Loading Now

ਸੰਜੀਵ ਅਰੋੜਾ ਮਾਮਲੇ ’ਚ ਵੱਡਾ ਖ਼ੁਲਾਸਾ; ਕਰੋੜਾਂ ਦੀ ਫ਼ਰਮ ਦਾ ਮਾਲਕ ਨਿਕਲਿਆ ਦਿਹਾੜੀਦਾਰ ਮਜ਼ਦੂਰ !

ਸੰਜੀਵ ਅਰੋੜਾ ਮਾਮਲੇ ’ਚ ਵੱਡਾ ਖ਼ੁਲਾਸਾ; ਕਰੋੜਾਂ ਦੀ ਫ਼ਰਮ ਦਾ ਮਾਲਕ ਨਿਕਲਿਆ ਦਿਹਾੜੀਦਾਰ ਮਜ਼ਦੂਰ !

ਨਵੀਂ ਦਿੱਲੀ, 12 ਮਈ – ਜਦੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਖਾਤਿਆਂ ਦੀ ਫਰੋਲਾ ਫਰਾਲੀ ਕੀਤੀ ਤਾਂ ਇੱਕ ਦਿਹਾੜੀਦਾਰ ਮਜ਼ਦੂਰ ਕਮਲ ਅਹਿਮਦ ਕਰੋੜਪਤੀ ਫ਼ਰਮ ਦਾ ਮਾਲਕ ਨਿਕਲਿਆ। ਈ ਡੀ ਨੇ ਲੰਘੇ ਕੱਲ੍ਹ ਗੁਰੂ ਗਰਾਮ ਦੀ ਪੀ.ਐੱਮ.ਐੱਲ.ਏ ਵਿਸ਼ੇਸ਼ ਅਦਾਲਤ ’ਚ ਸੁਣਵਾਈ ਦੌਰਾਨ ਇਹ ਤੱਥ ਰੱਖੇ ਹਨ। ਈ ਡੀ ਅਨੁਸਾਰ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਕੰਪਨੀ ਹੈਮਪਟਨ ਸਕਾਈ ਰਿਐਲਟੀ ਲਿਮਟਿਡ ਨੇ 27.73 ਕਰੋੜ ਦੀ ਟਰਾਂਸਫ਼ਰ ਦਿੱਲੀ ਦੀ ਇੱਕ ਅਜਿਹੀ ਫ਼ਰਮ ਨੂੰ ਕੀਤੀ ਹੈ ਜਿਸ ਦਾ ਮਾਲਕ ਦਿਹਾੜੀਦਾਰ ਮਜ਼ਦੂਰ ਹੈ।

ਦਿਹਾੜੀਦਾਰ ਮਜ਼ਦੂਰ ਕਮਲ ਅਹਿਮਦ ਦਿੱਲੀ ਦੇ ਉੱਤਰੀ ਘੋਂਡਾ ਦਾ ਰਹਿਣ ਵਾਲਾ ਹੈ ਜਿਸ ਨੇ ਈ ਡੀ ਕੋਲ ਬਿਆਨ ਦਰਜ ਕਰਾਏ ਹਨ ਕਿ ਉਹ ਤਾਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ ਅਤੇ ਨਾ ਹੀ ਉਸ ਨੂੰ ਕੰਪਨੀ ਆਦਿ ਬਾਰੇ ਕੋਈ ਗਿਆਨ ਹੀ ਹੈ। ਮਜ਼ਦੂਰ ਕਮਲ ਅਹਿਮਦ ਨੇ ਬਿਆਨ ਦਰਜ ਕਰਾਏ ਕਿ ਅਜ਼ਹਰ ਹੈਦਰ ਉਰਫ਼ ਮੋਂਟੀ ਨਾਮ ਦੇ ਵਿਅਕਤੀ ਨੇ ਉਸ ਦਾ ਅਧਾਰ ਅਤੇ ਪੈਨ ਕਾਰਡ ਲੈਣ ਤੋਂ ਇਲਾਵਾ ਕਾਗ਼ਜ਼ਾਂ ’ਤੇ ਦਸਤਖ਼ਤ ਲਏ ਸਨ। ਹੈਦਰ ਨੇ ਖ਼ੁਦ ਵੀ ਮੰਨਿਆ ਹੈ ਕਿ ਉਸ ਨੇ ਡੇਢ ਦੋ ਫ਼ੀਸਦੀ ਕਮਿਸ਼ਨ ਦੇ ਅਧਾਰ ’ਤੇ ਇਹ ਕੰਮ ਕੀਤਾ ਹੈ।

ਸੰਜੀਵ ਅਰੋੜਾ ਦੀ ਫ਼ਰਮ ਨੇ ਅਗਸਤ 2023 ਤੋਂ ਜਨਵਰੀ 2024 ਦੇ ਦਰਮਿਆਨ ਕਥਿਤ ਤੌਰ ’ਤੇ ਐੱਸ ਕੇ ਐਂਟਰਪ੍ਰਾਈਜ਼ਿਜ਼ ਦੇ ਕਈ ਬੈਂਕ ਖਾਤਿਆਂ ’ਚ 41 ਆਰ ਟੀ ਜੀ ਐੱਸ ਭੁਗਤਾਨਾਂ ਜ਼ਰੀਏ 27.73 ਕਰੋੜ ਰੁਪਏ ਟਰਾਂਸਫ਼ਰ ਕੀਤੇ ਜਿਸ ਫ਼ਰਮ ਦਾ ਮਾਲਕ ਦਿਹਾੜੀਦਾਰ ਮਜ਼ਦੂਰ ਹੈ। ਅਰੋੜਾ ਪਰਿਵਾਰ ਦੀਆਂ ਫ਼ਰਮਾਂ ਨੇ 157.12 ਕਰੋੜ ਦੇ ਮੋਬਾਈਲ ਫੋਨਾਂ ਦੀ ਵਿੱਕਰੀ ਸਥਾਨਿਕ ਅਤੇ ਵਿਦੇਸ਼ੀ ਕੰਪਨੀਆਂ ਨੂੰ ਦਿਖਾਈ ਹੈ। ਸੰਜੀਵ ਅਰੋੜਾ ਇਸ ਵੇਲੇ ਈ ਡੀ ਕੋਲ ਰਿਮਾਂਡ ’ਤੇ ਚੱਲ ਰਹੇ ਹਨ ਅਤੇ ਅਰੋੜਾ ਨੇ ਇਸ ਗ੍ਰਿਫ਼ਤਾਰੀ ਦੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਵੀ ਪਹੁੰਚ ਕੀਤੀ ਹੈ।

Share this content:

Post Comment