ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ
ਅੰਮ੍ਰਿਤਸਰ, 12 ਸਤੰਬਰ – ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ ਹੈ। ਇਸ ਸੰਬੰਧ ਵਿੱਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਅਰਦਾਸ ਉਪਰੰਤ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ। ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਉਹ ਅਸਥਾਨ ਹੈ, ਜਿੱਥੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ ਸੀ। 1604 ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਪਾਵਨ ਸਰੂਪ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆਂਦਾ ਗਿਆ ਸੀ ਅਤੇ ਇਸ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ। ਇਸੇ ਪੁਰਾਤਨ ਪਰੰਪਰਾ ਦੇ ਮੁਤਾਬਿਕ ਹਰ ਸਾਲ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਜਾਂਦਾ ਹੈ ਅਤੇ ਪਾਵਨ ਸਰੂਪ ਨੂੰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਲਿਆਂਦਾ ਜਾਂਦਾ ਹੈ।
ਅੱਜ ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਕਾਰਜਕਾਰੀ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਵੱਲੋਂ ਸੰਗਤਾਂ ਨੂੰ ਇਤਿਹਾਸ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰੇ ਸਾਹਿਬਾਨਾਂ ਤੇ ਸਿੰਘ ਸਾਹਿਬਾਨ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਉਹਨਾਂ ਵੀ ਸਿੱਖ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਦੌਰਾਨ ਇੱਕ ਵੀਡੀਓ ਸੁਨੇਹੇ ਰਾਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਸਮੁੱਚੇ ਵਿਸ਼ਵ ਵਿੱਚ ਵਸਦੀ ਸਿੱਖ ਸੰਗਤ ਨੂੰ ਪ੍ਰਕਾਸ਼ ਗੁਰਪੁਰਬ ਦੀ ਵਧਾਈ ਦਿੱਤੀ ਹੈ। ਉਨ੍ਹਾਂ ਇਤਿਹਾਸ ਤੋਂ ਜਾਣੂ ਕਰਾਇਆ ਅਤੇ ਸਮੁੱਚੀ ਮਾਨਵਤਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋ ਸੇਧ ਲੈ ਕੇ ਵਿਸ਼ਵ ਵਿੱਚ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ, ਆਪਸੀ ਭਾਈਚਾਰਕ ਸਾਂਝ ਨੂੰ ਵਧਾਇਆ ਜਾ ਸਕਦਾ ਹੈ। ਜਿਸ ਨਾਲ ਆਪਸੀ ਪ੍ਰੇਮ ਪਿਆਰ ਵਧੇਗਾ ।ਉਹਨਾਂ ਆਖਿਆ ਕਿ ਸਮੁੱਚੇ ਮਾਨਵਤਾ ਨੂੰ ਸਰਬੱਤ ਦੇ ਭਲੇ ਲਈ ਕਾਰਜ ਕਰਨੇ ਚਾਹੀਦੇ ਹਨ।
Share this content:



Post Comment