Loading Now

ਕਹਾਣੀ/ਫ਼ਰਜ਼

ਕਹਾਣੀ/ਫ਼ਰਜ਼

ਰਮਨ ਸਰ ਕਿਸੇ ਡੂੰਘੀ ਸੋਚ ਵਿੱਚ ਖੁੁੱਭੇ ਹੋਏ ਸਨ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਨ੍ਹਾਂ ਕੋਲੋਂ ਕੋਈ ਗ਼ਲਤੀ ਹੋ ਗਈ ਹੋਵੇ। ਕੁੁਝ ਦਿਨ ਪਹਿਲਾਂ ਰਮਨ ਸਰ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬੀ ਪਾਠ-ਪੁੁਸਤਕ ਦਾ ਛੇਵਾਂ ਪਾਠ ਪੜ੍ਹਾ ਰਹੇ ਸਨ। ਪਾਠ ਪੜ੍ਹਾਉਂਦਿਆਂ ਉਨ੍ਹਾਂ ਦੇ ਮੋਬਾਈਲ ਦੀ ਘੰਟੀ ਵੱਜੀ। ਰਮਨ ਸਰ ਨੇ ਮੋਬਾਈਲ ਦੀ ਸਕਰੀਨ ਵੇਖੀ। ਉਨ੍ਹਾਂ ਦੇ ਕਿਸੇ ਦੋਸਤ ਦਾ ਫੋਨ ਸੀ। ਉਨ੍ਹਾਂ ਝੱਟ ਪੁਸਤਕ ਮੇਜ਼ ’ਤੇ ਮੂਧੀ ਮਾਰੀ ਤੇ ਦੋਸਤ ਨਾਲ ਗੱਲ ਕਰਨ ਵਿੱਚ ਰੁੱਝ ਗਏ। ਸਕੂਲ ਵਿੱਚ ਤਿੰਨ ਛੁੱਟੀਆਂ ਆ ਰਹੀਆਂ ਸਨ। ਉਨ੍ਹਾਂ ਦਾ ਦੋਸਤ ਉਨ੍ਹਾਂ ਨੂੰ ਸ਼ਿਮਲੇ ਘੁੰਮਣ ਜਾਣ ਦੀ ਯੋਜਨਾ ਬਾਰੇ ਪੁੱਛ ਰਿਹਾ ਸੀ। ਪੰਜ-ਸੱਤ ਮਿੰਟਾਂ ਬਾਅਦ ਰਮਨ ਸਰ ਫਿਰ ਪਾਠ ਪੜ੍ਹਾਉਣ ਲੱਗੇ। ਮੋਬਾਈਲ ’ਤੇ ਫੇਰ ਕਿਸੇ ਦੀ ਕਾਲ ਆ ਗਈ। ਪੀਰੀਅਡ ਖ਼ਤਮ ਹੋਣ ਤੋਂ ਪਹਿਲਾਂ ਰਮਨ ਸਰ ਨੇ ਕਾਹਲੀ-ਕਾਹਲੀ ਪਾਠ ਪੜ੍ਹਾਇਆ, ਪਰ ਸਿਮਰਨ ਨੂੰ ਕੁੁਝ ਗੱਲਾਂ ਸਮਝ ਨਾ ਆਈਆਂ।

‘ਸਰ, ਮੈਂ ਇੱਕ ਸਵਾਲ ਪੁੱਛਣਾ ਏ ਜੀ।’’ ਸਿਮਰਨ ਨੇ ਬੈਂਚ ਤੋਂ ਖੜ੍ਹਾ ਹੁੰਦਿਆਂ ਪੁੱਛਿਆ।

ਰਮਨ ਸਰ ਨੇ ਘੜੀ ਵੇਖੀ। ਪੁੱਛਿਆ ‘‘ਛੇਤੀ ਬੋਲ?’’

ਸਿਮਰਨ ਨੇ ਪੁੱਛਿਆ, ‘‘ਸਰ ਜਦੋਂ ਬਲਜੀਤ ਨੇ ਸੁੁਖਨਾ ਝੀਲ ’ਚ ਡੁੱਬਦੇ ਬੱਚੇ ਨੂੰ ਬਚਾਇਆ ਤਾਂ ਉਸ ਨੇ ਉਸ ਬੱਚੇ ਦੀ ਮੰਮੀ ਤੋਂ ਇਨਾਮ ਲੈਣ ਤੋਂ ਕਿਉਂ ਇਨਕਾਰ ਕਰ ਦਿੱਤਾ। ਉਹ ਤਾਂ ਉਸ ਨੂੰ ਖੁ਼ੁਸ਼ ਹੋ ਕੇ ਇਨਾਮ ਦੇ ਰਹੇ ਸਨ?’’

ਇਹ ਸੁੁਣ ਕੇ ਰਮਨ ਸਰ ਨੂੰ ਗੁੱਸਾ ਆ ਗਿਆ। ਕਹਿਣ ਲੱਗੇ, ‘‘ਕਲਾਸ ਰੂਮ ਵਿੱਚ ਤੇਰਾ ਧਿਆਨ ਕਿੱਥੇ ਹੁੰਦੈ? ਘਰ ਜਾ ਕੇ ਵੀ ਕਿਤਾਬ ਖੋਲ੍ਹ ਕੇ ਦੇਖ ਲਿਆ ਕਰ। ਘਰੋਂ ਪੜ੍ਹ ਕੇ ਆਈਂ ਪਹਿਲਾਂ ਇਹ ਕਹਾਣੀ।’’

ਰਮਨ ਸਰ ਦੀ ਇਹ ਗੱਲ ਸੁੁਣ ਕੇ ਸਿਮਰਨ ਨਿੰਮੋਝੂਣਾ ਹੋ ਗਿਆ ਤੇ ਬਹਿ ਗਿਆ। ਸਾਰੀ ਛੁੱਟੀ ਹੋਈ। ਉਹ ਉਦਾਸ ਜਿਹਾ ਹੋ ਕੇ ਘਰ ਜਾ ਰਿਹਾ ਸੀ। ਚਾਣਚੱਕ ਉਸ ਦੇ ਪਿੱਛੋਂ ਕੋਈ ਆਵਾਜ਼ ਆਈ, ‘‘ਸਮਝਾ ’ਤਾ ਚੰਗੀ ਤਰ੍ਹਾਂ ਸਰ ਨੇ ਸਵਾਲ?’’

ਸਿਮਰਨ ਨੇ ਮੁੁੜ ਕੇ ਦੇਖਿਆ। ਉਹਦੀ ਜਮਾਤ ਦਾ ਸਭ ਤੋਂ ਵੱਧ ਸ਼ਰਾਰਤੀ ਮੁੰਡਾ ਦਰਸ਼ਨ ਸੀ। ਉਸ ਦੇ ਨਾਲ ਉਹਦਾ ਦੋਸਤ ਸੰਜੇ ਵੀ ਸੀ। ਦੋਵੇਂ ਖਿੜ-ਖਿੜਾ ਕੇ ਹੱਸ ਰਹੇ ਸਨ। ਸਿਮਰਨ ਚੁੁੱਪ-ਚਾਪ ਘਰ ਆ ਗਿਆ। ਮੰਮੀ ਨੇ ਅੰਦਾਜ਼ਾ ਲਗਾ ਲਿਆ ਸੀ ਕਿ ਸਿਮਰਨ ਨਾਲ ਅੱਜ ਕੁੁਝ ਨਾ ਕੁੁਝ ਵਾਪਰਿਆ ਹੈ। ਉਨ੍ਹਾਂ ਨੇ ਸਿਮਰਨ ਨੂੰ ਪੁੁੱਛਣ ਦਾ ਯਤਨ ਕੀਤਾ, ਪਰ ਉਹ ਚੁੱਪ ਰਿਹਾ। ਰਮਨ ਸਰ ਰਾਤੀਂ ਸੌਣ ਲੱਗੇ। ਚਾਣਚੱਕ ਉਨ੍ਹਾਂ ਦੀਆਂ ਅੱਖਾਂ ਅੱਗੇ ਅੱਜ ਵਾਲੀ ਘਟਨਾ ਘੁੰਮ ਗਈ। ਉਹ ਉਸਲਵੱਟੇ ਲੈਂਦੇ ਰਹੇ। ਉਨ੍ਹਾਂ ਨੂੰ ਬੜੀ ਮੁੁਸ਼ਕਿਲ ਨਾਲ ਨੀਂਦ ਆਈ। ਸੁੁਫ਼ਨੇ ਵਿੱਚ ਉਹ ਕਲਾਸ-ਰੂਮ ਵਿੱਚ ਬੈਠੇ ਸਨ ਤੇ ਸਿਮਰਨ ਉਨ੍ਹਾਂ ਨੂੰ ਸਵਾਲ ਪੁੱਛ ਰਿਹਾ ਸੀ। ‘‘ਕਲਾਸ ਰੂਮ ਵਿੱਚ ਤੇਰਾ ਧਿਆਨ ਕਿੱਥੇ ਹੁੰਦੈ? ਘਰ ਜਾ ਕੇ ਵੀ ਕਿਤਾਬ ਖੋਲ੍ਹ ਕੇ ਦੇਖ ਲਿਆ ਕਰ। ਘਰੋਂ ਪੜ੍ਹ ਕੇ ਆਈਂ ਪਹਿਲਾਂ ਇਹ ਕਹਾਣੀ।’’ ਉਹ ਸਿਮਰਨ ਨੂੰ ਝਿੜਕ ਰਹੇ ਸਨ।

‘‘ਮੈਨੂੰ ਸਿਮਰਨ ਦੇ ਸਵਾਲ ਦਾ ਜਵਾਬ ਦੇਣਾ ਚਾਹੀਦਾ ਸੀ। ਅਸਲ ਵਿੱਚ ਗ਼ਲਤੀ ਮੇਰੀ ਹੀ ਸੀ। ਵਿਦਿਆਰਥੀਆਂ ਨੂੰ ਪੜ੍ਹਾਉਣ ਸਮੇਂ ਮੈਨੂੰ ਆਪਣਾ ਮੋਬਾਈਲ ਬੰਦ ਰੱਖਣਾ ਚਾਹੀਦਾ ਸੀ। ਮੇਰੇ ਮੋਬਾਈਲ ਫੋਨ ਦੀਆਂ ਕਾਲਾਂ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪਾਉਂਦੀਆਂ ਰਹੀਆਂ। ਦੋਸਤਾਂ ਮਿੱਤਰਾਂ ਨਾਲ ਗੱਲਾਂ ਬਾਤਾਂ ਕਰਦਿਆਂ ਪਾਠ ਮੁੁਕਾਉਣ ਦੀ ਕਾਹਲੀ ਵਿੱਚ ਮੈਂ ਫਾਹਾ ਵੱਢਣ ਵਾਲੀ ਗੱਲ ਕੀਤੀ। ਇਸ ਵਿੱਚ ਸਿਮਰਨ ਦੀ ਨਹੀਂ, ਮੇਰੀ ਗ਼ਲਤੀ ਸੀ। ਮੇਰੇ ਵੱਲੋਂ ਅਣਮੰਨੇ ਜਿਹੇ ਮਨ ਨਾਲ ਕਾਹਲੀ-ਕਾਹਲੀ ਪੜ੍ਹਾਉਣ ਨਾਲ ਸਿਮਰਨ ਨੂੰ ਕੁੁਝ ਗੱਲਾ ਸਪੱਸ਼ਟ ਨਾ ਹੋ ਸਕੀਆਂ ਤਾਂ ਹੀ ਉਸ ਨੇ ਮੈਨੂੰ ਸਵਾਲ ਕਰਕੇ ਜਵਾਬ ਪੁੱਛਿਆ ਸੀ, ਪਰ ਮੈਂ … ?’’ ਰਮਨ ਸਰ ਦੇ ਮਨ ਵਿੱਚ ਸੋਚਾਂ ਦੀ ਜੰਗ ਚੱਲ ਰਹੀ ਸੀ।

ਅਗਲੇ ਦਿਨ ਸਕੂਲ ਖੁੱਲ੍ਹਿਆ। ਪਹਿਲੀ ਘੰਟੀ ਪੰਜਾਬੀ ਵਿਸ਼ੇ ਦੀ ਸੀ। ਰਮਨ ਸਰ ਬੋਲੇ, ‘‘ਸਿਮਰਨ ਬੇਟਾ, ਤੇਰੇ ਕੱਲ੍ਹ ਵਾਲੇ ਸਵਾਲ ਦਾ ਜਵਾਬ ਇਹ ਹੈ ਕਿ ਬਲਜੀਤ ਨੇ ਉਸ ਬੱਚੇ ਦੀ ਮੰਮੀ ਕੋਲੋਂ ਇਸ ਕਰਕੇ ਪੈਸੇ ਨਾ ਲਏ ਕਿਉਂਕਿ ਉਸ ਲਈ ਇਹ ਇੱਕ ਇਨਸਾਨੀ ਫ਼ਰਜ਼ ਸੀ। ਕਿਸੇ ਸੰਕਟ ਵਿੱਚ ਪਏ ਵਿਅਕਤੀ ਜਾਂ ਜੀਵ ਨੂੰ ਬਚਾ ਕੇ ਉਸ ਬਦਲੇ ਵਿੱਚ ਉਸ ਦਾ ਮੁੱਲ ਲੈਣਾ ਜਾਂ ਉਸ ਉੱਪਰ ਅਹਿਸਾਨ ਜਤਾਉਣਾ ਚੰਗੀ ਗੱਲ ਨਹੀਂ। ਬਲਜੀਤ ਨੇ ਵੀ ਇਸ ਨੂੰ ਆਪਣਾ ਫਰਜ਼ ਸਮਝਿਆ ਤੇ ਬਦਲੇ ਵਿੱਚ ਇਨਾਮ ਵਜੋਂ ਪੈਸੇ ਨਾ ਲਏ। ਅਜਿਹੀ ਸੋਚ ਹਰ ਇਨਸਾਨ ਦੀ ਹੋਣੀ ਚਾਹੀਦੀ ਹੈ। ਸਮਝ ਗਏ ਹੋ ਬੇਟਾ?’’

ਸਿਮਰਨ ਨੇ ਮੁੁਸਕਾਉਂਦੇ ਹੋਏ ਕਿਹਾ, ‘‘ਜੀ ਸਰ, ਮੈਨੂੰ ਚੰਗੀ ਤਰ੍ਹਾਂ ਸਵਾਲ ਦਾ ਉੱਤਰ ਸਮਝ ਆ ਗਿਆ ਹੈ। ਧੰਨਵਾਦ ਜੀ।’’

ਰਮਨ ਸਰ ਫਿਰ ਬੋਲੇ, ‘‘ਬੱਚਿਓ ਕੋਈ ਵੀ ਸਵਾਲ ਤੁੁਹਾਡੇ ਮਨ ਵਿੱਚ ਪੈਦਾ ਹੋਵੇ, ਮੈਨੂੰ ਜ਼ਰੂਰ ਪੁੱਛਣਾ ਹੈ। ਝਿਜਕਣਾ ਨਹੀਂ।’’

ਸਰ ਦਾ ਮੋਬਾਈਲ ਅੱਜ ਵੀ ਮੇਜ਼ ’ਤੇ ਪਿਆ ਸੀ, ਪਰ ਉਹ ‘ਸਵਿੱਚ ਆਫ’ ਸੀ।

ਅਗਲੇ ਦਿਨ ਰਮਨ ਸਰ ਨੂੰ ਫੁੱਲਾਂ ਦਾ ਇੱਕ ਛੋਟਾ ਜਿਹਾ ਗੁੁਲਦਸਤਾ ਭੇਂਟ ਕਰਕੇ ਸਿਮਰਨ ਨਿਮਰਤਾ ਨਾਲ ਬੋਲਿਆ, ‘‘ਸਰ, ਆਪ ਨੂੰ ਅਧਿਆਪਕ ਦਿਵਸ ਦੀ ਬਹੁੁਤ ਬਹੁੁਤ ਵਧਾਈ ਹੋਵੇ।’’ ਰਮਨ ਸਰ ਦੇ ਚਿਹਰੇ ’ਤੇ ਮੁੁਸਕਾਨ ਫੈਲ ਗਈ ਤੇ ਬੋਲੇ, ‘‘ਧੰਨਵਾਦ ਬੇਟਾ।’’

Share this content:

Post Comment