ਅਲਨੀਨੋ ਦੀ ਚੇਤਾਵਨੀ
ਪੰਜਾਬ ’ਚ ਝੋਨੇ ਦੀ ਲੁਆਈ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਕਿਸਾਨਾਂ ਦੀਆਂ ਨਜ਼ਰਾਂ ਅਸਮਾਨ ਵੱਲ ਟਿਕ ਜਾਂਦੀਆਂ ਹਨ। ਇਸ ਵਾਰ ਵੀ ਇਹੀ ਹਾਲ ਹੈ ਪਰ ਇਕ ਫ਼ਰਕ ਨਾਲ। ਮੌਸਮ ਵਿਗਿਆਨੀਆਂ ਦੀਆਂ ਤਾਜ਼ਾ ਰਿਪੋਰਟਾਂ ’ਚ ਅਲਨੀਨੋ ਦੀ ਚਰਚਾ ਮੁੜ ਤੇਜ਼ ਹੋ ਗਈ ਹੈ। ਭਾਵੇਂ ਅਲਨੀਨੋ ਹਰ ਵਾਰ ਸੋਕੇ ਦਾ ਕਾਰਨ ਨਹੀਂ ਬਣਦਾ ਪਰ ਇਤਿਹਾਸ ਗਵਾਹ ਹੈ ਕਿ ਇਸ ਨੇ ਭਾਰਤੀ ਮਾਨਸੂਨ ਨੂੰ ਕਈ ਵਾਰ ਕਮਜ਼ੋਰ ਕੀਤਾ ਹੈ। ਪਿਛਲੇ ਪੰਜ ਦਹਾਕਿਆਂ ਦੇ ਅੰਕੜਿਆਂ ਉੱਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਭਾਰਤ ’ਚ ਦਰਜ ਕਈ ਵੱਡੇ ਸੋਕੇ ਵਾਲੇ ਸਾਲ ਅਲਨੀਨੋ ਨਾਲ ਜੁੜੇ ਰਹੇ ਹਨ। ਸਾਲ 1982, 1987, 2002, 2009 ਅਤੇ 2015 ਦੇ ਸਾਲਾਂ ’ਚ ਅਲਨੀਨੋ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਅਤੇ ਇਨ੍ਹਾਂ ’ਚੋਂ ਕਈ ਸਾਲਾਂ ਦੌਰਾਨ ਮਾਨਸੂਨੀ ਵਰਖਾ ਆਮ ਨਾਲੋਂ ਕਾਫ਼ੀ ਘੱਟ ਰਹੀ। 2002 ’ਚ ਦੇਸ਼ ਭਰ ’ਚ ਮਾਨਸੂਨ ਲਗਭਗ 19 ਫ਼ੀਸਦੀ ਘੱਟ ਰਿਹਾ ਸੀ, ਜਦਕਿ 2009 ’ਚ ਵੀ ਵਰਖਾ ’ਚ ਵੱਡੀ ਕਮੀ ਦਰਜ ਕੀਤੀ ਗਈ। ਖੇਤੀ ਉਤਪਾਦਨ ਅਤੇ ਪੇਂਡੂ ਅਰਥਚਾਰੇ ਉੱਤੇ ਇਸ ਦਾ ਸਿੱਧਾ ਅਸਰ ਪਿਆ। ਇਹ ਸੱਚ ਹੈ ਕਿ ਹਰ ਅਲਨੀਨੋ ਸਾਲ ਇੱਕੋ ਜਿਹਾ ਨਹੀਂ ਹੁੰਦਾ ਪਰ ਇਹ ਵੀ ਉਤਨਾ ਹੀ ਸੱਚ ਹੈ ਕਿ ਅਲਨੀਨੋ ਮਾਨਸੂਨ ਲਈ ਜੋਖ਼ਮ ਵਧਾ ਦਿੰਦਾ ਹੈ। ਪੰਜਾਬ ਦੀ ਚਿੰਤਾ ਇਸ ਲਈ ਹੋਰ ਵੱਧ ਜਾਂਦੀ ਹੈ ਕਿਉਂਕਿ ਇੱਥੇ ਦੀ ਖੇਤੀ ਪ੍ਰਣਾਲੀ ਮਾਨਸੂਨ ਦੀ ਇਕ-ਇਕ ਬੂੰਦ ਨੂੰ ਭੂਜਲ ਰਾਹੀਂ ਕਈ ਗੁਣਾ ਵਰਤਦੀ ਹੈ। ਸੂਬੇ ’ਚ ਲਗਭਗ 32 ਲੱਖ ਹੈਕਟੇਅਰ ਰਕਬੇ ਹੇਠ ਝੋਨਾ ਬੀਜਿਆ ਜਾਂਦਾ ਹੈ। ਇਹ ਰਕਬਾ ਹਰ ਸਾਲ ਵਧਦਾ ਹੀ ਜਾ ਰਿਹਾ ਹੈ।
ਇਕ ਕਿੱਲੋ ਚਾਵਲ ਤਿਆਰ ਕਰਨ ਲਈ ਔਸਤਨ 3,000 ਤੋਂ 5,000 ਲੀਟਰ ਪਾਣੀ ਦੀ ਲੋੜ ਪੈਂਦੀ ਹੈ। ਜੇ ਮਾਨਸੂਨ ਕਮਜ਼ੋਰ ਰਹਿੰਦਾ ਹੈ ਤਾਂ ਇਸ ਘਾਟ ਨੂੰ ਟਿਊਬਵੈੱਲਾਂ ਰਾਹੀਂ ਪੂਰਾ ਕੀਤਾ ਜਾਂਦਾ ਹੈ। ਨਤੀਜਾ ਇਹ ਹੈ ਕਿ ਪੰਜਾਬ ਦੇ ਬਹੁਤੇ ਵਿਕਾਸ ਖੰਡ ਪਹਿਲਾਂ ਹੀ ‘ਓਵਰ-ਐਕਸਪਲੋਇਟਡ’ ਸ਼੍ਰੇਣੀ ’ਚ ਪਹੁੰਚ ਚੁੱਕੇ ਹਨ ਅਤੇ ਕਈ ਇਲਾਕਿਆਂ ’ਚ ਜ਼ਮੀਨ ਹੇਠਲਾ ਪਾਣੀ ਹਰ ਸਾਲ ਅੱਧਾ ਮੀਟਰ ਤੋਂ ਇਕ ਮੀਟਰ ਤੱਕ ਹੇਠਾਂ ਜਾ ਰਿਹਾ ਹੈ। ਸਵਾਲ ਇਹ ਹੈ ਕਿ ਕੀ ਪੰਜਾਬ ਅੱਜ ਵੀ ਉਸੇ ਫ਼ਸਲ ਉੱਤੇ ਦਾਅ ਲਗਾਈ ਰੱਖੇ, ਜਿਸ ਲਈ ਸਭ ਤੋਂ ਵੱਧ ਪਾਣੀ ਦੀ ਲੋੜ ਹੈ? ਖ਼ਾਸਕਰ ਉਸ ਵੇਲੇ ਜਦੋਂ ਦੇਸ਼ ’ਚ ਚਾਵਲ ਦੀ ਪੈਦਾਵਾਰ ਲੋੜ ਨਾਲੋਂ ਵੱਧ ਹੈ ਅਤੇ ਸਰਕਾਰੀ ਗੋਦਾਮ ਪਹਿਲਾਂ ਹੀ ਭਰੇ ਪਏ ਹਨ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਚਾਵਲ ਬਰਾਮਦਕਾਰ ਦੇਸ਼ ਬਣ ਚੁੱਕਾ ਹੈ ਪਰ ਘਰੇਲੂ ਮੰਗ ’ਚ ਕੋਈ ਅਸਾਧਾਰਣ ਵਾਧਾ ਨਹੀਂ ਹੋ ਰਿਹਾ। ਅਜਿਹੇ ’ਚ ਪੰਜਾਬ ਦਾ ਕਿਸਾਨ ਆਪਣਾ ਸਭ ਤੋਂ ਕੀਮਤੀ ਸਰੋਤ, ਪਾਣੀ, ਇੱਕ ਅਜਿਹੀ ਫ਼ਸਲ ਲਈ ਖ਼ਰਚ ਕਰ ਰਿਹਾ ਹੈ, ਜਿਸ ਦੀ ਭਵਿੱਖੀ ਆਰਥਿਕ ਸੰਭਾਵਨਾ ਪਹਿਲਾਂ ਜਿੰਨੀ ਮਜ਼ਬੂਤ ਨਹੀਂ ਰਹੀ।
ਇਸ ਲਈ ਇਸ ਵਾਰ ਝੋਨਾ ਬੀਜਣ ਤੋਂ ਪਹਿਲਾਂ ਕਿਸਾਨਾਂ ਨੂੰ ਇਨ੍ਹਾਂ ਸਾਰੇ ਪਹਿਲੂਆਂ ਬਾਰੇ ਸੋਚ ਲੈਣਾ ਚਾਹੀਦਾ ਹੈ। ਅਲਨੀਨੋ ਦੀ ਚੇਤਾਵਨੀ ਨੂੰ ਕੇਵਲ ਮੌਸਮੀ ਖ਼ਬਰ ਸਮਝਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ। ਇਹ ਪੰਜਾਬ ਲਈ ਆਪਣੀ ਖੇਤੀ ਨੀਤੀ ਉੱਤੇ ਮੁੜ ਵਿਚਾਰ ਕਰਨ ਦਾ ਮੌਕਾ ਵੀ ਹੈ। ਮੱਕੀ, ਮੂੰਗੀ, ਮਾਸਰ, ਅਰਹਰ, ਬਾਜਰਾ ਅਤੇ ਕਪਾਹ ਵਰਗੀਆਂ ਫ਼ਸਲਾਂ ਘੱਟ ਪਾਣੀ ਨਾਲ ਵੀ ਵਧੀਆ ਉਤਪਾਦਨ ਦੇ ਸਕਦੀਆਂ ਹਨ। ਜੇ ਸਰਕਾਰ ਇਨ੍ਹਾਂ ਫ਼ਸਲਾਂ ਲਈ ਯਕੀਨੀ ਖਰੀਦ ਅਤੇ ਬਾਜ਼ਾਰ ਦੀ ਵਿਵਸਥਾ ਕਰੇ ਤਾਂ ਕਿਸਾਨਾਂ ਨੂੰ ਵੀ ਝੋਨੇ ਦੇ ਚੱਕਰ ਤੋਂ ਬਾਹਰ ਨਿਕਲਣ ਦਾ ਭਰੋਸਾ ਮਿਲ ਸਕਦਾ ਹੈ। ਪੰਜਾਬ ਦੇ ਸਾਹਮਣੇ ਚੋਣ ਸਾਫ਼ ਹੈ ਜਾਂ ਤਾਂ ਅਸੀਂ ਹਰ ਸਾਲ ਡਿੱਗਦੇ ਭੂਜਲ ਪੱਧਰ ਅਤੇ ਮੌਸਮੀ ਅਨਿਸ਼ਚਿਤਤਾ ਦੇ ਬਾਵਜੂਦ ਝੋਨੇ ਦੇ ਰਕਬੇ ਨੂੰ ਵਧਾਉਂਦੇ ਰਹੀਏ, ਜਾਂ ਫਿਰ ਅੱਜ ਤੋਂ ਹੀ ਉਸ ਖੇਤੀ ਵੱਲ ਕਦਮ ਵਧਾਈਏ ਜੋ ਪਾਣੀ ਵੀ ਬਚਾਏ ਅਤੇ ਕਿਸਾਨ ਦੀ ਆਮਦਨ ਵੀ ਸੁਰੱਖਿਅਤ ਰੱਖੇ। ਅਲਨੀਨੋ ਦੀ ਆਹਟ ਦੱਸ ਰਹੀ ਹੈ ਕਿ ਫ਼ੈਸਲਾ ਹੁਣ ਟਾਲਿਆ ਨਹੀਂ ਜਾ ਸਕਦਾ।
Share this content:



Post Comment