Loading Now

ਸਾਊਦੀ ਅਰਬ ਦੇ ਹਵਾਈ ਅੱਡੇ ‘ਤੇ ਹਮਲੇ ਵਿੱਚ ਭਾਰਤੀ ਨਾਗਰਿਕ ਦੀ ਮੌਤ

ਸਾਊਦੀ ਅਰਬ ਦੇ ਹਵਾਈ ਅੱਡੇ ‘ਤੇ ਹਮਲੇ ਵਿੱਚ ਭਾਰਤੀ ਨਾਗਰਿਕ ਦੀ ਮੌਤ

ਦੁਬਈ, 23 ਅਕਤੂਬਰ – ਸਾਊਦੀ ਅਰਬ ਦੇ ਦਮਾਮ ਹਵਾਈ ਅੱਡੇ ਉੱਤੇ ਹਮਲੇ ਵਿੱਚ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਲੰਘੇ ਦਿਨ ਸ਼ੇਬਾਹ ਤੇਲ ਖੇਤਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਡਰੋਨ ਹਮਲੇ ਵਿੱਚ ਵੀ ਭਾਰਤੀ ਨਾਗਰਿਕ ਜ਼ਖ਼ਮੀ ਹੋ ਗਿਆ ਸੀ। ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ ਦੇ ਅਹਿਮ ਬੁਨਿਆਦੀ ਢਾਂਚਿਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰਿਆਧ ਵਿੱਚ ਭਾਰਤੀ ਸਫ਼ਾਰਤਖ਼ਾਨੇ ਨੇ ਕਿਹਾ ਕਿ ਸਾਊਦੀ ਸਰਕਾਰ ਨੇ ਬੁੱਧਵਾਰ ਰਾਤ ਨੂੰ ਦਮਾਮ ਦੇ ਕਿੰਗ ਫ਼ਾਹਦ ਕੌਮਾਂਤਰੀ ਹਵਾਈ ਅੱਡੇ ਉੱਤੇ ਹਮਲੇ ਵਿੱਚ ਗਈਆਂ ਜਾਨਾਂ ਬਾਰੇ ਸੂਚਿਤ ਕਰ ਦਿੱਤਾ ਹੈ।ਭਾਰਤੀ ਸਫ਼ਾਰਤਖ਼ਾਨੇ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘‘ਲੰਘੀ ਰਾਤ ਦਮਾਮ ਹਵਾਈ ਅੱਡੇ ਉੱਤੇ ਹੋਏ ਹਮਲੇ ਵਿੱਚ ਭਾਰਤੀ ਨਾਗਰਿਕ ਸਣੇ ਦੋ ਜਣਿਆਂ ਦੀ ਜਾਨ ਜਾਂਦੀ ਰਹੀ ਜਦੋਂਕਿ ਦੋ ਭਾਰਤੀ ਨਾਗਰਿਕ ਜ਼ਖ਼ਮੀ ਹਨ।’’ ਮਿਸ਼ਨ ਨੇ ਕਿਹਾ ਕਿ ਉਹ ਹੋਰ ਵੇਰਵੇ ਇਕੱਤਰ ਕਰ ਰਿਹਾ ਹੈ ਅਤੇ ਪੀੜਤ ਪਰਿਵਾਰਾਂ ਨਾਲ ਰਾਬਤਾ ਬਣਾਉਣ ਦਾ ਅਮਲ ਜਾਰੀ ਹੈ। ਅਧਿਕਾਰੀਆਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਹਵਾਈ ਅੱਡੇ ’ਤੇ ਹੋਏ ਹਮਲੇ ਵਿੱਚ ਡਰੋਨ ਦੀ ਵਰਤੋਂ ਕੀਤੀ ਗਈ ਸੀ ਜਾਂ ਮਿਜ਼ਾਈਲ ਦੀ। ਸਾਊਦੀ ਅਰਬ ਦੀ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਮੁਤਾਬਕ ਹਮਲੇ ਵਿੱਚ ਭਾਰਤੀ ਤੇ ਸਾਊਦੀ ਨਾਗਰਿਕ ਮਾਰੇ ਗਏ ਅਤੇ ਅੱਠ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਇਕ ਸਾਊਦੀ ਨਾਗਰਿਕ, ਦੋ ਭਾਰਤੀ, ਦੋ ਯਮਨੀ, ਦੋ ਬੰਗਲਾਦੇਸ਼ੀ ਅਤੇ ਇਕ ਨੇਪਾਲੀ ਨਾਗਰਿਕ ਸ਼ਾਮਲ ਹਨ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖ਼ਲ ਕੀਤਾ ਗਿਆ ਹੈ।

Share this content:

Post Comment