Loading Now

ਕੂੜਾ ਪ੍ਰਬੰਧਨ ਨੂੰ ਲੈ ਕੇ ਐੱਨਜੀਟੀ ਸਖ਼ਤ, ਸੰਗਰੂਰ ਦੇ ਡੀਸੀ ਤੋਂ ਚਾਰ ਹਫ਼ਤਿਆਂ ਅੰਦਰ ਮੰਗੀ ਰਿਪੋਰਟ

ਕੂੜਾ ਪ੍ਰਬੰਧਨ ਨੂੰ ਲੈ ਕੇ ਐੱਨਜੀਟੀ ਸਖ਼ਤ, ਸੰਗਰੂਰ ਦੇ ਡੀਸੀ ਤੋਂ ਚਾਰ ਹਫ਼ਤਿਆਂ ਅੰਦਰ ਮੰਗੀ ਰਿਪੋਰਟ

ਸੰਗਰੂਰ, 24 ਨਵੰਬਰ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ ਜੀ ਟੀ) ਨੇ ਸੰਗਰੂਰ ਦੇ ਡਿਪਟੀ ਕਮਿਸ਼ਨਰ (DC) ਨੂੰ ਸ਼ਹਿਰ ਦੇ ਵਿਗੜਦੇ ਕੂੜਾ ਪ੍ਰਬੰਧਨ ਸਿਸਟਮ ਨੂੰ ਸੁਧਾਰਨ ਲਈ ਤੁਰੰਤ ਕਦਮ ਚੁੱਕਣ ਅਤੇ ਚਾਰ ਹਫ਼ਤਿਆਂ ਦੇ ਅੰਦਰ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਨਵੀਂ ਦਿੱਲੀ ਸਥਿਤ ਐੱਨ ਜੀ ਟੀ ਦੇ ਪ੍ਰਿੰਸੀਪਲ ਬੈਂਚ ਨੇ ਇਸ ਸਥਿਤੀ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਪੁਰਾਣੇ ਕੂੜੇ (Legacy Waste) ਦੇ ਨਿਪਟਾਰੇ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ (Solid Waste Management) ਦੇ ਢੁਕਵੇਂ ਉਪਾਵਾਂ ਨੂੰ ਲਾਗੂ ਕਰਨ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਲਈ ਕਿਹਾ ਹੈ।

ਇਹ ਨਿਰਦੇਸ਼ 18 ਨਵੰਬਰ ਨੂੰ ਐਪਲੀਕੇਸ਼ਨ ਨੰਬਰ 613/2025 (ਕਮਲ ਆਨੰਦ ਬਨਾਮ ਪੰਜਾਬ ਰਾਜ ਅਤੇ ਹੋਰ) ਦੀ ਸੁਣਵਾਈ ਦੌਰਾਨ ਜਾਰੀ ਕੀਤੇ ਗਏ। ਇਸ ਬੈਂਚ ਦੀ ਅਗਵਾਈ ਐੱਨ ਜੀ ਟੀ ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਅਤੇ ਮਾਹਿਰ ਮੈਂਬਰ ਡਾ. ਅਫ਼ਰੋਜ਼ ਅਹਿਮਦ ਕਰ ਰਹੇ ਸਨ।

ਟ੍ਰਿਬਿਊਨਲ ਨੇ ਨਗਰ ਕੌਂਸਲ ਸੰਗਰੂਰ ਵਿੱਚ ਪ੍ਰਸ਼ਾਸਕੀ ਅਸਥਿਰਤਾ ਦਾ ਵੀ ਨੋਟਿਸ ਲਿਆ। ਸੁਣਵਾਈ ਦੌਰਾਨ ਵਰਚੁਅਲ ਤੌਰ ‘ਤੇ ਪੇਸ਼ ਹੋਏ ਵਧੀਕ ਡਿਪਟੀ ਕਮਿਸ਼ਨਰ (ADC) ਨੇ ਬੈਂਚ ਨੂੰ ਦੱਸਿਆ ਕਿ ਸਾਬਕਾ ਕਾਰਜਸਾਧਕ ਅਫ਼ਸਰ (EO) ਅਸ਼ਵਨੀ ਕੁਮਾਰ ਨੌਕਰੀ ਛੱਡ ਚੁੱਕੇ ਹਨ ਅਤੇ ਜਲਦੀ ਹੀ ਨਵੇਂ ਅਧਿਕਾਰੀ ਦੇ ਅਹੁਦਾ ਸੰਭਾਲਣ ਦੀ ਉਮੀਦ ਹੈ।

ਅਧਿਕਾਰੀਆਂ ਦੇ ਬਦਲਾਅ ਦੇ ਬਾਵਜੂਦ ਐੱਨ ਜੀ ਟੀ ਨੇ ਜ਼ੋਰ ਦੇ ਕੇ ਕਿਹਾ ਕਿ ਜਵਾਬਦੇਹੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪ੍ਰਸ਼ਾਸਨ ਨੇ ਟ੍ਰਿਬਿਊਨਲ ਨੂੰ ਭਰੋਸਾ ਦਿੱਤਾ ਕਿ ਡੀ ਸੀ ਖ਼ੁਦ ਕੂੜਾ ਪ੍ਰਬੰਧਨ ਦੇ ਕੰਮਾਂ ਦੀ ਸਿੱਧੀ ਨਿਗਰਾਨੀ ਕਰਨਗੇ।

ਇੱਕ ਮਹੀਨੇ ਦੀ ਸਮਾਂ-ਸੀਮਾ

ਪ੍ਰਸ਼ਾਸਨ ਨੇ ਟ੍ਰਿਬਿਊਨਲ ਨੂੰ ਦੱਸਿਆ ਕਿ ਨਗਰ ਕੌਂਸਲ ਦੀ ਹੱਦ ਅੰਦਰ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵੱਡੇ ਕੂੜਾ ਉਤਪਾਦਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਕਿਉਂਕਿ ਨੋਟਿਸ ਦੀ ਮਿਆਦ ਖ਼ਤਮ ਹੋ ਚੁੱਕੀ ਹੈ, ਇਸ ਲਈ ਨਗਰ ਕੌਂਸਲ ਅਧਿਕਾਰੀਆਂ ਨੂੰ ਕੂੜਾ ਪ੍ਰਬੰਧਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਦੰਡਕਾਰੀ ਕਾਰਵਾਈ ਸ਼ੁਰੂ ਕਰਨ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ।

ਜੁਰਮਾਨਿਆਂ ਦੀ ਵਸੂਲੀ ਦੇ ਹੁਕਮ

ਟ੍ਰਿਬਿਊਨਲ ਨੇ ਨਗਰ ਕੌਂਸਲ ਸੰਗਰੂਰ ‘ਤੇ ਲਗਾਏ ਗਏ ਵਾਤਾਵਰਣ ਮੁਆਵਜ਼ੇ ਦੀ ਵਸੂਲੀ ਨਾ ਹੋਣ ‘ਤੇ ਵੀ ਚਿੰਤਾ ਪ੍ਰਗਟ ਕੀਤੀ। ਨਗਰ ਕੌਂਸਲ ‘ਤੇ ਲਗਾਇਆ ਗਿਆ ਵਾਤਾਵਰਣ ਮੁਆਵਜ਼ਾ (EC) 92 ਲੱਖ ਰੁਪਏ ਬਣਦਾ ਹੈ, ਜਿਸ ਵਿੱਚੋਂ ਸਿਰਫ਼ 18 ਲੱਖ ਰੁਪਏ ਹੀ ਜਮ੍ਹਾਂ ਕਰਵਾਏ ਗਏ ਹਨ। ਇਸੇ ਤਰ੍ਹਾਂ, 84 ਲੱਖ ਰੁਪਏ ਦੇ ਵਾਤਾਵਰਣ ਨੁਕਸਾਨ ਮੁਆਵਜ਼ੇ (EDC) ਦੇ ਮੁਕਾਬਲੇ ਸਿਰਫ਼ 18 ਲੱਖ ਰੁਪਏ ਦੀ ਹੀ ਵਸੂਲੀ ਹੋਈ ਹੈ।

ਐੱਨ ਜੀ ਟੀ ਨੇ ਡੀ ਸੀ ਨੂੰ ਚਾਰ ਹਫ਼ਤਿਆਂ ਦੇ ਅੰਦਰ ਬਕਾਇਆ ਰਾਸ਼ੀ ਦੀ ਵਸੂਲੀ ਯਕੀਨੀ ਬਣਾਉਣ ਅਤੇ ਇੱਕ ਵਿਸਥਾਰਤ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਟ੍ਰਿਬਿਊਨਲ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਫਰਵਰੀ 2027 ਵਿੱਚ ਕੀਤੀ ਜਾਵੇਗੀ।

Share this content:

Post Comment