ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਦੀ ਨਿਆਂਇਕ ਹਿਰਾਸਤ ਵਧਾਈ
ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਦੀ ਨਿਆਂਇਕ ਹਿਰਾਸਤ ਦੋ ਦਿਨਾ ਲਈ ਵਧਾ ਦਿੱਤੀ ਗਈ ਹੈ। ਦੋਵਾਂ ਨੂੰ ਅੱਜ ਇਥੇ ਮੰਦਰ ਮਾਰਗ ਥਾਣੇ ਵਿੱਚ ਨਵ-ਨਿਯੁਕਤ ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ, ਜਿੱਥੋਂ ਇਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਸੂਤਰਾਂ ਮੁਤਾਬਕ ਪੁਲੀਸ ਨੇ ਦੋਵਾਂ ਦਾ ਨਿਆਂਇਕ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ। ਦਾਸ nਤੇ ਰਾਂਕਾ ਨੂੰ ਹੁਣ ਬੁੱਧਵਾਰ ਨੂੰ ਮੁੜ ਪੇਸ਼ ਕੀਤਾ ਜਾਵੇਗਾ।
ਸੀ ਜੇ ਪੀ ਨੇ ਐਤਵਾਰ ਨੂੰ ਦੋਸ਼ ਲਾਇਆ ਸੀ ਕਿ ਦੋਵਾਂ ਕਾਰਕੁਨਾਂ ਦੀ ਜ਼ਮਾਨਤ ਦੀ ਕਾਰਵਾਈ ਨੂੰ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੀ ਰਿਹਾਈ ਰੋਕੀ ਜਾ ਸਕੇ। ਸੀ ਜੇ ਪੀ ਕਨਵੀਨਰਾਂ ਨੂੰ ਜੰਤਰ ਮੰਤਰ ’ਤੇ ਹੋਏ ਪ੍ਰਦਰਸ਼ਨ ਮਗਰੋਂ 13 ਅਕਤੂਬਰ ਨੂੰ ਪੰਜ ਦਿਨਾ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਦਾਸ ਤੇ ਰਾਂਕਾ ਦੀ ਜ਼ਮਾਨਤ ਅਰਜ਼ੀ ਉੱਤੇ ਸੁਣਵਾਈ ਦੌਰਾਨ, ਵਿਸ਼ੇਸ਼ ਕਾਰਜਕਾਰੀ ਮੈਜਿਸਟਰੇਟ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਧਮਕੀਆਂ ਮਿਲਣ ਦਾ ਦਾਅਵਾ ਕੀਤਾ ਸੀ, ਜਿਸ ਤੋਂ ਬਾਅਦ ਪੁਲੀਸ ਨੇ ਆਮ ਮੱਦਾਂ ਤਹਿਤ ਰਿਪੋਰਟ ਦਰਜ ਕੀਤੀ ਸੀ। ਉੱਧਰ, ਸੀ ਜੇ ਪੀ ਬਾਨੀ ਅਭਿਜੀਤ ਦੀਪਕੇ ਨੇ ਐਕਸ ’ਤੇ ਪੋਸਟ ਵਿੱਚ ਦਾਅਵਾ ਕੀਤਾ, ‘‘ਸਰਕਾਰ ਅਦਾਲਤੀ ਕਾਰਵਾਈ ਵਿੱਚ ਦੇਰੀ ਕਰਨ ਅਤੇ ਉਨ੍ਹਾਂ ਦੀ ਰਿਹਾਈ ਰੋਕਣ ਲਈ ਹਰ ਤਰ੍ਹਾਂ ਦੇ ਘਟੀਆ ਹੱਥਕੰਡੇ ਵਰਤ ਕੇ, ਆਸ਼ੂ ਅਤੇ ਸੌਰਵ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ ਨੂੰ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ। ਉਨ੍ਹਾਂ ਕੋਲ ਦੋਵਾਂ ਨੂੰ ਸੀਖਾਂ ਪਿੱਛੇ ਰੱਖਣ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ, ਇਹੀ ਵਜ੍ਹਾ ਹੈ ਕਿ ਉਹ ਕੇਸ ਲਮਕਾਉਣ ਜਿਹੇ ਹੱਥਕੰਢੇ ਵਰਤ ਰਹੇ ਹਨ।’’ ਪਾਰਟੀ ਨੇ ਦੋਸ਼ ਲਗਾਇਆ ਕਿ ਉਸ ਦੇ ਆਗੂਆਂ ਦੀ ਰਿਹਾਈ ਲਈ ਪੇਸ਼ ਕੀਤੀਆਂ ਗਈਆਂ ਜ਼ਾਮਨੀਆਂ ਨੂੰ ‘ਅਸਪੱਸ਼ਟ’ ਆਧਾਰ ’ਤੇ ਰੱਦ ਕੀਤਾ ਗਿਆ।
Share this content:



Post Comment