ਕਵਿਤਾ/ਗੁਰੂ ਨਾਨਕ ਦੇ ਪ੍ਰਕਾਸ਼ ਦਿਵਸ ‘ਤੇ: ਬਾਬਾ,ਤੇਰਾ ਘਰ ਕਿੱਥੇ ਹੈ/ਯਸ਼ ਪਾਲ
#ਅਮਰਜੀਤ ਗਰੇਵਾਲ
ਅਜੀਬ ਸੁਪਨਾ ਸੀ:
ਗੁਰੂ ਨਾਨਕ
ਆਪਣੇ ਹੀ ਨਾਮ ’ਤੇ ਬਣੇ
ਗੁਰਦੁਆਰੇ ਵਿੱਚ ਆਏ।
ਅੰਦਰ
ਅਖੰਡ ਪਾਠ ਚੱਲ ਰਿਹਾ ਸੀ।
ਬਾਬਾ
ਬਾਣੀ ਸੁਣਨ ਬੈਠ ਗਿਆ।
ਪਾਠੀ ਦੇ ਸਾਹਮਣੇ
ਘੜੀ ਸੀ।
ਪ੍ਰਬੰਧਕ ਦੇ ਸਾਹਮਣੇ
ਹਿਸਾਬ।
ਸੰਗਤ ਦੇ ਅੰਦਰ
ਆਪੋ-ਆਪਣੀਆਂ ਮੰਗਾਂ।
ਬਾਣੀ
ਸਭ ਦੇ ਵਿਚਕਾਰ
ਵਹਿ ਰਹੀ ਸੀ।
ਪਰ ਕਿਸੇ ਦੇ ਅੰਦਰ
ਉਸ ਲਈ
ਕੋਈ ਰਸਤਾ ਨਹੀਂ ਸੀ।
ਬਾਬੇ ਨੇ
ਇੱਕ ਵਿਦਵਾਨ ਨੂੰ ਪੁੱਛਿਆ
ਤੂੰ ਕੀ ਕਰਦਾ ਹੈਂ?
ਤੁਹਾਡੇ ਬਾਰੇ ਪੜ੍ਹਾਉਂਦਾ ਹਾਂ।
ਕਿੰਨੇ ਚਿਰ ਤੋਂ?
ਚਾਲੀ ਸਾਲਾਂ ਤੋਂ।
ਫਿਰ ਤਾਂ
ਤੂੰ ਮੈਨੂੰ ਜਾਣਦਾ ਹੋਵੇਂਗਾ?
ਵਿਦਵਾਨ ਨੇ
ਆਪਣੀਆਂ ਕਿਤਾਬਾਂ ਖੋਲ੍ਹ ਦਿੱਤੀਆਂ।
ਹਰ ਸਫ਼ੇ ਉੱਤੇ
ਨਾਨਕ ਸੀ।
ਬਾਬੇ ਨੇ
ਵਿਦਵਾਨ ਦੀਆਂ ਅੱਖਾਂ ਵਿੱਚ ਵੇਖਿਆ।
ਉੱਥੇ
ਇੱਕ ਵੀ ਸਫ਼ਾ
ਨਹੀਂ ਸੀ ਖੁੱਲ੍ਹਿਆ।
ਇੱਕ ਰਾਗੀ
ਸ਼ਬਦ ਗਾ ਰਿਹਾ ਸੀ।
ਉਸ ਦੀ ਆਵਾਜ਼
ਸਮੁੰਦਰਾਂ ਤੋਂ ਪਾਰ
ਵਿਕ ਰਹੀ ਸੀ।
ਬਾਬੇ ਨੇ ਪੁੱਛਿਆ:
ਮਰਦਾਨੇ ਦੀ ਰਬਾਬ
ਕਿੱਥੇ ਹੈ?
ਰਾਗੀ ਬੋਲਿਆ:
ਅਜਾਇਬਘਰ ਵਿੱਚ।
ਬਾਬੇ ਨੇ ਆਖਿਆ:
ਰਬਾਬ
ਅਜਾਇਬਘਰ ਵਿੱਚ
ਸ਼ਬਦ
ਬਾਜ਼ਾਰ ਵਿੱਚ
ਤੇ ਮਨੁੱਖ?
ਰਾਗੀ ਨੇ
ਅਗਲਾ ਸ਼ਬਦ
ਸ਼ੁਰੂ ਕਰ ਦਿੱਤਾ।
ਇੱਕ ਪ੍ਰਬੰਧਕ ਆਇਆ।
ਉਸ ਦੇ ਹੱਥ ਵਿੱਚ
ਚਾਬੀਆਂ ਦਾ ਗੁੱਛਾ ਸੀ।
ਬਾਬੇ ਨੇ ਪੁੱਛਿਆ
ਇਹ ਕਿਸ ਦੀਆਂ ਚਾਬੀਆਂ ਹਨ?
ਗੁਰੂ ਘਰ ਦੀਆਂ।
ਤੇ ਗੁਰੂ ਦੇ ਘਰ ਵਿੱਚ
ਕੌਣ ਰਹਿੰਦਾ ਹੈ?
ਪ੍ਰਬੰਧਕ
ਚਾਬੀਆਂ ਗਿਣਨ ਲੱਗ ਪਿਆ।
ਬਾਬਾ
ਗੋਲਕ ਕੋਲ ਆਇਆ।
ਇੱਕ ਬੱਚਾ
ਉੱਥੇ ਖੜ੍ਹਾ ਸੀ।
ਬਾਬੇ ਨੇ ਪੁੱਛਿਆ:
ਇਹ ਕੀ ਹੈ?
ਗੁਰੂ ਦੀ ਗੋਲਕ।
ਗੁਰੂ ਕਿੱਥੇ ਹੈ?
ਬੱਚੇ ਨੇ
ਗੋਲਕ ਵੱਲ
ਉਂਗਲ ਕਰ ਦਿੱਤੀ।
ਬਾਬੇ ਨੇ ਪੁੱਛਿਆ:
ਗੁਰੂ
ਗੋਲਕ ਵਿੱਚ ਕਦੋਂ ਵੜ ਗਿਆ?
ਬੱਚੇ ਨੇ ਆਖਿਆ:
ਮੈਨੂੰ ਨਹੀਂ ਪਤਾ।
ਪਰ ਲੋਕ ਆਖਦੇ ਹਨ
ਗੁਰੂ ਦੇ ਚਰਨਾਂ ਵਿੱਚ
ਭੇਟਾ ਚੜ੍ਹਾਉਣੀ ਹੈ।
ਬਾਬੇ ਨੇ
ਬੱਚੇ ਦੇ ਪੈਰਾਂ ਵੱਲ ਵੇਖਿਆ।
ਉਹ ਨੰਗੇ ਸਨ।
ਬਾਬਾ
ਬਹੁਤ ਦੇਰ
ਉਨ੍ਹਾਂ ਪੈਰਾਂ ਨੂੰ ਵੇਖਦਾ ਰਿਹਾ।
ਇੱਕ ਸਿਆਸਤਦਾਨ ਆਇਆ।
ਮੱਥਾ ਟੇਕਿਆ।
ਆਪਣੀ ਜਿੱਤ ਲਈ
ਅਰਦਾਸ ਕਰਵਾਈ।
ਬਾਬੇ ਨੇ ਪੁੱਛਿਆ:
ਤੇਰੀ ਜਿੱਤ ਨਾਲ
ਕੌਣ ਜਿੱਤੇਗਾ?
ਪੰਥ।
ਤੇ ਜਿਹੜੇ
ਤੇਰੇ ਵਿਰੁੱਧ ਹਨ?
ਪੰਥ ਦੇ ਦੁਸ਼ਮਣ।
ਬਾਬੇ ਨੇ ਪੁੱਛਿਆ:
ਤੇਰੀ ਕੁਰਸੀ
ਇੰਨੀ ਵੱਡੀ ਕਦੋਂ ਹੋ ਗਈ
ਕਿ ਸਾਰਾ ਪੰਥ
ਉਸੇ ਅੰਦਰ ਸਮਾ ਗਿਆ?
ਸਿਆਸਤਦਾਨ ਨੇ
ਆਪਣੇ ਸਾਥੀਆਂ ਵੱਲ ਵੇਖਿਆ।
ਉਹ
ਤਾੜੀਆਂ ਵਜਾ ਰਹੇ ਸਨ।
ਬਾਬਾ
ਗੁਰਦੁਆਰੇ ਤੋਂ ਬਾਹਰ ਆਇਆ।
ਪਵਣ
ਆਪਣਾ ਸਾਹ ਲੱਭ ਰਹੀ ਸੀ।
ਪਾਣੀ
ਧਰਤੀ ਦੇ ਅੰਦਰ
ਹੋਰ ਹੇਠਾਂ ਉਤਰ ਗਿਆ ਸੀ।
ਮਿੱਟੀ ਦੀ ਕੁੱਖ ਵਿੱਚ
ਅਨਾਜ ਦੇ ਨਾਲ
ਜ਼ਹਿਰ ਵੀ ਪਲ ਰਿਹਾ ਸੀ।
ਬਾਬੇ ਦੇ ਕੰਨਾਂ ਵਿੱਚ
ਆਪਣੀ ਹੀ ਬਾਣੀ ਗੂੰਜੀ:
ਪਵਣੁ ਗੁਰੂ ਪਾਣੀ ਪਿਤਾ
ਮਾਤਾ ਧਰਤਿ ਮਹਤੁ ॥
ਬਾਬੇ ਨੇ
ਧਰਤੀ ਉੱਤੇ
ਹੱਥ ਰੱਖਿਆ।
ਮਿੱਟੀ ਨੇ ਪੁੱਛਿਆ:
ਬਾਬਾ,
ਤੇਰੇ ਸਿੱਖ
ਮੈਨੂੰ ਮਾਂ ਆਖਦੇ ਹਨ।
ਕੀ ਮਾਂ
ਉਸ ਨੂੰ ਆਖਦੇ ਹਨ
ਜਿਸ ਦੀ ਕੁੱਖ ਵਿੱਚੋਂ
ਆਖ਼ਰੀ ਸਾਹ ਵੀ
ਨਿਚੋੜ ਲਿਆ ਜਾਵੇ?
ਬਾਬਾ
ਚੁੱਪ ਰਿਹਾ।
ਰਾਤ ਡੂੰਘੀ ਹੋ ਗਈ।
ਗੁਰਦੁਆਰੇ ਦੇ ਦਰਵਾਜ਼ੇ
ਬੰਦ ਹੋ ਗਏ।
ਬਾਬਾ
ਬਾਹਰ ਬੈਠਾ ਸੀ।
ਮਰਦਾਨਾ ਆਇਆ।
ਪੁੱਛਣ ਲੱਗਾ:
ਬਾਬਾ,
ਅੱਜ ਇੰਨਾ ਚੁੱਪ ਕਿਉਂ ਹੈਂ?
ਬਾਬੇ ਨੇ ਆਖਿਆ:
ਮਰਦਾਨਿਆ,
ਮੈਂ ਮਨੁੱਖ ਨੂੰ
ਹਉਮੈ ਤੋਂ ਆਜ਼ਾਦ ਕਰਨ
ਤੁਰਿਆ ਸਾਂ।
ਪਰ ਹਉਮੈ ਨੇ
ਮੇਰਾ ਨਾਮ ਹੀ
ਆਪਣਾ ਲਿਆ।
ਹੁਣ ਉਹ
ਮੇਰੇ ਨਾਮ ਵਿੱਚੋਂ
ਆਪਣੇ ਲਈ
ਸਭ ਕੁਝ ਕੱਢ ਲੈਂਦੀ ਹੈ।
ਸਿਰਫ਼
ਆਪਣੇ ਆਪ ਨੂੰ
ਬਾਹਰ ਨਹੀਂ ਕੱਢਦੀ।
ਮਰਦਾਨੇ ਨੇ ਪੁੱਛਿਆ;
ਤੇ ਸ਼ਬਦ?
ਬਾਬੇ ਨੇ ਆਖਿਆ:
ਸ਼ਬਦ
ਉੱਥੇ ਹੀ ਹੈ।
ਪਰ ਉਹ
ਸ਼ਬਦ ਨੂੰ ਸੁਣਨ ਨਹੀਂ,
ਸ਼ਬਦ ਤੋਂ
ਆਪਣੀ ਮੰਗ ਮਨਵਾਉਣ
ਆਉਂਦੇ ਹਨ।
ਮਰਦਾਨੇ ਨੇ
ਰਬਾਬ ਚੁੱਕੀ।
ਪੁੱਛਿਆ:
ਬਾਬਾ,
ਕੀ ਇਹ ਲੋਕ
ਤੈਨੂੰ ਗੁਆ ਬੈਠੇ ਹਨ?
ਬਾਬੇ ਨੇ ਆਖਿਆ:
ਨਹੀਂ ਮਰਦਾਨਿਆ।
ਇਨ੍ਹਾਂ ਨੇ ਮੈਨੂੰ
ਬਹੁਤ ਸੰਭਾਲ ਕੇ ਰੱਖਿਆ ਹੈ।
ਗ੍ਰੰਥਾਂ ਵਿੱਚ।
ਇਮਾਰਤਾਂ ਵਿੱਚ।
ਸਮਾਗਮਾਂ ਵਿੱਚ।
ਆਪਣੇ ਨਾਵਾਂ ਵਿੱਚ।
ਸਿਰਫ਼
ਆਪਣੇ ਅੰਦਰ
ਮੇਰੇ ਆਉਣ ਲਈ
ਦਰਵਾਜ਼ਾ ਨਹੀਂ ਰੱਖਿਆ।
ਸਵੇਰ ਹੋਈ।
ਗੁਰਦੁਆਰੇ ਵਿੱਚ
ਫਿਰ ਪ੍ਰਕਾਸ਼ ਹੋਇਆ।
ਬਾਬਾ
ਬਾਹਰ ਖੜ੍ਹਾ ਸੀ।
ਕੱਲ੍ਹ ਵਾਲਾ ਬੱਚਾ
ਫਿਰ ਆ ਗਿਆ।
ਉਸ ਨੇ ਪੁੱਛਿਆ:
ਬਾਬਾ,
ਤੇਰਾ ਘਰ ਕਿੱਥੇ ਹੈ?
ਬਾਬੇ ਨੇ ਆਖਿਆ:
ਜਿੱਥੇ ਵੀ
ਮੇਰੇ ਲਈ
ਦਰਵਾਜ਼ਾ ਖੁੱਲ੍ਹ ਜਾਵੇ।
ਬੱਚੇ ਨੇ ਪੁੱਛਿਆ:
ਮੇਰੇ ਅੰਦਰ ਵੀ?
ਬਾਬੇ ਨੇ ਆਖਿਆ:
ਪੁੱਤ,
ਮੈਂ ਤਾਂ
ਤੇਰੇ ਅੰਦਰ ਹੀ ਹਾਂ।
ਬੱਚੇ ਨੇ
ਆਪਣੀ ਛਾਤੀ ਉੱਤੇ
ਹੱਥ ਰੱਖਿਆ।
ਉੱਥੇ
ਕੋਈ ਦਰਵਾਜ਼ਾ ਨਹੀਂ ਸੀ।
ਕੋਈ ਜੰਦਰਾ ਨਹੀਂ ਸੀ।
ਫਿਰ ਵੀ
ਕੁਝ ਖੁੱਲ੍ਹ ਰਿਹਾ ਸੀ।
ਬੱਚੇ ਨੇ
ਆਪਣੀ ਧੜਕਣ ਸੁਣੀ।
ਉਸ ਵਿੱਚ
ਕੋਈ ਹੋਰ ਵੀ
ਧੜਕ ਰਿਹਾ ਸੀ।
ਬੱਚੇ ਨੇ
ਪਿੱਛੇ ਮੁੜ ਕੇ ਪੁੱਛਿਆ:
ਬਾਬਾ,
ਹੁਣ ਮੈਂ ਕੀ ਕਰਾਂ?
ਪਰ ਬਾਬਾ
ਉੱਥੇ ਨਹੀਂ ਸੀ।
ਅਗਲੀ ਸਵੇਰ ਹੋਈ।
ਗੁਰਦੁਆਰੇ ਵਿੱਚ
ਫਿਰ ਪ੍ਰਕਾਸ਼ ਹੋਇਆ।
ਫਿਰ ਅਰਦਾਸ ਹੋਈ।
ਫਿਰ ਗੋਲਕ ਭਰੀ।
ਪਰ ਬਾਹਰ
ਉਹ ਬੱਚਾ
ਆਪਣੇ ਪਿਤਾ ਨੂੰ ਪੁੱਛ ਰਿਹਾ ਸੀ:
ਪਿਤਾ ਜੀ,
ਅਸੀਂ ਗੁਰੂ ਨੂੰ
ਹਰ ਰੋਜ਼ ਜਗਾਉਂਦੇ ਹਾਂ।
ਗੁਰੂ
ਸਾਨੂੰ
ਕਦੋਂ ਜਗਾਏਗਾ?
ਪੇਸ਼ਕਸ਼:
ਯਸ਼ ਪਾਲ ਵਰਗ ਚੇਤਨਾ
(98145 35005)
Share this content:



Post Comment