Loading Now

ਅਮਰੀਕਾ, ਚੀਨ ਤੇ ਰੂਸ: ਦੁਸ਼ਮਣੀ ਅਤੇ ਦੋਸਤੀ ਦੇ ਬਦਲਦੇ ਦੌਰ

ਅਮਰੀਕਾ, ਚੀਨ ਤੇ ਰੂਸ: ਦੁਸ਼ਮਣੀ ਅਤੇ ਦੋਸਤੀ ਦੇ ਬਦਲਦੇ ਦੌਰ

ਪੇਈਚਿੰਗ ਬੀਤੇ ਹਫ਼ਤੇ ਕੌਮਾਂਤਰੀ ਸਿਆਸਤ ਦਾ ਮੁੱਖ ਕੇਂਦਰ ਬਣਿਆ ਰਿਹਾ, ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਇੱਕ ਤੋਂ ਬਾਅਦ ਇੱਕ ਦੌਰਿਆਂ ’ਤੇ ਪਹੁੰਚੇ। ਅਮਰੀਕੀ ਰਾਸ਼ਟਰਪਤੀ ਦੇ ਦੌਰੇ ਬਾਰੇ ਤਾਂ ਪਹਿਲਾਂ ਹੀ ਸਭ ਨੂੰ ਪਤਾ ਸੀ ਪਰ ਰੂਸੀ ਰਾਸ਼ਟਰਪਤੀ ਦੇ ਆਉਣ ਦਾ ਪੱਕਾ ਸਮਾਂ ਦੌਰਾ ਸ਼ੁਰੂ ਹੋਣ ਤੋਂ ਮਹਿਜ਼ ਕੁਝ ਦਿਨ ਪਹਿਲਾਂ ਹੀ ਦੱਸਿਆ ਗਿਆ। ਪਰ ਇਨ੍ਹਾਂ ਦੋਵਾਂ ਮੁਲਾਕਾਤਾਂ ਵਿੱਚ ਇੱਕ ਵੱਡਾ ਫ਼ਰਕ ਸੀ। ਟਰੰਪ ਦੇ ਦੌਰੇ ਦਾ ਮਕਸਦ ਅਮਰੀਕਾ ਅਤੇ ਚੀਨ ਵਿਚਾਲੇ ਵਧੇ ਉਸ ਤਣਾਅ ਨੂੰ ਘਟਾਉਣਾ ਸੀ ਜੋ 2025 ਵਿੱਚ ਆਪਣੇ ਸਿਖਰ ’ਤੇ ਪਹੁੰਚ ਗਿਆ ਸੀ। ਦੂਜੇ ਪਾਸੇ ਪੂਤਿਨ ਦਾ ਦੌਰਾ ਚੀਨ ਅਤੇ ਰੂਸ ਦੇ ਆਪਸੀ ਨਜ਼ਦੀਕੀ ਅਤੇ ਮਜ਼ਬੂਤ ਰਿਸ਼ਤੇ ਨੂੰ ਦੁਨੀਆ ਸਾਹਮਣੇ ਦਿਖਾਉਣ ਲਈ ਸੀ।

ਇਹ ਮੁਲਾਕਾਤਾਂ ਵਿਸ਼ਵ ਸ਼ਕਤੀਆਂ ਵਿਚਕਾਰ ਇੱਕ ਨਵੇਂ ‘ਤਿਕੋਣੇ ਸਮੀਕਰਨ’ ਵੱਲ ਇਸ਼ਾਰਾ ਕਰਦੀਆਂ ਹਨ। ਚੀਨ ਅਤੇ ਰੂਸ ਦੋਵਾਂ ਨੂੰ ਹੀ ਅਮਰੀਕਾ ਤੋਂ ਕੁਝ ਸ਼ਿਕਾਇਤਾਂ ਹਨ ਅਤੇ ਸ਼ੀ-ਪੂਤਿਨ ਮੁਲਾਕਾਤ ਵਿੱਚ ਉਨ੍ਹਾਂ ਨੇ ਇਹ ਗੱਲ ਸਾਫ਼ ਵੀ ਕੀਤੀ। ਪਰ ਇਸ ਦੇ ਬਾਵਜੂਦ, ਉੱਥੇ ‘ਦੋ ਦੇਸ਼ ਮਿਲ ਕੇ ਕਿਸੇ ਤੀਜੇ ਦੇ ਖ਼ਿਲਾਫ਼ ਖੜ੍ਹੇ ਹੋਣ’ ਵਰਗੀ ਕੋਈ ਭਾਵਨਾ ਨਜ਼ਰ ਨਹੀਂ ਆਈ, ਜੋ ਕਦੇ ‘ਸ਼ੀਤ ਯੁੱਧ’ ਵੇਲੇ ਦੇਖਣ ਨੂੰ ਮਿਲਦੀ ਸੀ। ਇਸ ਦੀ ਬਜਾਏ ਉਹ ਆਪਸੀ ਫ਼ਾਇਦੇ ਦੇ ਸਾਂਝੇ ਏਜੰਡੇ ’ਤੇ ਅੱਗੇ ਵਧਦੇ ਦਿਸੇ, ਜਿਨ੍ਹਾਂ ਵਿੱਚ ਊਰਜਾ ਦੀ ਸਪਲਾਈ, ਫ਼ੌਜ ਵਿੱਚ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਵਰਤੋਂ, ਆਰਕਟਿਕ ਖੇਤਰ ਦੇ ਵਿਕਾਸ ਵਿੱਚ ਸਹਿਯੋਗ ਸ਼ਾਮਲ ਹਨ। ਇਹ ਸਭ ਅਮਰੀਕਾ-ਯੂਰੋਪ ਅਤੇ ਚੀਨ-ਅਮਰੀਕਾ ਦੇ ਬਦਲਦੇ ਸਬੰਧਾਂ ਦਾ ਨਤੀਜਾ ਹੈ। ਇੱਥੋਂ ਤੱਕ ਕਿ ਟਰੰਪ ਨੇ ਖ਼ੁਦ ਆਪਣੇ ਸਭ ਤੋਂ ਵੱਡੇ ਵਿਰੋਧੀ ਯਾਨੀ ਅੰਤਰਰਾਸ਼ਟਰੀ ਫ਼ੌਜਦਾਰੀ ਅਦਾਲਤ (ਆਈ ਸੀ ਸੀ) ਦੇ ਖ਼ਿਲਾਫ਼ ਇੱਕ ਤਿਕੋਣੇ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ। ਇਹ ਸਹਿਯੋਗ ਸਾਈਬਰ ਸੁਰੱਖਿਆ, ਪੁਲਾੜ ਦੀ ਸੁਰੱਖਿਆ ਅਤੇ ਪਰਮਾਣੂ ਸਥਿਰਤਾ ਵਰਗੇ ਖੇਤਰਾਂ ਤੱਕ ਵੀ ਜਾ ਸਕਦਾ ਹੈ।

ਇਨ੍ਹਾਂ ਮੁਲਾਕਾਤਾਂ ਦੇ ਅਸਲ ਨਤੀਜਿਆਂ ਵਿੱਚ ਕੋਈ ਗੈਸ ਡੀਲ (ਚੀਨ ਅਤੇ ਰੂਸ) ਜਾਂ ਕਰੋੜਾਂ ਰੁਪਏ ਦੇ ਨਿਵੇਸ਼ ਵਰਗੇ ਰਵਾਇਤੀ ਫ਼ੈਸਲੇ ਨਹੀਂ ਸਨ। ਜਿਹੜੇ ਵਿਸ਼ਲੇਸ਼ਕ ਅਜਿਹੀਆਂ ਮੁਲਾਕਾਤਾਂ ਤੋਂ ਤੁਰੰਤ ਬਾਅਦ ਵੱਡੇ ਸਮਝੌਤਿਆਂ ਦੀ ਉਮੀਦ ਕਰ ਰਹੇ ਸਨ, ਉਹ ਅਸਲ ਵਿੱਚ ਭੁਲੇਖੇ ਵਿੱਚ ਹਨ। ਕੋਈ ਵੀ ਵੱਡਾ ਆਗੂ ਮੌਕੇ ’ਤੇ ਬੈਠ ਕੇ ਸਮਝੌਤੇ ਤੈਅ ਨਹੀਂ ਕਰਦਾ; ਇਹ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੁੰਦੀ ਹੈ, ਜਿਸ ਨੂੰ ਦੋਵਾਂ ਦੇਸ਼ਾਂ ਦੇ ਅਧਿਕਾਰੀ ਹੌਲੀ-ਹੌਲੀ ਅੱਗੇ ਵਧਾਉਂਦੇ ਹਨ। ਇਸ ਵਾਰ ਵੀ ਇਹੀ ਦੇਖਣ ਨੂੰ ਮਿਲਿਆ ਕਿ ਇਨ੍ਹਾਂ ਨੇ ਇੱਕ ਸਿਆਸੀ ਦਿਸ਼ਾ ਅਤੇ ਅਜਿਹਾ ਢਾਂਚਾ ਤੈਅ ਕਰ ਲਿਆ ਹੈ, ਜਿਸ ’ਤੇ ਅਮਰੀਕਾ-ਚੀਨ ਦੇ ਉੱਭਰ ਰਹੇ ਨਵੇਂ ਸਬੰਧ ਟਿਕੇ ਰਹਿਣਗੇ। ਸਭ ਤੋਂ ਅਹਿਮ ਸੁਨੇਹਾ ਪਹਿਲਾਂ ਹੀ ਸਭ ਦੇ ਸਾਹਮਣੇ ਆ ਚੁੱਕਾ ਹੈ ਕਿ ਇੱਕ ਲੰਬੇ ਟਕਰਾਅ ਤੋਂ ਬਾਅਦ ਹੁਣ ਅਮਰੀਕਾ ਅਤੇ ਚੀਨ ਆਪਣੇ ਰਿਸ਼ਤੇ ਨੂੰ ਸਥਿਰ ਕਰਨ ਅਤੇ ਜ਼ਿੰਮੇਵਾਰੀ ਨਾਲ ਸੰਭਾਲਣ ਦੇ ਰੌਂਅ ਵਿੱਚ ਹੈ।

ਆਧੁਨਿਕ ਦੌਰ ਵਿੱਚ ਰੂਸ, ਚੀਨ ਅਤੇ ਅਮਰੀਕਾ ਦੇ ਇਸ ‘ਤਿਕੋਣੇ ਰਿਸ਼ਤੇ’ ਨੇ ਕੌਮਾਂਤਰੀ ਪੱਧਰ ’ਤੇ ਕਈ ਉਤਰਾਅ-ਚੜ੍ਹਾਅ ਦੇਖੇ ਹਨ। ਉਹ ਆਪਸ ਵਿੱਚ ਲੜੇ ਵੀ ਹਨ (ਜਿਵੇਂ ਕੋਰੀਆ ਜੰਗ ਵਿੱਚ ਅਮਰੀਕਾ ਅਤੇ ਚੀਨ), ਇੱਕ-ਦੂਜੇ ਦੇ ਕੱਟੜ ਵਿਰੋਧੀ ਵੀ ਰਹੇ ਹਨ ਅਤੇ ਕੁਝ ਸਮੇਂ ਲਈ ਇਨ੍ਹਾਂ ਨੇ ਆਪਸੀ ਦੋਸਤੀ ਦਾ ਆਨੰਦ ਵੀ ਮਾਣਿਆ ਹੈ। ਪਰ ਫਿਰ ਵੀ ਇਨ੍ਹਾਂ ਦੇਸ਼ਾਂ ਨੇ ਹਮੇਸ਼ਾ ਇੱਕ-ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਹੀ ਦੇਖਿਆ ਹੈ ਤੇ ਇਨ੍ਹਾਂ ਦੇ ਸਬੰਧ ਕਦੇ ਦੋਸਤੀ ਤੇ ਕਦੇ ਦੁਸ਼ਮਣੀ ਵਿਚਾਲੇ ਹੀ ਝੂਲਦੇ ਰਹੇ ਹਨ। ਸਾਲ 2017 ਵਿੱਚ ਡੋਨਲਡ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਅਮਰੀਕਾ-ਚੀਨ ਦੇ ਸੁਧਰ ਰਹੇ ਸਬੰਧਾਂ ’ਤੇ ਬ੍ਰੇਕ ਲਗਾ ਦਿੱਤੀ ਸੀ। ਉਨ੍ਹਾਂ ਨੇ ਚੀਨ ਦੀ ਪ੍ਰਮੁੱਖ ਕੰਪਨੀ ‘ਹੁਆਵੇ’ (Huawei) ’ਤੇ ਪਾਬੰਦੀ ਲਗਾ ਦਿੱਤੀ ਅਤੇ ਚੀਨ ਦੀ ਤਰੱਕੀ ਨੂੰ ਰੋਕਣ ਲਈ ਯੋਜਨਾਬੱਧ ਤਰੀਕੇ ਨਾਲ ਉਸ ਨੂੰ ਨਵੀਂ ਤਕਨਾਲੋਜੀ ਅਤੇ ਬਾਜ਼ਾਰਾਂ ਤੱਕ ਪਹੁੰਚ ਦੇਣ ਤੋਂ ਨਾਂਹ ਕਰ ਦਿੱਤੀ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧ ਟੁੱਟਣ ਦੀਆਂ ਗੱਲਾਂ ਚੱਲਣ ਲੱਗੀਆਂ ਅਤੇ ਬਾਇਡਨ ਪ੍ਰਸ਼ਾਸਨ ਨੇ ਵੀ ਟਰੰਪ ਦੀਆਂ ਇਨ੍ਹਾਂ ਨੀਤੀਆਂ ਨੂੰ ਹੋਰ ਸਖ਼ਤੀ ਨਾਲ ਅੱਗੇ ਵਧਾਇਆ।

ਸਾਲ 2025 ਵਿੱਚ ਲਗਾਏ ਗਏ ‘ਲਿਬਰੇਸ਼ਨ ਡੇਅ’ ਟੈਰਿਫ ਦੇ ਤਹਿਤ ਅਮਰੀਕੀ ਹਮਲੇ ਦਾ ਮੁੱਖ ਨਿਸ਼ਾਨਾ ਚੀਨ ਹੀ ਸੀ। ਇਸ ਕਦਮ ਨੇ ਆਖਰਕਾਰ ਚੀਨ ਨੂੰ ਆਪਣਾ ‘ਬ੍ਰਹਮਾਸਤਰ’ ਵਰਤਣ ਲਈ ਮਜਬੂਰ ਕਰ ਦਿੱਤਾ, ਯਾਨੀ ਕਿ ਚੀਨ ਨੇ ਰਣਨੀਤਕ ਖਣਿਜਾਂ ਅਤੇ ਚੁੰਬਕਾਂ ਦੀ ਬਰਾਮਦ ’ਤੇ ਪਾਬੰਦੀਆਂ ਲਗਾ ਦਿੱਤੀਆਂ। ਲਗਪਗ ਹਰ ਤਰ੍ਹਾਂ ਦੇ ਆਧੁਨਿਕ ਨਿਰਮਾਣ ਲਈ ਇਨ੍ਹਾਂ ਚੀਜ਼ਾਂ ’ਤੇ ਨਿਰਭਰ ਹੋਣ ਕਰਕੇ ਅਮਰੀਕਾ ਨੂੰ ਗੋਡੇ ਟੇਕਣੇ ਪਏ। ਨਤੀਜੇ ਵਜੋਂ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਇਆ, ਜਿਸ ਤਹਿਤ ਭਾਰੀ ਟੈਕਸਾਂ ਨੂੰ ਘਟਾਇਆ ਗਿਆ ਅਤੇ ਚੀਨ ਨੇ ਵੀ ਇਨ੍ਹਾਂ ਅਹਿਮ ਖਣਿਜਾਂ ਦੀ ਸਪਲਾਈ ਨੂੰ ਹੌਲੀ-ਹੌਲੀ ਦੁਬਾਰਾ ਸ਼ੁਰੂ ਕਰ ਦਿੱਤਾ। ਇਸੇ ਘਟਨਾਕ੍ਰਮ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮੁੜ ਲੀਹ ’ਤੇ ਲਿਆਉਣ ਦਾ ਰਾਹ ਪੱਧਰਾ ਕੀਤਾ ਹੈ, ਜਿਸ ਦੀ ਸ਼ੁਰੂਆਤ 12 ਤੋਂ 15 ਮਈ ਦਰਮਿਆਨ ਪੇਈਚਿੰਗ ਵਿੱਚ ਸ਼ੀ ਜਿਨਪਿੰਗ ਅਤੇ ਡੋਨਲਡ ਟਰੰਪ ਦੇ ਸਿਖਰ ਸੰਮੇਲਨ ਨਾਲ ਹੋ ਚੁੱਕੀ ਹੈ।

ਮੁਲਾਕਾਤ ਤੋਂ ਬਾਅਦ ਦੋਵਾਂ ਧਿਰਾਂ ਨੇ ਆਪੋ-ਆਪਣੇ ਅਧਿਕਾਰਤ ਬਿਆਨ ਜਾਰੀ ਕੀਤੇ। ਇਸ ਗੱਲ ’ਤੇ ਵੀ ਕਈ ਟਿੱਪਣੀਆਂ ਹੋਈਆਂ ਕਿ ਦੋਵਾਂ ਨੇ ਇੱਕ-ਦੂਜੇ ਦੇ ਨਜ਼ਰੀਏ ਤੋਂ ਕਿਨ੍ਹਾਂ ਗੱਲਾਂ ਨੂੰ ਵੱਧ ਅਹਿਮੀਅਤ ਦਿੱਤੀ ਅਤੇ ਕਿਨ੍ਹਾਂ ਨੂੰ ਅਣਗੌਲਿਆ ਕੀਤਾ। ਪਰ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਕਿਸੇ ਨੇ ਵੀ ਇੱਕ-ਦੂਜੇ ਦੇ ਬਿਆਨਾਂ ਦਾ ਖੰਡਨ ਨਹੀਂ ਕੀਤਾ। ਅਸਲ ਵਿੱਚ ਦੋਵੇਂ ਦੇਸ਼ ਇੱਕ-ਦੂਜੇ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦੇ ਰਹੇ ਸਨ। ਅਮਰੀਕਾ ਨੇ ਚੀਨ ਨਾਲ ਵਪਾਰ ਅਤੇ ਨਿਵੇਸ਼ ਵਧਾਉਣ ’ਤੇ ਜ਼ੋਰ ਦਿੱਤਾ। ਟਰੰਪ ਦੇ ਨਾਲ ਆਏ ਦੁਨੀਆ ਭਰ ਦੀਆਂ ਵੱਡੀਆਂ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ(ਸੀ ਈ ਓਜ਼) ਦਾ ਵੱਡਾ ਕਾਫ਼ਲਾ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ। ਇਸ ਤੋਂ ਇਲਾਵਾ ਅਮਰੀਕਾ ਨੇ ਫ਼ੈਂਟਾਨਿਲ (ਨਸ਼ੀਲੀ ਦਵਾਈ) ਦੇ ਮੁੱਦੇ ਅਤੇ ਚੀਨ ਵੱਲੋਂ ਅਮਰੀਕੀ ਖੇਤੀ ਉਤਪਾਦਾਂ ਦੀ ਖ਼ਰੀਦ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਇਰਾਨ ਦੇ ਮੁੱਦੇ ’ਤੇ ਦੋਵਾਂ ਦੇਸ਼ਾਂ ਨੇ ਸਾਂਝੀ ਸਹਿਮਤੀ ਜਤਾਈ ਕਿ ‘ਹੋਰਮੁਜ਼ ਜਲਡਮਰੂ’ ਨੂੰ ਬਿਨਾਂ ਕਿਸੇ ਟੈਕਸ ਦੇ ਖੁੱਲ੍ਹਾ ਰੱਖਿਆ ਜਾਵੇ ਅਤੇ ਦੋਵਾਂ ਨੇ ਇਰਾਨ ਦੇ ਪਰਮਾਣੂ ਹਥਿਆਰ ਹਾਸਲ ਕਰਨ ਦਾ ਇੱਕਸੁਰ ਹੋ ਕੇ ਵਿਰੋਧ ਕੀਤਾ।

ਦੂਜੇ ਪਾਸੇ, ਚੀਨ ਨੇ ਅਮਰੀਕਾ ਨਾਲ ਇੱਕ ਸਥਿਰ ਰਿਸ਼ਤਾ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਚੀਨ ਨੇ ਇੱਕ ਨਵਾਂ ਫਾਰਮੂਲਾ ਪੇਸ਼ ਕਰਦਿਆਂ ਕਿਹਾ ਕਿ ਦੋਵਾਂ ਦੇ ਰਿਸ਼ਤਿਆਂ ਵਿੱਚ ‘ਰਚਨਾਤਮਕ ਰਣਨੀਤਕ ਸਥਿਰਤਾ’ ਹੋਣੀ ਚਾਹੀਦੀ ਹੈ, ਜਿਸ ਦੇ ਤਿੰਨ ਮੁੱਖ ਅਧਾਰ ਹਨ, ਸਹਿਯੋਗ, ਮੁਕਾਬਲੇ ਨੂੰ ਸੰਭਾਲਣਾ ਅਤੇ ਸਥਿਰਤਾ। ਹਾਲਾਂਕਿ ਚੀਨ ਦਾ ਸਭ ਤੋਂ ਵੱਡਾ ਜ਼ੋਰ ਤਾਇਵਾਨ ਦੇ ਮੁੱਦੇ ’ਤੇ ਸੀ, ਜਿਸ ਬਾਰੇ ਉਸ ਨੇ ਚਿਤਾਵਨੀ ਦਿੱਤੀ ਕਿ ਇਸ ਮਾਮਲੇ ਵਿੱਚ ਥੋੜ੍ਹੀ ਜਿਹੀ ਲਾਪਰਵਾਹੀ ਵੀ ਪੂਰੀ ਖੇਡ ਵਿਗਾੜ ਸਕਦੀ ਹੈ। ਆਲੋਚਕ ਭਾਵੇਂ ਕੁਝ ਵੀ ਕਹਿਣ ਪਰ ਪੇਈਚਿੰਗ ’ਚ ਟਰੰਪ ਅਤੇ ਪੂਤਿਨ ਦੀਆਂ ਸ਼ੀ ਨਾਲ ਮੁਲਾਕਾਤਾਂ ਇਨ੍ਹਾਂ ਦੇਸ਼ਾਂ ਦੇ ਸਬੰਧਾਂ ’ਚ ਇੱਕ ਵੱਡਾ ‘ਮੋੜ’ ਸਾਬਤ ਹੋਣਗੀਆਂ। ਅਮਰੀਕਾ ਅਤੇ ਚੀਨ ਨੇ ਇੱਕ ਅਜਿਹੇ ਪੂਰਨ ਭੂ-ਸਿਆਸੀ ਟਕਰਾਅ ਤੋਂ ਆਪਣੇ ਕਦਮ ਪਿੱਛੇ ਖਿੱਚ ਲਏ ਹਨ, ਜਿਸ ਦੇ ਹੋਣ ਨਾਲ ਵਿਸ਼ਵ ਬਾਜ਼ਾਰਾਂ ਅਤੇ ਸਪਲਾਈ ਚੇਨ ਦੀਆਂ ਨੀਂਹਾਂ ਹਿੱਲ ਜਾਣੀਆਂ ਸਨ।

ਜਿੱਥੋਂ ਤੱਕ ਚੀਨ ਅਤੇ ਰੂਸ ਦਾ ਸਵਾਲ ਹੈ, ਉਨ੍ਹਾਂ ਲਈ ਅਸਲ ਚੁਣੌਤੀ ਆਪਣੀ ਦੋਸਤੀ ਨੂੰ ਹੋਰ ਅੱਗੇ ਵਧਦੇ ਦਿਖਾਉਣ ਦੀ ਸੀ, ਜਿਸ ਨੂੰ ਉਹ ਪਹਿਲਾਂ ਹੀ ‘ਕਿਸੇ ਸੀਮਾ ’ਚ ਨਾ ਬੰਨ੍ਹਿਆ ਜਾਣ ਵਾਲਾ ਰਿਸ਼ਤਾ’ ਐਲਾਨ ਚੁੱਕੇ ਹਨ। ਇੱਥੇ ਇਸ ਗੱਲ ਦੀ ਕਾਫ਼ੀ ਚਰਚਾ ਹੋ ਰਹੀ ਹੈ ਕਿ ਮਾਸਕੋ (ਰੂਸ) ਚੀਨ ਨਾਲ ਇੱਕ ਨਵੀਂ ਪਾਈਪਲਾਈਨ ਦਾ ਸਮਝੌਤਾ ਕਰਨ ਵਿੱਚ ਨਾਕਾਮ ਰਿਹਾ, ਜਿਸ ਨਾਲ ਚੀਨ ਨੂੰ ਵੇਚੀ ਜਾਣ ਵਾਲੀ ਕੁਦਰਤੀ ਗੈਸ ਦੀ ਮਾਤਰਾ ਦੁੱਗਣੀ ਹੋਣੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਸਮੇਂ ਟਰੰਪ ਅਤੇ ਪੂਤਿਨ ਦੇ ਮੁਕਾਬਲੇ ਸ਼ੀ ਜਿਨਪਿੰਗ ਦੇ ਹੱਥ ਵਿੱਚ ਸਭ ਤੋਂ ਮਜ਼ਬੂਤ ਪੱਤੇ ਸਨ। ਟਰੰਪ ਅਤੇ ਪੂਤਿਨ ਇਸ ਵੇਲੇ ਅਜਿਹੀਆਂ ਜੰਗਾਂ ਵਿੱਚ ਉਲਝੇ ਹੋਏ ਹਨ ਜਿਨ੍ਹਾਂ ਵਿੱਚੋਂ ਉਹ ਹੁਣ ਬਾਹਰ ਨਿਕਲਣਾ ਚਾਹੁੰਦੇ ਹਨ। ਚੀਨ ਖ਼ੁਦ ਨੂੰ ਵਿਸ਼ਵ ਸਥਿਰਤਾ ਦੇ ਇੱਕ ਮੁੱਖ ਕੇਂਦਰ ਅਤੇ ਇੱਕ ਵੱਡੀ ਆਰਥਿਕ ਸ਼ਕਤੀ ਵਜੋਂ ਪੇਸ਼ ਕਰਨ ਵਿੱਚ ਸਫ਼ਲ ਰਿਹਾ ਹੈ। ਇਹ ਹੈਰਾਨੀ ਦੀ ਗੱਲ ਨਹੀਂ ਕਿ ਜਿੱਥੇ ਇੱਕ ਪਾਸੇ ਅਮਰੀਕਾ-ਚੀਨ ਦੀ ਨੇੜਤਾ ਵਿੱਚ ਦੋਵਾਂ ਦੇਸ਼ਾਂ ਦੇ ‘ਜੀ-2’ ਯਾਨੀ ਦੁਨੀਆ ਦੇ ਦੋ ਸਭ ਤੋਂ ਪ੍ਰਮੁੱਖ ਦੇਸ਼ਾਂ ਵਜੋਂ ਉੱਭਰਨ ਦੀ ਸੰਭਾਵਨਾ ਦਿਖਾਈ ਦੇ ਰਹੀ ਸੀ, ਉੱਥੇ ਹੀ ਰੂਸ ਨਾਲ ਜਾਰੀ ਸਾਂਝੇ ਬਿਆਨ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਚੀਨ ਜਿਸ ਨਵੇਂ ਰਿਸ਼ਤੇ ਦੀ ਉਮੀਦ ਕਰ ਰਿਹਾ ਹੈ, ਉਹ ‘ਬਹੁ-ਧਰੁਵੀ’ (ਜਿੱਥੇ ਕਈ ਦੇਸ਼ਾਂ ਕੋਲ ਸ਼ਕਤੀ ਹੋਵੇ) ਹੈ। ਅਸਲ ਵਿੱਚ ਪੇਈਚਿੰਗ ਤੋਂ ਜਾਰੀ ਆਪਣੇ ਸਾਂਝੇ ਬਿਆਨ ਵਿੱਚ ਦੋਵਾਂ ਦੇਸ਼ਾਂ ਨੇ ‘ਕੁਝ ਖ਼ਾਸ ਮੁਲਕਾਂ ਵੱਲੋਂ ਇਕੱਲੇ ਹੀ ਪੂਰੀ ਦੁਨੀਆ ਦੇ ਮਾਮਲਿਆਂ ਨੂੰ ਚਲਾਉਣ ਦੀਆਂ ਕੋਸ਼ਿਸ਼ਾਂ’ ਦੀ ਸਖ਼ਤ ਨਿਖੇਧੀ ਕੀਤੀ।

Share this content:

Post Comment