Loading Now

ਅਫ਼ਵਾਹਾਂ ਨਾਲ ਨਜਿੱਠਣ ਲਈ ਪੁਲੀਸ ਤੇ ਵਿਦਿਅਕ ਅਦਾਰੇ ਹੋਏ ਇੱਕਜੁੱਟ

ਅਫ਼ਵਾਹਾਂ ਨਾਲ ਨਜਿੱਠਣ ਲਈ ਪੁਲੀਸ ਤੇ ਵਿਦਿਅਕ ਅਦਾਰੇ ਹੋਏ ਇੱਕਜੁੱਟ

ਮੋਹਾਲੀ, 29 ਸਤੰਬਰ – ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਲਗਾਤਾਰ ਹੋ ਰਹੇ ਵਿਦਿਆਰਥੀ ਰੋਸ ਪ੍ਰਦਰਸ਼ਨਾਂ ਅਤੇ ਸ਼ੋਸ਼ਲ ਮੀਡੀਆ ’ਤੇ ਫੈਲ ਰਹੀਆਂ ਅਫ਼ਵਾਹਾਂ ਨੂੰ ਦੇਖਦਿਆਂ ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਮੋਡ ’ਚ ਆ ਗਿਆ ਹੈ। ਪੰਜਾਬ ਵਿੱਚ ਸੁਰੱਖਿਆ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਨੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਆਪਸੀ ਰਾਬਤਾ ਅਤੇ ਸੰਚਾਰ ਪ੍ਰਣਾਲੀ ਹੋਰ ਮਜ਼ਬੂਤ ਕਰਨ ਦੇ ਸੁਝਾਅ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਚਿਤਕਾਰਾ ਯੂਨੀਵਰਸਿਟੀ ਬਨੂੜ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਫਗਵਾੜਾ, ਅਤੇ ਸਰਕਾਰੀ ਕਾਲਜ ਫੇਜ਼-6 ਮੁਹਾਲੀ ਵਿਖੇ ਵੱਖ-ਵੱਖ ਮੁੱਦਿਆਂ ’ਤੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤੇ ਗਏ ਹਨ। ਹਾਲਾਂਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਅਜਿਹੀ ਕੋਈ ਘਟਨਾ ਨਹੀਂ ਵਾਪਰੀ, ਫਿਰ ਵੀ ਚੌਕਸੀ ਵਜੋਂ ਰੋਪੜ ਰੇਂਜ ਦੇ ਡੀ.ਆਈ.ਜੀ. ਨਾਨਕ ਸਿੰਘ ਅਤੇ ਮੁਹਾਲੀ ਦੇ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਸੋਮਵਾਰ ਨੂੰ ਯੂਨੀਵਰਸਿਟੀ ਪ੍ਰਬੰਧਕਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।

ਮੁਹਾਲੀ ਪੁਲੀਸ ਨੇ ਦੱਸਿਆ ਕਿ ਇਸ ਬੈਠਕ ਦਾ ਮੁੱਖ ਉਦੇਸ਼ ਕੈੰਪਸ ਦੇ ਮਾਹੌਲ ਨੂੰ ਸੁਰੱਖਿਅਤ ਬਣਾਉਣਾ, ਵਿਦਿਆਰਥੀਆਂ ਦੀ ਭਲਾਈ ਯਕੀਨੀ ਬਣਾਉਣਾ ਅਤੇ ਪੁਲੀਸ ਤੇ ਅਦਾਰੇ ਵਿਚਕਾਰ ਤਾਲਮੇਲ ਵਧਾਉਣਾ ਸੀ। ਦੂਜੇ ਪਾਸੇ, ਬਨੂੜ ਨੇੜੇ ਚਿਤਕਾਰਾ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥੀ ਦੀ ਮੌਤ ਦੀ ਅਫ਼ਵਾਹ ਤੋਂ ਬਾਅਦ ਦੋ ਦਿਨ ਹੰਗਾਮਾ ਰਿਹਾ, ਜਿਸ ਤੋਂ ਬਾਅਦ ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਚਹਿਲ ਨੇ ਖ਼ੁਦ ਪਹੁੰਚ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਯੂਨੀਵਰਸਿਟੀ ਪ੍ਰਬੰਧਕਾਂ ਨੇ ਸਪੱਸ਼ਟ ਕੀਤਾ ਹੈ ਕਿ ਕੈਂਪਸ ’ਚ ਕਿਸੇ ਵੀ ਵਿਦਿਆਰਥੀ ਦੀ ਮੌਤ ਨਹੀਂ ਹੋਈ ਹੈ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਸੇ ਦੌਰਾਨ, ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਫੇਜ਼-6 ਮੁਹਾਲੀ ਦੇ ਬੀ.ਕੌਮ. ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਵੀ ਪਿਛਲੇ ਦੋ ਸਾਲਾਂ ਤੋਂ ਡਿਟੇਲਡ ਮਾਰਕਲਿਸਟ (DMC) ਨਾ ਮਿਲਣ ਕਾਰਨ ਅਚਾਨਕ ਧਰਨਾ ਦਿੱਤਾ। ਵਧਦੇ ਵਿਰੋਧ ਨੂੰ ਦੇਖਦਿਆਂ ਪੁਲੀਸ ਅਧਿਕਾਰੀਆਂ ਨੇ ਸੁਨੇਹਾ ਦਿੱਤਾ ਹੈ ਕਿ ਜੇਕਰ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਅਦਾਰਾ ਪੱਧਰ ’ਤੇ ਹੱਲ ਨਹੀਂ ਹੁੰਦੀਆਂ ਤਾਂ ਉਹ ਸਬੰਧਤ ਥਾਣਾ ਮੁਖੀ (SHO) ਨਾਲ ਸੰਪਰਕ ਕਰ ਸਕਦੇ ਹਨ।

Share this content:

Post Comment