Loading Now

ਸ੍ਰੀ ਚਮਕੌਰ ਸਾਹਿਬ ਦੇ ਨੇੜੇ ਬੇਲਾ ‘ਚੋਂ ਲੰਘਦੀ ਸਰਹੰਦ ਨਹਿਰ ਵਿੱਚ ਪਿਆ ਪਾੜ

ਸ੍ਰੀ ਚਮਕੌਰ ਸਾਹਿਬ ਦੇ ਨੇੜੇ ਬੇਲਾ ‘ਚੋਂ ਲੰਘਦੀ ਸਰਹੰਦ ਨਹਿਰ ਵਿੱਚ ਪਿਆ ਪਾੜ

ਰੋਪੜ, 2 ਸਤੰਬਰ – ਚਮਕੌਰ ਸਾਹਿਬ ਦੇ ਪਿੰਡ ਭੈਰੋਮਾਜਰਾ ਨਜ਼ਦੀਕ ਸਰਹਿੰਦ ਨਹਿਰ ਵਿਚ ਪਾੜ ਪੈਣ ਕਾਰਨ ਵੱਡਾ ਨੁਕਸਾਨ ਹੋ ਗਿਆ ਤੇ ਇਸ ਹਾਦਸੇ ਵਿਚ ਪੰਜ ਲੋਕ ਜ਼ਖਮੀ ਵੀ ਹੋ ਗਏ ਜਿਨ੍ਹਾਂ ਵਿਚੋਂ ਦੋ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਨਹਿਰ ਵਿੱਚ ਇੱਕ ਵੱਡਾ ਪਾੜ ਪੈ ਗਿਆ, ਜਿਸ ਨਾਲ ਮੁੱਖ ਸੜਕ ਕੱਟ ਗਈ ਅਤੇ ਆਵਾਜਾਈ ਵਿੱਚ ਵਿਘਨ ਪਿਆ। ਪਾਣੀ ਦੇ ਵਹਾਅ ਨੇ ਆਲੇ ਦੁਆਲੇ ਦੇ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਸਥਾਨਕ ਲੋਕਾਂ ਨੇ ਦੱਸਿਆ ਕੇ ਰੋਪੜ ਹੈਡਵਰਕਸ ਤੋਂ ਸਰਹਿੰਦ ਨਹਿਰ ਵਿਚ ਪਿਛਲੇ ਦਿਨੀਂ ਛੱਡੇ ਗਏ ਵੇਸਟ ਮਟੀਰੀਅਲ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ ਤੇ ਇਸਦੇ ਲਈ ਪਿੰਡਾਂ ਦੇ ਲੋਕ ਪਿਛਲੇ ਕਈ ਦਿਨਾਂ ਤੋ ਪ੍ਰਸ਼ਾਸਨ ਕੋਲ ਗੁਹਾਰ ਲਗਾ ਰਹੇ ਸਨ ਪਰ ਪ੍ਰਸ਼ਾਸਨ ਨੇ ਕੋਈ ਕਦਮ ਨਹੀਂ ਚੁੱਕਿਆ। ਇਸ ਕਾਰਨ ਅੱਜ ਤੜਕੇ ਸਵੇਰ ਨਹਿਰ ਵਿਚ ਪਾੜ ਪੈ ਗਿਆ। ਮੌਕੇ ਉਤੇ ਪੁੱਜੇ ਐਸਡੀਐਮ ਪ੍ਰਦੀਪ ਸਿੰਘ ਬੈਂਸ ਕੋਲ ਵੀ ਲੋਕਾਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਤੇ ਕਾਰਗੁਜ਼ਾਰੀ ਉਤੇ ਸਵਾਲ ਖੜ੍ਹੇ ਕੀਤੇ ਜਦਕਿ ਪਿੰਡਾਂ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਖ਼ਿਲਾਫ਼ ਧਰਨਾ ਵੀ ਲਗਾ ਦਿੱਤਾ ਹੈ।

ਲੋਕਾਂ ਨੇ ਚਮਕੌਰ ਸਾਹਿਬ ਤੋਂ ਵਿਧਾਇਕ ਸਮੇਤ ਸਰਕਾਰ ਤੇ ਪ੍ਰਸ਼ਾਸ਼ਨ ਦੀ ਇਹ ਨਾਲਾਇਕੀ ਦੱਸੀ ਹੈ। ਜਦਕਿ ਹੁਣ ਪ੍ਰਸ਼ਾਸਨ ਵੱਲੋਂ ਨਹਿਰ ਵਿਚੋਂ ਕਚਰਾ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ।  ਦੱਸਿਆ ਜਾ ਰਿਹਾ ਹੈ ਕਿ ਪਿੰਡ ਭੈਰੋ ਮਾਜਰਾ ਦੇ ਨੌਜਵਾਨ ਸਵੇਰੇ ਜਿਮ ਕਰਨ ਲਈ ਜਾ ਰਹੇ ਸਨ ਕਿ ਅਚਾਨਕ ਉਹ ਡਿੱਗ ਪਏ ਤੇ ਮੋਟਰਸਾਈਕਲ ਹੱਥੋਂ ਨਿਕਲ ਗਏ ਪਰੰਤੂ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਇਲਾਕੇ ਵਿੱਚ ਰੋਸ ਦੀ ਲਹਿਰ ਚੱਲ ਰਹੀ ਹੈ ਕਿਉਂਕਿ ਜੇਕਰ ਸਬੰਧਤ ਵਿਭਾਗ ਇਲਾਕਾ ਵਾਸੀਆਂ ਉੱਤੇ ਭਰੋਸਾ ਕਰਕੇ ਮੌਕੇ ‘ਤੇ ਕਾਰਵਾਈ ਕਰ ਲੈਂਦਾ ਤਾਂ ਪਾੜ ਪੈਣੋਂ ਬਚ ਸਕਦਾ ਸੀ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਗੜੀ ਮੌਕੇ ‘ਤੇ ਪਹੁੰਚ ਕੇ ਲੋਕਾਂ ਨਾਲ ਪਾੜ ਨੂੰ ਭਰਨ ਵਿੱਚ ਲੱਗ ਹੋਏ ਹਨ। ਜਲੰਧਰ ਅਤੇ ਪਠਾਨਕੋਟ ਵਿੱਚ ਵੀ ਮੀਂਹ ਪੈ ਰਿਹਾ ਹੈ। ਬੁੱਧਵਾਰ ਨੂੰ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇੱਕ ਵਿਸ਼ੇਸ਼ ਚਿਤਾਵਨੀ ਜਾਰੀ ਕੀਤੀ ਹੈ। ਚੰਡੀਗੜ੍ਹ ਵਿੱਚ ਬੱਦਲਵਾਈ ਰਹਿਣ ਦੀ ਉਮੀਦ ਹੈ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਪੀਲਾ ਅਲਰਟ ਜਾਰੀ ਕੀਤਾ ਹੈ।

Share this content:

Post Comment