Loading Now

ਕਵਿਤਾ/ਦਲਜੀਤ ਸਿੰਘ ਕਾਹਲੋਂ

ਕਵਿਤਾ/ਦਲਜੀਤ ਸਿੰਘ ਕਾਹਲੋਂ

ਸੱਭ ਤੋਂ ਪਹਿਲਾਂ ਦੁਨੀਆਂ ਦੇ ਕੋਨੇ ਕੋਨੇ ਵਿੱਚ ਵਸਦੇ ਭਾਰਤੀਆਂ ਨੂੰ “ 🪔ਲੰਘੀ ਦੀਵਾਲੀ 2026 🪔“ ਦੀਆਂ ਮੁਬਾਰਕਾਂ ਜੀ ।🙏ਇਹ ਖੁਸ਼ੀਆਂ ਭਰੀ ਦੀਵਾਲੀ ਅਮਰੀਕਾ ਦੀ ਧਰਤੀ ਉੱਤੇ ਇੱਕ ਨਵਾਂ ਇਤਿਹਾਸ ਰਚ ਗਈ । ਇਹ ਦੱਸਦਿਆਂ ਬੇਹੱਦ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹਾਂ ਕਿ ; ਕੁੱਝ ਨਾਗਰਿਕਾਂ ਦੀ ਮੰਦਬੁੱਧੀ ਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਾਰਨ ਅਤੇ ਦਿਵਾਲੀ ਵਾਲੇ ਦਿਨ ਪਾਏ ਖਰੂਦ ਕਾਰਨ , ਅਮਰੀਕਾ ਵਿੱਚ ਇਸ ਸਾਲ ਦੀ ਦੀਵਾਲੀ ਇੱਕ ਵੱਖਰੀ ਛਾਪ ਛੱਡ ਗਈ ਅਤੇ ‘ਮੇਰਾ ਭਾਰਤ ਮਹਾਨ ‘ ਦੀ ਬੱਲੇ-ਬੱਲੇ ਕਰਵਾ ਗਈ । ਆਹ ਬੀਤੇ ਦਿਨ ਅਮਰੀਕਾ ਵਿੱਚ ਭਾਰਤੀਆਂ ਵਲੋਂ ਮਨਾਏ ਗਏ ਦਿਵਾਲੀ ਦੇ ਤਿਉਹਾਰ ਵਿੱਚ ਕੁੱਝ ਥਾਵਾਂ ਉੱਪਰ ; “ ਦੀਵਾਲੀ ਮਨਾਉਣ ਵਾਲੇ ਬੇਕਾਬੂ ਹੋਏ ।” ਗੋਰਿਆਂ ਦੇ ਕਹਿਣ ਮੁਤਾਬਕ “ Diwali Celebrators gone wild. “। ਸੰਖੇਪ ਕਵਿਤਾ ਵਿੱਚ :- ਹੋਇਆ ਹੱਲਾ-ਗੁੱਲਾ,ਕੀਤਾ ਸ਼ੋਰ-ਸ਼ਰਾਬਾ! ਹੋਇਆ ਟ੍ਰੈਫ਼ਿਕ ਜਾਮ,ਕੀਤਾ ਬੜਾ ਖਰਾਬਾ!! ਲਾਅ ਐਂਡ ਆਰਡਰ , ਖੁੱਡੇ ਲਾਤਾ ! ਫਾਇਰਵਰਕਸ ਨਾਲ ,ਗੰਦ ਕਹਿੰਦੇ ਪਾਤਾ !! ਪ੍ਰਸ਼ਾਸਨ ਪਾਈ , ਬੜੀ ਦੁਹਾਈ ! ਕਿਸੇ ਨਾ ਕੀਤੀ, ਮੁੜ ਸਫਾਈ !! ਖੁਸ਼ੀ ਖੁਸ਼ੀ ਸੱਭ ਘਰਾਂ ਨੂੰ ਫੁੱਟ ਗਏ ! ਫਾਇਰ ਬ੍ਰਿਗੇਡ ਸਫ਼ਾਈ ਨੂੰ ਜੁੱਟ ਗਏ!! ਘੰਟਿਆਂ ਬੱਧੀ ਕੀਤੀ ਸਫਾਈ ! ਰੈਡ ਪੱਖੀਆਂ ਕਹਿੰਦੇ ਗਾਲ ਬੜੀ ਵਾਹੀ !! ਸਟੁਪਿੱਡ-ਈਡੀਅਟ,ਆਖੀ ਜਾਵਣ ! ਖਿਝਿਓ-ਬੁਝਿਓ,ਘਰਾਂ ਨੂੰ ਆਵਣ”!! ਉਨ੍ਹਾਂ ਦੇ ਬੋਲ 🎤ਗੜ੍ਹਕਣ ! “ ਕਾਹਲੋਂ “ ਦੇ ਬੜੇ ਰੜਕਣ ॥ ਕਲਮ ✍️ ਪਈ ਪੁਕਾਰਦੀ । ਦੀਵਾਲੀ ਪਈ ਚੀਕਾਂ ਮਾਰਦੀ !! ਇਨਾਂ ਸਮਾਰੋਹਾਂ ਸਬੰਧੀ ਮੀਡੀਆ ਵਿੱਚ ਬਹੁਤ ਕੁੱਝ ਬੁਰਾ ਭਲਾ ਸੁਣਨ ਤੇ ਵੇਖਣ ਨੂੰ ਮਿਲਿਆ । ਜਿਸਨੂੰ ਕਿ ਦੁਨੀਆ ਦੇ ਕੋਨੇ ਕੋਨੇ ਵਿੱਚ ਸੁਣਿਆ ਵੀ ਤੇ ਵੇਖਿਆ ਵੀ । ਮੀਡੀਆ ਦੀ ਜ਼ਬਾਨੀ ਕਹੇ ਲਫ਼ਜ਼ਾਂ ਵਿਚੋਂ ਆਖਰੀ ਲਾਇਨ ਦਾ ਹਵਾਲਾ ਇਵੇਂ ਹੈ :- ( ਅਮਰੀਕਾ ਵਿੱਚ ਜਨਤਕ ਥਾਵਾਂ ਉੱਪਰ ਇਹੋ ਜਿਹੀ ਅਣਦੇਖੀ ਨਾ ਲਿਆਂਦੀ ਜਾਵੇ । ਜੋ ਵੀ ਜਗ੍ਹਾ ਤੁਸੀਂ ਤਿਉਹਾਰ ਮਨਾਉਣ ਲਈ ਚੁਣਦੇ ਹੋ , ਓਸ ਆਂਢ-ਗੁਆਂਢ ਦੀ ਕਦਰ ਕਰੋ । ਆਪਣੇ ਗੰਦ ਨੂੰ ਸਾਫ਼ ਕਰੋ । ਅਮਰੀਕਾ ਤੁਹਾਡੀ “ ਕੂੜਾ ਸੁੱਟਣ ਦੀ ਜਗ੍ਹਾ “ ਨਹੀਂ । )

ਸੁਣਦੇ ਸਾਰ ਚਾਚੇ ਦਾ ਸਿਰ ਨੀਵਾਂ ਤੇ ਮੰਨ ਉੱਪਰ ਤਨਾਅ ; ਹੋਣਾ ਸੁਭਾਵਿਕ ਹੀ ਸੀ , ਆਪਣੇ ਭਰਾ ਜਿਉਂ ਹੋਏ । ਇਸੇ ਵਿਸ਼ੇ ਉੱਪਰ ਮਜਬੂਰਨ ਕੱਝ ਲਿਖਣ ਨੂੰ ਪੈੱਨ ਚੁੱਕਣਾ ਪਿਆ । ਕਿਉਂਕਿ ਖਬਰਾਂ ਵਿੱਚ ਕਾਫੀ ਹੱਲਾਗੁੱਲਾ ,ਅਣਸੁਖਾਵਾਂ ਮਹੌਲ , ਟਰੈਫਿਕ ਜਾਮ ਤੇ ਪਿੱਛੇ ਛੱਡ ਗਏ ਗੰਦਗੀ ਦੇ ਢੇਰਾਂ ਉੱਪਰ ਕੈਮਰੇ ਫੋਕਸ ਕਰਕੇ ਵਿਖਾਏ ਗਏ । ਕਾਫੀ ਲੋਕਲ ਵਸਿੰਦੇ , ਦਿਵਾਲੀ ਫੈਸਟੀਵਲ ਮਨਾਉਣ ਵਾਲੇ ਭਾਰਤੀ ਪ੍ਰਵਾਸੀਆਂ ਵਲੋਂ ਟ੍ਰੈਫ਼ਿਕ ਵਿੱਚ ਰੁਕਾਵਟ ਪਾਉਣ ਲਈ ਅਤੇ ਪਬਲਿਕ ਥਾਵਾਂ ਉੱਪਰ ਗੰਦ ਪਾਉਣ ਕਾਰਨ ਬਹੁਤ ਖਫਾ ਹੋਏ ਤੇ ਬੁਰਾ ਭਲਾ ਵੀ ਬੋਲੇ । ਬਾਅਦ ਵਿੱਚ ਸਾਫ ਸਫਾਈ ਨਾ ਕਰਨ ਕਾਰਨ ਉਨਾ ਦਾ ਗੁੱਸਾ ਹੋਰ ਵੀ ਸੱਤਵੇਂ ਅਸਮਾਨ ਤੇ ਚੜ੍ਹ ਗਿਆ ਤੇ ਨਫ਼ਰਤ ਜ਼ਾਹਰ ਕਰਦੇ ਵੀ ਵੇਖੇ ਗਏ । ਜਿਸ ਕਰਕੇ ਇਹ ਖੁਸ਼ੀਆਂ ਵਾਲਾ ਤਿਉਹਾਰ ਪਬਲਿਕ ਵਿੱਚ ਬੜਾ ਮਾੜਾ ਪ੍ਰਭਾਵ ਛੱਡ ਗਿਆ । ਅਸਲ ਵਿੱਚ ਤਾਂ ਪ੍ਰਬੰਧਕਾਂ ਦੀ ਜ਼ੁੰਮੇਵਾਰੀ ਹੁੰਦੀ ਹੈ ਕਿ ਬਾਅਦ ਵਿੱਚ ਵਲੰਟੀਅਰਾਂ ਨੂੰ ਨਾਲ ਲੈ ਕੇ ਸਾਫ ਸਫਾਈ ਕਰਵਾਕੇ ਜਾਣ , ਜਿਵੇਂ ਕਿ ਅਕਸਰ ਨਗਰਕੀਤਨਾਂ ਤੋਂ ਬਾਅਦ ਕੀਤਾ ਜਾਂਦਾ ਹੈ । ਕਿਸੇ ਵੀ ਧਰਮ ਜਾਂ ਸੰਸਥਾ ਵਲੋਂ ਮਨਾਇਆ ਕੋਈ ਵੀ ਦਿਨ- ਤਿਉਹਾਰ , ਫੰਕਸ਼ਨ ਜਾਂ ਸਮਾਰੋਹ ; ਅਨੁਸ਼ਾਸਨ ਵਿੱਚ ਰਹਿੰਦਿਆਂ ਹੋਇਆਂ- ਬਹੁਤ ਸੰਜੀਦਗੀ , ਸੰਵੇਦਨਸ਼ੀਲਤਾ ਤੇ ਉੱਚਿਤ ਢੰਗ ਨਾਲ ਮਨਾਉਣਾ ਚਾਹੀਦਾ ਹੈ ।

ਤਾਂਕਿ ਵਿਦੇਸ਼ਾਂ ਵਿੱਚ ਬੈਠਿਆਂ , ਆਂਢ -ਗੁਆਂਢ ਤੇ ਸਮੂਹ ਵਾਤਾਵਰਣ ਤੇ ਚੁਗਿਰਦੇ ਵਿੱਚ ਮਨੁੱਖਤਾ ਲਈ ਇੱਕ ਪ੍ਰਭਾਵਸ਼ਾਲੀ ਸੁਨੇਹਾ ਛੱਡਿਆ ਜਾ ਸਕੇ । ਵਿਦੇਸ਼ਾਂ ਵਿੱਚ ਰਹਿੰਦਿਆਂ ਸਾਨੂੰ ਅਜਿਹੀ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ, ਜਿਸ ਨਾਲ ਉਨਾਂ ਵਿੱਚ ਸਾਡੇ ਪ੍ਰਤੀ ਸਨੇਹ ਤੇ ਆਪਣਾਪਨ ਜਾਗੇ ਅਤੇ ਆਪਣੇ ਸੱਭਿਆਚਾਰ, ਵਿਰਸੇ ਤੇ ਸੰਸਕਾਰਾਂ ਦੀ ਮਹਿਕ ਵੀ ਬਰਕਰਾਰ ਰਹਿ ਸਕੇ । ਸੱਭ ਤੋਂ ਜਰੂਰੀ ਹੈ ਕਿ ਜਿਸ ਦੇਸ਼ ਵਿੱਚ ਰਹਿੰਦੇ ਹਾਂ, ਉੱਥੋਂ ਦੇ ਕਾਨੂੰਨਾਂ, ਨਿਯਮਾਂ ਅਤੇ ਲੋਕਾਂ ਦੇ ਅਧਿਕਾਰਾਂ ਦਾ ਸਤਿਕਾਰ ਕਰੀਏ । ਹਰ ਧਰਮ, ਜਾਤ ਅਤੇ ਨਸਲ ਦੇ ਲੋਕਾਂ ਨਾਲ ਪਿਆਰ, ਸਤਿਕਾਰ ਅਤੇ ਬਰਾਬਰੀ ਵਾਲਾ ਵਿਹਾਰ ਕਰੀਏ । ਸਾਨੂੰ ਪੱਛਮੀ ਦੇਸ਼ਾਂ ਦੇ ਅਨੁਸ਼ਾਸਨ ਅਤੇ ਨਾਗਰਿਕਾਂ ਪ੍ਵਤੀ ਜ਼ਿੰਮੇਵਾਰੀਆਂ ਨੂੰ ਬਹਾਲ ਰੱਖਣਾ ਚਾਹੀਦਾ ਹੈ। ਸੰਸਾਰ ਵਿੱਚ ਇਸ ਤਰ੍ਹਾਂ ਵਿਚਰੋ ਕਿ ਇਨਾਂ ਦੇਸ਼ਾਂ ਦੇ ਸੰਸਥਾਪਕ ਨਿਵਾਸੀ ਸਾਨੂੰ ਨਫ਼ਰਤ ਦੀਆਂ ਨਿਗਾਹਾਂ ਨਾਲ ਨਾ ਵੇਖਣ । ਅਗਰ ਕੋਈ ਵੀ ਪ੍ਰਵਾਸੀ ਅਮਰੀਕਾ ਕਨੇਡਾ ਵਿੱਚ ਆ ਕੇ ਇੱਥੇ ਆਪਣੇ ਦੇਸ਼ਾਂ ਵਾਂਗ ਬੇਪ੍ਰਵਾਹ ਹੋ ਕੇ ਵਿਚਰਦਾ ਹੈ ਤਾਂ ਇਹ ਲੋਕ ਬਹੁਤ ਬੁਰਾ ਮਹਿਸੂਸ ਕਰਦੇ ਹਨ ਤੇ ਦਮ ਘੁਟਿਆ ਮਹਿਸੂਸ ਕਰਦੇ ਹਨ । ਫਿਰ ਉਨਾ ਦੀ ਸੋਚ ਵਿੱਚ ਸਾਡੇ ਪ੍ਰਤੀ ਨਸਲੀ ਨਫ਼ਰਤ ਪੈਦਾ ਹੋਣੀ ਸੁਭਾਵਿਕ ਹੈ , ਜੋ ਕਦੀ ਕਦਾਈਂ ਇੱਕਾ ਦੁੱਕਾ ਨਸਲੀ ਹਮਲਿਆਂ ਦੇ ਰੂਪ ਵਿੱਚ ਬਾਹਰ ਆਉਂਦੀ ਹੈ ।ਆਓ ਸੱਭ ਮਿਲਕੇ ਇੱਕ ਇਹੋ ਜਿਹਿਆ ਸੁਖਾਵਾਂ ਮਾਹੌਲ ਸਿਰਜੀਏ ਕਿ ਉਹ ਲੋਕ ਖੁਦ ਆਪ ਮੁਹਾਰੇ ਸਾਡੀਆਂ ਖੁਸ਼ੀਆਂ ਵਿੱਚ ਸ਼ਮੂਲੀਅਤ ਕਰਕੇ ਖੁਸ਼ੀ ਦਾ ਇਜ਼ਹਾਰ ਕਰਨ । ਇਸ ਤਰ੍ਹਾਂ ਵਿਚਰਨ ਨਾਲ ਆਪਸੀ ਭਾਈਚਾਰਕ ਸਾਂਝ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਵੀ ਜਾਵੇਗਾ ਅਤੇ ਇੱਕ ਵਧੀਆ ਸ਼ਾਂਤਮਈ ਸੰਸਾਰ ਸਿਰਜਣ ਵਿੱਚ ਵੀ ਸਹਾਈ ਹੋਵੇਗਾ ।

diljit-singh-kahlon ਕਵਿਤਾ/ਦਲਜੀਤ ਸਿੰਘ ਕਾਹਲੋਂ

Share this content:

Post Comment