ਐਥਲੈਟਿਕਸ ਵਿੱਚ ਮੁਰਲੀ ਸ੍ਰੀਸ਼ੰਕਰ ਅਤੇ ਗੁਲਵੀਰ ਨੇ ਚਾਂਦੀ ਤਗ਼ਮੇ ਜਿੱਤੇ
29ਸਤਬੰਰ2026 ਏਸ਼ਿਆਈ ਖੇਡਾਂ ਦੇ ਟਰੈਕ ਐਂਡ ਫੀਲਡ ਮੁਕਾਬਲਿਆਂ ਵਿੱਚ ਅੱਜ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਚਾਂਦੀ ਅਤੇ ਦੋ ਕਾਂਸੇ ਦੇ ਤਗ਼ਮੇ ਜਿੱਤੇ ਹਨ। ਪੁਰਸ਼ਾਂ ਦੀ ਲੰਮੀ ਛਾਲ ਵਿੱਚ ਮੁਰਲੀ ਸ੍ਰੀਸ਼ੰਕਰ ਅਤੇ 1500 ਮੀਟਰ ਦੌੜ ਵਿੱਚ ਗੁਲਵੀਰ ਸਿੰਘ ਨੇ ਚਾਂਦੀ ਦੇ ਤਗ਼ਮੇ ਹਾਸਲ ਕੀਤੇ। ਇਸੇ ਦੌਰਾਨ ਮਹਿਲਾ 5000 ਮੀਟਰ ਦੌੜ ਵਿੱਚ ਪਾਰੁਲ ਚੌਧਰੀ ਅਤੇ 400 ਮੀਟਰ ਅੜਿੱਕਾ ਦੌੜ ਵਿੱਚ ਵਿਥਿਆ ਰਾਮਰਾਜ ਨੇ ਕਾਂਸੇ ਦੇ ਤਗ਼ਮੇ ਆਪਣੇ ਨਾਂ ਕੀਤੇ। ਵਿਥਿਆ ਨੇ ਸ਼ਾਨਦਾਰ ਦੌੜ ਲਾਉਂਦਿਆਂ ਪੀ ਟੀ ਊਸ਼ਾ ਦਾ 40 ਸਾਲ ਪੁਰਾਣਾ ਕੌਮੀ ਰਿਕਾਰਡ ਵੀ ਤੋੜ ਦਿੱਤਾ।
ਲੰਮੀ ਛਾਲ ਦੇ ਫਾਈਨਲ ਵਿੱਚ ਮੁਰਲੀ ਸ੍ਰੀਸ਼ੰਕਰ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 8.07 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਚੌਥੀ ਕੋਸ਼ਿਸ਼ ਦੌਰਾਨ ਗਿੱਟੇ ’ਤੇ ਸੱਟ ਲੱਗਣ ਕਾਰਨ ਉਹ ਆਖਰੀ ਦੋ ਛਾਲਾਂ ਨਹੀਂ ਮਾਰ ਸਕਿਆ। ਚੀਨ ਦੇ ਯੂਹਾਓ ਸ਼ੀ ਨੇ 8.17 ਮੀਟਰ ਦੀ ਛਾਲ ਨਾਲ ਸੋਨਾ ਅਤੇ ਉਜ਼ਬੇਕਿਸਤਾਨ ਦੇ ਅਨਵਰ ਅਨਵਾਰੋਵ ਨੇ 8.06 ਮੀਟਰ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
ਪੁਰਸ਼ 1500 ਮੀਟਰ ਦੌੜ ਵਿੱਚ ਗੁਲਵੀਰ ਸਿੰਘ ਨੇ 3:36.72 ਦੇ ਆਪਣੇ ਨਿੱਜੀ ਸਰਬੋਤਮ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਜਪਾਨ ਦੇ ਕਾਜ਼ੂਤੋ ਇਜ਼ਾਵਾ ਨੇ ਸੋਨਾ ਅਤੇ ਨਾਗੀਆ ਮੋਰੀ ਨੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਗੁਲਵੀਰ ਨੇ ਇਸ ਤੋਂ ਪਹਿਲਾਂ 10,000 ਮੀਟਰ ਦੌੜ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਮਹਿਲਾ 5000 ਮੀਟਰ ਦੌੜ ਵਿੱਚ ਪਾਰੁਲ ਚੌਧਰੀ ਨੇ 15:14.61 ਦਾ ਸਮਾਂ ਕੱਢਦਿਆਂ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। ਬਹਿਰੀਨ ਦੀ ਵਿਨਫਰੈੱਡ (15:10.18) ਨੇ ਸੋਨੇ ਅਤੇ ਜਪਾਨ ਦੀ ਨੋਜ਼ੋਮੀ ਤਨਾਕਾ (15:11.65) ਨੇ ਚਾਂਦੀ ਦੇ ਤਗ਼ਮੇ ’ਤੇ ਕਬਜ਼ਾ ਕੀਤਾ। ਪਾਰੁਲ ਦਾ ਇਹ ਇਨ੍ਹਾਂ ਖੇਡਾਂ ’ਚ ਦੂਜਾ ਤਗ਼ਮਾ ਹੈ; ਇਸ ਤੋਂ ਪਹਿਲਾਂ ਉਸ ਨੇ 3000 ਮੀਟਰ ਸਟੀਪਲਚੇਜ਼ ਵਿੱਚ ਵੀ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
ਮਹਿਲਾ 400 ਮੀਟਰ ਅੜਿੱਕਾ ਦੌੜ ਵਿੱਚ ਵਿਥਿਆ ਰਾਮਰਾਜ ਨੇ 54.75 ਸੈਕਿੰਡ ਦੇ ਨਿੱਜੀ ਸਰਬੋਤਮ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ। ਇਸ ਪ੍ਰਦਰਸ਼ਨ ਨਾਲ ਉਸ ਨੇ 1984 ਦੀਆਂ ਲਾਸ ਏਂਜਲਸ ਓਲੰਪਿਕਸ ਵਿੱਚ ਪੀ ਟੀ ਊਸ਼ਾ ਵੱਲੋਂ ਬਣਾਇਆ 55.42 ਸੈਕਿੰਡ ਦਾ ਕੌਮੀ ਰਿਕਾਰਡ ਤੋੜ ਦਿੱਤਾ। ਯੂ ਏ ਈ ਦੀ ਮਰੀਅਮ ਕਰੀਮ (54.31 ਸੈਕਿੰਡ) ਨੇ ਸੋਨੇ ਅਤੇ ਕਜ਼ਾਖ਼ਸਤਾਨ ਦੀ ਅਡੇਲੀਨਾ (54.58 ਸੈਕਿੰਡ) ਨੇ ਚਾਂਦੀ ਦਾ ਤਗ਼ਮਾ ਜਿੱਤਿਆ।
ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ਵਿੱਚ ਸੱਟਾਂ ਨਾਲ ਜੂਝ ਰਹੇ ਅਵਿਨਾਸ਼ ਸਾਬਲੇ ਆਪਣਾ ਸੋਨ ਤਗ਼ਮਾ ਨਹੀਂ ਬਚਾ ਸਕਿਆ ਅਤੇ 8:21.67 ਦੇ ਸਮੇਂ ਨਾਲ ਚੌਥੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਮਹਿਲਾ ਡਿਸਕਸ ਥਰੋਅ ਵਿੱਚ ਸੀਮਾ ਕਾਲੀਰਮਣਾ 59.88 ਮੀਟਰ ਦੀ ਸਰਬੋਤਮ ਥਰੋਅ ਨਾਲ ਚੌਥੇ ਸਥਾਨ ’ਤੇ ਰਹੀ।
Share this content:



Post Comment