ਸਾਡੀ ਰਸੋਈ ਦੇ ਸੁਪਰਫੂਡ
ਸਿਆਣੇ ਕਹਿੰਦੇ ਨੇ ਕਿ ਜੇ ਅੱਜ ਦੇ ਦੌਰ ਵਿਚ ਤੰਦਰੁਸਤ ਰਹਿਣਾ ਹੈ, ਤਾਂ ਸਾਨੂੰ ਆਪਣੀਆਂ ਜੜ੍ਹਾਂ ਵੱਲ ਮੁੜਨਾ ਪਵੇਗਾ। ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਡੇ ਬਜ਼ੁਰਗਾਂ ਦੀ ਜ਼ਿੰਦਗੀ ਵਿਚ ਸਹੂਲਤਾਂ ਭਾਵੇਂ ਘੱਟ ਸਨ, ਪਰ ਉਹ ਸਰੀਰਕ ਤੌਰ ’ਤੇ ਮਿਹਨਤੀ ਅਤੇ ਖ਼ੁਰਾਕ ਦੇ ਮਾਮਲੇ ਵਿਚ ਕਿੰਨੇ ਸਿਆਣੇ ਸਨ? ਉਨ੍ਹਾਂ ਦੀ ਰਸੋਈ ਵਿਚ ਬਾਜਰੇ ਦੀ ਰੋਟੀ, ਮੱਕੀ, ਜਵਾਰ, ਸਰ੍ਹੋਂ ਦਾ ਸਾਗ, ਦਾਲਾਂ, ਦੁੱਧ, ਦਹੀਂ ਅਤੇ ਲੱਸੀ ਵਰਗੀਆਂ ਸਾਦੀਆਂ ਤੇ ਕੁਦਰਤੀ ਚੀਜ਼ਾਂ ਹੁੰਦੀਆਂ ਸਨ। ਅੱਜ ਜਿਨ੍ਹਾਂ ਨੂੰ ਅਸੀਂ ਮਿਲਟਸ ਜਾਂ ‘ਸੁਪਰਫੂਡ’ ਕਹਿ ਕੇ ਬਾਜ਼ਾਰਾਂ ਵਿਚ ਦੁਬਾਰਾ ਲੱਭ ਰਹੇ ਹਾਂ, ਉਹ ਸਾਡੇ ਬਜ਼ੁਰਗਾਂ ਦੀ ਰਸੋਈ ਦਾ ਪਹਿਲਾਂ ਹੀ ਅਹਿਮ ਹਿੱਸਾ ਸਨ। ਬਾਜਰਾ ਸਿਰਫ਼ ਇਕ ਸਾਧਾਰਨ ਅਨਾਜ ਨਹੀਂ, ਬਲਕਿ ਪੋਸ਼ਕ ਤੱਤਾਂ ਦਾ ਖ਼ਜ਼ਾਨਾ ਹੈ। ਇਸ ਵਿਚ ਮੈਗਨੀਸ਼ੀਅਮ, ਕੈਲਸ਼ੀਅਮ, ਮੈਗਨੀਜ਼, ਫਾਸਫੋਰਸ, ਫਾਈਬਰ, ਵਿਟਾਮਿਨ-ਬੀ ਅਤੇ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ਵਿਚ ਮਿਲਦੇ ਹਨ। ਇਹ ਤੱਤ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ ਅਤੇ ਇਸ ਵਿਚ ਮੌਜੂਦ ਫਾਈਬਰ ਪਾਚਨ ਕਿਰਿਆ ਨੂੰ ਦਰੁਸਤ ਰੱਖਦਾ ਹੈ। ਵਿਗਿਆਨਕ ਅਧਿਐਨਾਂ ਵਿਚ ਵੀ ਸਾਹਮਣੇ ਆਇਆ ਹੈ ਕਿ ਮਿਲਟਸ ਬਲੱਡ ਸ਼ੂਗਰ ਦੇ ਪ੍ਰਬੰਧਨ ਅਤੇ ਦਿਲ ਦੀ ਸਿਹਤ ਲਈ ਬੇਹੱਦ ਲਾਭਦਾਇਕ ਹਨ। ਸਾਡੇ ਬਜ਼ੁਰਗ ਇਹ ਸਭ ਕੁਝ ਕਿਤਾਬਾਂ ਵਿਚ ਪੜ੍ਹ ਕੇ ਨਹੀਂ, ਬਲਕਿ ਆਪਣੇ ਸਦੀਆਂ ਪੁਰਾਣੇ ਤਜਰਬੇ ਤੋਂ ਜਾਣਦੇ ਸਨ।
ਪਰ ਅਫ਼ਸੋਸ! ਅੱਜ ਸਾਡੀ ਰਸੋਈ ਦੀ ਥਾਂ ਫਾਸਟਫੂਡ, ਵੱਧ ਨਮਕ-ਚੀਨੀ, ਤਲੀਆਂ ਹੋਈਆਂ ਅਤੇ ਬਹੁਤ ਜ਼ਿਆਦਾ ਪ੍ਰੋਸੈਸ ਕੀਤੀਆਂ ਚੀਜ਼ਾਂ ਨੇ ਲੈ ਲਈ ਹੈ। ਜੀਭ ਦਾ ਸੁਆਦ ਕੁਝ ਪਲਾਂ ਦਾ ਹੁੰਦਾ ਹੈ ਪਰ ਅਜਿਹੀ ਖ਼ੁਰਾਕ ਨੂੰ ਰੋਜ਼ਾਨਾ ਦੀ ਆਦਤ ਬਣਾਉਣਾ ਸਿਹਤ ਲਈ ਵੱਡਾ ਖ਼ਤਰਾ ਹੈ। ਇਸ ਦੇ ਨਾਲ ਹੀ, ਸਾਨੂੰ ਖੇਤੀ ਵਿਚ ਵੀ ਬੇਲੋੜੇ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਤੋਂ ਬਚ ਕੇ ਸੁਰੱਖਿਅਤ ਖੇਤੀ ਅਤੇ ਸਾਫ਼-ਸੁਥਰੇ ਭੋਜਨ ਵੱਲ ਧਿਆਨ ਦੇਣ ਦੀ ਸਖ਼ਤ ਲੋੜ ਹੈ। ਮੈਂ ਆਪਣੀ ਇਕ ਪੁਸਤਕ ’ਚ ਵੀ ਉਸ ਪੁਰਾਣੇ ਪੰਜਾਬ ਨੂੰ ਯਾਦ ਕੀਤਾ ਹੈ-ਜਿੱਥੇ ਸਹੂਲਤਾਂ ਘੱਟ ਸਨ ਪਰ ਖਾਣਾ ਸਾਦਾ, ਜੀਵਨ ਮਿਹਨਤੀ ਤੇ ਰਿਸ਼ਤਿਆਂ ਵਿਚ ਸੱਚੀ ਗਰਮਜੋਸ਼ੀ ਸੀ। ਆਓ, ਉਨ੍ਹਾਂ ਚੰਗੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਵਾਪਸ ਲੈ ਕੇ ਆਈਏ। ਬਾਜਰੇ ਦੀ ਰੋਟੀ ਅਤੇ ਹੋਰ ਮਿਲਟਸ ਨੂੰ ਆਪਣੀ ਰਸੋਈ ਵਿਚ ਮੁੜ ਥਾਂ ਦੇ ਕੇ ਆਪਣੇ ਵਿਰਸੇ ਦੇ ਇਸ ਸਿਹਤਮੰਦ ਸਵਾਦ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਈਏ।
Share this content:



Post Comment