ਵਿਚਾਲੇ ਬਿਰਖਾਂ ਦੀ ਭਰਮਾਰ!ਮਜਾਲ ਐ ਕਿ ਕਿਸੇ ਦਰਖਤ ਦੀ ਟਾਹਣੀ ਨੂੰ ਵੀ ਕੋਈ ਛੇੜ ਸਕੇ।ਵਾਤਾਵਰਨ,ਹਰਿਆਵਲ,ਰੁੱਖਾਂ ਦੀ ਸਾਂਭ-ਸੰਭਾਲ,ਬਸ ਬਾ-ਕਮਾਲ! ਜੰਗਲਾਂ ਦੀ ਵੀ ਭਰਮਾਰ।ਸੈਂਕੜੇ ਏਕੜ ਦੇ ਇਲਾਕੇ ਸਰੰਖਿਅਣ(ਕਨਜ਼ਰਵੇਸ਼ਨ) ਖੇਤਰ ਐਲਾਨੇ ਗਏ ਹਨ ਤਾਂ ਕਿ ਕਾਦਰ ਦੀ ਕੁਦਰਤ ਨਾਲ ਕੋਈ ਛੇੜ-ਛਾੜ ਨਾਂ ਕਰ ਸਕੇ,ਖਿਲਵਾੜ ਤਾਂ ਭਲਾ ਕਿਸ ਮਾਈ ਦੇ ਲਾਲ ਨੇ ਕਰਨੀ ਐਂ।ਅਨੇਕਾਂ ਫਾਰਮ ਪੰਜਾਬੀਆਂ ਦੇ ਹਨ।ਉਹ ਵੀ ਸਭ ਕਾਇਦੇ-ਕਾਨੂੰਨ ਮੰਨਦੇ ਹਨ।ਸਾਡੇ ਇਧਰ ਵਾਂਗ ਨਹੀਂ ਕਿ ਖੇਤਾਂ ਦੇ ਵਿਚਾਲੇ ਤਾਂ ਕੀ,ਵੱਟਾਂ-ਬੰਨਿਆਂ ਤੇ ਖੂਹਾਂ ਉਪਰ ਲਗੇ ਰੁੱਖ ਵੀ ਆਰਿਆਂ-ਕੁਹਾੜਿਆਂ ਦੀ ਭੇਟ ਚੜ੍ਹਾ ਦਿਤੇ।ਸੜਕਾਂ ਦੇ ਨਾਮ ਤੇ ਹਜ਼ਾਰਾਂ/ ਲਖਾਂ ਰੁੱਖ ਕਤਲ ਕਰ ਸੁਟੇ। 150-200 ਸਾਲ ਪੁਰਾਣੇ ਪਿੱਪਲ-ਬੋਹੜ,ਜਿਹਨਾਂ ਨੂੰ ਕਿਸੇ ਜ਼ਮਾਨੇ ਲੋਕ ਪੂਜਦੇ ਸਨ,ਵੀ ਵਢ ਛਡੇ।ਕੁਦਰਤ ਨਾਲ ਐਨੀ ਛੇੜ-ਛਾੜ ਕੀਤੀ ਕਿ ਸਤ ਕੇ ਕੁਦਰਤ ਵੀ ਕਰੋਪੀ-ਕਹਿਰ ਤੇ ਉਤਰ ਆਈ!
ਬੇਸ਼ਕ ਸਸਕੈਚਵਿਨ ਪ੍ਰਾਂਤ ਬੜਾ ਗਰਮ ਪ੍ਰਾਂਤ ਹੈ ਪਰ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਦਾ ਲਿਟਨ ਇਲਾਕਾ ‘ਹਾਟਸਪਾਟ’ ਗਿਣਿਆ ਜਾਂਦੈ। 29 ਜੂਨ,2021 ਵਿਚ ਇਸ ਇਲਾਕੇ ਵਿਚ 49.6 ਡਿਗਰੀ ਸੈਲਸੀਯਸ ਤਾਪਮਾਨ ਦਰਜ ਕੀਤਾ ਗਿਆ ਸੀ। ਅਗਲੇ ਹੀ ਦਿਨ ਇਸ ਥਾਂ ਅੱਗ ਲਗ ਗਈ ਸੀ।ਇਸ ਸਾਲ ਵੀ ਇਥੇ 41.3 ਡਿਗਰੀ ਸੈਲਸੀਯਸ ਤਾਪਮਾਨ ਦਰਜ ਕੀਤਾ ਗਿਆ।

ਮੈਨੀਟੋਬਾ ਪ੍ਰਾਂਤ ਸਭ ਤੋਂ ਵਧ ਸੂਰਜੀ ਪ੍ਰਕਾਸ਼ ਵਾਲਾ ਸੂਬਾ ਹੈ।ਇਹ ਗਰਮੀ ਵਿਚ ਵੀ ਦੂਸਰੇ ਨੰਬਰ ਤੇ ਹੈ।
ਜੁਲਾਈ 3 ਅਤੇ 12 ਅਗਸਤ ਵਿਚਲੇ ਹਫਤਿਆਂ ਨੂੰ ਗਰਮੀਆਂ ਦੇ ‘ਡਾਗ ਡੇਅ’ਕਿਹਾ ਜਾਂਦੈ। ਇਸ ਲਈ ਨਹੀਂ ਕਿ ਇਹਨੀਂ ਦਿਨੀ ਬਹੁਤੀ ਗਰਮੀ ਪੈਣ ਕਾਰਨ ਬੰਦੇ ਵੀ ਕੁੱਤਿਆਂ ਵਾਂਗ ਹੌਂਕਣ ਲਗ ਪੈਂਦੇ ਹਨ ਸਗੋਂ ਇਸ ਲਈ ਕਿ ਇਹ ਨਾਮਕਰਨ ‘ਡਾਗ ਸਟਾਰ ਸਿਰੀਯਸ’ ਕਾਰਨ ਪਿਐ।ਪ੍ਰਾਚੀਨ ਲੋਕ ਇਸ ਤਾਰੇ ਨੂੰ ਜੰਗਾਂ,ਬੀਮਾਰੀਆ ਅਤੇ ਆਫਤਾਂ ਲਈ ਜ਼ਿੰਮੇਵਾਰ ਸਮਝਦੇ ਸਨ।
ਕੈਨੇਡਾ ਦੀ ਗਰਮ ਰੁੱਤ ਵਾਰੇ ਇੱਕ ਹੋਰ ਰੌਚਕ ਗੱਲ ਪੜ੍ਹਨ ਨੂੰ ਮਿਲੀ।ਕਹਿੰਦੇ ਹਨ ਕਿ 1816 ਵਿਚ ਕੈਨੇਡਾ ਵਿਚ ਗਰਮ ਰੁੱਤ ਆਈ ਹੀ ਨਹੀਂ ਸੀ!ਉਦੋਂ ਕੈਨੇਡਾ ਅਤੇ ਉੱਤਰੀ ਅਰਧਗੋਲੇ ਦੇ ਮੁਲਕਾਂ ਵਿਚ ਵਿਸਤ੍ਰਤ ਸਰਦ ਰੁੱਤ(ਐਕਸਟੈਂਡਿਡ ਵਿੰਟਰ) ਰਹੀ!ਇਹ ਅਸੰਗਤੀ/ਅਪਵਾਦ 1815 ਨੂੰ ਡੱਚ ਈਸਟ ਇੰਡੀਜ਼ ‘ਚ ਮਾਂਊਂਟ ਟੰਬੋਰਾ ‘ਚ ਇੱਕ ਸ਼ਕਤੀਸ਼ਾਲੀ ਵਿਸਫੋਟ ਕਾਰਨ ਹੋਈ,ਜਿਸ ਨਾਲ ਜਵਾਲਾਮੁਖੀ ਪਹਾੜ ਦੀ ਰਾਖ ਅਤੇ ਗੈਸ ਨੇ ਵਾਤਾਵਰਨ ਨੂੰ ਢਕ ਦਿਤਾ,ਅੰਸ਼ਿਕ ਰੂਪ ‘ਚ ਸੂਰਜ ਨੂੰ ਵੀ ਡੱਬਦਾਰ ਕਰ ਦਿਤਾ ਜਿਸ ਕਾਰਨ ਵਾਤਾਵਰਨ ਵਿਚ ਇਹ ਤਬਦੀਲੀ ਹੋਈ!

ਕੈਨੇਡਾ ਪੰਜਾਬੀਆਂ ਦਾ ਦੂਜਾ ਘਰ ਹੈ(ਹੁਣ ਤਾਂ ਕਈਆਂ ਦਾ ਪਹਿਲਾ ਵੀ)।ਮਿਨੀ ਪੰਜਾਬ!2021 ਦੀ ਮਰਦਮਸ਼ੁਮਾਰੀ ਅਨੁਸਾਰ ਕੈਨੇਡਾ ਵਿਚ 942,170 ਲੋਕ ਪੰਜਾਬੀ ਮੂਲ ਦੇ ਵਸ ਰਹੇ ਸਨ/ਹਨ,ਜੋ ਉਥੋਂ ਦੀ ਕੁੱਲ ਆਬਾਦੀ ਦਾ ਕਰੀਬ 2.6% ਹਨ(ਜੋ ਭਾਰਤ ਵਿਚਲੇ ਅਨੁਪਾਤ ਜਿੰਨੇ ਜਾਂ ਰਤਾ ਵਧ ਹਨ)।ਉਂਟਾਰੀਓ ਪ੍ਰਾਂਤ ਵਿਚ ਸਭ ਤੋਂ ਵਧੇਰੇ ਪੰਜਾਬੀ ਕਮਿਯੁਨਿਟੀ(397,867) ਵਸਦੀ ਹੈ ਜਦ ਕਿ ਬ੍ਰਟਿਸ਼ ਕੋਲੰਬੀਆ ਵਿਚ ਪੰਜਾਬੀਆਂ ਦੀ ਉਸ ਪ੍ਰਾਂਤ ਦੀ ਕੁੱਲ ਵਸੋਂ ਵਿਚਲੀ ਅਨੁਪਾਤ ਦਰ ਸਭ ਤੋਂ ਵਧ ਹੈ(315,000)।
ਓਧਰ ਸਾਡੇ ਪੰਜਾਬੀ ਹਰ ਖੇਤਰ ਵਿਚ ਖੂਬ ਨਾਮਨਾਂ ਖਟ ਰਹੇ ਹਨ(ਕੁਝ ਕੁ ਨਾਮ ਖਰਾਬ ਵੀ ਕਰ ਰਹੇ ਹਨ)।ਗਰਮੀਆਂ ਦੀ ਰੁੱਤੇ ਭਰ ਗਰਮੀ ਵਾਲੀ ਪੂਰੀ ਜੁਲਾਈ ਉਂਟਾਰੀਓ ਅਤੇ ਐੇਲਬਰਟਾ ਵਿਚ ਬਿਤਾਉਣ ਉਪਰੰਤ ਅਗਸਤ ਮਹੀਨੇ ਵਾਪਿਸ ਪਰਤਿਆਂ।ਪੰਜਾਬੀ ਭਾਈਚਾਰੇ ਵਾਰੇ ਇੱਕ ਹੋਰ ਦੇਸ਼ ਦੇ ਪਰਵਾਸੀ ਦੀ ਰਾਇ ਨਾਲ ਸਮਾਪਤ ਕਰਦੇ ਹਾਂ।
ਟੌਰਾਂਟੋ ਦੇ ਸੀ.ਅੇੈਨ. ਟਾਵਰ ਦੇ ਰੈਸਟੋਰੈਂਟ ਵਿੱਚ ਬੈਠੇ ਸਾਂ।ਇੱਕ ਅਜਨਬੀ ਆਪ ਮਿਲ ਕੇ ਅੰਗਰੇਜ਼ੀ ‘ਚ ਬੋਲਿਆ(ਇਥੇ ਅਨੁਵਾਦ ਦਿਤਾ ਗਿਐ)-“ਸਾਸਰੀ ਅਕਾਲ, ਸਰਦਾਰ ਜੀ!ਮੇਰਾ ਨਾਮ ਹਸਨ ਹੈ,ਮੈਂ ਸੋਮਾਲੀਆ ਤੋਂ ਹਾਂ ਤੇ ਕੈਲਗਰੀ ‘ਚ ਰਹਿੰਦਾ ਹਾਂ।ਪੰਜਾਬੀ ਬਹੁਤ ਮਿਹਨਤੀ ਅਤੇ ਇਮਾਨਦਾਰ ਕਮਿਯੂੁਨਿਟੀ ਹੈ,ਕੋਈ ਵੀ ਬੇਘਰਾ ਨਹੀਂ,ਸਭ ਕੋਲ ਘਰ ਹੈ।ਮੈਨੂੰ ਇਹ ਭਾਈਚਾਰਾ ਬਹੁਤ ਪਸੰਦ ਹੈ,ਕੈਲਗਰੀ ਵਿਚ ਇਹਨਾਂ ਮੇਰਾ ਉਪਨਾਮ ਅਮਰਜੀਤ ਰਖਿਐ।ਬਹੁਤ ਬਹੁਤ ਸਾਸਰੀ ਅਕਾਲ,ਸਰਦਾਰ ਜੀ”!

-ਪ੍ਰੋ. ਜਸਵੰਤ ਸਿੰਘ ਗੰਡਮ,ਫਗਵਾੜਾ,98766-55055
Share this content:



Post Comment