Loading Now

ਅਕੀਦੇ ’ਤੇ ਕੰਟਰੋਲ?

ਅਕੀਦੇ ’ਤੇ ਕੰਟਰੋਲ?

ਸਿੱਖ ਵਿਦਵਾਨਾਂ, ਕਾਨੂੰਨਘਾੜਿਆਂ ਅਤੇ ਸਿੱਖ ਆਗੂਆਂ ਦਰਮਿਆਨ ਵਧ ਰਹੀ ਡੂੰਘੀ ਵਿਵਾਦਪੂਰਨ ਬਹਿਸ ਦੌਰਾਨ ਧਰਮ ਸ਼ਾਸਤਰ, ਅਥਾਰਿਟੀ ਅਤੇ ਆਧੁਨਿਕਤਾ ਦੇ ਕੇਂਦਰ ਵਿੱਚ ਸਵਾਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਦੇ ਕੀ ਮਾਅਨੇ ਹਨ? ਪਵਿੱਤਰ ਗ੍ਰੰਥ ਦੀ ਰੱਖਿਆ ਕਰਨ ਦੀਆਂ ਕੋਸ਼ਿਸ਼ਾਂ ਸਮਝ ਆਉਂਦੀਆਂ ਹਨ, ਪਰ ਕਾਨੂੰਨ ਅਤੇ ਨੇਮਾਂ ਰਾਹੀਂ ਸ਼ਰਧਾ ਨੂੰ ਨਿਯਮਬੱਧ ਕਰਨਾ ਇਸ ਨੂੰ ਬੌਧਿਕ ਅਤੇ ਅਧਿਆਤਮਿਕ ਜਗਿਆਸਾ ਦਾ ਸਰੋਤ ਬਣਾਈ ਰੱਖਣ ਦੀ ਥਾਂ ਸੰਸਥਾਗਤ ਨਿਗਰਾਨੀ ਹੇਠ ਲਿਆਉਣ ਕਰਕੇ ਇਸ ਅੰਦਰਲੇ ਸੰਦੇਸ਼ ਦੇ ਪਸਾਰ ’ਚ ਰੁਕਾਵਟ ਬਣ ਸਕਦਾ ਹੈ। ਅਜਿਹਾ ਨਜ਼ਰੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਨੇਹੇ ਨੂੰ ਸਮਝ ਕੇ ਇਸ ਅਨੁਸਾਰ ਜੀਵਨ ਜਾਚ ਅਪਣਾਉਣ ਦੀ ਥਾਂ ਮਹਿਜ਼ ਰਹੁ-ਰੀਤਾਂ ਦੀ ਪਾਲਣਾ ਕਰਨ ਵਾਲੀ ਗੱਲ ਹੈ। ਅਜਿਹਾ ਕਰਨ ਨਾਲ ਸ਼ਬਦ ਗੁਰੂ ਦੇ ਦਰਸਾਏ ਜੀਵਨ ਤੱਤ ਨੂੰ ਵਿਸਾਰੇ ਜਾਣ ਦਾ ਜੋਖ਼ਮ ਹੈ।

ਬੇਅਦਬੀ ਅਤੇ ਮਰਯਾਦਾ ਭੰਗ ਕਰਨ ਬਾਰੇ ਹੋਰ ਸਖ਼ਤ ਕਾਨੂੰਨ ਬਣਾਉਣ ਦਾ ਮੌਜੂਦਾ ਕਦਮ ਇੱਕ ਠੋਸ ਧਾਰਮਿਕ ਜਾਂ ਵਿਧਾਨਕ ਦਖ਼ਲ ਘੱਟ ਅਤੇ ਸਿਆਸੀ ਨਜ਼ਰੀਏ ਨੂੰ ਨੈਤਿਕ ਜ਼ਰੂਰਤ ਦਾ ਲਬਾਦਾ ਪਾ ਕੇ ਕੀਤੀ ਗਈ ਕਾਰਵਾਈ ਵਧੇਰੇ ਜਾਪਦਾ ਹੈ। ਬੇਅਦਬੀ ਬਾਰੇ ਚਿੰਤਾ ਪ੍ਰੇਸ਼ਾਨ ਕਰਨ ਵਾਲਾ ਵਿਰੋਧਾਭਾਸ ਉਪਜਾਉਂਦੀ ਹੈ। ਕੀ ਸਹਸ ਸਿਆਣਪਾਂ ਅਤੇ ਸਮਾਨਤਾਵਾਦੀ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਸ ਤਰ੍ਹਾਂ ਨਿਯਮਾਂ ਅਧੀਨ ਲਿਆਂਦਾ ਜਾ ਸਕਦਾ ਹੈ, ਜੋ ਸ਼ਬਦ ਗੁਰੂ ਤੱਕ ਪਹੁੰਚ ਨੂੰ ਸੀਮਿਤ ਕਰਦੇ ਹੋਣ? ਇਤਿਹਾਸਕ ਤੌਰ ’ਤੇ ਧਾਰਮਿਕ ਰਵਾਇਤਾਂ ਦੀ ਤਾਕਤ ਉਨ੍ਹਾਂ ਨੂੰ ਸੀਮਿਤ ਕਰਨ ਵਿੱਚ ਨਹੀਂ, ਸਗੋਂ ਇਨ੍ਹਾਂ ਦੇ ਪਸਾਰ ਅਤੇ ਇਨ੍ਹਾਂ ਨੂੰ ਸਾਂਝੀਆਂ ਮੰਨਣ ਦੀ ਸਮਰੱਥਾ ਵਿੱਚ ਹੈ।

ਬਾਈਬਲ ਦਾ ਦੁਨੀਆ ਦੇ ਸਾਰੇ ਮਹਾਂਦੀਪਾਂ ਵਿੱਚ ਪਸਾਰ ਹੋਇਆ; ਕੁਰਾਨ ਸ਼ਰੀਫ਼ ਦਾ ਤਰਜਮਾ ਹੋਇਆ ਅਤੇ ਇਹ ਹੋਰ ਭਾਸ਼ਾਵਾਂ ਸਮਝਣ ਵਾਲੇ ਦੂਜੇ ਸੱਭਿਆਚਾਰਾਂ ਦੇ ਲੋਕਾਂ ਤੇ ਖਿੱਤਿਆਂ ਤੱਕ ਵੀ ਪੁੱਜੀ; ਭਗਵਦ ਗੀਤਾ ਦੇ ਅੱਜ ਅਣਗਿਣਤ ਸੰਸਕਰਣ ਅਤੇ ਵਿਆਖਿਆਵਾਂ ਮੌਜੂਦ ਹਨ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਅਜਿਹੇ ਢਾਂਚੇ ਤੱਕ ਮਹਿਦੂਦ ਕਿਉਂ ਕੀਤਾ ਜਾਵੇ, ਜਿਸ ਕਾਰਨ ਸ਼ਬਦ ਗੁਰੂ ਦੀਆਂ ਸਿੱਖਿਆਵਾਂ ਦਾ ਪਸਾਰ ਹੋਣ ਦੀ ਥਾਂ ਇਨ੍ਹਾਂ ਦਾ ਦਾਇਰਾ ਸੀਮਿਤ ਹੁੰਦਾ ਹੈ?

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾਂ ਹੀ ਅੰਗਰੇਜ਼ੀ ਅਤੇ ਕਈ ਹੋਰ ਭਾਸ਼ਾਵਾਂ ਵਿੱਚ ਤਰਜਮਾ ਹੋ ਚੁੱਕਾ ਹੈ, ਜੋ ਸ਼ਬਦ ਗੁਰੂ ਦੇ ਸਦੀਵੀ ਸੰਦੇਸ਼ ਅਤੇ ਵਿਆਖਿਆ ਲਈ ਖੁੱਲ੍ਹੇਪਣ ਦਾ ਪ੍ਰਮਾਣ ਹੈ। ਤਰਜਮੇ ਸਦਕਾ ਇਸ ਦਾ ਸੰਦੇਸ਼ ਕੁੱਲ ਲੋਕਾਈ ਤੱਕ ਗੁੰਜਾਇਮਾਨ ਹੁੰਦਾ ਹੈ, ਤਰਜਮਾ ਇਸ ਦੀ ਪਵਿੱਤਰਤਾ ਨੂੰ ਘਟਾਉਂਦਾ ਨਹੀਂ। ਇਹ ਵੱਖ-ਵੱਖ ਸੱਭਿਆਚਾਰਾਂ ਅਤੇ ਪੀੜ੍ਹੀਆਂ ਤੱਕ ਸ਼ਬਦ ਗੁਰੂ ਦੇ ਪਸਾਰ, ਹਿਰਦੇ ਤੇ ਜੀਵਨ ਰੁਸ਼ਨਾਉਣ ਦਾ ਸਬੱਬ ਬਣਦਾ ਹੈ। ਬੇਅਦਬੀ ਰੋਕਣ ਦੇ ਨਾਮ ’ਤੇ ਪਹੁੰਚ ਨੂੰ ਨਿਯਮਿਤ ਜਾਂ ਸੀਮਿਤ ਕਰਨ ਦੀ ਕੋਸ਼ਿਸ਼ ਕਰਨਾ ਪਸਾਰ ਦੀ ਭਾਵਨਾ ਦੇ ਉਲਟ ਹੈ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਕਤੀ ਸ਼ਬਦ ਗੁਰੂ ਦੇ ਗਹਿਰਾਈ ਨਾਲ ਚਿੰਤਨ ਮੰਥਨ ਕਰਨ ਦੇ ਵਿਹਾਰਕ ਉਪਦੇਸ਼ ਵਿੱਚ ਹੈ, ਨਾ ਕਿ ਇਸ ਨੂੰ ਸੀਮਿਤ ਕਰਨ ਵਿੱਚ।

ਅਜਿਹੇ ਸਵਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰੱਖਦਿਆਂ ਗੁਰਬਾਣੀ ਦੇ ਉਪਦੇਸ਼ਾਂ ਤੇ ਸੰਦੇਸ਼ਾਂ ਨੂੰ ਗੰਭੀਰਤਾ ਨਾਲ ਲੈਣ ਦੀ ਇੱਛਾ ’ਚੋਂ ਉਪਜਦੇ ਹਨ। ‘ਗੁਰੂ ਮਾਨਯੋ ਗ੍ਰੰਥ’ ਦੇ ਸਿਧਾਂਤ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਦੀਵੀ ਗੁਰੂ ਵਜੋਂ ਮਾਨਤਾ ਦਿੱਤੀ ਗਈ, ਜੋ ਸਿੱਖੀ ਦੀ ਰੂਹਾਨੀ ਜੀਵਨ ਜਾਚ ਦਾ ਧੁਰਾ ਹੈ। ਫਿਰ ਵੀ ਸ਼ਬਦ ਗੁਰੂ ਨੂੰ ਮੰਨਣ ਦਾ ਮਤਲਬ ਇਹ ਨਹੀਂ ਕਿ ਅਸੀਂ ਇਸ ਨੂੰ ਰਸਮੀ ਪੂਜਾ ਪਾਠ ਤੱਕ ਮਹਿਦੂਦ ਕਰ ਦੇਈਏ, ਸਗੋਂ ਲੋੜ ਤਾਂ ਇਸ ਗੱਲ ਦੀ ਹੈ ਕਿ ਇਸ ਨੂੰ ਗਿਆਨ, ਹੁਕਮਨਾਮੇ ਅਤੇ ਹੋਂਦ ਦਾ ਸਰੋਤ ਸਮਝਦਿਆਂ ਗੁਰਬਾਣੀ ਨਾਲ ਜੁੜਨ ਦੀ ਕੋਸ਼ਿਸ਼ ਕਰੀਏ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਗਏ ਸਿੱਖ ਪੰਥ ਵਿੱਚ ਕਰਮ-ਕਾਂਡਾਂ ਅਤੇ ਦਰਜਾਬੰਦੀ ਲਈ ਕੋਈ ਥਾਂ ਨਹੀਂ, ਇਉਂ ਵਿਚੋਲਿਆਂ ਨੂੰ ਨਕਾਰਦਿਆਂ ਇਹ ਮਨੁੱਖ ਅਤੇ ਇਲਾਹੀ ਬਾਣੀ ਦਰਮਿਆਨ ਸਿੱਧੇ ਰਿਸ਼ਤੇ ਦੇ ਸਿਧਾਂਤ ’ਤੇ ਜ਼ੋਰ ਦਿੰਦਾ ਹੈ। ਇਸ ਨਜ਼ਰੀਏ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਈ ਅਜਿਹੀ ਭੌਤਿਕ ਸ਼ੈਅ ਨਹੀਂ, ਜਿਸ ਦੀ ਰੱਖਿਆ ਕਰਨ ਦੀ ਲੋੜ ਪਵੇ, ਸਗੋਂ ਇਹ ਤਾਂ ਅਜਿਹਾ ਪਵਿੱਤਰ ਗ੍ਰੰਥ ਹੈ, ਜਿਸ ਦੇ ਰੂਹਾਨੀ ਸੰਦੇਸ਼ ਮਨੁੱਖਤਾ ਦੀ ਅਗਵਾਈ ਕਰਦੇ ਹਨ।

ਬੇਅਦਬੀ ਨੂੰ ਅਪਰਾਧ ਮੰਨਣ ਵਾਲਾ ਕਾਨੂੰਨ ਬਣਾ ਕੇ ਸਖ਼ਤ ਸਜ਼ਾਵਾਂ ਨਿਰਧਾਰਤ ਕਰ ਕੇ ਅਤੇ ਨੌਕਰਸ਼ਾਹੀ ਵੱਲੋਂ ਨਿਗਰਾਨੀ ਨੂੰ ਸਮਰੱਥ ਬਣਾ ਕੇ ਇਸ ਰੂਹਾਨੀ ਖੇਤਰ ਵਿੱਚ ਸਟੇਟ ਦੇ ਦਖਲ ਦਾ ਵਧਦਾ ਰੁਝਾਨ ਸ਼ਰਧਾ ਅਤੇ ਸੱਤਾ ਦੇ ਖ਼ਤਰਨਾਕ ਢੰਗ ਨਾਲ ਰਲਗੱਡ ਹੋਣ ਦਾ ਸੰਕੇਤ ਹੈ। ਜਦੋਂ ਸ਼ਰਧਾ ਤੇ ਅਕੀਦੇ ਦੇ ਮਾਮਲੇ ਕਮੇਟੀਆਂ ਨੂੰ ਸੌਂਪੇ ਜਾਂਦੇ ਹਨ, ਪ੍ਰਸ਼ਾਸਕਾਂ ਨੂੰ ਇਨ੍ਹਾਂ ਬਾਰੇ ਨਿਰਣਾ ਕਰਨ ਦੇ ਅਧਿਕਾਰ ਦਿੱਤੇ ਜਾਂਦੇ ਹਨ ਜਾਂ ਇਹ ਦੰਡ ਸੰਹਿਤਾ ਦੇ ਢਾਂਚੇ ਤਹਿਤ ਲਿਆਂਦੇ ਜਾਂਦੇ ਹਨ ਤਾਂ ਰੂਹਾਨੀ ਤੌਰ ’ਤੇ ਜੁੜਨ ਦੀ ਥਾਂ ਪਵਿੱਤਰ ਮਸਲਿਆਂ ਦੇ ਕਾਨੂੰਨ ਦੇ ਕਟਹਿਰੇ ’ਚ ਆਉਣ ਦਾ ਜੋਖ਼ਮ ਹੁੰਦਾ ਹੈ।

ਅਜਿਹੇ ਰੁਝਾਨ ਨੂੰ ਸਪੱਸ਼ਟ ਤੌਰ ’ਤੇ ਧਰਮ ਤੰਤਰ ’ਚ ਸਖ਼ਤੀ ਲਿਆਉਣਾ, ਧਾਰਮਿਕ ਕੱਟੜਤਾ ਵੱਲ ਵਧਣਾ ਅਤੇ ਸਿਧਾਂਤਕ ਕਠੋਰਤਾ ਵੱਲ ਕਦਮ ਵਧਾਉਣਾ ਆਖਿਆ ਜਾ ਸਕਦਾ ਹੈ। ਸਿੱਖੀ ਪਰੰਪਰਾ ਤਾਂ ਖੁੱਲ੍ਹਦਿਲੀ ਅਤੇ ਗੋਸ਼ਟਿ ਦੀ ਰਵਾਇਤ ਨੂੰ ਪ੍ਰਣਾਈ ਹੈ। ਬੇਅਦਬੀ ਤੋਂ ਰੱਖਿਆ ਦੇ ਨਾਂ ’ਤੇ ਸਖ਼ਤ ਦੰਡਕਾਰੀ ਪ੍ਰਕਿਰਿਆ ਅਪਣਾਉਣ ਨੂੰ ਨਿਯੰਤਰਣ ਦੀ ਕੋਸ਼ਿਸ਼ ਆਖਿਆ ਜਾ ਸਕਦਾ ਹੈ। ਅਜਿਹੇ ਰੁਝਾਨ ਸੱਚਮੁੱਚ ਸਮਝ ਉੱਤੇ ਡਰ ਨੂੰ ਭਾਰੂ ਪਾਉਂਦੇ ਹਨ ਅਤੇ ਹੁਕਮਾਂ ਦੀ ਤਾਮੀਲ ਡੂੰਘੇ ਚਿੰਤਨ ਤੇ ਭਰੋਸੇ ਦੇ ਰਾਹ ਦੀ ਰੁਕਾਵਟ ਬਣ ਸਕਦੀ ਹੈ।

ਇਤਿਹਾਸ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਸਜ਼ਾ ਦੇ ਡਰ ਨਾਲ ਕਾਇਮ ਰੱਖਿਆ ਗਿਆ ਅਦਬ ਸਿਰਫ਼ ਬੇਚੈਨੀ ਨਾਲ ਨਿਯਮਾਂ ਦੀ ਪਾਲਣਾ ਕਰਦਿਆਂ ਖੋਖਲੀ ਪ੍ਰਕਿਰਿਆ ਬਣ ਕੇ ਰਹਿ ਜਾਂਦਾ ਹੈ। ਵਿਸ਼ਵਾਸ ਨੂੰ ਕਾਨੂੰਨ ਤਹਿਤ ਕਾਇਮ ਨਹੀਂ ਰੱਖਿਆ ਜਾ ਸਕਦਾ ਤੇ ਨਾ ਹੀ ਸਜ਼ਾ ਜਾਂ ਡਰ ਰਾਹੀਂ ਸ਼ਰਧਾ ਉਪਜਾਈ ਜਾ ਸਕਦੀ ਹੈ। ਇਹ ਪ੍ਰਤੱਖ ਹੈ ਕਿ ਅਜਿਹੇ ਕਾਨੂੰਨੀ ਢਾਂਚੇ ਤਹਿਤ ਸਿੱਖ ਭਾਈਚਾਰੇ ਅੰਦਰ ਬੇਅਦਬੀ ਦੇ ਕਿਸੇ ਵੀ ਚਰਚਿਤ ਮਾਮਲੇ ਵਿੱਚ ਯੋਜਨਾਬੱਧ ਮੁਕੱਦਮੇਬਾਜ਼ੀ ਦੀ ਕੋਈ ਖ਼ਾਸ ਮਿਸਾਲ ਨਹੀਂ ਮਿਲਦੀ। ਫਿਰ ਹੁਣ ਸਖ਼ਤ ਕਾਨੂੰਨ ਬਣਾ ਕੇ ਸਜ਼ਾਵਾਂ ਵਧਾਉਣ ਨਾਲ ਕੀ ਹਾਸਲ ਹੋਵੇਗਾ? ਇਹ ਕਦਮ ਧਰਮ ਸਿਧਾਂਤਕ ਤੇ ਰੂਹਾਨੀ ਘੱਟ ਅਤੇ ਸਿਆਸੀ ਤੇ ਸੰਕੇਤਕ ਵਧੇਰੇ ਜਾਪਦਾ ਹੈ।

ਇਸ ਦੀ ਵਿਆਖਿਆ ਦਾ ਇੱਕ ਹਿੱਸਾ ਧਰਮ ਨੂੰ ਸੰਸਥਾਗਤ ਰੂਪ ਦੇਣ ਵਿੱਚ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀਆਂ ਸੰਸਥਾਵਾਂ ਨੇ ਇਤਿਹਾਸਕ ਤੌਰ ’ਤੇ ਸਿੱਖੀ ਰਵਾਇਤਾਂ ਦੀ ਪਾਲਣਾ ਵਿੱਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਰ ਵੀ ਸੰਸਥਾਵਾਂ ਦੀ ਅੰਦਰੂਨੀ ਸਮਝ ਤਹਿਤ ਆਧੁਨਿਕ ਸੰਸਾਰ ਦੀਆਂ ਪੇਚੀਦਗੀਆਂ ਨਾਲ ਸਿੱਝਣ ਵਿੱਚ ਮੁਸ਼ਕਿਲ ਆਉਣ ਦੀ ਸੰਭਾਵਨਾ ਹੈ।

ਆਲਮੀ ਸਿੱਖ ਭਾਈਚਾਰੇ ਕਾਰਨ ਇਸ ਦੀ ਜ਼ਰੂਰਤ ਹੋਰ ਵੀ ਵਧੇਰੇ ਹੈ। ਜਿਉਂ-ਜਿਉਂ ਸਿੱਖ ਭਾਈਚਾਰਾ ਹੋਰ ਮਹਾਂਦੀਪਾਂ ਵਿੱਚ ਫੈਲ ਰਿਹਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ, ਵੱਖ-ਵੱਖ ਭਾਸ਼ਾਵਾਂ ਵਿੱਚ ਤਰਜਮਾ ਅਤੇ ਸੰਦਰਭ ਮੁਤਾਬਿਕ ਸੇਧ ਲੈਣਾ ਲਾਜ਼ਮੀ ਹੋ ਜਾਂਦਾ ਹੈ।

ਆਖ਼ਰਕਾਰ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਦਾ ਨਹੀਂ ਹੈ। ਇਸ ਸੰਦਰਭ ’ਚ ਇਸ ਦੇ ਸਤਿਕਾਰ ਲਈ ਬਣਾਏ ਗਏ ਨਿਯਮ ਅਤੇ ਸ਼ਰਤਾਂ ਪੜਚੋਲ ਦੀ ਮੰਗ ਕਰਦੇ ਹਨ। ਸਖ਼ਤ ਢੰਗ-ਤਰੀਕੇ ਵਰਤ ਕੇ ਸ਼ਬਦ ਗੁਰੂ ਦੀ ਰੱਖਿਆ ਕਰਨ ਦਾ ਮਤਲਬ ਅਸਿੱਧੇ ਤੌਰ ’ਤੇ ਇਹ ਮੰਨਣਾ ਜਾਪਦਾ ਹੈ ਕਿ ਇਸ ਦੀ ਰੂਹਾਨੀ ਸ਼ਕਤੀ ਮਨੁੱਖੀ ਜਾਂਚ-ਪੜਤਾਲ ਦੇ ਘੇਰੇ ਵਿੱਚ ਲਿਆਂਦੀ ਜਾ ਸਕਦੀ ਹੈ। ਉਸ ਸੂਰਤ ਵਿੱਚ ਕੀ ਕਿਹਾ ਜਾਵੇਗਾ, ਜਦੋਂ ਕਿਸੇ ਪਵਿੱਤਰ ਧਰਮ ਗ੍ਰੰਥ ਦੀ ਸ਼ਕਤੀ ਦਾ ਅਸਲ ਮਾਪਦੰਡ ਇਸ ਦੀ ਬੇਅਦਬੀ ਕੀਤੇ ਜਾਣ ਤੋਂ ਰੋਕਣ ਵਿੱਚ ਨਹੀਂ ਸਗੋਂ ਸ਼ਰਧਾਵਾਨਾਂ ਨੂੰ ਘੋਖ-ਪੜਤਾਲ ਵਾਲੇ ਸਵਾਲ ਕਰਨ ਲਈ ਉਤਸ਼ਾਹਿਤ ਕਰਨ ਦੀ ਸਮਰੱਥਾ ਵਿੱਚ ਹੋਵੇ?

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਇਸ ਨੂੰ ਸੁਰੱਖਿਅਤ ਰੱਖਣ ਲਈ ਅਜਾਇਬਘਰ ਦੀਆਂ ਸ਼ੈਆਂ ਵਾਂਗ ਇਸ ਨੂੰ ਲੋਕਾਂ ਤੋਂ ਦੂਰ ਰੱਖਣ ਨਾਲ ਨਹੀਂ ਹੋਣਾ, ਜਿਸ ਬਾਰੇ ਸਵਾਲ ਨਾ ਕੀਤੇ ਜਾ ਸਕਣ, ਸਗੋਂ ਇਲਾਹੀ ਬਾਣੀ ਨੂੰ ਜਾਗਤ ਜੋਤ ਮੰਨਦਿਆਂ ਇਸ ਦੇ ਮਨੁੱਖ ਨੂੰ ਹਰ ਪੱਖ ਤੋਂ ਬਦਲਣ ਦੀ ਸਮਰੱਥਾ ਨੂੰ ਸਮਝਣ ਨਾਲ ਹੋਵੇਗਾ। ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੀ ਥਾਂ ਸੁਰੱਖਿਆ ਦੀ ਰੱਟ ਲਗਾਉਣਾ ਇਸ ਪਾਵਨ ਪਵਿੱਤਰ ਧਰਮ ਗ੍ਰੰਥ ਨੂੰ ਮਹਿਜ਼ ਪਵਿੱਤਰ ਨਿਸ਼ਾਨੀ ਬਣਾਉਣ ਦਾ ਯਤਨ ਜਾਪਦਾ ਹੈ। ਇਸ ਦੇ ਨਾਲ ਹੀ ਇਸ ਦਾ ਮਤਲਬ ਕੱਟੜਤਾ ਅਤੇ ਨਿਯੰਤਰਣ ਤੇ ਦੰਡਕਾਰੀ ਅਥਾਰਿਟੀ ਦੇ ਪ੍ਰਭਾਵ ਕਾਰਨ ਰੂਹਾਨੀ ਸੱਚ ਦੀ ਭਾਲ ਨੂੰ ਤਿਆਗ ਦੇਣਾ ਜਾਪਦਾ ਹੈ। ਕਿਸੇ ਧਾਰਮਿਕ ਗ੍ਰੰਥ ਪ੍ਰਤੀ ਸ਼ਰਧਾ ਦਾ ਮਾਪਦੰਡ ਇਹ ਨਹੀਂ ਹੈ ਕਿ ਕਿਸੇ ਪਵਿੱਤਰ ਗ੍ਰੰਥ ਦੀ ਕਿੰਨੀ ਸਖ਼ਤ ਸੁਰੱਖਿਆ ਕੀਤੀ ਜਾਂਦੀ ਹੈ, ਸਗੋਂ ਇਸ ਨੂੰ ਸਮਝਣ ਅਤੇ ਇਸ ਅਨੁਸਾਰ ਜੀਵਨ ਜਿਊਣ ਵਿੱਚ ਹੈ।

Share this content:

Post Comment