Loading Now

ਏਸ਼ਿਆਈ ਖੇਡਾਂ : ਸੁਚਿਕਾ ਤਰਿਆਲ ਨੇ ‘ਮਿਕਸਡ ਮਾਰਸ਼ਲ ਆਰਟਸ’ ਵਿੱਚ ਪਹਿਲਾ ਤਗਮਾ ਜਿੱਤਿਆ

ਏਸ਼ਿਆਈ ਖੇਡਾਂ : ਸੁਚਿਕਾ ਤਰਿਆਲ ਨੇ ‘ਮਿਕਸਡ ਮਾਰਸ਼ਲ ਆਰਟਸ’ ਵਿੱਚ ਪਹਿਲਾ ਤਗਮਾ ਜਿੱਤਿਆ

 

ਭਾਰਤ ਦੀ ਸੁਚਿਕਾ ਤਰਿਆਲ ਨੇ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਸ਼ਾਮਲ ਕੀਤੇ ਗਏ ‘ਮਿਕਸਡ ਮਾਰਸ਼ਲ ਆਰਟਸ’ ਮੁਕਾਬਲੇ ਵਿੱਚ ਦੇਸ਼ ਨੂੰ ਪਹਿਲਾ ਕਾਂਸੇ ਦਾ ਤਗ਼ਮਾ ਦਿਵਾਇਆ ਹੈ। 60 ਕਿਲੋ ਭਾਰ ਵਰਗ ਦੇ ਰੋਮਾਂਚਕ ਸੈਮੀ ਫਾਈਨਲ ਵਿੱਚ ਸੁਚਿਕਾ ਦਾ ਮੁਕਾਬਲਾ ਸਿੰਗਾਪੁਰ ਦੀ ਹੁਈ ਹੂਨ ਟੀਓ ਨਾਲ ਬਰਾਬਰ ਰਿਹਾ। ਹਾਲਾਂਕਿ, ਨਿਯਮਾਂ ਅਨੁਸਾਰ ਸਿੰਗਾਪੁਰੀ ਖਿਡਾਰਨ ਦਾ ਵਜ਼ਨ ਸੁਚਿਕਾ ਨਾਲੋਂ ਘੱਟ ਹੋਣ ਕਰ ਕੇ ਉਸ ਨੂੰ ਜੇਤੂ ਐਲਾਨਿਆ ਗਿਆ, ਜਿਸ ਮਗਰੋਂ ਸੁਚਿਕਾ ਨੂੰ ਕਾਂਸੇ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਪਿੰਡ ਕਿਲੋਈ ਦੀ 36 ਸਾਲਾ ਸੁਚਿਕਾ ਇਸ ਫ਼ੈਸਲੇ ਤੋਂ ਬਹੁਤ ਨਿਰਾਸ਼ ਹੋਈ ਅਤੇ ਮੈਟ ’ਤੇ ਹੀ ਰੋ ਪਈ। ਸੈਮੀ ਫਾਈਨਲ ਮੁਕਾਬਲਾ ਬੇਹੱਦ ਫਸਵਾਂ ਰਿਹਾ। ਦੋਵੇਂ ਰਾਊਂਡ ਬਰਾਬਰ ਰਹਿਣ ਮਗਰੋਂ ਇੱਕ ਮਿੰਟ ਦਾ ਓਵਰਟਾਈਮ ਦਿੱਤਾ ਗਿਆ, ਜਿਸ ਵਿੱਚ ਜੱਜਾਂ ਨੇ ਟੀਓ ਨੂੰ ਜੇਤੂ ਐਲਾਨ ਦਿੱਤਾ। ਭਾਰਤੀ ਟੀਮ ਨੇ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ। ਐੱਮ ਐੱਮ ਏ ਫੈਡਰੇਸ਼ਨ ਦੇ ਪ੍ਰਧਾਨ ਨਿਖਿਲ ਕੁੰਦਰ ਨੇ ਦੱਸਿਆ ਕਿ ਜੱਜਾਂ ਨੇ ਮੈਚ ਦੇਖ ਕੇ ਇਸ ਨੂੰ ਡਰਾਅ ਕਰਾਰ ਦਿੱਤਾ। ਇਸ ਮਗਰੋਂ ਕੌਮਾਂਤਰੀ ਨਿਯਮਾਂ ਮੁਤਾਬਕ ਸਵੇਰੇ ਤੋਲੇ ਗਏ ਵਜ਼ਨ ਨੂੰ ਆਧਾਰ ਬਣਾਇਆ ਗਿਆ। ਟੀਓ ਦਾ ਵਜ਼ਨ (58.5 ਕਿਲੋ) ਸੁਚਿਕਾ (59.2 ਕਿਲੋ) ਨਾਲੋਂ 700 ਗ੍ਰਾਮ ਘੱਟ ਸੀ, ਜਿਸ ਕਰ ਕੇ ਉਸ ਨੂੰ ਫਾਈਨਲ ਵਿੱਚ ਭੇਜ ਦਿੱਤਾ ਗਿਆ।

Share this content:

Post Comment