ਅਜਮੇਰ ਹਾਈਵੇਅ ’ਤੇ ਕੈਮੀਕਲ ਟੈਂਕਰ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਡਰਾਈਵਰ
ਜੈਪੁਰ, 25 ਜੂਨ – ਜੈਪੁਰ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਕੈਮੀਕਲ ਟੈਂਕਰ ਨੂੰ ਅੱਗ ਲੱਗ ਗਈ। ਨੈਸ਼ਨਲ ਹਾਈਵੇਅ-48 ’ਤੇ ਹੋਏ ਇਸ ਹਾਦਸੇ ਵਿੱਚ ਟੈਂਕਰ ਡਰਾਈਵਰ ਜ਼ਿੰਦਾ ਸੜ ਗਿਆ। ਇਹ ਹਾਦਸਾ ਬੁੱਧਵਾਰ ਸਵੇਰੇ 8.30 ਵਜੇ ਦੇ ਕਰੀਬ ਜ਼ਿਲ੍ਹੇ ਦੇ ਮੋਖਮਪੁਰਾ ਕਸਬੇ ਵਿੱਚ ਵਾਪਰਿਆ। ਟੈਂਕਰ ਵਿੱਚ ਭਰਿਆ ਮੀਥੇਨੌਲ ਹਾਈਵੇਅ ’ਤੇ ਡੁੱਲ ਗਿਆ। ਅੱਗ ਫੈਲਣ ਦੇ ਡਰ ਕਾਰਨ ਟੈਂਕਰ ਦੇ ਨੇੜੇ ਜਾ ਰਹੇ ਵਾਹਨ ਹਾਈਵੇਅ ’ਤੇ ਰੁਕ ਗਏ। ਕਈ ਡਰਾਈਵਰ ਆਪਣੇ ਵਾਹਨ ਛੱਡ ਕੇ ਮੌਕੇ ਤੋਂ ਭੱਜ ਗਏ। ਹਾਦਸੇ ਤੋਂ ਬਾਅਦ ਹਾਈਵੇਅ ’ਤੇ ਲਗਭਗ ਅੱਧੇ ਘੰਟੇ ਤੱਕ ਜਾਮ ਰਿਹਾ। ਕੈਮੀਕਲ ਟੈਂਕਰ ਨੂੰ ਅੱਗ ਲੱਗਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਆਵਾਜਾਈ ਬੰਦ ਕਰ ਦਿੱਤੀ ਗਈ। ਲੋਕਾਂ ਨੂੰ ਵੀ ਮੌਕੇ ਤੋਂ ਹਟਾ ਦਿੱਤਾ ਗਿਆ ਹੈ।
ਮੋਖਮਪੁਰਾ ਥਾਣੇ ਦੇ ਹੈੱਡ ਕਾਂਸਟੇਬਲ ਮਦਨ ਕਸਵਾ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਟੀਮ ਮੌਕੇ ’ਤੇ ਪਹੁੰਚੀ। ਇਸ ਹਾਦਸੇ ਵਿੱਚ ਟੈਂਕਰ ਡਰਾਈਵਰ ਰਾਜੇਂਦਰ ਜ਼ਿੰਦਾ ਸੜ ਗਿਆ। ਟੈਂਕਰ ਵਿੱਚ ਲੱਗੀ ਅੱਗ ਅਤੇ ਧੂੰਆਂ ਲਗਭਗ 300 ਮੀਟਰ ਦੂਰ ਤੋਂ ਦਿਖਾਈ ਦੇ ਰਿਹਾ ਸੀ। ਇਸ ਕਾਰਨ ਹਾਈਵੇਅ ’ਤੇ ਚੱਲ ਰਹੇ ਹੋਰ ਵਾਹਨਾਂ ਦੇ ਚਾਲਕ ਵੀ ਡਰ ਗਏ। ਬਹੁਤ ਸਾਰੇ ਲੋਕ ਆਪਣੇ ਵਾਹਨ ਹਾਈਵੇਅ ’ਤੇ ਛੱਡ ਕੇ ਖੇਤਾਂ ਵਿੱਚ ਭੱਜ ਗਏ। ਚਸ਼ਮਦੀਦ ਵਿਸ਼ਾਲ ਨੇ ਦੱਸਿਆ ਕਿ ਉਹ ਜੈਪੁਰ ਵੱਲ ਜਾ ਰਿਹਾ ਸੀ। ਇਸ ਦੌਰਾਨ ਟੈਂਕਰ ਪਲਟ ਗਿਆ ਅਤੇ ਅੱਗ ਦਾ ਗੋਲਾ ਬਣ ਗਿਆ। ਅਸੀਂ ਸਾਰੇ ਡਰ ਗਏ ਅਤੇ ਗੱਡੀ ਵਿੱਚੋਂ ਨਿਕਲ ਕੇ ਪਿੱਛੇ ਵੱਲ ਭੱਜੇ।
Share this content:



Post Comment