ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਈਡੀ ਦਫ਼ਤਰ ਪੇਸ਼
ਜਲੰਧਰ, 9 ਸਤੰਬਰ – ਮੁਹਾਲੀ ਵਿੱਚ ਜ਼ਮੀਨ ਦੀ ਵਰਤੋਂ ਤਬਦੀਲ ਕਰਨ ਦੀਆਂ ਮਨਜ਼ੂਰੀਆਂ ਅਤੇ ਲੇਆਉਟ ਬਦਲਾਅ ਨਾਲ ਜੁੜੀਆਂ ਕਥਿਤ ਅਨਿਯਮਿਤਤਾਵਾਂ ਦੀ ਜਾਂਚ ਦੇ ਸਬੰਧ ਵਿੱਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਤੇ ਸੀਨੀਅਰ ਆਈ.ਏ.ਐੱਸ. ਅਧਿਕਾਰੀ ਅਨੁਰਾਗ ਵਰਮਾ ਬੁੱਧਵਾਰ ਸਵੇਰੇ 11:10 ਵਜੇ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਪਹੁੰਚ ਗਏ ਹਨ। ਜਦੋਂ ਉਹ ਦਫਤਰ ਪਹੁੰਚੇ ਤਾਂ ਉਹਨਾਂ ਦੇ ਹੱਥ ਵਿੱਚ ਕੇਸ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ਾਂ ਦੀ ਫਾਈਲ ਫੜੀ ਹੋਈ ਸੀ। ਗੱਡੀ ਤੋਂ ਉਤਰਨ ਤੋਂ ਤੁਰੰਤ ਬਾਅਦ ਉਹ ਬਿਨਾਂ ਕਿਸੇ ਦੇਰੀ ਦੇ ਸਿੱਧੇ ਈ.ਡੀ. ਦਫ਼ਤਰ ਅੰਦਰ ਦਾਖ਼ਲ ਹੋਏ, ਜਿੱਥੇ ਕੇਂਦਰੀ ਜਾਂਚ ਏਜੰਸੀ ਦੇ ਸੀਨੀਅਰ ਅਧਿਕਾਰੀ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਈ.ਡੀ. ਵੱਲੋਂ ਅਨੁਰਾਗ ਵਰਮਾ ਨੂੰ ਸਭ ਤੋਂ ਪਹਿਲਾਂ 31 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਹਾਲਾਂਕਿ, ਉਸ ਸਮੇਂ ਉਹ ਪੇਸ਼ ਨਹੀਂ ਹੋ ਸਕੇ ਸਨ ਅਤੇ ਉਨ੍ਹਾਂ ਨੇ ਜ਼ਰੂਰੀ ਦਸਤਾਵੇਜ਼ ਇਕੱਠੇ ਕਰਨ ਲਈ ਹੋਰ ਸਮਾਂ ਮੰਗਿਆ ਸੀ। ਇਸ ਤੋਂ ਬਾਅਦ ਏਜੰਸੀ ਨੇ ਉਨ੍ਹਾਂ ਨੂੰ 7 ਸਤੰਬਰ ਦੀ ਤਰੀਕ ਦਿੱਤੀ ਸੀ, ਪਰ ਬਾਅਦ ਵਿੱਚ ਈਮੇਲ ਰਾਹੀਂ ਸਮਾਂ ਅੱਗੇ ਵਧਾ ਕੇ 9 ਸਤੰਬਰ ਸਵੇਰੇ 10 ਵਜੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸੇ ਲੜੀ ਤਹਿਤ ਅੱਜ ਉਹ ਮੰਗੇ ਗਏ ਰਿਕਾਰਡ ਸਮੇਤ ਈ.ਡੀ. ਸਾਹਮਣੇ ਹਾਜ਼ਰ ਹੋਏ।
ਕੀ ਹੈ ਪੂਰਾ ਮਾਮਲਾ?
ਇਹ ਜਾਂਚ ਮੁਹਾਲੀ ਅਤੇ ਨਿਊ ਚੰਡੀਗੜ੍ਹ ਖੇਤਰ ਵਿੱਚ ਵੱਡੇ ਰੀਅਲ ਅਸਟੇਟ ਪ੍ਰੋਜੈਕਟਾਂ (ਜਿਵੇਂ ਕਿ ਸੁਨਟੈਕ ਸਿਟੀ ਅਤੇ ਅਲਟਸ ਸਪੇਸ ਬਿਲਡਰਜ਼) ਨੂੰ ਦਿੱਤੀਆਂ ਗਈਆਂ ਸੀ.ਐੱਲ.ਯੂ. ਮਨਜ਼ੂਰੀਆਂ, ਅਣਅਧਿਕਾਰਤ ਲੇਆਉਟ ਬਦਲਾਅ ਅਤੇ ਪ੍ਰਸ਼ਾਸਨਿਕ ਨਰਮੀ ਨਾਲ ਜੁੜੀ ਹੋਈ ਹੈ। ਈ.ਡੀ. ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਕੀ ਨਿੱਜੀ ਬਿਲਡਰਾਂ ਨੂੰ ਨਜਾਇਜ਼ ਫਾਇਦਾ ਪਹੁੰਚਾਉਣ ਲਈ ਨਿਯਮਾਂ ਦੀ ਅਣਦੇਖੀ ਕੀਤੀ ਗਈ ਸੀ। ਜਿਸ ਸਮੇਂ ਇਹ ਫੈਸਲੇ ਲਏ ਗਏ ਸਨ, ਉਸ ਵੇਲੇ ਅਨੁਰਾਗ ਵਰਮਾ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁਖੀ ਵਜੋਂ ਤਾਇਨਾਤ ਸਨ।
Share this content:



Post Comment