Loading Now

ਸੀਬੀਐਸਈ 12ਵੀਂ ਦੀ ਰੀ-ਇਵੈਲੂਏਸ਼ਨ ਦੀ ਅਰਜ਼ੀ ਪ੍ਰਕਿਰਿਆ ਲਈ ਹੁਣ ਤੱਕ 28 ਹਜ਼ਾਰ ਵਿਦਿਆਰਥੀਆਂ ਨੇ ਕੀਤਾ ਅਪਲਾਈ

ਸੀਬੀਐਸਈ 12ਵੀਂ ਦੀ ਰੀ-ਇਵੈਲੂਏਸ਼ਨ ਦੀ ਅਰਜ਼ੀ ਪ੍ਰਕਿਰਿਆ ਲਈ ਹੁਣ ਤੱਕ 28 ਹਜ਼ਾਰ ਵਿਦਿਆਰਥੀਆਂ ਨੇ ਕੀਤਾ ਅਪਲਾਈ

ਨਵੀਂ ਦਿੱਲੀ, 3 ਜੂਨ – ਸੀਬੀਐਸਈ 12ਵੀਂ ਦੇ ਰੀ-ਇਵੈਲੂਏਸ਼ਨ ਲਈ ਅਰਜ਼ੀ ਪ੍ਰਕਿਰਿਆ ਜਾਰੀ ਹੈ। ਇਸ ਸੰਬੰਧੀ ਸੀਬੀਐਸਈ ਨੇ ਤਾਜ਼ਾ ਅਪਡੇਟ ਦਿੱਤਾ ਹੈ ਕਿ 2 ਮਈ ਦੀ ਰਾਤ 10 ਵਜੇ ਤੱਕ 28,000 ਤੋਂ ਵੱਧ ਵਿਦਿਆਰਥੀਆਂ ਨੇ ਰੀ-ਇਵੈਲੂਏਸ਼ਨ ਲਈ ਅਰਜ਼ੀ ਦਿੱਤੀ ਹੈ। ਇਸਦੇ ਨਾਲ ਹੀ ਬੋਰਡ ਨੇ ਇਹ ਵੀ ਦੱਸਿਆ ਹੈ ਕਿ ਵਿਦਿਆਰਥੀਆਂ ਦੇ ਫੀਡਬੈਕ ਦੇ ਆਧਾਰ ਤੇ ਯੂਜ਼ਰ ਅਨੁਭਵ ਨੂੰ ਬਿਹਤਰ ਬਣਾਉਣ ਲਈ ਹੋਰ ਸੁਧਾਰ ਕੀਤੇ ਗਏ ਹਨ, ਜਿਸ ਵਿੱਚ ਸੈਸ਼ਨ ਦੀ ਸਮਾਂ ਸੀਮਾ ਵਧਾਉਣਾ ਵੀ ਸ਼ਾਮਲ ਹੈ।

ਸੀਬੀਐਸਈ ਨੇ ਅੱਗੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਇੱਕ ਸੁਰੱਖਿਅਤ, ਭਰੋਸੇਯੋਗ ਅਤੇ ਵਿਦਿਆਰਥੀਆਂ ਲਈ ਆਸਾਨ ਪਲੇਟਫਾਰਮ ਯਕੀਨੀ ਬਣਾਉਣ ਲਈ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ। ਇਸ ਤੋਂ ਪਹਿਲਾਂ ਸੀਬੀਐਸਈ ਨੇ ਅਪਡੇਟ ਦਿੱਤਾ ਸੀ ਕਿ 2 ਮਈ ਨੂੰ ਦੁਪਹਿਰ 3 ਵਜੇ ਤੱਕ 16,000 ਤੋਂ ਵੱਧ ਵਿਦਿਆਰਥੀਆਂ ਨੇ ਸੀਬੀਐਸਈ ਰੀ-ਇਵੈਲੂਏਸ਼ਨ ਪੋਰਟਲ ਰਾਹੀਂ ਅਰਜ਼ੀਆਂ ਜਮ੍ਹਾਂ ਕਰਵਾਈਆਂ ਸਨ, ਜਦਕਿ ਪਲੇਟਫਾਰਮ ਨੂੰ ਕਈ ਸਾਈਬਰ ਹਮਲਿਆਂ ਦੀਆਂ ਕੋਸ਼ਿਸ਼ਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਸੀਬੀਐਸਈ ਵੱਲੋਂ ਜਾਰੀ ਬਿਆਨ ਮੁਤਾਬਕ, ਸਿਰਫ਼ ਦੋ ਮਿੰਟਾਂ ਦੇ ਅੰਦਰ ਪੋਰਟਲ ਤੇ ਕਰੀਬ 1.5 ਮਿਲੀਅਨ (15 ਲੱਖ) ਸਾਈਬਰ ਅਟੈਕ ਹਿੱਟ ਦਰਜ ਕੀਤੇ ਗਏ ਸਨ।

ਰੀ-ਇਵੈਲੂਏਸ਼ਨ ਦੇ ਅੰਕੜਿਆਂ ਬਾਰੇ ਕੀ ਬੋਲੇ ਸਿੱਖਿਆ ਮੰਤਰੀ?

ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਪਹਿਲਾਂ ਸੰਕੇਤ ਦਿੱਤਾ ਸੀ ਕਿ ਰੀ-ਇਵੈਲੂਏਸ਼ਨ ਲਈ ਯੋਗ ਹੋਣ ਵਾਲੇ ਵਿਦਿਆਰਥੀਆਂ ਵਿੱਚੋਂ 20 ਫੀਸਦੀ ਤੋਂ ਵੱਧ ਵਿਦਿਆਰਥੀਆਂ ਵੱਲੋਂ ਮੁੜ ਮੁਲਾਂਕਣ ਲਈ ਅਰਜ਼ੀ ਕਰਨ ਦੀ ਉਮੀਦ ਨਹੀਂ ਹੈ। ਇਨ੍ਹਾਂ ਅਨੁਮਾਨਾਂ ਦੇ ਆਧਾਰ ਤੇ ਵਿਦਿਆਰਥੀਆਂ ਦੀ ਕੁੱਲ ਗਿਣਤੀ ਲਗਭਗ 80,000 ਰਹਿਣ ਦੀ ਉਮੀਦ ਜਤਾਈ ਗਈ ਸੀ, ਪਰ ਪੋਰਟਲ ਖੁਲ੍ਹਣ ਦੇ ਪਹਿਲੇ 9-10 ਘੰਟਿਆਂ ਦੇ ਅੰਦਰ ਹੀ 16,000 ਅਰਜ਼ੀਆਂ ਜਮ੍ਹਾਂ ਹੋ ਚੁੱਕੀਆਂ ਸਨ ਅਤੇ ਅਰਜ਼ੀ ਕਰਨ ਦੀ ਮਿਆਦ ਹਾਲੇ ਵੀ ਕਾਫ਼ੀ ਬਾਕੀ ਸੀ। ਇਸ ਲਈ ਮੰਨਿਆ ਜਾ ਰਿਹਾ ਸੀ ਕਿ ਕੁੱਲ ਅਰਜ਼ੀਆਂ ਦੀ ਗਿਣਤੀ ਸਿੱਖਿਆ ਮੰਤਰੀ ਦੇ ਅੰਦਾਜ਼ੇ ਨਾਲੋਂ ਕਿਤੇ ਵੱਧ ਹੋ ਸਕਦੀ ਹੈ।

ਕੌਣ ਕਰ ਸਕਦਾ ਹੈ ਰੀ-ਇਵੈਲੂਏਸ਼ਨ ਲਈ ਅਪਲਾਈ?

ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਮੁਲਾਂਕਣ ਕੀਤੀਆਂ Answer Sheets ਦੀ ਸਕੈਨ ਕੀਤੀ ਕਾਪੀ ਮਿਲ ਚੁੱਕੀ ਹੈ, ਉਹ ਰੀ-ਇਵੈਲੂਏਸ਼ਨ ਲਈ ਅਰਜ਼ੀ ਕਰ ਸਕਦੇ ਹਨ। ਇਸ ਲਈ ਸਭ ਤੋਂ ਪਹਿਲਾਂ ਪੋਰਟਲ ਤੇ ਲੌਗਇਨ ਕਰਨਾ ਪਵੇਗਾ, ਆਧਾਰ ਵੈਰੀਫਿਕੇਸ਼ਨ ਪੂਰਾ ਕਰਨਾ ਹੋਵੇਗਾ ਅਤੇ ਜ਼ਰੂਰੀ ਸੇਵਾ ਚੁਣਨੀ ਹੋਵੇਗੀ। ਇਸ ਤੋਂ ਬਾਅਦ ਵਿਸ਼ਿਆਂ ਦੀ ਜਾਣਕਾਰੀ ਦਰਜ ਕਰਨੀ ਹੋਵੇਗੀ, ਫੀਸ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਫਿਰ ਅਰਜ਼ੀ ਸਬਮਿਟ ਕਰਨੀ ਹੋਵੇਗੀ। ਬੋਰਡ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਅਰਜ਼ੀ ਸਬਮਿਟ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਆਪਣੀ ਅਰਜ਼ੀ ਧਿਆਨ ਨਾਲ ਚੈੱਕ ਕਰ ਲੈਣੀ ਚਾਹੀਦੀ ਹੈ, ਕਿਉਂਕਿ ਬਾਅਦ ਵਿੱਚ ਉਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਸਕੇਗਾ।

Share this content:

Post Comment