ਕਾਂਗਰਸ ਦਾ ਨਵਾਂ ਪ੍ਰਧਾਨ ਵੀ ਪਾਰਟੀ ਆਗੂਆਂ ਨੂੰ ਇਕਜੁੱਟ ਨਹੀਂ ਕਰ ਸਕੇਗਾ – ਮਾਨ
ਖਡੂਰ ਸਾਹਿਬ, 2 ਅਕਤੂਬਰ – ਖਡੂਰ ਸਾਹਿਬ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਹੈ ਕਿ ਕਾਂਗਰਸ ਆਪਣੇ ਸੂਬੇ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲ ਰਹੀ ਹੈ ਪਰ ਹੁਣ ਆਉਣ ਵਾਲਾ ਨਵਾਂ ਪ੍ਰਧਾਨ ਵੀ ਪਾਰਟੀ ਦੇ ਆਗੂਆਂ ਨੂੰ ਆਪਸ ਵਿੱਚ ਇਕਜੁੱਟ ਨਹੀਂ ਕਰ ਸਕੇਗਾ। ਸ੍ਰੀ ਮਾਨ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਨਵਾਂ ਪ੍ਰਧਾਨ ਆਉਣ ਤੋਂ ਬਾਅਦ ਉਨ੍ਹਾਂ ਦੀ ਆਪਸੀ ਲੜਾਈ ਹੋਰ ਵੀ ਜ਼ਿਆਦਾ ਤੇਜ਼ ਹੋ ਜਾਵੇਗੀ। ਸ੍ਰੀ ਮਾਨ ਨੇ ਦੋਸ਼ ਲਾਇਆ ਕਿ ਕਾਂਗਰਸ ਕੋਲ ਵਰਕਰ ਘੱਟ ਹਨ ਪਰ ਮੁੱਖ ਮੰਤਰੀ ਬਣਨ ਦੇ ਚਾਹਵਾਨ ਆਗੂ ਬਹੁਤ ਜ਼ਿਆਦਾ ਹਨ, ਜੋ ਲੋਕਾਂ ਦੀ ਭਲਾਈ ਲਈ ਨਹੀਂ ਸਗੋਂ ਸੱਤਾ ਦੀ ਭੁੱਖ ਨੂੰ ਪੂਰਾ ਕਰਨ ਲਈ ਲੜਦੇ ਹਨ। ਕਾਂਗਰਸ ਨੇ ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੱਲ ਰਹੀ ਆਪਸੀ ਖਿੱਚੋਤਾਣ ਤੋਂ ਬਾਅਦ ਵੜਿੰਗ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਖਡੂਰ ਸਾਹਿਬ ਵਿਚ ਔਰਤਾਂ ਲਈ ਮਹੀਨਾਵਾਰ ਵਿੱਤੀ ਸਹਾਇਤਾ ਯੋਜਨਾ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਇਕੱਠ ਨੂੰ ਸੰਬੋਧਨ ਕੀਤਾ।
ਉਨ੍ਹਾਂ ਵਿਰੋਧੀਆਂ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਕਾਲੀ ਦਲ ਨੇ 25 ਸਾਲ ਅਤੇ ਕਾਂਗਰਸ ਨੇ ਲਗਪਗ 30 ਸਾਲ ਪੰਜਾਬ ਉੱਤੇ ਰਾਜ ਕੀਤਾ, ਪਰ ਸੂਬੇ ਦਾ ਉਹੋ ਜਿਹਾ ਵਿਕਾਸ ਨਹੀਂ ਹੋਇਆ ਜਿਸਦਾ ਇਹ ਹੱਕਦਾਰ ਸੀ। ਉਨ੍ਹਾਂ ਕਿਹਾ ਕਿ 2022 ਤੋਂ ਉਨ੍ਹਾਂ ਦੀ ਸਰਕਾਰ ਨੇ ਵਿਕਾਸ ਦੀ ਨੀਂਹ ਰੱਖੀ ਹੈ ਅਤੇ ਹੁਣ ਨਤੀਜੇ ਸਾਫ਼ ਦਿਖਾਈ ਦੇਣ ਲੱਗੇ ਹਨ। ਇਸ ਯੋਜਨਾ ਬਾਰੇ ਗੱਲ ਕਰਦਿਆਂ ਮਾਨ ਨੇ ਦੱਸਿਆ ਕਿ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਸਿੱਧਾ ਭਲਾਈ ਸਕੀਮਾਂ ਵਿੱਚ ਲਗਾ ਰਹੀ ਹੈ। ਅਕਤੂਬਰ, ਨਵੰਬਰ ਅਤੇ ਦਸੰਬਰ ਦੀ ਦੂਜੀ ਕਿਸ਼ਤ ਜਾਰੀ ਕਰਦਿਆਂ 36.87 ਲੱਖ ਔਰਤਾਂ ਦੇ ਬੈਂਕ ਖਾਤਿਆਂ ਵਿੱਚ 1,262.54 ਕਰੋੜ ਰੁਪਏ ਸਿੱਧੇ ਟਰਾਂਸਫਰ ਕੀਤੇ ਗਏ ਹਨ। ਇਸ ਤੋਂ ਪਹਿਲਾਂ ਵੀ 73.99 ਲੱਖ ਔਰਤਾਂ ਨੂੰ 2,562.33 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ, ਅਤੇ ਹੁਣ ਕੁੱਲ 3,824.87 ਕਰੋੜ ਰੁਪਏ ਸਤਿਕਾਰ ਰਾਸ਼ੀ ਵਜੋਂ ਔਰਤਾਂ ਦੇ ਖਾਤਿਆਂ ਵਿੱਚ ਪਹੁੰਚ ਚੁੱਕੇ ਹਨ।
Share this content:



Post Comment