-ਭਾਰਤੀ ਦਰਸ਼ਨ ਅਤੇ ਹਿੰਦੂ-ਬੁੱਧ ਧਰਮ ਨੂੰ ਯੂਨੀਵਰਸਿਟੀ ਪਾਠਕ੍ਰਮ ’ਚ ਕਰਵਾਇਆ ਸੀ ਸ਼ਾਮਿਲ
ਔਕਲੈਂਡ, 06 ਨਵੰਬਰ 2026 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਦੇ ਸਭ ਤੋਂ ਵਡੇਰੀ ਉਮਰ ਦੇ ਨਾਗਰਿਕ, ਵਿਸ਼ਵ ਪ੍ਰਸਿੱਧ ਧਰਮ-ਸ਼ਾਸਤਰੀ ਅਤੇ ਆਰਡਰ ਆਫ਼ ਨਿਊਜ਼ੀਲੈਂਡ ਦੇ ਸਨਮਾਨਿਤ ਮੈਂਬਰ ਸਰ ਲੌਇਡ ਗੀਰਿੰਗ 108 ਸਾਲ ਦੀ ਉਮਰ ਵਿੱਚ ਵਿਛੋੜਾ ਦੇ ਗਏ ਹਨ। ਉਹਨਾਂ ਦੇ ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਹਨਾਂ ਨੇ ਵੀਰਵਾਰ ਸਵੇਰੇ ਲੋਅਰ ਹੱਟ ਦੇ ਬੋਬ ਸਕਾਟ ਰਿਟਾਇਰਮੈਂਟ ਵਿਲੇਜ ਵਿਖੇ ਅੰਤਿਮ ਸਾਹ ਲਏ। 2009 ਵਿੱਚ ਨਾਈਟਹੁੱਡ ਦੀ ਉਪਾਧੀ ਨਾਲ ਨਵਾਜ਼ੇ ਗਏ ਸਰ ਲੌਇਡ 1960 ਦੇ ਦਹਾਕੇ ਵਿੱਚ ਉਦੋਂ ਦੁਨੀਆ ਭਰ ਵਿੱਚ ਚਰਚਾ ਵਿੱਚ ਆਏ ਸਨ ਜਦੋਂ ਪ੍ਰੈਸਬੀਟੇਰੀਅਨ ਚਰਚ ਵੱਲੋਂ ਉਹਨਾਂ ’ਤੇ ਧਰਮ-ਵਿਰੋਧੀ (ਹੈਰੇਸੀ) ਦੇ ਦੋਸ਼ ਲਾ ਕੇ ਕੇਸ ਚਲਾਇਆ ਗਿਆ ਸੀ। ਉਹਨਾਂ ਨੇ ਆਤਮਾ ਦੀ ਅਮਰਤਾ ਅਤੇ ਈਸਾ ਮਸੀਹ ਦੇ ਸਰੀਰਕ ਰੂਪ ਵਿੱਚ ਮੁੜ ਜੀਵਤ ਹੋਣ ਦੇ ਦਾਅਵਿਆਂ ਨੂੰ ਸਿਧਾਂਤਕ ਤੌਰ ’ਤੇ ਨਕਾਰ ਦਿੱਤਾ ਸੀ। ਗੀਰਿੰਗ ਨੇ ਈਸਾ ਮਸੀਹ ਨੂੰ ਅਲੌਕਿਕ ਰੱਬ ਦਾ ਅਵਤਾਰ ਮੰਨਣ ਦੀ ਬਜਾਏ ਇੱਕ ਮਹਾਨ ਮਾਨਵਵਾਦੀ, ਨੈਤਿਕ ਰਹਿਨੁਮਾ ਅਤੇ ਇੰਕਲਾਬੀ ਵਿਚਾਰਕ ਵਜੋਂ ਪੇਸ਼ ਕੀਤਾ। ਉਨ੍ਹਾਂ ਦਾ ਕਹਿਣਾ ਸੀ ਕਿ ਈਸਾ ਮਸੀਹ ਦੇ ਸੰਦੇਸ਼ ਦਾ ਅਸਲ ਮਕਸਦ ਸਵਰਗ-ਨਰਕ ਦੀਆਂ ਗੱਲਾਂ ਕਰਨ ਦੀ ਬਜਾਏ ਇਸ ਧਰਤੀ ’ਤੇ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣਾ ਸੀ। ਸਰ ਲੌਇਡ ਨੇ ਕਿਹਾ ਸੀ ਕਿ ਉਸ ਘਟਨਾ ਤੋਂ ਪਹਿਲਾਂ ਉਹ ਚਰਚ ਨੂੰ ਬਾਕੀ ਮਨੁੱਖੀ ਸਮਾਜ ਨਾਲੋਂ ਵੱਖਰਾ ਅਤੇ ਪਵਿੱਤਰ ਸਮਝਦੇ ਸਨ, ਪਰ ਉਸ ਕੇਸ ਨੇ ਉਹਨਾਂ ਨੂੰ ਇਹ ਅਹਿਸਾਸ ਕਰਵਾਇਆ ਕਿ ਚਰਚ ਵੀ ਬਾਕੀ ਸਮਾਜ ਵਾਂਗ ਆਮ ਮਨੁੱਖੀ ਅਦਾਰਾ ਹੀ ਹੈ। ਬਾਅਦ ਵਿੱਚ ਚਰਚ ਨੇ ਉਹਨਾਂ ’ਤੇ ਲਾਏ ਸਾਰੇ ਦੋਸ਼ ਵਾਪਸ ਲੈ ਲਏ ਸਨ, ਜਿਸ ਤੋਂ ਬਾਅਦ ਉਹਨਾਂ ਨੇ ਤੇ ਹੇਰੰਗਾ ਵਾਕਾ / ਵਿਕਟੋਰੀਆ ਯੂਨੀਵਰਸਿਟੀ ਵੈਲਿੰਗਟਨ ਵਿਖੇ ਧਾਰਮਿਕ ਅਧਿਐਨ (Religious Studies) ਵਿਭਾਗ ਦੀ ਸਥਾਪਨਾ ਕੀਤੀ। ਭਾਰਤ ਨਾਲ ਵੀ ਗੂੜ੍ਹਾ ਅਕਾਦਮਿਕ ਸਬੰਧ: ਇਸੇ ਵਿਭਾਗ ਦੇ ਸੰਸਥਾਪਕ ਪ੍ਰੋਫੈਸਰ ਵਜੋਂ ਸਰ ਲੌਇਡ ਦਾ ਭਾਰਤ ਨਾਲ ਵੀ ਗੂੜ੍ਹਾ ਅਕਾਦਮਿਕ ਅਤੇ ਸੱਭਿਆਚਾਰਕ ਸਬੰਧ ਬਣਿਆ।
1971 ਵਿੱਚ ਉਹਨਾਂ ਨੇ ਪੱਛਮੀ ਈਸਾਈ ਧਰਮ-ਸ਼ਾਸਤਰ ਦੇ ਨਾਲ-ਨਾਲ ਭਾਰਤੀ ਦਰਸ਼ਨ (Indian Philosophy), ਹਿੰਦੂ ਧਰਮ ਅਤੇ ਬੁੱਧ ਧਰਮ ਵਰਗੇ ਪੂਰਬੀ ਧਰਮਾਂ ਨੂੰ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ। 1978 ਵਿੱਚ ਉਹਨਾਂ ਨੇ ਸ੍ਰੀ ਅਰਵਿੰਦੋ ਸੋਸਾਇਟੀ, ਡਾ. ਕਪਿਲ ਤਿਵਾੜੀ ਅਤੇ ਨਿਊਜ਼ੀਲੈਂਡ ਵਿੱਚ ਭਾਰਤ ਦੇ ਤਤਕਾਲੀ ਹਾਈ ਕਮਿਸ਼ਨਰ ਐਚ.ਈ. ਬੀ. ਦੇਵ ਰਾਓ ਨਾਲ ਖਾਸ ਅਕਾਦਮਿਕ ਮੀਟਿੰਗਾਂ ਕੀਤੀਆਂ। ਉਹਨਾਂ ਦੇ ਨਾਂ ’ਤੇ ਸਥਾਪਿਤ ‘ਸਰ ਲੌਇਡ ਗੀਰਿੰਗ ਸਕਾਲਰਸ਼ਿਪ ਇਨ ਰਿਲੀਜਨ’ ਅੱਜ ਵੀ ਭਾਰਤ ਸਮੇਤ ਦੁਨੀਆ ਭਰ ਦੇ ਖੋਜਾਰਥੀਆਂ ਲਈ ਖੁੱਲ੍ਹੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 1960 ਦੇ ਦਹਾਕੇ ’ਚ ਨੌਕਸ ਕਾਲਜ ਦੇ ਪ੍ਰਿੰਸੀਪਲ ਵਜੋਂ ਸਰ ਲੌਇਡ ਦੀਆਂ ਲਿਖਤਾਂ ਅਤੇ ਭਾਸ਼ਣਾਂ ਨੇ ਨਿਊਜ਼ੀਲੈਂਡ ਵਾਸੀਆਂ ਦੀ ਈਸਾਈਅਤ ਪ੍ਰਤੀ ਸੋਚ ’ਚ ਵੱਡਾ ਬਦਲਾਅ ਲਿਆਂਦਾ ਸੀ। ਮਨੁੱਖ ਦੀ ਕੋਈ ਅਮਰ ਆਤਮਾ ਨਹੀਂ: ਉਹਨਾਂ ਦਾ ਮੰਨਣਾ ਸੀ ਕਿ ਮਨੁੱਖ ਦੀ ਕੋਈ ਅਮਰ ਆਤਮਾ ਨਹੀਂ ਹੁੰਦੀ ਅਤੇ ਪੁਨਰ-ਉਥਾਨ ਆਸ ਅਤੇ ਉਮੀਦ ਦਾ ਇੱਕ ਪ੍ਰਤੀਕ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਤਿੰਨ ਵਿਆਹ ਕੀਤੇ, ਜਿਨ੍ਹਾਂ ਵਿੱਚ ਨੈਂਸੀ ਮੈਕੇਂਜ਼ੀ (ਦੇਹਾਂਤ 1949), ਇਲੇਨ ਪਾਰਕਰ (ਦੇਹਾਂਤ 2001) ਅਤੇ ਸ਼ਿਰਲੇ ਵਹਾਈਟ (ਦੇਹਾਂਤ 2021) ਸ਼ਾਮਲ ਸਨ। ਉਹਨਾਂ ਦੇ ਤਿੰਨ ਬੱਚੇ ਜੋਨਾਥਨ (ਦੇਹਾਂਤ 2024), ਜੂਡੀ ਅਤੇ ਐਲਿਜ਼ਾਬੈਥ ਹਨ। 25 ਸਾਲ ਬਿਨਾਂ ਬਿਜਲੀ ਤੋਂ ਗੁਜ਼ਾਰੇ: ਰੰਗੀਓਰਾ ਵਿੱਚ ਪਹਿਲੀ ਸੰਸਾਰ ਜੰਗ ਦੇ ਅੰਤਿਮ ਦਿਨਾਂ ਵਿੱਚ ਜਨਮੇ ਸਰ ਲੌਇਡ ਨੇ ਆਪਣੀ ਜ਼ਿੰਦਗੀ ਦੇ ਪਹਿਲੇ 25 ਸਾਲ ਬਿਨਾਂ ਬਿਜਲੀ ਤੋਂ ਗੁਜ਼ਾਰੇ ਸਨ। 2018 ਵਿੱਚ ਉਹਨਾਂ ਦੱਸਿਆ ਸੀ ਕਿ ਉਹ ਸਕਾਈਪ ਰਾਹੀਂ ਦੁਨੀਆ ਭਰ ਦੇ ਲੋਕਾਂ ਨਾਲ ਸਕ੍ਰੈਬਲ ਗੇਮ ਖੇਡਦੇ ਸਨ। ਸਾਬਕਾ ਜੰਗੀ ਕੈਦੀ ਜਿਮ ਈਸਟਨ ਦੀ ਮੌਤ ਤੋਂ ਬਾਅਦ 2025 ਵਿੱਚ ਉਹ ਨਿਊਜ਼ੀਲੈਂਡ ਦੇ ਸਭ ਤੋਂ ਵਡੇਰੀ ਉਮਰ ਦੇ ਮਰਦ ਬਣੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਵੈਲਿੰਗਟਨ ਦੇ ਮਕਾਰਾ ਸਥਿਤ ਨੈਚੁਰਲ ਬੁਰੀਅਲ ਕਬਰਸਤਾਨ ਵਿੱਚ ਨਿਜੀ ਤੌਰ ’ਤੇ ਕੀਤਾ ਜਾਵੇਗਾ, ਜਦਕਿ ਸੈਂਟ ਐਂਡਰੀਊਜ਼ ਚਰਚ ਵਿਖੇ ਸਰਵਜਨਕ ਸ਼ਰਧਾਂਜਲੀ ਸਮਾਗਮ ਉਲੇਖਿਆ ਜਾਵੇਗਾ।
ਮੁੱਖ ਖੋਜ ਖੇਤਰ ਅਤੇ ਵਿਚਾਰ ਈਸਾ ਮਸੀਹ ਦੇ ਪੁਨਰ-ਜਨਮ (Resurrection) ’ਤੇ ਖੋਜ ਗੀਰਿੰਗ ਨੇ ਆਪਣੀ ਖੋਜ ਵਿੱਚ ਦੱਸਿਆ ਕਿ ਈਸਾ ਮਸੀਹ ਦੇ ਪੁਨਰ-ਜਨਮ (Resurrection) ਨੂੰ ਸ਼ਾਬਦਿਕ/ਸਰੀਰਕ ਰੂਪ ਵਿੱਚ ਨਹੀਂ, ਸਗੋਂ ਇੱਕ ਪ੍ਰਤੀਕਾਤਮਕ (Symbolic) ਅਤੇ ਰੂਹਾਨੀ ਸੰਦੇਸ਼ ਵਜੋਂ ਸਮਝਣਾ ਚਾਹੀਦਾ ਹੈ। ਉਨ੍ਹਾਂ ਦੀ ਖੋਜ ਅਨੁਸਾਰ ਈਸਾ ਮਸੀਹ ਦੀ ਦੇਹ ਫਿਲਸਤੀਨ ਦੀ ਧਰਤੀ ’ਚ ਹੀ ਰਹੀ ਸੀ। ਈਸ਼ਵਰ/ਰੱਬ ਦੀ ਆਧੁਨਿਕ ਸੰਕਲਪਨਾ (God in the Modern World) ਉਨ੍ਹਾਂ ਦਾ ਮੰਨਣਾ ਸੀ ਕਿ ਪਰੰਪਰਾਗਤ ਆਕਾਸ਼ ਵਿੱਚ ਬੈਠੇ ਸੁਪਰ-ਨੈਚੁਰਲ ਰੱਬ ਦੀ ਧਾਰਨਾ ਆਧੁਨਿਕ ਵਿਗਿਆਨਕ ਯੁੱਗ ਦੇ ਅਨੁਕੂਲ ਨਹੀਂ ਹੈ। ਉਨ੍ਹਾਂ ਅਨੁਸਾਰ ਇਨਸਾਨ ਨੇ ਖ਼ੁਦ ਆਪਣੇ ਸਮਾਜਿਕ ਅਤੇ ਨੈਤਿਕ ਵਿਕਾਸ ਲਈ ਧਾਰਮਿਕ ਪ੍ਰਤੀਕਾਂ ਦੀ ਸਿਰਜਣਾ ਕੀਤੀ ਹੈ। ਧਰਮ-ਨਿਰਪੱਖ ਈਸਾਈਅਤ (Christianity Without God) ਆਪਣੀ ਖੋਜ ਰਾਹੀਂ ਉਨ੍ਹਾਂ ਨੇ ‘ਬਿਨਾਂ ਰੱਬ ਤੋਂ ਈਸਾਈਅਤ’ ਦਾ ਸੰਕਲਪ ਦਿੱਤਾ, ਜਿਸ ਵਿੱਚ ਈਸਾਈ ਧਰਮ ਦੇ ਨੈਤਿਕ ਮੁੱਲਾਂ (ਪਿਆਰ, ਭਾਈਚਾਰਾ, ਮਨੁੱਖੀ ਸੇਵਾ) ਨੂੰ ਬਰਕਰਾਰ ਰੱਖਦਿਆਂ ਅੰਧ-ਵਿਸ਼ਵਾਸਾਂ ਅਤੇ ਪੁਰਾਤਨ ਮਾਨਤਾਵਾਂ ਨੂੰ ਛੱਡਣ ’ਤੇ ਜ਼ੋਰ ਦਿੱਤਾ ਗਿਆ।
ਸਨਮਾਨ ਅਤੇ ਪੁਰਸਕਾਰ 1976: ਓਟਾਗੋ ਯੂਨੀਵਰਸਿਟੀ ਵੱਲੋਂ ਗੀਰਿੰਗ ਨੂੰ ਧਰਮ-ਸ਼ਾਸਤਰ ਵਿੱਚ ’ਡਾਕਟਰ ਆਫ਼ ਡਿਵਿਨਿਟੀ’ (Doctor of Divinity) ਦੀ ਮਾਨਦ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। 1988: ਨਵੇਂ ਸਾਲ ਦੇ ਸਨਮਾਨਾਂ (New Year Honours) ਦੌਰਾਨ ਉਨ੍ਹਾਂ ਨੂੰ ‘ਕਮਾਂਡਰ ਆਫ਼ ਦ ਆਰਡਰ ਆਫ਼ ਦ ਬ੍ਰਿਟਿਸ਼ ਅੰਪਾਇਰ’ (CBE) ਨਿਯੁਕਤ ਕੀਤਾ ਗਿਆ। 2001: ਧਾਰਮਿਕ ਅਧਿਐਨ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਨੂੰ ‘ਪ੍ਰਿੰਸੀਪਲ ਕੰਪੈਨੀਅਨ ਆਫ਼ ਦ ਨਿਊਜ਼ੀਲੈਂਡ ਆਰਡਰ ਆਫ਼ ਮੈਰਿਟ’ (PCNZM) ਬਣਾਇਆ ਗਿਆ। 2007: ਨਵੇਂ ਸਾਲ ਦੇ ਸਨਮਾਨਾਂ ਵਿੱਚ ਉਨ੍ਹਾਂ ਨੂੰ ‘ਮੈਂਬਰ ਆਫ਼ ਦ ਆਰਡਰ ਆਫ਼ ਨਿਊਜ਼ੀਲੈਂਡ’ (ONZ) ਦੇ ਸਰਵਉੱਚ ਸਨਮਾਨ ਨਾਲ ਨਵਾਜਿਆ ਗਿਆ। 2009: ਨਿਊਜ਼ੀਲੈਂਡ ਸਰਕਾਰ ਵੱਲੋਂ ਨਾਈਟਹੁੱਡ (ਸਰ ਦੀ ਉਪਾਧੀ) ਸਨਮਾਨ ਬਹਾਲ ਕੀਤੇ ਜਾਣ ਤੋਂ ਬਾਅਦ, ਉਨ੍ਹਾਂ ਨੇ ‘ਨਾਈਟ ਗ੍ਰੈਂਡ ਕੰਪੈਨੀਅਨ ਆਫ਼ ਦ ਨਿਊਜ਼ੀਲੈਂਡ ਆਰਡਰ ਆਫ਼ ਮੈਰਿਟ’ (GNZM) ਦਾ ਖ਼ਿਤਾਬ ਸਵੀਕਾਰ ਕੀਤਾ।
Post Comment