ਇਰਾਨ ਸਿਰ ਮੰਡਰਾਉਂਦਾ ਖ਼ਤਰਾ
ਇਸ ਸਮੇਂ ਸੰਸਾਰ ਭਰ ਦੇ ਲੋਕਾਂ ਦੀਆਂ ਨਿਗਾਹਾਂ ਅਮਰੀਕਾ-ਇਰਾਨ ਜੰਗੀ ਤਣਾਅ ਉੱਤੇ ਟਿਕੀਆਂ ਹੋਈਆਂ ਹਨ। ਅਮਰੀਕਾ ਵੱਲੋਂ ਇਰਾਨ ਦੇ ਇਰਦ-ਗਿਰਦ ਅਰਬ ਮੁਲਕਾਂ ਵਿਚਲੇ ਫ਼ੌਜੀ ਟਿਕਾਣਿਆਂ ’ਤੇ ਜੰਗੀ ਹਥਿਆਰਾਂ ਦਾ ਜਮਾਵੜਾ ਖੜ੍ਹਾ ਕੀਤਾ ਜਾ ਰਿਹਾ ਹੈ। ਅਰਬ ਸਾਗਰ ਵਿੱਚ ਸਮੁੰਦਰੀ ਘੇਰਾਬੰਦੀ ਲਈ ਦੁਨੀਆ ਦੇ ਸਭ ਤੋਂ ਵੱਡੇ ਫ਼ੌਜੀ ਬੇੜੇ ਯੂ ਐੱਸ ਐੱਸ ਅਬਰਾਹਮ ਲਿੰਕਨ ਏਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੁੱਪ ਨੂੰ ਤਾਇਨਾਤ ਕਰ ਕੇ ਹਮਲੇ ਅਤੇ ਪ੍ਰਮਾਣੂ ਸਮਝੌਤੇ ਲਈ ਦਬਾਅ ਵਧਾਇਆ ਜਾ ਰਿਹਾ ਹੈ। ਅਮਰੀਕੀ ਲੜਾਕੂ ਅਤੇ ਖ਼ੁਫ਼ੀਆ ਨਿਗਰਾਨ ਤੇ ਰਣਨੀਤਕ ਜਹਾਜ਼ ਇਰਾਨ ਨੇੜੇ ਫ਼ੌਜੀ ਗਸ਼ਤ ਕਰ ਰਹੇ ਹਨ। ਅਮਰੀਕਾ ਆਪਣੀ ਫ਼ੌਜੀ ਤਾਕਤ ਦਾ ਪ੍ਰਦਰਸ਼ਨ ਕਰ ਕੇ ਦੂਜੇ ਮੁਲਕਾਂ ਉੱਤੇ ਲਗਾਤਾਰ ਕੂਟਨੀਤਕ ਦਬਾਅ ਪਾ ਰਿਹਾ ਹੈ ਤੇ ਇਸ ਦਬਾਅ ਦੀ ਆੜ ਹੇਠ ਵੱਖ-ਵੱਖ ਮੁਲਕਾਂ ਨਾਲ ਵਪਾਰਕ ਸਮਝੌਤੇ ਵੀ ਨੇਪਰੇ ਚਾੜ੍ਹ ਰਿਹਾ ਹੈ। ਇਸ ਤਰ੍ਹਾਂ ਇਹ ਸਾਮਰਾਜੀ ਦੌਰ ਜੰਗੀ ਧਮਕੀਆਂ ਤੇ ਟਕਰਾਵਾਂ ਦੇ ਨਾਲ-ਨਾਲ ਸੌਦੇਬਾਜ਼ੀਆਂ ਤਹਿਤ ਨਵੀਂ ਵਿਸ਼ਵ ਵਿਵਸਥਾ ਮਜ਼ਬੂਤ ਕਰਨ ਦਾ ਦੌਰ ਹੈ।
ਘਰੇਲੂ ਤੇ ਕੌਮਾਂਤਰੀ ਵਿਰੋਧ ਵਿੱਚ ਘਿਰਿਆ ਟਰੰਪ ਮੱਧ-ਪੂਰਬ ਵਿੱਚ ‘ਗ੍ਰੇਟਰ ਇਜ਼ਰਾਈਲ’ ਦੇ ਰਾਹ ਦਾ ਰੋੜਾ ਬਣੇ ਇਰਾਨ ਨੂੰ ਲਾਂਭੇ ਕਰਨ ਲਈ ਇਰਾਨ ਦੁਆਰਾ ਪ੍ਰਮਾਣੂ ਹਥਿਆਰ ਵਿਕਸਿਤ ਕਰਨ ਦਾ ਬਹਾਨਾ ਬਣਾ ਕੇ ਆਪਣਾ ਲਾਮ-ਲਸ਼ਕਰ ਲੈ ਕੇ ਅਰਬ ਸਾਗਰ ਵੱਲ ਠਿੱਲ ਪਿਆ ਹੈ। ਉਧਰ ਇਰਾਨ ਵੱਲੋਂ ਅਮਰੀਕੀ ਜੰਗੀ ਧਾਵੇ ਦੀਆਂ ਧਮਕੀਆਂ ਖ਼ਿਲਾਫ਼ ਸਖ਼ਤੀ ਨਾਲ ਨਜਿੱਠਣ ਤੇ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਇਰਾਨ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਲਈ ਖ਼ਤਰਾ ਮੰਨ ਕੇ ਸਿੱਝਣ ਦੇ ਤਿੱਖੇ ਸੰਕੇਤ ਦਿੱਤੇ ਜਾ ਰਹੇ ਹਨ। ਇਰਾਨ ਨੇ ਅਮਰੀਕੀ ਜੰਗੀ ਬੇੜੇ ਨੂੰ ਟੱਕਰ ਦੇਣ ਲਈ ਬਾਰੂਦੀ ਅਸਲੇ ਨਾਲ ਲੈਸ ਤਿੰਨ ਸੌ ਦੇ ਕਰੀਬ ਰੋਬੋਟਿਕ ਕਿਸ਼ਤੀਆਂ ਸਮੁੰਦਰੀ ਕਿਨਾਰਿਆਂ ’ਤੇ ਤਾਇਨਾਤ ਕਰ ਦਿੱਤੀਆਂ ਹਨ। ਇਰਾਨ ਅਮਰੀਕੀ ਹਮਲੇ ਦੇ ਸਨਮੁੱਖ ਅਮਰੀਕਾ ਤੇ ਇਜ਼ਰਾਈਲ ਦੋਵੇਂ ਦੇਸ਼ਾਂ ਉੱਤੇ ਘਾਤਕ ਮਿਜ਼ਾਈਲ ਹਮਲੇ ਕਰਨ ਦੇ ਬਿਆਨ ਦੇ ਰਿਹਾ ਹੈ, ਜੋ ਇਜ਼ਰਾਈਲ ਲਈ ਵੱਡੀ ਚੁਣੌਤੀ ਹੈ। ਇਸ ਕਾਰਨ ਅਮਰੀਕਾ ਫੂਕ-ਫੂਕ ਕੇ ਕਦਮ ਰੱਖ ਰਿਹਾ ਹੈ। ਟਰੰਪ ਆਪਣੀਆਂ ਅਰਾਜਕ ਟੈਰਿਫ ਨੀਤੀਆਂ, ਕਰਜ਼ ਸੰਕਟ, ਘਰੇਲੂ ਯੁੱਧ, ਵਿਸ਼ਵ ਵਿਆਪੀ ਵਿਰੋਧ, ਐਪਸਟੀਨ ਫਾਈਲਾਂ ਤੋਂ ਧਿਆਨ ਭਟਕਾਉਣ ਤੇ ਅਮਰੀਕੀ ਡਾਲਰ ਦੀ ਖੁਰ ਰਹੀ ਸਾਖ ਨੂੰ ਬਚਾਉਣ ਲਈ ਵੈਨੇਜ਼ੁਏਲਾ ਤੋਂ ਬਾਅਦ ਮੱਧ ਪੂਰਬ ਵਿੱਚ ਪੈਟਰੋਲੀਅਮ ਸਿਆਸਤ ਕਰ ਕੇ ਜੰਗੀ ਤਣਾਅ ਲਮਕਾਉਣਾ ਚਾਹੁੰਦਾ ਹੈ।
ਇਰਾਨ, ਅਮਰੀਕਾ ਨਾਲ ਸਿੱਧੀ ਜੰਗੀ ਟੱਕਰ ਵਿੱਚ ਇੱਕ ਕਮਜ਼ੋਰ ਤਾਕਤ ਜ਼ਰੂਰ ਹੈ, ਪਰ ਉਹ ਇਸ ਜੰਗ ਵਿੱਚ ਅਮਰੀਕਾ-ਇਜ਼ਰਾਈਲ ਗੁੱਟ ਸਮੇਤ ਅਮਰੀਕੀ ਭਾਈਵਾਲ ਖਾੜੀ ਮੁਲਕਾਂ ਲਈ ਵੱਡੀ ਚੁਣੌਤੀ ਵੀ ਹੈ। ਹਮਲੇ ਦੀ ਸੂਰਤ ’ਚ ਇਰਾਨ ਅਰਬ ਮੁਲਕਾਂ ਵਿੱਚ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ਸਮੇਤ ਖਾੜੀ ਦੇਸ਼ਾਂ ਦੇ ਮਹੱਤਵਪੂਰਨ ਬੁਨਿਆਦੀ ਤੇਲ ਢਾਂਚਿਆਂ ਨੂੰ ਨਿਸ਼ਾਨਾ ਬਣਾ ਸਕਦਾ ਹੈ ਤੇ ਹਾਰਮੂਜ਼ ਜਲਡਮਰੂ ਨੂੰ ਬੰਦ ਕਰਕੇ ਕੌਮਾਂਤਰੀ ਵਪਾਰਕ ਗਤੀਵਿਧੀਆਂ ਨੂੰ ਬੁਰੇ ਰੁਖ਼ ਪ੍ਰਭਾਵਿਤ ਕਰ ਸਕਦਾ ਹੈ, ਜਿਸ ਨਾਲ ਪਹਿਲਾਂ ਤੋਂ ਹੀ ਅਸ਼ਾਂਤੀ ਤੇ ਤੰਗਦਸਤੀ ’ਚ ਘਿਰੇ ਮੱਧ ਪੂਰਬ ਖਿੱਤੇ ਉੱਤੇ ਹੋਰ ਬੁਰਾ ਪ੍ਰਭਾਵ ਪੈ ਸਕਦਾ ਹੈ। ਇਰਾਨ ‘ਇਸਲਾਮੀ ਰੈਵੋਲਿਊਸ਼ਨਰੀ ਗਾਰਡ ਕੋਰ’ ਤੋਂ ਸਿਖਲਾਈਯਾਫ਼ਤਾ ਪ੍ਰੌਕਸੀ ਗਰੁੱਪਾਂ ਜਿਵੇਂ ਕਿ ਲੈਬਨਾਨ ਵਿੱਚ ਹਿਜ਼ਬੁੱਲਾ, ਯਮਨ ਦੇ ਹੂਤੀ, ਇਰਾਕ ਤੇ ਸੀਰੀਆ ਵਿੱਚ ਇਰਾਨ ਗੱਠਜੋੜ ਵਾਲੇ ਸ਼ੀਆ ਮਿਲੀਸ਼ੀਆ (ਕਤਾਇਬ ਹਿਜ਼ਬੁੱਲਾ, ਹਰਕਤ ਅਲ-ਨੁਜਾਬਾ ਆਦਿ) ਰਾਹੀਂ ਅਮਰੀਕੀ ਫ਼ੌਜੀ ਟਿਕਾਣਿਆਂ, ਸਮੁੰਦਰੀ ਵਪਾਰਕ ਲਾਂਘਿਆਂ ਅਤੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾ ਕੇ ਪੂਰੇ ਖੇਤਰ ਵਿੱਚ ਅਮਰੀਕਾ ’ਤੇ ਦਬਾਅ ਪਾ ਸਕਦਾ ਹੈ। ਇਸੇ ਲਈ ਸਾਊਦੀ ਅਰਬ, ਤੁਰਕੀ, ਕਤਰ, ਰੂਸ ਵਰਗੇ ਮੁਲਕ ਇਸ ਟਕਰਾਅ ਨੂੰ ਗੱਲਬਾਤ ਜ਼ਰੀਏ ਟਾਲਣ ਲਈ ਯਤਨਸ਼ੀਲ ਹਨ।
ਅਮਰੀਕਾ ਵੱਲੋਂ ਆਪਣੇ ਫ਼ੌਜੀ ਬੇੜੇ ਦੱਖਣੀ ਚੀਨ ਸਾਗਰ ਤੋਂ ਹਟਾ ਕੇ ਅਰਬ ਸਾਗਰ ਵੱਲ ਸੇਧਿਤ ਕਰਨ ਨਾਲ ਖਾੜੀ ਸੰਕਟ ਤਿੱਖਾ ਹੋ ਰਿਹਾ ਹੈ। ਇਸ ਜੰਗੀ ਕਵਾਇਦ ਨਾਲ ਮੱਧ ਪੂਰਬ ਦਾ ਪੂਰਾ ਖਿੱਤਾ ਅਮਰੀਕੀ ਫ਼ੌਜੀ ਧੌਂਸ, ਰੂਸੀ-ਚੀਨੀ ਰਣਨੀਤਕ-ਵਪਾਰਕ ਸਹਿਯੋਗ ਅਤੇ ਇਰਾਨ ਦੇ ਘਰੇਲੂ ਆਰਥਿਕ-ਸਮਾਜਿਕ ਸੰਕਟ ਦੀ ਚੌਤਰਫ਼ੀ ਮਾਰ ਹੇਠ ਆ ਗਿਆ ਹੈ। ਇਰਾਨ-ਇਜ਼ਰਾਈਲ ਖੇਤਰੀ ਵਿਵਾਦ ਹੁਣ ਸਾਮਰਾਜੀ ਤਾਕਤਾਂ ਦੇ ਦਖ਼ਲ ਨਾਲ ਵਿਸ਼ਵ ਪੱਧਰੀ ਟਕਰਾਅ ਤੱਕ ਪੱਸਰ ਗਿਆ ਹੈ। ਅਮਰੀਕਾ ਦੀਆਂ ਹਾਲੀਆ ਜੰਗੀ ਮਸ਼ਕਾਂ ਤੇ ਘੁਰਕੀਆਂ ਬੀਤੇ ਵਰ੍ਹੇ ਦੇ ਜੂਨ ਮਹੀਨੇ ’ਚ ਪ੍ਰਮਾਣੂ ਟਿਕਾਣਿਆਂ ਉੱਤੇ ਕੀਤੇ ਗਏ ਹਮਲੇ ਦੀ ਲੜੀ ਦੀ ਹੀ ਅਗਲੀ ਕੜੀ ਹੈ, ਜਿਸਦਾ ਮਕਸਦ ਮੱਧ ਪੂਰਬ ਵਿੱਚ ਅਮਰੀਕੀ ਤੇ ਇਜ਼ਰਾਇਲੀ ਚੁਣੌਤੀ ਇਰਾਨ ਨੂੰ ਪ੍ਰਮਾਣੂ ਹਥਿਆਰਾਂ ਬਹਾਨੇ ਰਸਤੇ ’ਚੋਂ ਹਟਾ ਕੇ ਮੱਧ ਪੂਰਬ ਖਿੱਤੇ ਦੇ ਤੇਲ-ਊਰਜਾ ਸਰੋਤਾਂ ਸਮੇਤ ਮੰਡੀ ਉੱਤੇ ਕੰਟਰੋਲ ਸਥਾਪਤ ਕਰ ਕੇ ਅਮਰੀਕੀ ਚੌਧਰ ਨੂੰ ਕਾਇਮ ਰੱਖਣਾ ਅਤੇ ਇਜ਼ਰਾਈਲ ਦੇ ਪ੍ਰਭਾਵ ਨੂੰ ਬਿਨਾਂ ਰੋਕ-ਟੋਕ ਅੱਗੇ ਵਧਾਉਣਾ ਹੈ।
ਉਧਰ ਚੀਨ ਤੇ ਹੁਣ ਰੂਸ ਵੀ ਹਥਿਆਰ, ਹਵਾਈ ਰੱਖਿਆ ਪ੍ਰਣਾਲੀ ਅਤੇ ਸਮੁੰਦਰੀ ਮਿਜ਼ਾਈਲ ਤਕਨਾਲੋਜੀ ਰਾਹੀਂ ਇਰਾਨ ਦੀ ਸਿੱਧੀ-ਅਸਿੱਧੀ ਮਦਦ ਕਰ ਕੇ ਆਪਣੇ ਸ਼ਰੀਕ ਅਮਰੀਕੀ ਸਾਮਰਾਜ ਦੇ ਰਾਹ ਵਿੱਚ ਔਕੜਾਂ ਪੈਦਾ ਕਰ ਰਹੇ ਹਨ। ਅਮਰੀਕਾ ਨੂੰ ਅਰਬ ਖਿੱਤੇ ਵਿੱਚ ਉਲਝਾ ਕੇ ਚੀਨ ਉਸ ਦਾ ਧਿਆਨ ਜਿੱਥੇ ਹਿੰਦ ਪ੍ਰਸ਼ਾਂਤ ਮਹਾਸਾਗਰ ਤੇ ਦੱਖਣੀ ਚੀਨ ਸਾਗਰ ਤੋਂ ਲਾਂਭੇ ਕਰਨਾ ਚਾਹੁੰਦਾ ਹੈ, ਉੱਥੇ ਨਾਲ ਹੀ ਚੀਨ ਇਰਾਨ ਨੂੰ ਕੂਟਨੀਤਕ ਹਥਿਆਰ ਦੇ ਤੌਰ ’ਤੇ ਵਰਤ ਕੇ ਮੱਧ-ਪੂਰਬ ਵਿੱਚ ਆਪਣੇ ਵਪਾਰਕ ਹਿੱਤਾਂ ਨੂੰ ਨੇਪਰੇ ਚਾੜ੍ਹਨ ਦੀ ਤਾਕ ਵਿੱਚ ਹੈ ਅਤੇ ਇਹ ਵੈਨੇਜ਼ੁਏਲਾ ਨੂੰ ਅਮਰੀਕਾ ਦੇ ਹੱਥ ਗੁਆ ਕੇ ਹੁਣ ਖੁੱਲ੍ਹ ਕੇ ਇਰਾਨ ਦੇ ਪੱਖ ਵਿਚ ਆ ਗਿਆ ਹੈ ਤੇ ਆਉਂਦੇ ਦਿਨਾਂ ਵਿੱਚ ਰੂਸ-ਚੀਨ ਮੱਧ ਪੂਰਬ ’ਚ ਸਾਂਝੀਆਂ ਫ਼ੌਜੀ ਮਸ਼ਕਾਂ ਕਰਨ ਜਾ ਰਹੇ ਹਨ। ਅਮਰੀਕਾ ਦੇ ਇਰਾਨ ਉੱਤੇ ਹਮਲੇ ਦੀ ਸੂਰਤ ’ਚ ਇਰਾਨ ਨੇ ਅਮਰੀਕਾ ਦੇ ਨਾਲ-ਨਾਲ ਇਜ਼ਰਾਈਲ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ। ਬੀਤੇ ਵਰ੍ਹੇ ਦੇ ਜੂਨ ਮਹੀਨੇ ’ਚ ਇਜ਼ਰਾਈਲ ਇਰਾਨ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਜ਼ਬਰਦਸਤ ਪ੍ਰਦਰਸ਼ਨ ਦੇਖ ਚੁੱਕਾ ਹੈ।
ਇਸ ਸਮੇਂ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ ਇਰਾਨੀ ਬੈਲਿਸਟਿਕ ਮਿਜ਼ਾਈਲਾਂ ਦੀ ਤਾਬ ਝੱਲਣ ਯੋਗ ਨਹੀਂ ਹੈ, ਜਿਸ ਕਾਰਨ ਇਜ਼ਰਾਈਲ ਅਮਰੀਕੀ ਹਮਲੇ ਨੂੰ ਨਾ ਚਾਹੁੰਦਿਆਂ ਵੀ ਟਾਲਣ ਦੇ ਰੌਂਅ ਵਿੱਚ ਹੈ। ਇਸ ਤੋਂ ਇਲਾਵਾ ਸਾਊਦੀ ਅਰਬ, ਯੂ ਏ ਈ, ਕਤਰ ਵਰਗੇ ਖਾੜੀ ਦੇਸ਼ਾਂ ਨੇ ਅਮਰੀਕਾ ਨੂੰ ਇਰਾਨ ਖ਼ਿਲਾਫ਼ ਆਪਣੇ ਹਵਾਈ ਖੇਤਰ ਨੂੰ ਵਰਤਣ ਦੇਣ ਤੋਂ ਇਨਕਾਰ ਕਰ ਕੇ ਉਸ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇਰਾਨ ਦੁਆਰਾ ਉਸ ਦੇ ਸੁਪਰੀਮ ਲੀਡਰ ਆਇਤੁੱਲ੍ਹਾ ਖੋਮੇਨੀ ਉੱਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਇਸਲਾਮਿਕ ਰਾਜਾਂ ਉੱਤੇ ਹਮਲਾ ਮੰਨਣ ਦੇ ਬਿਆਨ ਤੇ ‘ਇਸਲਾਮਿਕ ਨਾਟੋ’ ਬਣਾਉਣ ਦੀ ਤਿਆਰੀ ਕਰਨ ਕਰ ਕੇ ਅਮਰੀਕਾ ਲਈ ਇਰਾਨ ’ਤੇ ਹਮਲਾ ਆਸਾਨ ਨਹੀਂ ਹੈ। ਮੱਧ ਪੂਰਬ ਏਸ਼ੀਆ ’ਚ ਅਮਰੀਕਾ ਦੇ ਸੈਨਿਕ ਅੱਡੇ ਤੇ ਇਜ਼ਰਾਈਲ ਇਰਾਨ ਦੀ ਸਿੱਧੀ ਮਾਰ ਹੇਠ ਹੋਣ ਕਰ ਕੇ, ਅਮਰੀਕਾ ਅੰਦਰ ਟਰੰਪ ਖ਼ਿਲਾਫ਼ ਘਰੇਲੂ ਜੰਗ ਵਰਗੀ ਹਾਲਤ ਪੈਦਾ ਹੋਣ ਕਰ ਕੇ ਅਤੇ ਰੂਸ-ਚੀਨ ਵੱਲੋਂ ਇਰਾਨ ਨੂੰ ਸਹਾਇਤਾ ਪ੍ਰਦਾਨ ਕਰਨ ਨਾਲ ਅਮਰੀਕਾ ਦੀ ਹਾਲਤ ਪਤਲੀ ਪੈ ਗਈ ਹੈ।
ਇਸ ਦੇ ਨਾਲ ਹੀ ਇਰਾਨ ਸੰਕਟ ਤੇ ਅਮਰੀਕੀ ਦੁਸ਼ਮਣੀ ਦੇ ਕਾਰਨ ਇਸ ਦੀ ਬਸਤੀਵਾਦੀ, ਸਾਮਰਾਜੀ ਤੇ ਧਾਰਮਿਕ ਮੂਲਵਾਦੀ ਵਿਰਾਸਤ ਵਿੱਚ ਨਿਹਿਤ ਹਨ। ਪਹਿਲੀ ਆਲਮੀ ਜੰਗ ਤੋਂ ਬਾਅਦ ਔਟੋਮਨ ਸਾਮਰਾਜ ਦੇ ਪਤਨ (1922) ਨੇ ਮੱਧ ਪੂਰਬ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਇਹ ਇੱਕ ਅਜਿਹਾ ਦੌਰ ਸੀ, ਜਿਸ ਵਿੱਚ ਪਹਿਲਾਂ ਯੂਰੋਪੀਅਨ ਬਸਤੀਵਾਦ ਅਤੇ ਬਾਅਦ ਵਿੱਚ ਅਮਰੀਕੀ ਭੂ-ਸਿਆਸੀ ਸਰਬਉੱਚਤਾ ਦਾ ਦਬਦਬਾ ਰਿਹਾ। ਬਸਤੀਵਾਦੀ ਸ਼ਕਤੀਆਂ ਨੇ ਮਨਮਾਨੇ ਢੰਗ ਨਾਲ ਸਰਹੱਦੀ ਵੰਡੀਆਂ ਪਾਈਆਂ, ਧਾਰਮਿਕ ਕੱਟੜਤਾ ਨੂੰ ਬਲਵਾਨ ਬਣਾਇਆ ਤੇ ਤੇਲ-ਆਧਾਰਿਤ ਅਰਥਵਿਵਸਥਾਵਾਂ ਦੀ ਨੀਂਹ ਰੱਖੀ, ਜੋ ਅੱਗੇ ਚੱਲ ਕੇ ਵਿਸ਼ਵ ਪੂੰਜੀਵਾਦ ਦਾ ਕੇਂਦਰ ਬਣ ਗਈਆਂ।
ਇਨ੍ਹਾਂ ਦਖ਼ਲਅੰਦਾਜ਼ੀਆਂ ਨੇ ਘਰੇਲੂ ਆਰਥਿਕ-ਸਮਾਜਿਕ ਵਿਵਸਥਾ ਨੂੰ ਤਬਾਹ ਕਰ ਦਿੱਤਾ ਤੇ ਇਰਾਨੀ ਤੇਲ ਤੇ ਊਰਜਾ ਸਰੋਤਾਂ ਦੇ ਨਿਰਯਾਤ ਨਾਲ ਇਰਾਨ ਅੰਦਰ ਗ਼ੈਰ-ਬਰਾਬਰੀ ਨੂੰ ਵਧਾਇਆ। ਸ਼ੀਤ ਯੁੱਧ ਮਗਰੋਂ ਅਮਰੀਕਾ-ਇਜ਼ਰਾਈਲ ਮੱਧ ਪੂਰਬ ਵਿੱਚ ਪ੍ਰਮੁੱਖ ਬਾਹਰੀ ਸ਼ਕਤੀ ਵਜੋਂ ਉੱਭਰੇ ਹਨ। ਅਮਰੀਕੀ ਰਣਨੀਤੀ ਤੇਲ ਸਪਲਾਈ ਨੂੰ ਕੰਟਰੋਲ ਕਰਨ, ਸੋਵੀਅਤ ਪ੍ਰਭਾਵ ਨੂੰ ਰੋਕਣ ਅਤੇ ਪੱਛਮੀ ਪੂੰਜੀ ਲਈ ਖੁੱਲ੍ਹੀ ਮੰਡੀ ਦੀ ਨੀਤੀ ਨੂੰ ਬਰਕਰਾਰ ਰੱਖਣ ਵਿੱਚ ਸਰਗਰਮ ਰਹੀ। ਇਰਾਨੀ ਸ਼ਾਹਾਂ ਅਤੇ ਖਾੜੀ ਸਹਿਯੋਗ ਪ੍ਰੀਸ਼ਦ ਵਿੱਚ ਸ਼ਾਮਲ ਰਾਜਸ਼ਾਹੀਆਂ ਨੇ ਫ਼ੌਜੀ ਸੁਰੱਖਿਆ, ਆਰਥਿਕ ਸਹਾਇਤਾ ਅਤੇ ਸਿਆਸੀ ਮੱਦਦ ਬਦਲੇ ਆਪਣੇ ਆਪ ਨੂੰ ਅਮਰੀਕੀ ਨੀਤੀਆਂ ਦੇ ਦਾਬੇ ਹੇਠ ਲੈ ਆਂਦਾ।
ਸੰਨ 1979 ਦੀ ਇਰਾਨੀ ਕ੍ਰਾਂਤੀ ਵੇਲੇ ਸ਼ਾਹ ਨੂੰ ਗੱਦੀਓਂ ਲਾਹ ਕੇ ਆਇਤੁੱਲ੍ਹਾ ਖੋਮੇਨੀ ਸੱਤਾ ’ਤੇ ਕਾਬਜ਼ ਹੋਇਆ। ਇਹ ਕ੍ਰਾਂਤੀ ਕੋਈ ਸਮਾਜਵਾਦੀ ਜਾਂ ਲੋਕ-ਪੱਖੀ ਤਬਦੀਲੀ ਨਹੀਂ ਸੀ ਸਗੋਂ ਇੱਕ ਰਾਸ਼ਟਰਵਾਦੀ ਅਤੇ ਧਾਰਮਿਕ ਕੱਟੜਪੰਥੀ ਲਹਿਰ ਸੀ, ਜਿਸ ਨੇ ਰਾਜਸ਼ਾਹੀ ਅਤੇ ਸਾਮਰਾਜੀ ਦਖਲਅੰਦਾਜ਼ੀ ਵਿਰੁੱਧ ਵਿਆਪਕ ਗੁੱਸੇ ਨੂੰ ਇੱਕ ਧਰਮਸ਼ਾਹੀ ਰਾਜ ਵਿੱਚ ਬਦਲ ਦਿੱਤਾ। ਨਵੇਂ ਸ਼ਾਸਕ ਨੇ ਪੱਛਮੀ ਪੂੰਜੀ ਪ੍ਰਤੀ ਸ਼ਾਹ ਦੀ ਵਫ਼ਾਦਾਰੀ ਨੂੰ ਰੱਦ ਕਰ ਕੇ ਘਰੇਲੂ ਨੀਤੀ ਅਤੇ ਆਪਣੇ ਖੇਤਰੀ ਪ੍ਰਭਾਵ ਉੱਤੇ ਵਧੇਰੇ ਪ੍ਰਭੂਸੱਤਾ ਦੀ ਨੀਤੀ ਅਪਣਾਈ। ਇਰਾਨੀ ਕ੍ਰਾਂਤੀ ਸਾਮਰਾਜੀ ਦਬਦਬੇ ਖ਼ਿਲਾਫ ਵੱਡੀ ਜਿੱਤ ਜ਼ਰੂਰ ਸੀ ਪਰ ਇਸ ਨੇ ਲੋਕ-ਪੱਖੀ ਵਿਵਸਥਾ ਕਾਇਮ ਕਰਨ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ, ਜਿਸ ਕਾਰਨ ਇਰਾਨ ਅੱਜ ਵੱਡੇ ਆਰਥਿਕ-ਸਮਾਜਿਕ ਸੰਕਟ (ਬਾਵਜੂਦ ਅਮਰੀਕੀ ਆਰਥਿਕ ਨਾਕਾਬੰਦੀਆਂ ਦੇ) ਵਿੱਚ ਫਸ ਚੁੱਕਾ ਹੈ। ਮੱਧ ਪੂਰਬ ਵਿੱਚ ਤੇਲ ’ਤੇ ਨਿਯੰਤਰਣ ਤੇ ਮੰਡੀ ’ਤੇ ਕਬਜ਼ੇ ਦੀ ਲੜਾਈ ਨੇ ਇਸ ਖੇਤਰ ਨੂੰ ਸਾਮਰਾਜਵਾਦੀ ਮੁਕਾਬਲੇਬਾਜ਼ੀ ਦਾ ਅਖਾੜਾ ਬਣਾ ਦਿੱਤਾ ਹੈ। ਅਮਰੀਕਾ ਨੇ ਦੂਜੀ ਆਲਮੀ ਜੰਗ ਮਗਰੋਂ ਆਪਣੇ ਹਿੱਤਾਂ ਲਈ ਇਸ ਪੂਰੇ ਖੇਤਰ ਵਿੱਚ ਸਾਮਰਾਜ ਪੱਖੀ ਗੱਠਜੋੜਾਂ ਅਤੇ ਫ਼ੌਜੀ ਟਿਕਾਣਿਆਂ ਦਾ ਇੱਕ ਨੈੱਟਵਰਕ ਖੜ੍ਹਾ ਕੀਤਾ। ਇਰਾਨ ਪ੍ਰਤੀ ਅਮਰੀਕਾ ਦੀ ਨੀਤੀ ਆਰਥਿਕ ਰੋਕਾਂ, ਕੂਟਨੀਤਕ ਦਬਾਅ ਅਤੇ ਫ਼ੌਜੀ ਦਾਬੇ ਵਾਲੀ ਰਹੀ ਹੈ। ਇਰਾਕ, ਸੀਰੀਆ, ਲਿਬੀਆ, ਯਮਨ ਅਤੇ ਲੈਬਨਾਨ ਸਮੇਤ ਪੂਰਾ ਅਰਬ ਸੰਸਾਰ ਪ੍ਰੌਕਸੀ ਜੰਗਾਂ-ਟਕਰਾਵਾਂ ਰਾਹੀਂ ਮੁਕਾਬਲੇਬਾਜ਼ ਪੂੰਜੀਵਾਦੀ ਤੇ ਸਾਮਰਾਜਵਾਦੀ ਹਿੱਤਾਂ ਦੀ ਭੇਂਟ ਚੜ੍ਹਦਾ ਆ ਰਿਹਾ ਹੈ।
ਮੱਧ-ਪੂਰਬ ਏਸ਼ੀਆ ਦੀਆਂ ਜ਼ਿਆਦਾਤਰ ਰਾਜਸ਼ਾਹੀਆਂ ਸਾਮਰਾਜੀ ਮੁਲਕਾਂ ਦੇ ਇੱਕ ਜਾਂ ਦੂਜੇ ਧੜੇ ਨਾਲ ਟੋਚਨ ਹਨ। ਇਹ ਵਿਸ਼ਵ ਪੂੰਜੀਵਾਦ ਦੀ ਚਾਕਰੀ ਕਰਨ ਲਈ ਆਪਣੇ ਦੇਸ਼ਾਂ ਅੰਦਰਲੇ ਲੋਕ-ਪੱਖੀ ਤੇ ਜਮਹੂਰੀ ਅੰਦੋਲਨਾਂ ਨੂੰ ਦਬਾਅ ਕੇ ਰੱਖਦੀਆਂ ਹਨ ਤੇ ਧਾਰਮਿਕ ਕੱਟੜਤਾ ਨੂੰ ਵਧਾਉਂਦੀਆਂ ਹਨ। ਇਰਾਨ ਵਰਗੇ ਧਾਰਮਿਕ ਮੂਲਵਾਦੀ ਦੇਸ਼ ਕਾਮਿਆਂ ਅਤੇ ਔਰਤਾਂ ਪ੍ਰਤੀ ਦਮਨਕਾਰੀ ਹਨ ਤੇ ਇਹ ਆਪਣੀਆਂ ਖੇਤਰੀ ਇੱਛਾਵਾਂ ਤੇ ਦਮਨਕਾਰੀ ਨੀਤੀਆਂ ਨੂੰ ਲਾਗੂ ਕਰਨ ਲਈ ਤਾਨਾਸ਼ਾਹੀ ਸ਼ਾਸਨ ਕਾਇਮ ਰੱਖ ਰਹੇ ਹਨ।
Share this content:



Post Comment