ਲੁਧਿਆਣਾ, 12 ਨਵੰਬਰ – ਸਿਹਤ ਵਿਭਾਗ ਵਿੱਚ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਅਧੀਨ ਸੇਵਾਵਾਂ ਨਿਭਾ ਰਹੇ ਕੱਚੇ ਕਾਮਿਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਤਿੱਖਾ ਕਰਨ ਦਾ ਫ਼ੈਸਲਾ ਕੀਤਾ ਹੈ।ਏਡਜ਼ ਕੰਟਰੋਲ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੰਜਾਬ ਏਡਜ਼ ਕੰਟਰੋਲ ਕਰਮਚਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਉਲ ਨੇ ਦੱਸਿਆ ਕਿ ਮੰਗਾਂ ਨੂੰ ਲੈ ਕੇ ਮੈਡੀਕਲ ਸੰਘਰਸ਼ ਕਮੇਟੀ ਪੰਜਾਬ ਦੀ ਚੰਡੀਗੜ੍ਹ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਨਾਲ ਹੋਈ ਬੈਠਕ ਬੇਸਿੱਟਾ ਰਹੀ , ਜਿਸ ਕਰਕੇ ਕੱਚੇ ਕਾਮਿਆਂ ਵਿੱਚ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੈਠਕ ਵਿੱਚ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਵੀ ਮੌਜੂਦ ਸਨ। ਸਰਕਾਰ ਦੀ ਇਸ ਵਾਅਦਾਖਿਲਾਫ਼ੀ ਅਤੇ ਨਕਾਰਾਤਮਕ ਰਵੱਈਏ ਤੋਂ ਖਫ਼ਾ ਹੋ ਕੇ ਕਾਮਿਆਂ ਨੇ ਸਿਹਤ ਵਿਭਾਗ/ ਸੁਸਾਇਟੀ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫ਼ੈਸਲਾ ਕੀਤਾ ਹੈ।
ਸੂਬਾ ਪ੍ਰਧਾਨ ਦਿਉਲ ਨੇ ਦੱਸਿਆ ਕਿ ਕਾਮਿਆਂ ਦੀਆਂ ਪ੍ਰਮੁੱਖ ਮੰਗਾਂ ਵਿੱਚ ਸਮੂਹ ਕਾਮਿਆਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਨਾ ਅਤੇ ਦਿੱਲੀ ਦੀ ਤਰਜ਼ ‘ਤੇ ਤਨਖਾਹਾਂ ਵਿੱਚ 20 ਫ਼ੀਸਦੀ ਵਾਧਾ ਕਰਨਾ ਸ਼ਾਮਲ ਸੀ। ਸੂਬਾ ਪ੍ਰਧਾਨ ਨੇ ਦੱਸਿਆ ਕਿ ਸਾਲ 2023 ਦੀ ਮੁਲਾਜ਼ਮ ਨੀਤੀ ਦੌਰਾਨ ਏਡਜ਼ ਕੰਟਰੋਲ ਕਾਮਿਆਂ ਦੀ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ, ਮੌਜੂਦਾ ਨੀਤੀ ਵਿੱਚ ਸੈਂਟਰ ਸਪਾਂਸਰਡ ਸਕੀਮਾਂ ਤਹਿਤ ਇਨ੍ਹਾਂ ਕਾਮਿਆਂ ਨੂੰ ਬਾਹਰ ਰੱਖ ਕੇ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ, ਜਦਕਿ ਇਹ ਮੁਲਾਜ਼ਮ ਦਿਨ-ਰਾਤ ਬੇਹੱਦ ਜੋਖਮ ਭਰੇ ਹਾਲਾਤਾਂ ਵਿੱਚ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ।ਆਗੂ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਵੱਲੋਂ ਇਹ ਕਹਿਣਾ ਕਿ “ਪੰਜਾਬ ਸਰਕਾਰ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇ ਰਹੀ ਹੈ, ਤੁਹਾਡੇ ਲਈ ਪੈਸਾ ਕਿੱਥੋਂ ਆਵੇਗਾ” ,ਨੇ ਕਾਮਿਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਪ੍ਰਮੁੱਖ ਸਕੱਤਰ ਦੁਆਰਾ ਦਿੱਤਾ ਬਿਆਨ ਸਰਕਾਰ ਦੀ ਮੁਲਾਜ਼ਮ ਵਿਰੋਧੀ ਮਾਨਸਿਕਤਾ ਅਤੇ ਅੰਨ੍ਹੀ ਲਾਪਰਵਾਹੀ ਨੂੰ ਜੱਗ-ਜ਼ਾਹਰ ਕਰਦਾ ਹੈ।
ਚੋਣਾਂ ਤੋਂ ਪਹਿਲਾਂ 20 ਫੀਸਦੀ ਤਨਖਾਹ ਵਾਧੇ ਦਾ ਵਾਅਦਾ ਕਰਨ ਵਾਲੀ ਸਰਕਾਰ ਦੀ ਫ਼ਾਈਲ ਪਿਛਲੇ ਲੰਬੇ ਸਮੇਂ ਤੋਂ ਦਫ਼ਤਰਾਂ ਦੇ ਚੱਕਰ ਕੱਟ ਰਹੀ ਹੈ। 6 ਤੋਂ ਵੱਧ ਸਬ-ਕਮੇਟੀਆਂ ਦੀਆਂ ਮੀਟਿੰਗਾਂ ਅਤੇ 3 ਨਵੰਬਰ ਨੂੰ ਦੁਬਾਰਾ ਤਜਵੀਜ਼ ਮੰਗਵਾਉਣ ਦੇ ਬਾਵਜੂਦ, ਬੈਠਕ ਵਿੱਚ ਵਿਭਾਗ ਵੱਲੋਂ ਅਸਮਰੱਥਾ ਜਤਾਉਣਾ ਮੁਲਾਜ਼ਮਾਂ ਨਾਲ ਚਿੱਟੇ ਦਿਨ ਧੋਖਾ ਕਰਨ ਬਰਾਬਰ ਹੈ। ਉਨ੍ਹਾਂ ਅੱਗੇ ਦੱਸਿਆ ਕਿ ਥੋੜ੍ਹੇ ਦਿਨ ਪਹਿਲਾਂ ਪ੍ਰਮੁੱਖ ਸਕੱਤਰ ਨੇ ਜਥੇਬੰਦੀ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ, ਪਰ ਹੁਣ ਹੱਥ ਪਿੱਛੇ ਖਿੱਚ ਲਿਆ ਗਿਆ ਹੈ। ਆਗੂ ਨੇ ਦੱਸਿਆ ਕਿ ਜੇਕਰ ਸਰਕਾਰ ਨੇ ਕੱਚੇ ਕਾਮਿਆਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਏਡਜ਼ ਕੰਟਰੋਲ ਕਾਮੇ 23 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਪੰਜਾਬ ਭਰ ਵਿੱਚ ਹਰ ਤਰ੍ਹਾਂ ਦਾ ਕੰਮ-ਕਾਜ ਠੱਪ ਕਰ ਦੇਣਗੇ ਅਤੇ ਰਾਜ ਪੱਧਰੀ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਜਾਵੇਗਾ।
Post Comment