ਇੱਕ ਸ਼ਾਮ ਬਾਲਦ ਕਲਾਂ ਵਿੱਚ/ਸਵਰਾਜਬੀਰ
ਸਤੰਬਰ 2024 ਵਿੱਚ ਮੈਂ ਇੱਕ ਪਰਿਵਾਰਕ ਸਮਾਗਮ ਵਿੱਚ ਹਿੱਸਾ ਲੈਣ ਲਈ ਸੰਗਰੂਰ ਗਿਆ ਸਾਂ। ਮੈਂ ਉੱਥੇ ਦੋ ਕੰਮ ਹੋਰ ਕਰਨਾ ਚਾਹੁੰਦਾ ਸਾਂ, ਤੇਜਵੰਤ ਸਿੰਘ ਮਾਨ ਨਾਲ ਮੁਲਾਕਾਤ ਤੇ ਮੁਹਾਲੀ ਵਾਪਸ ਆਉਂਦੇ ਹੋਏ ਬਾਲਦ ਕਲਾਂ ਪਿੰਡ ਵਿੱਚ ਜਾ ਕੇ ਸਹਿਕਾਰੀ ਖੇਤੀ ਕਰ ਰਹੇ ਕੁਝ ਪਰਿਵਾਰਾਂ ਨੂੰ ਮਿਲਣਾ। ਸੁਖਦੇਵ ਸਿੰਘ ਸਿਰਸਾ ਨੇ ਇਨ੍ਹਾਂ ਦੋਵੇਂ ਕੰਮਾਂ ਵਿੱਚ ਮੇਰੀ ਮਦਦ ਕਰਨ ਲਈ ਲੇਖਕ ਸੁਖਵਿੰਦਰ ਪੱਪੀ ਨੂੰ ਕਿਹਾ। ਸੁਖਵਿੰਦਰ ਪਹਿਲਾਂ ਮੈਨੂੰ ਤੇਜਵੰਤ ਸਿੰਘ ਮਾਨ ਦੇ ਘਰ ਲੈ ਗਿਆ। ਉਨ੍ਹਾਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਮਾਨਾਂਤਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਬਣਾਈ ਹੋਈ ਹੈ। ਇੱਕ ਵਿਦਵਾਨ, ਲੇਖਕ ਤੇ ਜਥੇਬੰਦਕ ਆਗੂ ਵਜੋਂ ਉਹ ਹਮੇਸ਼ਾ ਸਥਾਪਤੀ ਵਿਰੋਧੀ ਰਹੇ ਹਨ। ਇਹ ਗੁਣ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ।
ਸੁਖਵਿੰਦਰ ਪੱਪੀ ਨੇ ਮੇਰਾ ਬਾਲਦ ਕਲਾਂ ਜਾਣ ਦਾ ਵੀ ਬੰਦੋਬਸਤ ਕੀਤਾ। ਉਸ ਨੇ ਟੈਲੀਫੋਨ ’ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਜਥੇਬੰਦੀ ਦੇ ਆਗੂ ਮੁਕੇਸ਼ ਮਲੌਦ ਤੇ ਹੋਰਾਂ ਨਾਲ ਸੰਪਰਕ ਕਰਕੇ ਮੇਰੀ ਇੱਕ ਅਧਿਆਪਕ ਦੋਸਤ-ਸਾਥੀ ਨਾਲ ਗੱਲ ਕਰਵਾਈ ਤੇ ਮੈਂ ਉਸ ਦੇ ਦੱਸੇ ਅਨੁਸਾਰ ਬਾਲਦ ਕਲਾਂ ਪਹੁੰਚ ਗਿਆ। ਉੱਥੇ ਮੇਰੀ ਮੁਲਾਕਾਤ ਕਾਮਰੇਡ ਚਰਨ ਸਿੰਘ ਨਾਲ ਹੋਈ ਜਿਸ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਵਿੱਚ ਹਿੱਸਾ ਲਿਆ ਸੀ ਜਿਸ ਵਿੱਚ ਦਲਿਤ ਭਾਈਚਾਰੇ ਨੇ ਪਿੰਡ ਦੀ ਸ਼ਾਮਲਾਟ ਜ਼ਮੀਨ ਵਿੱਚੋਂ ਆਪਣਾ ਬਣਦਾ ਇੱਕ ਤਿਹਾਈ ਹਿੱਸਾ ਹਾਸਿਲ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ। ਇਹ ਜ਼ਮੀਨ (125 ਏਕੜ) ਦਲਿਤਾਂ ਨੂੰ ਪਿੰਡ ਦੀ ਸ਼ਾਮਲਾਟ ਵਿੱਚੋਂ ‘ਦਿ ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨ) ਐਕਟ, 1961’ ਅਨੁਸਾਰ ਸਾਲਾਨਾ ਲੀਜ਼ ’ਤੇ ਖੇਤੀ ਕਰਨ ਲਈ ਦੇਣੀ ਬਣਦੀ ਸੀ। ਪਰ ਬਹੁਤੀ ਵਾਰ ਬੋਲੀ ਵਿੱਚ ਧਨੀ ਕਿਸਾਨ ਆਪਣੇ ਕਾਮਿਆਂ ਆਦਿ ਨੂੰ ਨਾਮਜ਼ਦ ਕਰ ਕੇ, ਉਨ੍ਹਾਂ ਦੇ ਨਾਂ ’ਤੇ ਬੋਲੀ ਦੇ ਕੇ ਖ਼ੁਦ ਖੇਤੀ ਕਰਦੇ ਰਹੇ ਸਨ। ਕਾਨੂੰਨ ਬਣਨ ਦੇ ਦਹਾਕਿਆਂ ਬਾਅਦ ਤੱਕ ਵੀ ਇਸ ਨੂੰ ਅਜਿਹਾ ਵਰਤਾਰਾ ਮੰਨਿਆ ਜਾਂਦਾ ਰਿਹਾ ਜਿਵੇਂ ਇਹ ਕੁਦਰਤੀ ਤੇ ਵਿਹਾਰਕ ਹੋਵੇ। ਕਿਉਂ? ਕਿਉਂਕਿ ਸਾਡਾ ਸਮਾਜ ਜਾਤੀਵਾਦ ਦਾ ਸ਼ਿਕਾਰ ਹੈ ਜਿਸ ਵਿੱਚ ਦਲਿਤ ਅਧੀਨ ਸਥਿਤੀ ਵਿੱਚ ਹਨ; ਦਿਹਾਤੀ ਸਮਾਜ ਵਿੱਚ ਇਹ ਸਵੀਕਾਰ ਕੀਤਾ ਜਾਂਦਾ ਰਿਹਾ ਹੈ ਕਿ ਖੇਤੀ ਕਰਨ ਦਾ ਅਧਿਕਾਰ ਸਿਰਫ਼ ਗ਼ਾਲਿਬ ਜਾਤਾਂ ਦੇ ਫ਼ਰਦਾਂ ਦਾ ਹੈ।
2014 ਵਿੱਚ ਬਾਲਦ ਕਲਾਂ ਵਿੱਚ ਇਸ ਵਰਤਾਰੇ ਦਾ ਵਿਰੋਧ ਸ਼ੁਰੂ ਹੋਇਆ। ਦਲਿਤ ਭਾਈਚਾਰੇ ਨੇ ਆਪਸੀ ਸਹਿਮਤੀ ਬਣਾਈ ਕਿ ਉਹ ਸ਼ਾਮਲਾਟ ਜ਼ਮੀਨ ਵਿੱਚੋਂ ਬਣਦੇ ਆਪਣੇ ਹਿੱਸੇ ਲਈ ਇਕੱਠੇ ਹੋ ਕੇ ਬੋਲੀ ਦੇਣਗੇ। ਪੰਚਾਇਤ ਦੇ ਮੁਖੀ ਨੇ ਇਸ ਦਾ ਵਿਰੋਧ ਕਰਦਿਆਂ ਸਰਕਾਰੀ ਤੰਤਰ ਦੀ ਸਹਾਇਤਾ ਨਾਲ ਦਲਿਤਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਦਲਿਤ ਭਾਈਚਾਰਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸੰਗਠਿਤ ਹੋਇਆ; ਉਨ੍ਹਾਂ ਨੇ ਚੰਡੀਗੜ੍ਹ-ਬਠਿੰਡਾ ਸੜਕ ’ਤੇ ਛੇ ਵਾਰ ਧਰਨਾ ਤੇ ਚੱਕਾ ਜਾਮ ਕਰਦਿਆਂ ਪੁਲੀਸ ਦਮਨ ਦਾ ਸਾਹਮਣਾ ਕੀਤਾ। ਇਸ ਸੰਘਰਸ਼ ਵਿੱਚ ਦਲਿਤ ਔਰਤਾਂ ਨੇ ਭਰਪੂਰ ਹਿੱਸਾ ਲਿਆ। ਦਰਜਨਾਂ ਆਗੂ ਤੇ ਕਾਰਕੁਨ ਜੇਲ੍ਹ ਵਿੱਕ ਡੱਕੇ ਗਏ। ਇਸ ਦਮਨ ਦਾ ਕਿਸਾਨ ਤੇ ਹੋਰ ਜਨਤਕ ਜਥੇਬੰਦੀਆਂ ਨੇ ਭਾਰੀ ਵਿਰੋਧ ਕੀਤਾ। ਪੰਜਾਬ ਦੇ ਬੁੱਧੀਜੀਵੀਆਂ, ਕਲਾਕਾਰਾਂ ਤੇ ਲੇਖਕਾਂ ਨੇ ਵੀ ਆਵਾਜ਼ ਬੁਲੰਦ ਕੀਤੀ। ਵੱਡੀ ਪੱਧਰ ’ਤੇ ਹੋਏ ਵਿਰੋਧ ਬਾਅਦ ਬੰਦੀ ਬਣਾਏ ਗਏ ਕਾਰਕੁਨ ਰਿਹਾਅ ਕਰ ਦਿੱਤੇ ਗਏ ਅਤੇ ਉਨ੍ਹਾਂ ਨੇ ਦਲਿਤ ਭਾਈਚਾਰੇ ਦੇ ਹਿੱਸੇ ਤੇ ਬਣਦੀ ਜ਼ਮੀਨ ’ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਝੰਡਾ ਲਹਿਰਾ ਦਿੱਤਾ। ਇਹ ਝੰਡਾ ਅਜੇ ਵੀ ਝੁੱਲ ਰਿਹਾ ਹੈ। ਉਸ ਸ਼ਾਮ ਨੂੰ ਮੈਂ ਵੇਖਿਆ ਕਿ ਕਾਮਰੇਡ ਚਰਨ ਸਿੰਘ ਜਦੋਂ ਇਸ ਝੰਡੇ ਵੱਲ ਵੇਖਦਾ ਸੀ ਤਾਂ ਉਸ ਦੀ ਤੱਕਣੀ ’ਚ ਅਜੀਬ ਤਰ੍ਹਾਂ ਦੀ ਚਮਕ ਸੀ, ਆਪਣੇ ਸੰਘਰਸ਼ ਦੀ ਲੋਅ ਦੀ ਚਮਕ। ਕੁਝ ਪਲਾਂ ਵਿੱਚ ਹੀ ਮੈਨੂੰ ਅਹਿਸਾਸ ਹੋਇਆ ਕਿ ਉਹ ਕਿੰਨਾ ਨਿਮਾਣਾ, ਸੰਘਰਸ਼ਸ਼ੀਲ ਤੇ ਮਜ਼ਬੂਤ ਸ਼ਖ਼ਸ ਹੈ; ਦਰਮਿਆਨਾ ਸਰੀਰ, ਪੱਕਾ ਰੰਗ, ਚਿਹਰੇ ’ਤੇ ਦ੍ਰਿੜ੍ਹਤਾ ਤੇ ਆਪਣੇ ਸੰਘਰਸ਼ ਵਿੱਚ ਕਾਮਯਾਬ ਹੋਣ ਤੋਂ ਪੈਦਾ ਹੋਇਆ ਸੰਜਮ, ਸਿਦਕ ਤੇ ਤਸੱਲੀ। ਮੈਨੂੰ ਦੱਸਿਆ ਗਿਆ ਕਿ ਇਸ ਜ਼ਮੀਨ ਤੋਂ ਆਈ ਪਹਿਲੀ ਫ਼ਸਲ ਵੱਢੀ ਗਈ ਤਾਂ ਦਲਿਤ ਔਰਤਾਂ ਨੇ ਗਿੱਧੇ ਵਿੱਚ ਯਾਦਗਾਰੀ ਬੋਲੀਆਂ ਪਾਈਆਂ।
ਕਾਮਰੇਡ ਚਰਨ ਸਿੰਘ ਨੇ ਮੈਨੂੰ ਦੱਸਿਆ ਕਿ ਦਲਿਤ ਭਾਈਚਾਰੇ ਦੇ ਹਿੱਸੇ ਆਈ ਜ਼ਮੀਨ ਕਿੱਥੋਂ ਤੱਕ ਸੀ, ਕਿਵੇਂ ਉਹ ਉੱਥੇ ਸਹਿਕਾਰੀ ਢੰਗ-ਤਰੀਕੇ ਨਾਲ ਖੇਤੀ ਕਰਦੇ ਹਨ, ਫ਼ਸਲ ਕਿਵੇਂ ਪਰਿਵਾਰਾਂ ਵਿੱਚ ਵੰਡੀ ਜਾਂਦੀ ਹੈ, ਕਿਵੇਂ ਹਰ ਪਰਿਵਾਰ ਦੇ ਪਸ਼ੂਆਂ ਦੇ ਚਾਰੇ ਲਈ ਜ਼ਮੀਨ ਦਾ ਕੁਝ ਹਿੱਸਾ ਦਿੱਤਾ ਜਾਂਦਾ ਹੈ, ਕਿਵੇਂ ਖੇਤੀ ਦੇ ਸੰਦ ਤੇ ਹੋਰ ਸਾਮਾਨ ਸਹਿਕਾਰੀ ਰੂਪ ਵਿੱਚ ਖਰੀਦੇ ਤੇ ਵਰਤੇ ਜਾਂਦੇ ਹਨ। ਮੈਂ ਵੇਖਿਆ ਕਿ ਦੋ ਦਲਿਤ ਪਰਿਵਾਰ ਰੇਹੜੀਆਂ ’ਤੇ ਚਾਰਾ ਘਰਾਂ ਨੂੰ ਲਿਜਾ ਰਹੇ ਸਨ; ਆਪਸ ਵਿੱਚ ਗੱਲਾਂ ਕਰਦੇ ਘਰਾਂ ਨੂੰ ਜਾ ਰਹੇ ਸਨ, ਸਮਾਜ ਦੁਆਰਾ ਸਦੀਆਂ ਤੋਂ ਉਨ੍ਹਾਂ ’ਤੇ ਲੱਦੇ ਗਏ ਹੀਣਤਾ ਦੇ ਅਹਿਸਾਸ ਤੋਂ ਮੁਕਤ; ਉਨ੍ਹਾਂ ਦੇ ਚਿਹਰਿਆਂ ਦੇ ਸ੍ਵੈਮਾਣ ਦੀ ਝਲਕ ਸਾਫ਼ ਦਿਖਾਈ ਦਿੰਦੀ ਸੀ। ਇਹ ਸਭ ਕੁਝ ਸੰਘਰਸ਼ ਰਾਹੀਂ ਹਾਸਿਲ ਕੀਤਾ ਗਿਆ ਹੈ; ਸੰਘਰਸ਼ ਸਮਾਜ ਵਿੱਚ ਆਸਾਂ-ਉਮੀਦਾਂ, ਜੀਵਨ ਲਈ ਲਾਲਸਾ, ਕਾਮਯਾਬ ਹੋਣ ਦੀ ਚਾਹਤ ਤੇ ਹੋਰ ਹਾਂ-ਪੱਖੀ ਜਜ਼ਬੇ ਪੈਦਾ ਕਰਦਾ ਹੈ। ਬਾਲਦ ਕਲਾਂ ਦਾ ਅੰਦੋਲਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ਾਂ ਵਿੱਚ ਉੱਚਾ ਮੁਕਾਮ ਰੱਖਦਾ ਹੈ।
ਅਜਿਹੇ ਯਤਨਾਂ ਤੇ ਸੰਘਰਸ਼ਾਂ ਨਾਲ 200 ਤੋਂ ਵੱਧ ਪਿੰਡਾਂ ਵਿੱਚ ਦਲਿਤਾਂ ਨੇ ਸੈਂਕੜੇ ਏਕੜ ਜ਼ਮੀਨ ’ਤੇ ਖੇਤੀ ਕਰਨ ਦੇ ਹੱਕ ਹਾਸਿਲ ਕੀਤੇ। ਭਾਵੇਂ ਇਨ੍ਹਾਂ ਪਿੰਡਾਂ ਦੀ ਗਿਣਤੀ ਪੰਜਾਬ ਦੇ ਪਿੰਡਾਂ ਦੀ ਗਿਣਤੀ ਦਾ 1.6 ਫ਼ੀਸਦੀ ਵੀ ਨਹੀਂ ਬਣਦੀ ਤਾਂ ਵੀ ਇਹ ਲਾਜਵਾਬ ਕਾਮਯਾਬੀ ਹੈ ਜਿਸ ’ਚੋਂ ਇੱਕ ਨਵੇਂ ਪੰਜਾਬ ਦੇ ਹੋਂਦ ਵਿੱਚ ਆਉਣ ਦੇ ਆਸਾਰ ਦਿਖਾਈ ਦਿੰਦੇ ਹਨ; ਉਹ ਪੰਜਾਬ, ਜਿਸ ਵਿੱਚ ਦਲਿਤ ਭਾਈਚਾਰਾ ਉਸ ਮਾਣ-ਸਨਮਾਨ ਨਾਲ ਜੀਅ ਸਕੇਗਾ ਜਿਸ ਦੀ ਸੋਅ ਸਾਨੂੰ ਸਿੱਖ ਗੁਰੂਆਂ, ਭਗਤ ਰਵਿਦਾਸ, ਭਗਤ ਕਬੀਰ, ਭਗਤ ਨਾਮਦੇਵ ਤੇ ਭਗਤੀ ਲਹਿਰ ਦੇ ਹੋਰ ਚਿੰਤਕ-ਸ਼ਾਇਰਾਂ ਦੀ ਬਾਣੀ ਵਿੱਚੋਂ ਸੁਣਾਈ ਦਿੰਦੀ ਹੈ। ਬੇਗਮਪੁਰੇ ਅਜਿਹੇ ਯਤਨਾਂ ਨਾਲ ਹੀ ਵਸ ਸਕਦੇ ਸਨ। ਭਗਤ ਰਵਿਦਾਸ ਦੇ ਬੇਗਮਪੁਰੇ ਦੇ ਸੰਕਲਪ ਨੂੰ ਚਿਤਵਦਿਆਂ ਭਗਤ-ਚਿੰਤਕ ਕਾਨ੍ਹਾ ਨੇ ਲਿਖਿਆ ਸੀ, ‘‘ਸਹਿਰ ਨਾਮ ਬੇਗਮਪੁਰਾ ਉਹਾਂ ਬਸੈ ਸੁ ਬੇਗਮ ਹੋਇ।। … ਉਹ ਬੇਦ ਲੋਕੁ ਨਹੀਂ ਜਾਨਈ ਖਰਾ ਦਿਵਾਨਾ ਦੇਸ।। ਜੋ ਜਨ ਉਸ ਨਗਰੀ ਬਸੈ ਬੁਹਰਿ ਨ ਕਾਛੈ ਭੇਸੁ।।2।। ਉਹਾਂ ਜਾਤਿ ਪਾਤਿ ਨਹੀਂ ਪੂਛੀਐ ਕੋਈ ਊਚ ਨੀਚ ਨ ਕਹਾਇ।।’’
ਸੁਖਵਿੰਦਰ ਪੱਪੀ ਨੇ ਇਸ ਸੰਘਰਸ਼ ਬਾਰੇ ਨਾਵਲ ‘ਧਰਤ ਵਿਹੂਣੇ’ ਲਿਖਿਆ ਹੈ।
30 ਦਸੰਬਰ 2025 ਨੂੰ ਪੰਜਾਬ ਪੁਲੀਸ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੂੰ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾਂਦਾ ਹੈ ਕਿ ਅੰਦੋਲਨ ਦੌਰਾਨ ਉਸ ’ਤੇ ਕਈ ਕੇਸ ਬਣੇ ਹੋਏ ਹਨ। ਪਰ ਗ੍ਰਿਫ਼ਤਾਰੀ ਹੁਣ ਕਿਉਂ ਕੀਤੀ ਗਈ? ਕਾਨੂੰਨੀ ਕਾਰਨ ਤਾਂ ਦਿੱਤੇ ਜਾ ਸਕਦੇ ਹਨ ਪਰ ਸੱਤਾ ਦੀ ਹਰ ਕਾਰਵਾਈ ਦਾ ਆਪਣਾ ਤਰਕ ਹੁੰਦਾ ਹੈ। ਉਹ ਤਰਕ ਕੀ ਹੈ?
ਕੇਂਦਰ ਸਰਕਾਰ ਨੇ ਮਗਨਰੇਗਾ ਸਕੀਮ ਦੇ ਨਾਂ ’ਚੋਂ ਮਹਾਤਮਾ ਗਾਂਧੀ ਦਾ ਨਾਂ ਹਟਾ ਲਿਆ ਹੈ ਤੇ ਇਸ ਨੂੰ ਲਾਗੂ ਕਰਨ ਦੇ ਢੰਗ-ਤਰੀਕੇ ਵਿੱਚ ਵੀ ਤਬਦੀਲੀ ਕੀਤੀ ਹੈ। ਹਿੰਦੂ ਮੁਸਲਮਾਨ ਸਾਂਝ ਦੀ ਹਮਾਇਤ ਕਰਨ ਕਰ ਕੇ 1948 ਵਿੱਚ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ; ਹੁਣ ਇਤਿਹਾਸ ਤੇ ਲੋਕ-ਸਿਮਰਤੀ ਵਿੱਚੋਂ ਉਸ ਦਾ ਨਾਂ ਧੁੰਦਲਾ ਕਰਨ ਤੇ ਮਿਟਾਉਣ ਦੀ ਕੋਸ਼ਿਸ਼ ਤੇਜ਼ ਹੋਈ ਹੈ। ਇਸ ਸਕੀਮ ਵਿੱਚ ਆਪਣਾ ਹਿੱਸਾ ਘਟਾ ਕੇ ਕੇਂਦਰ ਸਰਕਾਰ ਨੇ ਇਸ ਸਕੀਮ ਨੂੰ ਲਗਭਗ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਸੂਬਾ ਸਰਕਾਰਾਂ, ਆਰਥਿਕ ਸਥਿਤੀ ਪਤਲੀ ਹੋਣ ਕਾਰਨ, ਇਸ ਸਕੀਮ ਵਿੱਚ ਹਿੱਸਾ ਪਾਉਣ ਤੋਂ ਅਸਮਰੱਥ ਹਨ। ਹੁਣ ਸਕੀਮ ‘ਜੀ ਰਾਮ ਜੀ’ ਦੇ ਨਾਂ ਹੇਠ ਹੋਂਦ ਵਿੱਚ ਤਾਂ ਹੈ ਪਰ ਇਸ ਨੂੰ ਇਸ ਦੀ ਆਤਮਾ ਤੋਂ ਵਾਂਝਿਆਂ ਕਰ ਦਿੱਤਾ ਗਿਆ ਹੈ।
ਵਿਰੋਧੀ ਸਿਆਸੀ ਪਾਰਟੀਆਂ ਤੇ ਖੇਤ ਮਜ਼ਦੂਰ ਜਥੇਬੰਦੀਆਂ ਇਸ ਸਕੀਮ ਦੀ ਨੌਈਅਤ ਬਦਲਣ ਵਿਰੁੱਧ ਲਾਮਬੰਦ ਹੋ ਰਹੀਆਂ ਹਨ। 2020-21 ਦੇ ਕਿਸਾਨ ਸੰਘਰਸ਼ ਦੀ ਯਾਦ ਸਰਕਾਰਾਂ ਨੂੰ ਦੱਸਦੀ ਹੈ ਕਿ ਦੇਸ਼ ਵਿੱਚ ਸਭ ਤੋਂ ਜ਼ਿਆਦਾ ਸੰਘਰਸ਼ਸ਼ੀਲ ਲਾਮਬੰਦੀ ਪੰਜਾਬ ਵਿੱਚ ਹੋਵੇਗੀ। ਸਵਾਲ ਹਵਾ ਵਿੱਚ ਲਟਕ ਰਿਹਾ ਹੈ ਕਿ ਕੀ ਮੁਕੇਸ਼ ਮਲੌਦ ਦੀ ਗ੍ਰਿਫ਼ਤਾਰੀ ਇਸ ਸੰਦਰਭ ਵਿੱਚ ਹੋਈ ਹੈ? ਵਿਰੋਧਾਭਾਸ ਇਹ ਹੈ ਕਿ ਇਸ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਆਪਣੇ ਖ਼ਾਸ ਇਜਲਾਸ ਵਿੱਚ ਮਗਨਰੇਗਾ ਵਿੱਚ ਹੋਈਆਂ ਤਬਦੀਲੀਆਂ ਵਿਰੁੱਧ ਮਤਾ ਪਾਸ ਕੀਤਾ।
ਇਸ ਗ੍ਰਿਫ਼ਤਾਰੀ ਤੋਂ ਬਾਅਦ ਮੈਂ ਸੁਖਵਿੰਦਰ ਪੱਪੀ ਦਾ ਨਾਵਲ ਧਿਆਨ ਨਾਲ ਪੜ੍ਹਿਆ। ਨਾਵਲ ਪੜ੍ਹਦਿਆਂ ਮੈਨੂੰ ਅਹਿਸਾਸ ਹੋਇਆ ਕਿ ਅੰਦੋਲਨਾਂ ਬਾਰੇ ਲਿਖੇ ਨਾਵਲਾਂ ਦੇ ਸਾਹਿਤਕ ਮਹੱਤਵ ਦੇ ਨਾਲ ਨਾਲ ਉਨ੍ਹਾਂ ਦਾ ਇਤਿਹਾਸਕ ਮਹੱਤਵ ਵੀ ਹੁੰਦਾ ਹੈ। ਇਸ ਨਾਵਲ ਵਿੱਚ ਦਲਿਤ ਪਾਤਰ ਤੇ ਆਗੂ ਆਪਣੇ ਪੂਰੇ ਸੰਘਰਸ਼ਮਈ ਜਲੌਅ ਵਿੱਚ ਪ੍ਰਗਟ ਹੋਏ ਹਨ। ਦੀਪਕ ਦਾ ਕਿਰਦਾਰ ਮੁਕੇਸ਼ ਮਲੌਦ ਦਾ ਚਿਤਰਣ ਹੈ। ਵੀਰਾਂ ਦਾ ਕਿਰਦਾਰ ਕਈ ਮਹਿਲਾ ਵਿਦਿਆਰਥੀ ਤੇ ਇਸ ਸੰਘਰਸ਼ ਵਿਚਲੀਆਂ ਮਹਿਲਾ ਸੰਘਰਸ਼ ਆਗੂਆਂ ਦੇ ਕਿਰਦਾਰਾਂ ਦਾ ਸਾਹਿਤਕ ਮਿਸ਼ਰਣ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ਾਂ ਦੌਰਾਨ ਇਹ ਆਗੂ ਉੱਭਰੇ: ਮੁਕੇਸ਼ ਮਲੌਦ, ਬਿੱਕਰ ਹਥੋਆ, ਪਰਮਜੀਤ ਕੌਰ ਲੌਂਗੋਵਾਲ, ਜਗਤਾਰ ਸਿੰਘ ਤੋਲੇਵਾਲ, ਸੁਰਜਨ ਸਿੰਘ ਝਨੇੜੀ, ਗੁਰਚਰਨ ਸਿੰਘ ਘਰਾਚੋਂ, ਗੁਰਵਿੰਦਰ ਸਿੰਘ ਸਾਦੀਹਰੀ, ਰਾਜ ਕੌਰ ਬਡਰੁੱਖਾਂ, ਗੁਰਪ੍ਰੀਤ ਸਿੰਘ ਖੇੜੀ, ਚਰਨ ਸਿੰਘ ਬਾਲਦ ਕਲਾਂ, ਸ਼ਿੰਗਾਰਾ ਸਿੰਘ ਹੇੜੀਕੇ, ਜਸਵੀਰ ਕੌਰ ਹੇੜੀਕੇ, ਗੁਰਦੀਪ ਸਿੰਘ ਧੰਦੀਵਾਲ, ਬਲਦੇਵ ਸਿੰਘ ਝਲੂਰ, ਬਲਵਿੰਦਰ ਸਿੰਘ ਝਲੂਰ, ਪਿਰਥੀ ਸਿੰਘ ਲੌਂਗੋਵਾਲ ਤੇ ਕਈ ਹੋਰ। ਕੁਝ ਦੇ ਚਿਹਰੇ ਇਸ ਨਾਵਲ ਵਿੱਚ ਸਿੱਧੇ-ਅਸਿੱਧੇ ਰੂਪ ਵਿੱਚ ਤੇ ਕੁਝ ਮਿਸ਼ਰਤ ਰੂਪ ਵਿੱਚ ਨਜ਼ਰ ਆਉਂਦੇ ਹਨ। ਮੋਹਕਮ ਦਾ ਕਿਰਦਾਰ ਇੱਕ ਖੱਬੇ ਪੱਖੀ ਸਿਆਸੀ ਆਗੂ ਗੁਰਮੁਖ ਮਾਨ ’ਤੇ ਆਧਾਰਿਤ ਹੈ। ਨਾਵਲ ਵਿੱਚ ਯਾਦਗਾਰੀ ਵਰਣਨ ਤੇ ਬਿੰਬ ਹਨ। ਇੱਕ ਬਿੰਬ ਮਨ ਨੂੰ ਬਹੁਤ ਟੁੰਬਦਾ ਹੈ, ਉਹ ਹੈ ਮੋਹਕਮ ਤੇ ਵੀਰਾਂ ਦੀਆਂ ਦ੍ਰਾਵੜੀ ਅੱਖਾਂ। ਇਹ ਬਿੰਬ ਚੁੱਪ-ਚੁਪੀਤੇ ਨਾਵਲ ਵਿੱਚ ਕਈ ਕੁਝ ਕਹਿ ਜਾਂਦਾ ਹੈ ਤੇ ਕੁਝ ਅਣਕਿਹਾ ਛੱਡ ਜਾਂਦਾ ਹੈ ਜਿਸ ਦਾ ਸਫ਼ਰ ਪਾਠਕ ਨੇ ਖ਼ੁਦ ਤੈਅ ਕਰਨਾ ਹੁੰਦਾ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ਾਂ ਨੇ ਪੰਜਾਬ ਦੇ ਖੇਤ ਮਜ਼ਦੂਰਾਂ ਦੇ ਇਤਿਹਾਸ ਵਿੱਚ ਨਵੇਂ ਤੇ ਸੰਗਰਾਮਮਈ ਵਰਕੇ ਲਿਖੇ ਹਨ। ਇਸ ਸੰਘਰਸ਼ ਦੌਰਾਨ ਬਾਲਦ ਕਲਾਂ, ਘਰਾਚੋਂ, ਤੋਲੇਵਾਲ, ਮਤੋਈ, ਸੇਖਾਂ, ਮੰਡੌਰ, ਸਾਦੀਹਰੀ, ਝਲੂਰ, ਸੇਖਾ ਤੇ ਹੇੜੀਕਾ ਆਦਿ ਪਿੰਡਾਂ ਵਿੱਚ ਤਿੱਖੇ ਟਕਰਾਅ ਹੋਏ ਤੇ ਧਨੀ ਕਿਸਾਨੀ ਤੇ ਪੁਲੀਸ ਨੇ ਤਸ਼ੱਦਦ ਵੀ ਕੀਤਾ। ਪਿੰਡ ਝਲੂਰ ਵਿੱਚ ਮਾਤਾ ਗੁਰਦੇਵ ਕੌਰ ਸ਼ਹੀਦ ਹੋਈ।
ਹਰ ਲੋਕ-ਪੱਖੀ ਸੰਘਰਸ਼ ਵਿੱਚ ਹੁੰਦੇ ਟਕਰਾਵਾਂ ਦੌਰਾਨ ਆਗੂਆਂ ਤੇ ਕਾਰਕੁਨਾਂ ’ਤੇ ਕੇਸ ਦਰਜ ਹੁੰਦੇ ਹਨ। 2020-21 ਕਿਸਾਨ ਸੰਘਰਸ਼ ਦੌਰਾਨ ਵੀ ਹੋਏ। ਪਹਿਲਾਂ ਹੋਏ ਅੰਦੋਲਨਾਂ ਵਿੱਚ ਵੀ ਹੋਏ। ਲੋਕ-ਪੱਖੀ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੇ ਕੇਸਾਂ ’ਤੇ ਵਿਚਾਰ ਕਰ ਕੇ ਲੋਕ-ਸੰਘਰਸ਼ਾਂ ਦੇ ਆਗੂਆਂ ਵਿਰੁੱਧ ਬਣਾਏ ਕੇਸ ਵਾਪਸ ਲੈਣ; ਇਹ ਨਹੀਂ ਕਿ ਪੁਰਾਣੇ ਕੇਸਾਂ ਨੂੰ ਹਥਿਆਰ ਬਣਾ ਕੇ ਆਗੂਆਂ ਦੀ ਗ੍ਰਿਫ਼ਤਾਰੀ ਕੀਤੀ ਜਾਏ। ਪੰਜਾਬ ਦੇ ਖੇਤ ਮਜ਼ਦੂਰ, ਕਿਸਾਨ, ਦਲਿਤ ਤੇ ਹੋਰ ਵਰਗਾਂ ਦੇ ਲੋਕ, ਜਥੇਬੰਦੀਆਂ, ਵਿਦਵਾਨ ਤੇ ਸਮਾਜਿਕ ਕਾਰਕੁਨ, ਮੁਕੇਸ਼ ਮਲੌਦ ਦੀ ਗ੍ਰਿਫ਼ਤਾਰੀ ਵਿਰੁੱਧ ਆਵਾਜ਼ ਉਠਾ ਰਹੇ ਹਨ। ਮੁਕੇਸ਼ ਮਲੌਦ ਅੱਜ ਬੰਦੀ ਹੈ ਪਰ ਆਪਣੇ ਸੰਘਰਸ਼ ਸਦਕਾ ਉਹ ਆਪਣੀ ਆਤਮਾ ਦੀ ਆਜ਼ਾਦੀ ਪ੍ਰਾਪਤ ਕਰ ਚੁੱਕਾ ਹੈ, ਉਹ ਪ੍ਰਾਪਤੀ ਜੋ ਰਵਾਇਤੀ ਸਿਆਸੀ ਆਗੂਆਂ ਦੇ ਹਿੱਸੇ ਕਦੇ ਨਹੀਂ ਆਉਣੀ।
Share this content:



Post Comment