Loading Now

ਕੇਰਲਾ ਤੋਂ ਸਬਕ ਲਵੇ ਪੰਜਾਬ ਕਾਂਗਰਸ

ਕੇਰਲਾ ਤੋਂ ਸਬਕ ਲਵੇ ਪੰਜਾਬ ਕਾਂਗਰਸ

ਜਿੱਤ ਦੇ ਮੂੰਹ ਵਿੱਚੋਂ ਹਾਰ ਖੋਹ ਕੇ ਲਿਆਉਣ ਦੀ ਕਾਂਗਰਸ ਪਾਰਟੀ ਦੀ ਪੁਰਾਣੀ ਆਦਤ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਵੀ ਪੂਰੀ ਤਰ੍ਹਾਂ ਦੇਖਣ ਨੂੰ ਮਿਲੀ ਹੈ, ਪਰ ਕੇਰਲਾ ਨੇ ਤਾਂ ਹੱਦ ਹੀ ਕਰ ਦਿੱਤੀ। ਸੂਬੇ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਕੇ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਨੂੰ ਵੱਡੀ ਬਹੁਮਤ (140 ਮੈਂਬਰੀ ਵਿਧਾਨ ਸਭਾ ਵਿੱਚ 102 ਸੀਟਾਂ) ਦਿਵਾਉਣ ਦੇ ਪੂਰੇ ਦਸ ਦਿਨਾਂ ਬਾਅਦ ਪਾਰਟੀ ਨੇ ਆਖਰਕਾਰ ਛੇ ਵਾਰ ਦੇ ਵਿਧਾਇਕ ਵੀ ਡੀ ਸਤੀਸ਼ਨ ਨੂੰ ਮੁੱਖ ਮੰਤਰੀ ਵਜੋਂ ਨਾਮਜ਼ਦ ਕਰਕੇ ਖੁਦ ਨੂੰ ਜਨਤਕ ਤੌਰ ’ਤੇ ਜ਼ਲੀਲ ਹੋਣੋਂ ਬਚਾ ਲਿਆ। ਇੱਥੋਂ ਤੱਕ ਕਿ ਰਾਹੁਲ ਗਾਂਧੀ ਨੂੰ ਵੀ ਇਹ ਅਹਿਸਾਸ ਹੋ ਗਿਆ ਸੀ ਕਿ ਆਪਣੇ ਖਾਸ ਬੰਦੇ ਕੇ ਸੀ ਵੇਣੂਗੋਪਾਲ ਨੂੰ ਕੇਰਲਾ ਦੇ ਲੋਕਾਂ ਸਿਰ ਮੜ੍ਹਨਾ ਠੀਕ ਨਹੀਂ ਹੋਵੇਗਾ। ਵੇਣੂਗੋਪਾਲ ਪਾਰਟੀ ਦੇ ਬਹੁਤ ਤਾਕਤਵਰ ਜਨਰਲ ਸਕੱਤਰ ਹਨ ਅਤੇ ਹਾਈਕਮਾਂਡ ਦੇ ‘ਅੱਖ-ਕੰਨ’ ਮੰਨੇ ਜਾਂਦੇ ਹਨ। ਹਾਂ, ਇਹ ਵੀ ਸੱਚ ਹੈ ਕਿ ਜੇ ਕਾਂਗਰਸ ਹਾਈਕਮਾਂਡ ਅਜਿਹਾ ਕਰਦੀ ਤਾਂ ਕੇਰਲਾ ਦੇ ਲੋਕ ਮਨ ਮਾਰ ਕੇ ਇਹ ਕੌੜਾ ਘੁੱਟ ਵੀ ਭਰ ਲੈਂਦੇ ਕਿਉਂਕਿ ਹਫ਼ਤਾ ਪਹਿਲਾਂ ਹੀ ਜਿੱਤੇ ਬਹੁਤੇ ਵਿਧਾਇਕ ਵੇਣੂਗੋਪਾਲ ਦੇ ਪੱਖ ਵਿੱਚ ਹੀ ਖੜ੍ਹੇ ਸਨ।

ਪਰ ਫਿਰ ਹੌਲੀ ਹੌਲੀ ਵਿਰੋਧ ਦੀਆਂ ਆਵਾਜ਼ਾਂ ਤੇਜ਼ ਹੋਣ ਲੱਗੀਆਂ ਅਤੇ ਹਵਾ ਦਾ ਰੁਖ਼ ਬਦਲ ਗਿਆ। ਜਾਪਦਾ ਹੈ ਕਿ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਵੀ ਇਸ ਮਾਮਲੇ ਵਿੱਚ ਦਖ਼ਲ ਦਿੱਤਾ, ਜਿਸ ਨਾਲ ਵੱਡੀ ਮਦਦ ਮਿਲੀ। ਪਰ ਅਸਲ ਵਿੱਚ ਇਹ ਪਾਰਟੀ ਅੰਦਰੋਂ ਉੱਠੀ ਹੋਈ ਵਿਰੋਧ ਦੀ ਆਵਾਜ਼ ਹੀ ਸੀ, ਜਿਸ ਨੇ ਆਖਰਕਾਰ ਵਡਾਸੇਰੀ ਦਾਮੋਦਰਨ ਸਤੀਸ਼ਨ ਦੇ ਹੱਕ ਵਿੱਚ ਮਾਹੌਲ ਬਣਾ ਦਿੱਤਾ (ਇੱਥੇ ‘ਵਡਾਸੇਰੀ’ ਉਨ੍ਹਾਂ ਦੇ ਖਾਨਦਾਨ ਜਾਂ ਘਰ ਦਾ ਨਾਮ ਹੈ, ‘ਦਾਮੋਦਰਨ’ ਪਿਤਾ ਦਾ ਨਾਮ ਅਤੇ ‘ਸਤੀਸ਼ਨ’ ਉਨ੍ਹਾਂ ਦਾ ਆਪਣਾ ਨਾਮ ਹੈ)। ਦਰਅਸਲ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (ਰਾਹੁਲ ਗਾਂਧੀ) ਮੂਹਰੇ ਖੁੱਲ੍ਹ ਕੇ ਬੋਲਣ ਦਾ ਜੇਰਾ ਵੀ ਕੌਣ ਕਰੇ! ਉਨ੍ਹਾਂ ਦੇ ਦੇਖਣ-ਪਰਖਣ ਦਾ ਨਜ਼ਰੀਆ ਉਨ੍ਹਾਂ ਦੀ ‘ਜਿਊਜਿਤਸੂ’ (ਮਾਰਸ਼ਲ ਆਰਟ) ਦੀ ਮੁਹਾਰਤ ਵਰਗਾ ਹੀ ਹੈ। ਹਾਲ ਇਹ ਹੈ ਕਿ ਬੀਤੇ ਦਿਨੀਂ ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਪਾਰਟੀ ਪ੍ਰੋਗਰਾਮ ਦੌਰਾਨ ਪੰਜਾਬ ਕਾਂਗਰਸ ਦੇ ਆਗੂਆਂ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਾ ਵੜਿੰਗ ਤੋਂ ਵੀ ਡੰਡ ਬੈਠਕਾਂ (ਪੁਸ਼-ਅੱਪਸ) ਕਢਵਾ ਲਈਆਂ ਸਨ। ਖ਼ੈਰ, ਇਸ ਮਜ਼ੇਦਾਰ ਕਿੱਸੇ ਦੀ ਪੂਰੀ ਕਹਾਣੀ ਜਾਨਣ ਲਈ ਤੁਹਾਨੂੰ ਮੇਰੇ ਸਹਿਯੋਗੀ ਰਾਜਮੀਤ ਸਿੰਘ ਦੀ ਰਿਪੋਰਟ ਪੜ੍ਹਨੀ ਪਵੇਗੀ। ਕੇਰਲਾ ਦੇ ਕਾਂਗਰਸੀ ਆਗੂ ਹੁਣ ਗੁਰੂਵਯੂਰ ਮੰਦਰ ਵਿੱਚ ਦੇਵਤੇ ਦੇ ਚਰਨਾਂ ਵਿੱਚ ਨਾਰੀਅਲ ਭੰਨ ਕੇ ਸੁੱਖਣਾ ਲਾਹ ਰਹੇ ਹਨ।

ਉਨ੍ਹਾਂ ਨੂੰ ਜਿੰਨੀ ਖੁਸ਼ੀ ਸਤੀਸ਼ਨ ਦੇ ਆਗੂ ਬਣਨ ਦੀ ਹੈ, ਓਨੀ ਹੀ ਇਸ ਗੱਲ ਦੀ ਵੀ ਹੈ ਕਿ ਅਗਲੇ ਪੰਜ ਸਾਲ ਉਨ੍ਹਾਂ ਨੂੰ ਨਹੀਂ, ਸਗੋਂ ਰਾਹੁਲ ਗਾਂਧੀ ਨੂੰ ਵੇਣੂਗੋਪਾਲ ਨਾਲ ਸਿੱਧਾ ਮੱਥਾ ਲਾਉਣਾ ਪਵੇਗਾ ਤੇ ਨਾਲੇ ਦਿੱਲੀ ਦੀ ਗੱਲ ਦਿੱਲੀ ਵਿੱਚ ਹੀ ਰਹੇ ਤਾਂ ਵਧੇਰੇ ਚੰਗਾ ਹੈ। ਠੀਕ ਉਸੇ ਵੇਲੇ ਆਰ ਐੱਸ ਐੱਸ ਦੇ ਸੀਨੀਅਰ ਆਗੂ ਦੱਤਾਤ੍ਰੇਅ ਹੋਸਾਬਲੇ ਨੇ ਇਸੇ ਹਫ਼ਤੇ ਪਾਕਿਸਤਾਨ ਬਾਰੇ ਟਿੱਪਣੀ ਕਰਕੇ ਇੱਕ ਸਿਆਸੀ ਧਮਾਕਾ ਕਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਪੁਲਵਾਮਾ ਹਮਲੇ ਵਰਗੀਆਂ ਪਿੱਠ ’ਚ ਛੁਰਾ ਮਾਰਨ ਵਾਲੀਆਂ ਘਟਨਾਵਾਂ ਦੇ ਬਾਵਜੂਦ ਲੋਕਾਂ ਦੇ ਆਪਸੀ ਸੰਵਾਦ ਨੂੰ ਹੁਣ ਹੋਰ ਵਧੇਰੇ ਅਜ਼ਮਾਇਆ ਜਾਣਾ ਚਾਹੀਦਾ ਹੈ। ਸਿਵਲ ਸੁਸਾਇਟੀ ਦੇ ਸਬੰਧ ਕਾਰਗਰ ਸਾਬਤ ਹੋਣਗੇ ਕਿਉਂਕਿ ਅਸੀਂ (ਇਤਿਹਾਸਕ ਤੌਰ ’ਤੇ) ਇੱਕੋ ਰਾਸ਼ਟਰ ਰਹੇ ਹਾਂ। ਦੇਸ਼ ਦੀ ਸੁਰੱਖਿਆ ਅਤੇ ਸਵੈ-ਮਾਣ ਦੀ ਰਾਖੀ ਲਾਜ਼ਮੀ ਹੈ, ਪਰ ਸਾਨੂੰ ਗੱਲਬਾਤ ਦੇ ਬੂਹੇ ਬੰਦ ਨਹੀਂ ਕਰਨੇ ਚਾਹੀਦੇ। ਸਾਨੂੰ ਉਨ੍ਹਾਂ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਵਪਾਰ, ਕਾਰੋਬਾਰ ਅਤੇ ਵੀਜ਼ਾ ਜਾਰੀ ਕਰਨ ਦਾ ਸਿਲਸਿਲਾ ਰੁਕਣਾ ਨਹੀਂ ਚਾਹੀਦਾ। ਗੱਲਬਾਤ ਲਈ ਹਮੇਸ਼ਾ ਇੱਕ ਖਿੜਕੀ ਖੁੱਲ੍ਹੀ ਰੱਖਣੀ ਚਾਹੀਦੀ ਹੈ।

ਹੋਸਾਬਲੇ ਨੇ ‘ਅਪਰੇਸ਼ਨ ਸਿੰਧੂਰ’ ਦੀ ਪਹਿਲੀ ਬਰਸੀ ਤੋਂ ਮਹਿਜ਼ ਕੁਝ ਦਿਨਾਂ ਬਾਅਦ ‘ਪੀ ਟੀ ਆਈ’ ਨੂੰ ਦਿੱਤੀ ਇੰਟਰਵਿਊ ਵਿੱਚ ਇਹ ਗੱਲਾਂ ਆਖੀਆਂ ਹਨ। ਇਹ ਟਿੱਪਣੀਆਂ ਕਈ ਕਾਰਨਾਂ ਕਰਕੇ ਬੇਹੱਦ ਅਹਿਮ ਹਨ: ਪਹਿਲੀ ਗੱਲ ਤਾਂ ਇਹ ਹੈ ਕਿ ਆਰ ਐੱਸ ਐੱਸ ਦੇ ‘ਸਹਿ-ਕਾਰਿਆਵਾਹ’ (ਸੰਘ ਦੇ ਦੂਜੇ ਸਭ ਤੋਂ ਸੀਨੀਅਰ ਅਹੁਦੇਦਾਰ) ਹੋਣ ਦੇ ਨਾਤੇ ਹੋਸਾਬਲੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਆਗੂ ਹਨ, ਜਿਨ੍ਹਾਂ ਦੀ ਕਹੀ ਗੱਲ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਦੂਜਾ, ਇਹ ਬਿਆਨ ਸਾਫ਼ ਕਰਦਾ ਹੈ ਕਿ ਸੰਘ ਦੇ ਆਗੂ ਕਿਸੇ ਦੂਰ-ਦੁਰਾਡੇ ਗੁਫ਼ਾ ਵਿੱਚ ਨਹੀਂ ਰਹਿੰਦੇ, ਬਲਕਿ ਮੌਜੂਦਾ ਦੌਰ ਦੇ ਮੁੱਦਿਆਂ ’ਤੇ ਲਗਾਤਾਰ ਤਿੱਖੀ ਨਜ਼ਰ ਰੱਖਦੇ ਹਨ। ਤੀਜਾ, ਭਾਵੇਂ ਇਹ ਟਿੱਪਣੀਆਂ ਸਰਕਾਰ ਦੇ ਉਸ ਅਧਿਕਾਰਤ ਸਟੈਂਡ ਤੋਂ ਵੱਖਰੀਆਂ ਹਨ ਕਿ ‘ਅਤਿਵਾਦ ਅਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ’ ਪਰ ਫਿਰ ਵੀ ਇਸ ਨੂੰ ਸਰਕਾਰ ਦੀ ਨੀਤੀ ਵਿੱਚ ਸੰਭਾਵੀ ਬਦਲਾਅ ਲਈ ਜ਼ਮੀਨ ਤਿਆਰ ਕਰਨ ਵਜੋਂ ਦੇਖਿਆ ਜਾ ਸਕਦਾ ਹੈ (ਹਾਲਾਂਕਿ ਅਜੇ ਤੱਕ ਸਰਕਾਰੀ ਨੀਤੀ ਵਿੱਚ ਅਜਿਹਾ ਕੋਈ ਬਦਲਾਅ ਨਹੀਂ ਹੋਇਆ)। ਚੌਥਾ, ਇਹ ਬਿਆਨ ਇੱਕ ਨਿਊਜ਼ ਏਜੰਸੀ (ਪੀ ਟੀ ਆਈ) ਨੂੰ ਦਿੱਤਾ ਗਿਆ ਹੈ, ਜਿਸ ਤੋਂ ਸਾਫ਼ ਹੈ ਕਿ ਆਰ ਐੱਸ ਐੱਸ ਇਸ ਇੰਟਰਵਿਊ ਨੂੰ ਵੱਡੇ ਪੱਧਰ ’ਤੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਸੀ।

ਪੰਜਵਾਂ, ਇਹ ਟਿੱਪਣੀਆਂ ਹੋਸਾਬਲੇ ਦੇ ਅਮਰੀਕਾ ਦੌਰੇ ਤੋਂ ਪਰਤਣ ਦੇ ਤੁਰੰਤ ਬਾਅਦ ਆਈਆਂ ਹਨ, ਜਿੱਥੇ ਉਨ੍ਹਾਂ ਨੇ ਕਈ ਤਰ੍ਹਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਹੋਵੇਗੀ। ਉੱਥੇ ਉਨ੍ਹਾਂ ਨੂੰ ਪਾਕਿਸਤਾਨ ਅਤੇ ਚੀਨ ਦੇ ਸੰਦਰਭ ਵਿੱਚ ਬਦਲ ਰਹੀ ਵਿਸ਼ਵ ਵਿਵਸਥਾ ਦੀ ਨਬਜ਼ ਸਮਝਣ ਦਾ ਮੌਕਾ ਮਿਲਿਆ ਹੋਵੇਗਾ। ਯਾਦ ਰਹੇ ਕਿ ਅਮਰੀਕਾ ਵਿੱਚ ਆਰ ਐੱਸ ਐੱਸ ਦਾ ਮਜ਼ਬੂਤ ਆਧਾਰ ਹੈ ਅਤੇ ਉਹ ਉੱਥੇ ਰਹਿੰਦੇ ਵੱਡੀ ਗਿਣਤੀ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ। ਛੇਵਾਂ, ਇਸ ਬਿਆਨ ’ਤੇ ਸਿਆਸੀ ਹਲਕਿਆਂ ਵਿੱਚ ਇੱਕ ਖ਼ਾਸ ਕਿਸਮ ਦੀ ਖ਼ਾਮੋਸ਼ੀ ਦੇਖਣ ਨੂੰ ਮਿਲੀ ਹੈ, ਜਿਸ ਤੋਂ ਲੱਗਦਾ ਹੈ ਕਿ ਦੇਸ਼ ਅਜੇ ਵੀ ਉਨ੍ਹਾਂ ਦੇ ਬੋਲਾਂ ਦੇ ਗੰਭੀਰ ਮਾਅਨੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਸੱਤਵਾਂ, ਹੁਣ ਤੱਕ ਸਿਰਫ਼ ਸਾਬਕਾ ਫ਼ੌਜ ਮੁਖੀ ਮਨੋਜ ਨਰਵਣੇ ਅਤੇ ਜੰਮੂ-ਕਸ਼ਮੀਰ ਦੇ ਸੀਨੀਅਰ ਆਗੂ ਫ਼ਾਰੂਕ ਅਬਦੁੱਲਾ ਨੇ ਹੀ ਇਸ ਬਿਆਨ ਦਾ ਸਵਾਗਤ ਕੀਤਾ ਹੈ (ਅਬਦੁੱਲਾ ਨੇ ਕਿਹਾ ਹੈ, ‘‘ਸਾਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਗੱਲਬਾਤ ਦਾ ਰਾਹ ਚੁਣਨਾ ਚਾਹੀਦਾ ਹੈ”)। ਅੱਠਵਾਂ, ਦੂਜੇ ਪਾਸੇ ਪਾਕਿਸਤਾਨ ਨੇ ਇਸ ਨੂੰ ਇੱਕ ‘ਸਕਾਰਾਤਮਕ’ ਕਦਮ ਦੱਸਿਆ ਹੈ ਅਤੇ ਉਮੀਦ ਜਤਾਈ ਹੈ ਕਿ ‘ਭਾਰਤ ਸੂਝ-ਬੂਝ ਨਾਲ ਕੰਮ ਲਵੇਗਾ।’

ਬਿਨਾਂ ਸ਼ੱਕ, ਪਾਕਿਸਤਾਨ ਨੂੰ ‘ਅਪਰੇਸ਼ਨ ਸਿੰਧੂਰ’ ਤੋਂ ਇਹ ਰਣਨੀਤਕ ਸਬਕ ਸਿੱਖਣਾ ਹੀ ਪਵੇਗਾ ਕਿ ਉਹ ਆਪਣੀ ਮਰਜ਼ੀ ਮੁਤਾਬਕ ਅਤਿਵਾਦ ਦਾ ਪ੍ਰਵਾਹ ਜਦੋਂ ਚਾਹੇ ਖੋਲ੍ਹ ਜਾਂ ਬੰਦ ਨਹੀਂ ਕਰ ਸਕਦਾ। ਭਾਰਤ ਨੇ ਪਿਛਲੇ ਦਹਾਕਿਆਂ ਦੌਰਾਨ ਰਾਵਲਪਿੰਡੀ (ਪਾਕਿਸਤਾਨੀ ਫ਼ੌਜ ਦੇ ਮੁੱਖ ਦਫ਼ਤਰ) ਹੱਥੋਂ ਬਹੁਤ ਸੰਤਾਪ ਹੰਢਾਇਆ ਹੈ। ਇਸ ਹਕੀਕਤ ਨੂੰ ਪੰਜਾਬ ਨਾਲੋਂ ਬਿਹਤਰ ਹੋਰ ਕੋਈ ਨਹੀਂ ਜਾਣਦਾ, ਜਿਸ ਨੇ ਇੱਕ ਸਰਹੱਦੀ ਸੂਬਾ ਹੋਣ ਦੇ ਨਾਤੇ ਭਾਰਤ ਨੂੰ ‘ਹਜ਼ਾਰਾਂ ਜ਼ਖਮ’ ਦੇ ਕੇ ਲਹੂ-ਲੁਹਾਨ ਕਰਨ ਦੀ ਪਾਕਿਸਤਾਨ ਦੀ ਅੜੀਅਲ ਨੀਤੀ ਦਾ ਸਭ ਤੋਂ ਵੱਧ ਸੇਕ ਝੱਲਿਆ ਹੈ। ਇੱਥੇ ਅਤਿਵਾਦ ਹੁਣ ਗੈਂਗਸਟਰਵਾਦ ਅਤੇ ਮਾਰੂ ਨਸ਼ਿਆਂ ਦੀ ਤਸਕਰੀ ਦਾ ਰੂਪ ਧਾਰ ਚੁੱਕਾ ਹੈ। ਯਕੀਨੀ ਤੌਰ ’ਤੇ ਪਾਕਿਸਤਾਨ ਨੂੰ ਇਹ ਅਹਿਸਾਸ ਬਿਲਕੁਲ ਨਹੀਂ ਹੋਣ ਦੇਣਾ ਚਾਹੀਦਾ ਕਿ ਉਸ ਨੂੰ ਆਸਾਨੀ ਨਾਲ ਮੁਆਫ਼ ਕਰ ਦਿੱਤਾ ਗਿਆ ਹੈ, ਭਾਵੇਂ ਡੋਨਲਡ ਟਰੰਪ ਆਪਣੇ ‘ਮਨਪਸੰਦ ਫੀਲਡ ਮਾਰਸ਼ਲ’ ਨੂੰ ਪਤਿਆਉਣ ਵਿੱਚ ਲੱਗੇ ਹੋਏ ਹੋਣ। ਇਸ ਹਫ਼ਤੇ ਸਭ ਤੋਂ ਵੱਡੀ ਵਿਡੰਬਨਾ ਇਹ ਰਹੀ ਕਿ ਖ਼ੁਦ ਨੂੰ ਧਰਮ-ਨਿਰਪੱਖ ਅਖਵਾਉਣ ਵਾਲੀ ਕਾਂਗਰਸ ਪਾਰਟੀ ਨੇ ਪਾਕਿਸਤਾਨ ਨਾਲ ਗੱਲਬਾਤ ਦਾ ਬੂਹਾ ਖੋਲ੍ਹਣ ਦੀ ਹੋਸਾਬਲੇ ਦੀ ਤਜਵੀਜ਼ ਦਾ ਸਵਾਗਤ ਕਰਨ ਦੀ ਬਜਾਏ ਬਹੁਤ ਹੀ ਨਪੇ-ਤੁਲੇ ਅਤੇ ਗੋਲ-ਮੋਲ ਢੰਗ ਨਾਲ ਇਸ ਦੀ ਨਿਖੇਧੀ ਕੀਤੀ ਹੈ। ਦੂਜੇ ਪਾਸੇ, ਖ਼ੁਦ ਨੂੰ ਹਿੰਦੂਤਵ ਦੀ ਅਲੰਬਰਦਾਰ ਮੰਨਣ ਵਾਲੀ ਆਰ ਐੱਸ ਐੱਸ ‘ਅਖੰਡ ਭਾਰਤ’ ਦੀ ਦਲੀਲ ਦਿੰਦਿਆਂ ਪਾਕਿਸਤਾਨ ਦੇ ਮੁਸਲਮਾਨਾਂ ਤੱਕ ਇਹ ਕਹਿੰਦਿਆਂ ਪਹੁੰਚ ਕਰ ਰਹੀ ਹੈ ਕਿ ‘ਅਸੀਂ (ਇਤਿਹਾਸਕ ਤੌਰ ’ਤੇ) ਇੱਕੋ ਰਾਸ਼ਟਰ ਰਹੇ ਹਾਂ’।
ਹੋਸਾਬਲੇ ਦਾ ਕਹਿਣਾ ਹੈ ਕਿ ਇਹੀ ਕਾਰਨ ਹੈ ਕਿ ਸਾਨੂੰ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਝਿਜਕਣਾ ਨਹੀਂ ਚਾਹੀਦਾ। ਇੱਥੇ ਇਹ ਸਵਾਲ ਪੁੱਛਿਆ ਜਾ ਸਕਦਾ ਹੈ: ਕਾਂਗਰਸ ਸਹੀ ਕਦਮ ਚੁੱਕਣ ਤੋਂ ਐਨੀ ਡਰਦੀ ਕਿਉਂ ਹੈ? ਕੇਰਲਾ ਵਿੱਚ ਪਾਰਟੀ ਨੇ ਮਸਾਂ ਹੀ ਆਪਣੀ ਇੱਜ਼ਤ ਬਚਾਈ ਹੈ; ਤਾਮਿਲਨਾਡੂ ਵਿੱਚ ਆਪਣੀ ਪੁਰਾਣੀ ਸਹਿਯੋਗੀ ਪਾਰਟੀ ਡੀ ਐੱਮ ਕੇ ਦਾ ਸਾਥ ਛੱਡ ਕੇ ਸੱਤਾਧਾਰੀ ਟੀ ਵੀ ਕੇ ਨਾਲ ਹੱਥ ਮਿਲਾ ਲਿਆ ਹੈ। ਓਦਾਂ ਟੀ ਵੀ ਕੇ ਨੂੰ ਹੁਣ ਕਾਂਗਰਸ ਦੀ ਕੋਈ ਖ਼ਾਸ ਲੋੜ ਵੀ ਨਹੀਂ ਹੈ ਕਿਉਂਕਿ ਉਸ ਨੂੰ ਭਾਜਪਾ ਦੀ ਸਾਬਕਾ ਸਹਿਯੋਗੀ ਅਤੇ ਏ ਆਈ ਏ ਡੀ ਐੱਮ ਕੇ ਦੇ ਟੁੱਟੇ ਹੋਏ ਧੜੇ ਦਾ ਸਮਰਥਨ ਹਾਸਲ ਹੈ। ਬੰਗਾਲ ਵਿੱਚ ਕਾਂਗਰਸ ਨੇ ਮਮਤਾ ਬੈਨਰਜੀ ਦੀ ਟੀ ਐੱਮ ਸੀ ਖ਼ਿਲਾਫ਼ ਚੋਣ ਲੜ ਕੇ ‘ਇੰਡੀਆ’ ਗੱਠਜੋੜ ਨੂੰ ਤਾਰ-ਤਾਰ ਕਰ ਦਿੱਤਾ, ਜਿਸ ਨਾਲ ਵਿਰੋਧੀ ਧਿਰ ਦੀਆਂ ਵੋਟਾਂ ਵੰਡੀਆਂ ਗਈਆਂ ਪਰ ਜਦੋਂ ਟੀ ਐੱਮ ਸੀ ਚੋਣ ਹਾਰ ਗਈ ਤਾਂ ਰਾਹੁਲ ਗਾਂਧੀ ਨੇ ਆਪਣੇ ਵਰਕਰਾਂ ਦੇ ਮੂੰਹ ’ਤੇ ਚੁੱਪੀ ਦਾ ਤਾਲਾ ਲਾ ਦਿੱਤਾ। ਮੇਰੀ ਗੱਲ ਲਿਖ ਕੇ ਰੱਖ ਲਓ, ਅਜੇ ਤਾਂ ਸਭ ਤੋਂ ਮਾੜਾ ਵੇਲਾ ਆਉਣਾ ਬਾਕੀ ਹੈ।
ਪੰਜਾਬ ਵਿੱਚ ਜਿੱਥੇ ਬਹੁਤੀਆਂ ਸਿਆਸੀ ਪਾਰਟੀਆਂ ਆਉਣ ਵਾਲੀਆਂ ਚੋਣਾਂ ਲਈ ਆਪਣੀਆਂ ਰਣਨੀਤੀਆਂ ਨੂੰ ਧਾਰ ਦੇ ਰਹੀਆਂ ਹਨ, ਉੱਥੇ ਕਾਂਗਰਸ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਗ੍ਰਿਫ਼ਤਾਰੀਆਂ, ਦਲਬਦਲੀਆਂ ਅਤੇ ਪਾਰਟੀਆਂ ਦੇ ਰਲੇਵੇਂ ਦੇ ਚੱਲ ਰਹੇ ਰੋਜ਼ਾਨਾ ਦੇ ਸਿਆਸੀ ਡਰਾਮਿਆਂ ’ਤੇ ਸ਼ਾਇਦ ਹੀ ਕੋਈ ਸਾਰਥਕ ਗੱਲ ਆਖੀ ਹੋਵੇ। ਪਾਰਟੀ ਦੇ ਵੱਡੇ ਆਗੂ ਮੁੱਖ ਮੰਤਰੀ ਦੀ ਕੁਰਸੀ ਲਈ ਆਪਸ ਵਿੱਚ ਹੀ ਸਿੰਗ ਫਸਾਈ ਬੈਠੇ ਹਨ, ਜਦਕਿ ਬਾਕੀ ਸਭ ਇਸ ਸਭ ਕੁਝ ਨੂੰ ਨੀਝ ਲਾ ਕੇ ਦੇਖ ਰਹੇ ਹਨ। ਧੜਿਆਂ ਵਿੱਚ ਵੰਡੀ ਹੋਈ ਪੰਜਾਬ ਕਾਂਗਰਸ ਹੁਣ ਰਾਹੁਲ ਗਾਂਧੀ ਦਾ ਫੈਸਲਾ ਉਡੀਕ ਰਹੀ ਹੈ। ਉਨ੍ਹਾਂ ਦੀ ਇਹ ਉਡੀਕ ‘ਮੁਕਤੀ’ ਦੀ ਉਡੀਕ ਵਰਗੀ ਜਾਪਦੀ ਹੈ। ਸ਼ਾਇਦ ਪੰਜਾਬ ਨੂੰ ਕੇਰਲਾ ਦੇ ਵੀ ਡੀ ਸਤੀਸ਼ਨ ਤੋਂ ਸਬਕ ਲੈਣਾ ਚਾਹੀਦਾ ਹੈ, ਜਿਨ੍ਹਾਂ ਬਾਰੇ ਸੀ ਗੌਰੀਦਾਸਨ ਨਾਇਰ ਲਿਖਦੇ ਹਨ ਕਿ ਉਹ ਬਹਿਸ-ਮੁਬਾਹਸੇ ਦੀ ਕਲਾ, ਜੋ ਤੱਥਾਂ ਤੇ ਅੰਕੜਿਆਂ ਨਾਲ ਲੈਸ ਹੁੰਦੀ ਹੈ, ਦੇ ਮਾਹਿਰ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਲਾਟਰੀ ਮਾਫੀਆ ਖ਼ਿਲਾਫ਼ ਮੁਹਿੰਮ ਵਿੱਢ ਕੇ ਅਤੇ ਪੱਛਮੀ ਘਾਟ ਦੇ ਵਾਤਾਵਰਣ ਦੀ ਰਾਖੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਸਾਰਿਆਂ ਤੋਂ ਸਤਿਕਾਰ ਹਾਸਲ ਕੀਤਾ ਹੈ।

Share this content:

Post Comment