Loading Now

ਇਰਾਨ ਵਿੱਚ 57 ਦਿਨਾਂ ਤੋਂ ਇੰਟਰਨੈੱਟ ਬੰਦ

ਇਰਾਨ ਵਿੱਚ 57 ਦਿਨਾਂ ਤੋਂ ਇੰਟਰਨੈੱਟ ਬੰਦ

25, ਅਪ੍ਰੈਲ – ਇੰਟਰਨੈੱਟ ਦੀ ਨਿਗਰਾਨੀ ਕਰਨ ਵਾਲੀ ਸੰਸਥਾ NetBlocks ਅਨੁਸਾਰ, ਇਰਾਨ ਦੇ ਨਾਗਰਿਕ ਪਿਛਲੇ 57 ਦਿਨਾਂ ਤੋਂ ਲਗਾਤਾਰ ਇੰਟਰਨੈੱਟ ਬੰਦ ਦਾ ਸਾਹਮਣਾ ਕਰ ਰਹੇ ਹਨ। ਇਰਾਨੀ ਸਰਕਾਰ ਵੱਲੋਂ ਦੇਸ਼ ਦੀ ਡਿਜੀਟਲ ਪਹੁੰਚ ਨੂੰ ਕੱਟੇ ਹੋਏ ਅੱਜ ਪੂਰੇ ਅੱਠ ਹਫ਼ਤੇ ਹੋ ਗਏ ਹਨ। ਸੰਸਥਾ ਨੇ ਅੱਜ ਦੱਸਿਆ ਕਿ 1344 ਘੰਟਿਆਂ ਤੋਂ ਚੱਲ ਰਹੀ ਇਹ ਰੁਕਾਵਟ ਹੁਣ ਆਪਣੇ 57ਵੇਂ ਦਿਨ ਵਿੱਚ ਦਾਖਲ ਹੋ ਗਈ ਹੈ। ਇਹ ਦੁਨੀਆ ਵਿੱਚ ਰਾਸ਼ਟਰੀ ਪੱਧਰ ‘ਤੇ ਹੁਣ ਤੱਕ ਦਾ ਸਭ ਤੋਂ ਲੰਬਾ ਇੰਟਰਨੈੱਟ ਬੰਦ ਹੈ। ਇਸ ਬੰਦ ਕਾਰਨ ਇਰਾਨੀ ਲੋਕਾਂ ਦੀ ਆਵਾਜ਼ ਦਬਾਈ ਜਾ ਰਹੀ ਹੈ, ਦੋਸਤ ਅਤੇ ਪਰਿਵਾਰ ਇੱਕ-ਦੂਜੇ ਦੇ ਸੰਪਰਕ ਤੋਂ ਬਾਹਰ ਹਨ ਅਤੇ ਦੇਸ਼ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਹ ਮੁਕੰਮਲ ਬਲੈਕਆਊਟ 28 ਫਰਵਰੀ ਨੂੰ ਤਹਿਰਾਨ ‘ਤੇ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲਿਆਂ ਤੋਂ ਤੁਰੰਤ ਬਾਅਦ ਲਾਗੂ ਕੀਤਾ ਗਿਆ ਸੀ। ਇਸ ਲੰਬੀ ਤਾਲਾਬੰਦੀ ਨੇ ਖੇਤਰੀ ਅਸਥਿਰਤਾ ਦੇ ਇਸ ਦੌਰ ਵਿੱਚ ਇਰਾਨੀ ਆਬਾਦੀ ਨੂੰ ਪੂਰੀ ਦੁਨੀਆ ਤੋਂ ਵੱਖ ਕਰ ਦਿੱਤਾ ਹੈ।

ਇਰਾਨ ਅਤੇ ਅਮਰੀਕਾ ਦਰਮਿਆਨ ਵਧਦੇ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਹੋ ਰਹੀਆਂ ਕੋਸ਼ਿਸ਼ਾਂ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਇਰਾਨ ਨੇ ਅਮਰੀਕੀ ਪ੍ਰਤੀਨਿਧੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਸਿੱਧੀ ਗੱਲਬਾਤ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਦੇ ਪਾਕਿਸਤਾਨ ਪਹੁੰਚਣ ਤੋਂ ਤੁਰੰਤ ਬਾਅਦ ਇਰਾਨੀ ਵਿਦੇਸ਼ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਇਸ ਫੇਰੀ ਦੌਰਾਨ ਅਮਰੀਕੀ ਸਰਕਾਰ ਦੇ ਨੁਮਾਇੰਦਿਆਂ ਨਾਲ ਕੋਈ ਮੀਟਿੰਗ ਤੈਅ ਨਹੀਂ ਹੈ। ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਾਕਾਈ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (X) ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਸਲਾਮਾਬਾਦ ਵਿੱਚ ਇਰਾਨ ਅਤੇ ਅਮਰੀਕਾ ਵਿਚਾਲੇ ਕੋਈ ਸਿੱਧੀ ਗੱਲਬਾਤ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਵਫ਼ਦਾਂ ਦਰਮਿਆਨ ਸੁਨੇਹਿਆਂ ਦਾ ਆਦਾਨ-ਪ੍ਰਦਾਨ ਪਾਕਿਸਤਾਨੀ ਅਧਿਕਾਰੀਆਂ ਰਾਹੀਂ ਕੀਤਾ ਜਾਵੇਗਾ। ਬੁਲਾਰੇ ਨੇ ਅਮਰੀਕਾ ਵੱਲੋਂ ਥੋਪੀ ਗਈ ‘ਹਮਲਾਵਰ ਜੰਗ’ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਸਰਕਾਰ ਵੱਲੋਂ ਨਿਭਾਈ ਜਾ ਰਹੀ ਵਿਚੋਲਗੀ ਦੀ ਸ਼ਲਾਘਾ ਵੀ ਕੀਤੀ।

ਦੂਜੇ ਪਾਸੇ, ਵ੍ਹਾਈਟ ਹਾਊਸ ਵੱਲੋਂ ਸ਼ੁੱਕਰਵਾਰ ਨੂੰ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਵਿਸ਼ੇਸ਼ ਦੂਤ ਇਰਾਨੀ ਵਿਦੇਸ਼ ਮੰਤਰੀ ਅਰਾਗਚੀ ਨਾਲ ਮੁਲਾਕਾਤ ਕਰਨਗੇ। ਅਮਰੀਕਾ ਵੱਲੋਂ ਜੈਰੇਡ ਕੁਸ਼ਰਨਰ ਅਤੇ ਸਟੀਵ ਵਿਟਕੌਫ ਵਰਗੇ ਸੀਨੀਅਰ ਆਗੂਆਂ ਦੇ ਇਸਲਾਮਾਬਾਦ ਪਹੁੰਚਣ ਦੀਆਂ ਚਰਚਾਵਾਂ ਸਨ, ਪਰ ਇਰਾਨ ਦੇ ਸਖ਼ਤ ਰੁਖ ਨੇ ਗੱਲਬਾਤ ਦੀਆਂ ਸੰਭਾਵਨਾਵਾਂ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਖਿੱਤੇ ਵਿੱਚ ਜਾਰੀ ਇਸ ਜੰਗੀ ਮਾਹੌਲ ਦੌਰਾਨ ਪਾਕਿਸਤਾਨ ਨੂੰ ਇੱਕ ਅਹਿਮ ਵਿਚੋਲੇ ਵਜੋਂ ਦੇਖਿਆ ਜਾ ਰਿਹਾ ਹੈ, ਜੋ ਦੋਵਾਂ ਧਿਰਾਂ ਨੂੰ ਕਿਸੇ ਸਾਂਝੇ ਨਤੀਜੇ ’ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Share this content:

Post Comment