ਸੱਤਾ ਦਾ ਨਵਾਂ ਸਾਥੀ
ਜੰਤਰ-ਮੰਤਰ ਵਿੱਚ ਵਿਦਿਆਰਥੀ ਪ੍ਰੋਟੈੱਸਟ ਦੌਰਾਨ ਇੱਕ ਵਿਦਿਆਰਥਣ ਦੇ ਪਿਤਾ ਦਾ ਸਿਰ ਪਾੜਨ ਦਾ ਦਾਅਵਾ ਕਰਨ ਵਾਲਾ ਸਵਤੰਤਰ ਭਾਰਦਵਾਜ ਅੱਜਕੱਲ੍ਹ ਕਾਫੀ ਚਰਚਾ ਵਿੱਚ ਹੈ। ਉਹ ਉਨ੍ਹਾਂ ਲੋਕਾਂ ਦੀ ਨੁਮਾਇੰਦਗੀ ਕਰਦਾ ਹੈ, ਜਿਨ੍ਹਾਂ ਨੂੰ ਭਾਰਤ ਦਾ ਮੌਜੂਦਾ ਰਾਜਕੀ ਤੰਤਰ ਆਪਣਾ ਸਭ ਤੋਂ ਭਰੋਸੇਮੰਦ ਮਿੱਤਰ ਮੰਨਦਾ ਹੈ, ਜਿਸ ਨੂੰ ਭਾਰਤ ਦੇ ਲੋਕਾਂ ਵਿੱਚੋਂ ਉਸ ਨੇ ਆਪਣੇ ਸਹਿਯੋਗੀ ਵਜੋਂ ਚੁਣਿਆ ਹੈ। ਇਹ ਨਾਅਰਾ ਚੇਤੇ ਹੋਣੈ : ‘ਦਿੱਲੀ ਪੁਲਸ ਲੱਠ ਚਲਾਓ, ਅਸੀਂ ਤੁਹਾਡੇ ਨਾਲ ਹਾਂ’। ਇਹ ਨਾਅਰਾ 2020 ਵਿੱਚ ਸਵਤੰਤਰ ਭਾਰਦਵਾਜ ਵਰਗੇ ਹਿੰਦੂ ਨੌਜਵਾਨਾਂ ਨੇ ਲਗਾਇਆ ਸੀ, ਜਦੋਂ ਪੁਲਸ ਦੀ ਹਿੰਸਾ ਦਾ ਰੁਖ ਮੁਸਲਮਾਨਾਂ ਵੱਲ ਸੀ। ਦਿੱਲੀ ਪੁਲਸ ਨੇ ਕਦੇ ਵੀ ਇਸ ਨਾਅਰੇ ਦੀ ਨਿੰਦਾ ਨਹੀਂ ਕੀਤੀ। ਇਸ ਨੇ ਕਦੇ ਨਹੀਂ ਕਿਹਾ ਕਿ ਉਹ ਇਨ੍ਹਾਂ ਗੁੰਡਿਆਂ ਦੀ ਤਰਫੋਂ ਲਾਠੀਆਂ ਨਹੀਂ ਵਰ੍ਹਾ ਰਹੀ। ਉਸ ਨੇ ਇੱਕ ਤਰ੍ਹਾਂ ਨਾਲ ਇਸ ਨਾਅਰੇ ਨੂੰ ਆਪਣੇ ਕੰਮ ਦੀ ਪ੍ਰਸੰਸਾ ਵਜੋਂ ਸਵੀਕਾਰ ਕੀਤਾ। ਇਸ ਨਾਲ ਮੁਸਲਮਾਨਾਂ ਵਿਰੁੱਧ ਉਸ ਦਾ ਰਵੱਈਆ ਹੋਰ ਵੀ ਸਖਤ ਹੋਇਆ, ਕਿਉਂਕਿ ਲੋਕਾਂ ਦਾ ਇੱਕ ਹਿੱਸਾ ਉਸ ਨੂੰ ਸ਼ਾਬਾਸ਼ੀ ਦੇ ਰਿਹਾ ਸੀ ਕਿ ਪੁਲਸ ਉਸ ਵੱਲੋਂ ਇਹ ਹਿੰਸਾ ਕਰ ਰਹੀ ਹੈ।
ਪੁਲਸ ਅਤੇ ਸਵਤੰਤਰ ਭਾਰਦਵਾਜ ਵਰਗੇ ਹਿੰਦੂ ਲੱਠਬਾਜ਼ਾਂ ਦਾ ਗੱਠਜੋੜ 5 ਜਨਵਰੀ, 2020 ਨੂੰ ਦਿਸਿਆ ਸੀ, ਜਦੋਂ ਗੁੰਡਿਆਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿੱਚ ਘੰਟਿਆਂਬੱਧੀ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲਾ ਕੀਤਾ ਅਤੇ ਪੁਲਸ ਚੁੱਪਚਾਪ ਦੇਖਦੀ ਰਹੀ। ਗੁੰਡੇ ਪੁਲਸ ਦੀ ਨਿਗਰਾਨੀ ਹੇਠ ਕੈਂਪਸ ਵਿੱਚ ਦਾਖਲ ਹੋਏ ਅਤੇ ਇਤਮਿਨਾਨ ਨਾਲ ਲਾਠੀਆਂ ਵਰ੍ਹਾਉਂਦੇ ਰਹੇ। ਪੁਲਸ ਨੇ ਉਨ੍ਹਾਂ ਨੂੰ ਰੋਕਿਆ ਨਹੀਂ। ਇਸ ਤੋਂ ਬਾਅਦ ਉਹ ਲੱਠ, ਜਿਹੜੀ ਕਦੇ ਪੁਲਸ ਚਲਾਉਂਦੀ ਰਹੀ, ਸਵਤੰਤਰ ਭਾਰਦਵਾਜ ਦੇ ਹੱਥ ਵਿੱਚ ਆ ਗਈ। ਪੁਲਸ ਦੀ ਜੁੱਤੀ ਵੀ ਉਸ ਦੇ ਪੈਰਾਂ ਵਿੱਚ ਆ ਗਈ। ਹੁਣ ਉਹ ਪੁਲਸ ਵੱਲੋਂ ਲੱਠ ਚਲਾ ਰਿਹਾ ਸੀ, ਪਰ ਇਸ ਵਾਰ ਉਸ ਦਾ ਨਿਸ਼ਾਨਾ ਮੁਸਲਮਾਨ ਨਹੀਂ ਸਨ। ਉਹ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ‘ਤੇ ਲੱਠ ਚਲਾ ਰਿਹਾ ਸੀ। ਸਵਤੰਤਰ ਭਾਰਦਵਾਜ ਇਸ ਸਰਕਾਰ ਅਤੇ ਇਸ ਦੇ ਨੇਤਾ ਨਰਿੰਦਰ ਮੋਦੀ ਵੱਲੋਂ, ਉਨ੍ਹਾਂ ਦੇ ਵਿਰੋਧੀਆਂ ਵਿਰੁੱਧ ਲੱਠ ਚਲਾ ਰਿਹਾ ਸੀ। ਸਵਤੰਤਰ ਭਾਰਦਵਾਜ ਨੂੰ ਇਹ ਲੱਗਿਆ ਕਿ ਉਹ ਜੋ ਕਰ ਰਿਹਾ ਸੀ, ਉਸ ਨੂੰ ਖੁੱਲ੍ਹੇਆਮ ਦੱਸੇ ਵੀ। ਆਖਰ, ਉਹ ਭਾਜਪਾ ਸਰਕਾਰ ਦੇ ਦੁਲਾਰੇ ਨੌਜਵਾਨਾਂ ਵਿੱਚੋਂ ਇੱਕ ਸੀ। ਉਸ ਨੂੰ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਸੱਦਾ ਦਿੱਤਾ ਗਿਆ ਸੀ। ਇਸ ਤੋਂ ਇਲਾਵਾ, ਉਸ ਨੂੰ ਰੱਖਿਆ ਮੰਤਰਾਲੇ ਦੇ ਇੱਕ ਸਮਾਗਮ ਵਿੱਚ ਵੀ ਸੱਦਾ ਦਿੱਤਾ ਗਿਆ ਸੀ। ਇਸ ਤੋਂ ਪਤਾ ਲਗਦਾ ਹੈ ਕਿ ਸਵਤੰਤਰ ਭਾਰਦਵਾਜ ਨੇ ਭਾਰਤੀ ਰਾਜ ਤੰਤਰ ਦੇ ਅੰਦਰ ਆਪਣੀ ਪੈਠ ਬਣਾ ਲਈ ਸੀ।
ਸਵਤੰਤਰ ਭਾਰਦਵਾਜ ਹਿੰਦੂਤਵੀ ਰਾਜ ਅੰਦਰ ਆਪਣੀ ਸਥਿਤੀ ‘ਤੇ ਏਨਾ ਨਿਸਚਿੰਤ ਸੀ ਕਿ ਉਸ ਨੂੰ ਜਨਤਕ ਤੌਰ ‘ਤੇ ਇਹ ਸਵੀਕਾਰ ਕਰਨ ਵਿੱਚ ਕੋਈ ਝਿਜਕ ਨਹੀਂ ਸੀ ਕਿ ਉਸ ਨੇ ਹਿੰਸਾ ਕੀਤੀ ਹੈ, ਜਿਸ ਦਾ ਨਤੀਜਾ ਕਤਲ ਵਿੱਚ ਨਿਕਲ ਸਕਦਾ ਸੀ। ਫਿਰ ਵੀ ਏਨਾ ਸੰਗੀਨ ਅਪਰਾਧ ਕਰਨ ਦੇ ਬਾਵਜੂਦ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂਕਿ ਉਸ ਨੇ ਚਿਰਾਗ ਪਾਸਵਾਨ ਅਤੇ ਕਪਿਲ ਮਿਸ਼ਰਾ ਨੂੰ ਭਰਾ ਦੱਸਿਆ। ਚਿਰਾਗ ਪਾਸਵਾਨ ਨੂੰ ਤੁਰੰਤ ਉਸ ਤੋਂ ਦੂਰੀ ਬਣਾਉਣੀ ਪਈ, ਕਿਉਂਕਿ ਜਿਨ੍ਹਾਂ ਲੋਕਾਂ ‘ਤੇ ਉਸ ਨੇ ਹਮਲਾ ਕੀਤਾ, ਉਹ ਦਲਿਤ ਸਨ, ਪਰ ਹੁਣ ਤੱਕ ਨਾ ਤਾਂ ਕਪਿਲ ਮਿਸ਼ਰਾ, ਮਨੋਜ ਤਿਵਾੜੀ ਅਤੇ ਨਾ ਹੀ ਭਾਜਪਾ ਨੇ ਸਵਤੰਤਰ ਭਾਰਦਵਾਜ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਹੈ। ਪਾਰਟੀ, ਜੋ ਹਰ ਮੁੱਦੇ ‘ਤੇ ਟਵੀਟ ਕਰਨ ਲਈ ਤੇਜ਼ ਹੈ, ਨੇ ਸਵਤੰਤਰ ਭਾਰਦਵਾਜ ਦੇ ਬਿਆਨ ਦੀ ਨਿੰਦਾ ਨਹੀਂ ਕੀਤੀ। ਇਹ ਇੱਕ ਅਜਿਹੇ ਮੁੱਦੇ ‘ਤੇ ਚੁੱਪ ਹੈ, ਜਿਸ ‘ਤੇ ਦੇਸ਼ ਭਰ ਵਿੱਚ ਬਹਿਸ ਹੋ ਰਹੀ ਹੈ। ਇਹ ਚੁੱਪੀ ਸਵਤੰਤਰ ਭਾਰਦਵਾਜ ਦੇ ਸਮਰਥਨ ਦਾ ਬਿਆਨ ਹੈ।
ਸਵਤੰਤਰ ਭਾਰਦਵਾਜ ਕੋਈ ਅਪਵਾਦ ਨਹੀਂ। ਉਸ ਤੋਂ ਪਹਿਲਾਂ, ਦਕਸ਼ ਚੌਧਰੀ, ਪਿੰਕੀ ਚੌਧਰੀ, ਮੋਨੂੰ ਮਾਨੇਸਰ ਅਤੇ ਰਿਧੀਮਾ ਸ਼ਰਮਾ ਵਰਗੇ ਗੁੰਡੇ ਖੁੱਲ੍ਹੇਆਮ ਹਿੰਸਾ ਕਰਦੇ ਹੋਏ ਖੁਦ ਵੀਡੀਓ ਬਣਾਉਂਦੇ ਰਹੇ ਹਨ। ਉਨ੍ਹਾਂ ਦੇ ਨਿਸ਼ਾਨੇ ‘ਤੇ ਹਮੇਸ਼ਾ ਮੁਸਲਮਾਨ ਅਤੇ ਈਸਾਈ ਹੁੰਦੇ ਸਨ ਅਤੇ ਕਈ ਵਾਰ ਉਹ ਹਿੰਦੂ ਵੀ, ਜਿਨ੍ਹਾਂ ਨੂੰ ਭਾਜਪਾ ਅਤੇ ਨਰਿੰਦਰ ਮੋਦੀ ਸ਼ਹਿਰੀ ਨਕਸਲੀ ਜਾਂ ਦਿਮਾਗੀ ਨਕਸਲੀ ਕਹਿੰਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਗੁੰਡੇ ‘ਉੱਚ ਜਾਤੀ’ ਦੇ ਹਿੰਦੂ ਹਨ। ਉਨ੍ਹਾਂ ਦਾ ਆਤਮਵਿਸ਼ਵਾਸ ਵਿਲੱਖਣ ਹੈ, ਕਿਉਂਕਿ ਉਨ੍ਹਾਂ ਨੂੰ ਪੀੜ੍ਹੀਆਂ ਤੋਂ ਦਲਿਤਾਂ ਨਾਲ ਦੁਰਵਿਵਹਾਰ ਅਤੇ ਹਿੰਸਾ ਕਰਨ ਦੀ ਛੋਟ ਮਿਲੀ ਹੋਈ ਹੈ। ਸੰਵਿਧਾਨ ਨੇ ਹੁਣ ਉਸ ਹਿੰਸਾ, ਜੋ ਇਨ੍ਹਾਂ ਦਾ ਅਧਿਕਾਰ ਹੁੰਦਾ ਸੀ, ਨੂੰ ਅਪਰਾਧ ਐਲਾਨ ਦਿੱਤਾ ਹੈ। ਅੱਜ ‘ਉੱਚ ਜਾਤੀਆਂ’ ਦੀ ਇੱਕ ਨਵੀਂ ਪੀੜ੍ਹੀ ਹਿੰਸਾ ਦੇ ਆਪਣੇ ਰਵਾਇਤੀ ਅਧਿਕਾਰ ਨੂੰ ਵਾਪਸ ਮੰਗ ਰਹੀ ਹੈ। ਭਾਜਪਾ ਲਈ ਇਹ ਬਹੁਤ ਮੁਫੀਦ ਹੈ। ਇਸੇ ਲਈ ਇਸ ਨੇ ਜੰਤਰ-ਮੰਤਰ ‘ਤੇ ਰਾਖਵਾਂਕਰਨ ਵਿਰੋਧੀ ਪ੍ਰਦਰਸ਼ਨ ‘ਤੇ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ । ਭਾਜਪਾ ਅਤੇ ਸਵਤੰਤਰ ਭਾਰਦਵਾਜ ਦਾ ਗੱਠਜੋੜ ਭਾਰਤ ਲਈ ਖਤਰਨਾਕ ਹੈ, ਪਰ ਇਹ ਕੁਦਰਤੀ ਹੈ। ਭਾਰਤ ਲਈ ਅਸਲ ਖਤਰਾ ਸਵਤੰਤਰ ਭਾਰਦਵਾਜ ਦਾ ਭਾਰਤੀ ਰਾਜਕੀ ਤੰਤਰ ਨਾਲ ਗੱਠਜੋੜ ਹੈ।
Share this content:



Post Comment