Loading Now

ਹੁਣ ਬਿਨਾਂ ਡਰਾਈਵਰ ਤੇ ਰਿਮੋਟ ਕੰਟਰੋਲ ਨਾਲ ਚੱਲਣਗੇ ਬੀ.ਐੱਮ.ਪੀ. ਬਖ਼ਤਰਬੰਦ ਵਾਹਨ

ਹੁਣ ਬਿਨਾਂ ਡਰਾਈਵਰ ਤੇ ਰਿਮੋਟ ਕੰਟਰੋਲ ਨਾਲ ਚੱਲਣਗੇ ਬੀ.ਐੱਮ.ਪੀ. ਬਖ਼ਤਰਬੰਦ ਵਾਹਨ

ਨਵੀਂ ਦਿੱਲੀ, 25 ਨਵੰਬਰ – ਭਾਰਤੀ ਫ਼ੌਜ ਆਪਣੇ ਕੁਝ ਬੀ.ਐੱਮ.ਪੀ.-2 (BMP-2) ਬਖ਼ਤਰਬੰਦ ਜੰਗੀ ਵਾਹਨਾਂ ਨੂੰ ਰਿਮੋਟ ਨਾਲ ਚੱਲਣ ਵਾਲੇ ਖ਼ੁਦਮੁਖ਼ਤਿਆਰ (ਆਟੋਨੋਮਸ) ਜੰਗੀ ਪਲੇਟਫਾਰਮਾਂ ਵਿੱਚ ਤਬਦੀਲ ਕਰ ਰਹੀ ਹੈ। ਇਸ ਨਾਲ ਜਵਾਨਾਂ ਦੀ ਜਾਨ ਨੂੰ ਜੰਗ ਦੇ ਮੈਦਾਨ ਦੇ ਖ਼ਤਰਿਆਂ ਵਿੱਚ ਪਾਏ ਬਿਨਾਂ ਉੱਚ-ਜੋਖ਼ਮ ਵਾਲੇ ਵਿਸ਼ੇਸ਼ ਮਿਸ਼ਨਾਂ ਨੂੰ ਅੰਜਾਮ ਦਿੱਤਾ ਜਾ ਸਕੇਗਾ। ਅਕਾਦਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਅਜਿਹੀ ਤਕਨਾਲੋਜੀ ਵਿਕਸਤ ਕੀਤੀ ਜਾ ਰਹੀ ਹੈ, ਜਿਸ ਰਾਹੀਂ ਸੁਰੱਖਿਅਤ ਡਾਟਾ ਲਿੰਕਾਂ ਦੀ ਮਦਦ ਨਾਲ ਵਾਹਨ ਚਲਾਉਣ, ਹਥਿਆਰ ਦਾਗ਼ਣ ਅਤੇ ਨਿਗਰਾਨੀ ਉਪਕਰਨਾਂ ਨੂੰ ਰਿਮੋਟ ਕੰਟਰੋਲ ਨਾਲ ਚਲਾਇਆ ਜਾ ਸਕੇਗਾ।

ਹਾਲਾਂਕਿ ਬੀ.ਐੱਮ.ਪੀ. ਅੱਠ ਪੈਦਲ ਸੈਨਿਕਾਂ ਨੂੰ ਲਿਜਾਣ ਵਾਲਾ ਵਾਹਨ ਹੈ, ਪਰ ਇਸ ਦੇ ਸੀ.ਆਰ.ਬੀ.ਐੱਨ. (CRBN) ਖੋਜੀ ਵਾਹਨ, ਬਖ਼ਤਰਬੰਦ ਐਂਬੂਲੈਂਸ, ਐਂਟੀ-ਟੈਂਕ ਮਿਜ਼ਾਈਲ ਲਾਂਚਰ ਅਤੇ ਨਿਗਰਾਨੀ ਪਲੇਟਫਾਰਮ ਵਰਗੇ ਵਿਸ਼ੇਸ਼ ਰੂਪ ਵੀ ਹਨ। ਸੂਤਰਾਂ ਅਨੁਸਾਰ, ਇਨ੍ਹਾਂ ਮਿਸ਼ਨਾਂ ਦੇ ਨਾਲ-ਨਾਲ ਹਮਲਿਆਂ ਦੀ ਅਗਵਾਈ ਕਰਨ, ਡਰੋਨ ਲਾਂਚ ਕਰਨ ਜਾਂ ਦੁਸ਼ਮਣ ਨੂੰ ਭੁਲੇਖਾ ਪਾਉਣ (ਡੀਕੌਏ) ਵਜੋਂ ਵੀ ਇਨ੍ਹਾਂ ਦੀ ਰਿਮੋਟ ਰਾਹੀਂ ਵਰਤੋਂ ਹੋ ਸਕੇਗੀ। ਇਹ ਕਦਮ ਪੁਰਾਣੇ ਟੀ-72 (T-72) ਟੈਂਕਾਂ ਲਈ ਚਲਾਏ ਜਾ ਰਹੇ ਅਜਿਹੇ ਹੀ ਪ੍ਰਾਜੈਕਟ ਦੀ ਤਰਜ਼ ’ਤੇ ਚੁੱਕਿਆ ਗਿਆ ਹੈ, ਤਾਂ ਜੋ 2030 ਤੋਂ ਬਾਅਦ ਉਨ੍ਹਾਂ ਦੀ ਸੰਭਾਵਿਤ ਸੇਵਾਮੁਕਤੀ ਤੋਂ ਅੱਗੇ ਵੀ ਉਨ੍ਹਾਂ ਦੀ ਵਰਤੋਂ ਯੋਗਤਾ ਵਧਾਈ ਜਾ ਸਕੇ।

ਫ਼ੌਜ ਕੋਲ ਰੂਸੀ ਮੂਲ ਦੇ ਲਗਪਗ 2,400 ਬੀ.ਐੱਮ.ਪੀ.-2 ਵਾਹਨ ਹਨ, ਜੋ 1980 ਦੇ ਦਹਾਕੇ ਦੇ ਅੱਧ ਵਿੱਚ ਸ਼ਾਮਲ ਕੀਤੇ ਗਏ ਸਨ ਅਤੇ ਇਨ੍ਹਾਂ ਦਾ ਨਿਰਮਾਣ ਆਰਡਨੈਂਸ ਫ਼ੈਕਟਰੀ, ਮੇਡਕ ਵੱਲੋਂ ਭਾਰਤ ਵਿੱਚ ਵੀ ਕੀਤਾ ਗਿਆ ਸੀ। ਇਨ੍ਹਾਂ ਨੂੰ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (LAC) ਦੇ ਉੱਚਾਈ ਵਾਲੇ ਇਲਾਕਿਆਂ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ। ਬੀਤੇ ਸਾਲਾਂ ਦੌਰਾਨ ਇਨ੍ਹਾਂ ਵਿੱਚ ਨਾਈਟ ਸਾਈਟਸ, ਆਟੋਮੈਟਿਕ ਟਾਰਗੇਟ ਟਰੈਕਰ ਅਤੇ ਐਂਟੀ-ਡਰੋਨ ਉਪਕਰਨ ਲਾ ਕੇ ਆਧੁਨਿਕ ਬਣਾਇਆ ਗਿਆ ਹੈ।

Share this content:

Post Comment