Loading Now

ਸ਼ਾਇਦ ਇਸੇ ਦਾ ਨਾਂ ਪਿਉ ਹੈ

ਸ਼ਾਇਦ ਇਸੇ ਦਾ ਨਾਂ ਪਿਉ ਹੈ

ਹਰ ਸਵੇਰ ਦੀ ਤਰ੍ਹਾਂ ਅੱਜ ਵੀ ਮੈਂ ਆਪਣੀ ਜੀਵਨ-ਸਾਥਣ ਤੇ ਮਾਂ ਨਾਲ ਘਰ ਦੇ ਨੇੜੇ ਬਣੇ ਪਾਰਕ ਵਿਚ ਸੈਰ ਕਰਨ ਗਿਆ। ਪਾਰਕ ਬਹੁਤ ਵੱਡਾ ਨਹੀਂ ਹੈ ਪਰ ਸਵੇਰ ਵੇਲੇ ਉਹ ਮੈਨੂੰ ਕਿਸੇ ਵੱਡੇ ਬਾਗ਼ ਤੋਂ ਘੱਟ ਨਹੀਂ ਲੱਗਦਾ। ਹੌਲੀ-ਹੌਲੀ ਚੱਲਦੀ ਹਵਾ, ਪੱਤਿਆਂ ਦੀ ਸਰਸਰਾਹਟ, ਪੰਛੀਆਂ ਦਾ ਚਹਿਕਣਾ ਤੇ ਪਹੁ-ਫੁਟਾਲਾ ਬਹੁਤ ਖ਼ੁਸ਼ਗਵਾਰ ਅਹਿਸਾਸ ਕਰਵਾਉਂਦੇ ਹਨ ਜਿਸ ਨੂੰ ਸ਼ਾਇਦ ਸ਼ਬਦਾਂ ਵਿਚ ਪੂਰਾ ਨਾ ਉਤਾਰਿਆ ਜਾ ਸਕੇ। ਪਾਰਕ ਦੇ ਨਾਲ ਇਕ ਬਰਸਾਤੀ ਨਾਲਾ ਵਗਦਾ ਹੈ। ਨਾਲੇ ਦੇ ਕਿਨਾਰੇ ਇਕ ਪੁਰਾਣੀ ਪਰ ਮਜ਼ਬੂਤ ਕੰਧ ਹੈ। ਲਗਪਗ ਦੋ-ਤਿੰਨ ਫੁੱਟ ਉੱਚੀ। ਡੇਢ ਕੁ ਫੁੱਟ ਚੌੜੀ। ਅਸੀਂ ਹਰ ਰੋਜ਼ ਉਸ ਦੇ ਇਕ ਕੋਨੇ ਵਿਚ ਪੰਛੀਆਂ ਲਈ ਥੋੜ੍ਹਾ ਜਿਹਾ ਚੋਗਾ ਪਾ ਦਿੰਦੇ ਹਾਂ। ਇਹ ਕੋਈ ਬਹੁਤ ਵੱਡਾ ਪੁੰਨ ਦਾ ਕੰਮ ਨਹੀਂ ਪਰ ਜਦੋਂ ਕੋਈ ਪੰਛੀ ਆ ਕੇ ਉਹ ਦਾਣਾ ਚੁਗਦਾ ਹੈ ਤਾਂ ਮਨ ਨੂੰ ਇਕ ਅਜੀਬ ਜਿਹੀ ਖ਼ੁਸ਼ੀ ਮਿਲਦੀ ਹੈ। ਲੱਗਦਾ ਹੈ ਕਿ ਕੁਦਰਤ ਨਾਲ ਸਾਡਾ ਵੀ ਕੋਈ ਨਿੱਕਾ ਜਿਹਾ ਰਿਸ਼ਤਾ ਹੈ।

ਪਿਛਲੇ ਕੁਝ ਦਿਨਾਂ ਤੋਂ ਇਕ ਮੋਰਾਂ ਦਾ ਪਰਿਵਾਰ ਵੀ ਰੋਜ਼ ਉੱਥੇ ਆਉਣ ਲੱਗ ਪਿਆ ਹੈ। ਮੋਰ, ਮੋਰਨੀ ਤੇ ਉਨ੍ਹਾਂ ਦੇ ਚਾਰ ਨਿੱਕੇ-ਨਿੱਕੇ ਬੱਚੇ। ਬੱਚਿਆਂ ਨੂੰ ਤਾਂ ਜਿਵੇਂ ਸਵੇਰ ਹੋਣ ਦੀ ਉਡੀਕ ਰਹਿੰਦੀ ਹੋਵੇ। ਉਹ ਆਉਂਦੇ ਹੀ ਇੱਧਰ-ਉੱਧਰ ਦੌੜਦੇ ਹਨ, ਨਿੱਕੀਆਂ ਚੁੰਝਾਂ ਨਾਲ ਦਾਣੇ ਚੁਗਦੇ ਹਨ ਤੇ ਫਿਰ ਇਕ-ਦੂਜੇ ਦੇ ਪਿੱਛੇ ਭੱਜਣ ਲੱਗ ਪੈਂਦੇ ਹਨ। ਮੋਰਨੀ ਵੀ ਬੇਫ਼ਿਕਰੀ ਨਾਲ ਚੋਗਾ ਚੁਗਦੀ ਰਹਿੰਦੀ ਹੈ। ਅੱਜ ਮੇਰੀ ਨਜ਼ਰ ਮੋਰ ਉੱਤੇ ਟਿਕ ਗਈ। ਉਹ ਚੋਗੇ ਦੇ ਕੋਲ ਹੋਣ ਦੇ ਬਾਵਜੂਦ ਇਕ ਵੀ ਦਾਣਾ ਨਹੀਂ ਚੁਗ ਰਿਹਾ ਸੀ। ਉਹ ਸਿਰਫ਼ ਖੜ੍ਹਾ ਸੀ। ਉਸ ਦੀ ਗਰਦਨ ਕਦੇ ਸੱਜੇ ਮੁੜਦੀ, ਕਦੇ ਖੱਬੇ। ਕਦੇ ਉਹ ਸਾਡੇ ਵੱਲ ਵੇਖਦਾ, ਕਦੇ ਪਾਰਕ ਦੇ ਰਸਤੇ ਵੱਲ। ਕੋਈ ਵਿਅਕਤੀ ਲੰਘਦਾ ਤਾਂ ਉਸ ਦੀਆਂ ਅੱਖਾਂ ਉਸ ਦਾ ਪਿੱਛਾ ਕਰਦੀਆਂ। ਕੋਈ ਆਵਾਜ਼ ਆਉਂਦੀ ਤਾਂ ਉਹ ਚੌਕੰਨਾ ਹੋ ਜਾਂਦਾ। ਉਸ ਦੇ ਬੱਚੇ ਖਾ ਰਹੇ ਸਨ। ਉਹ ਪਹਿਰਾ ਦੇ ਰਿਹਾ ਸੀ। ਮੈਂ ਕਾਫ਼ੀ ਦੇਰ ਉਸ ਨੂੰ ਵੇਖਦਾ ਰਿਹਾ। ਫਿਰ ਅਚਾਨਕ ਮੇਰੇ ਅੰਦਰੋਂ ਇਕ ਗੱਲ ਨਿਕਲੀ, “ਇਹ ਮੋਰ ਨਹੀਂ ਸਗੋਂ ਇਹ ਤਾਂ ਇਕ ਪਿਉ ਵੀ ਹੈ।

ਉਸ ਪਲ ਮੈਨੂੰ ਲੱਗਿਆ ਕਿ ਪਿਉ ਦੀ ਪਰਿਭਾਸ਼ਾ ਸ਼ਾਇਦ ਕਿਸੇ ਕਿਤਾਬ ਵਿਚ ਨਹੀਂ ਮਿਲਦੀ। ਉਹ ਤਾਂ ਅਜਿਹੇ ਹੀ ਕਿਸੇ ਦ੍ਰਿਸ਼ ਵਿਚ ਮਿਲਦੀ ਹੈ-ਜਿੱਥੇ ਇਕ ਜਣਾ ਆਪਣਾ ਹਿੱਸਾ ਛੱਡ ਕੇ ਕਿਸੇ ਹੋਰ ਦੀ ਰੱਖਿਆ ਕਰ ਰਿਹਾ ਹੋਵੇ। ਸਾਡੇ ਸਮਾਜ ਵਿਚ ਮਾਂ ਦਾ ਦਰਜਾ ਬਹੁਤ ਉੱਚਾ ਹੈ ਤੇ ਹੋਣਾ ਵੀ ਚਾਹੀਦਾ ਹੈ। ਮਾਂ ਬੱਚੇ ਨੂੰ ਆਪਣੀ ਕੁੱਖ ਵਿਚ ਰੱਖਦੀ ਹੈ। ਉਸ ਨੂੰ ਜਨਮ ਦਿੰਦੀ ਹੈ। ਉਸ ਦੀ ਪਰਵਰਿਸ਼ ਵਿਚ ਆਪਣਾ ਸਰੀਰ, ਆਪਣੀ ਨੀਂਦ ਤੇ ਆਪਣਾ ਸੁੱਖ ਲਾ ਦਿੰਦੀ ਹੈ। ਪਰ ਪਿਉ ਦੀ ਕਹਾਣੀ ਥੋੜ੍ਹੀ ਵੱਖਰੀ ਹੈ। ਉਹ ਅਕਸਰ ਘਰ ਦੀ ਉਹ ਕੰਧ ਹੁੰਦਾ ਹੈ ਜਿਸ ਵੱਲ ਬੱਚਿਆਂ ਦਾ ਧਿਆਨ ਹੀ ਨਹੀਂ ਜਾਂਦਾ। ਬੱਚੇ ਕੰਧ ਦੇ ਪਿੱਛੇ ਸੁਰੱਖਿਅਤ ਰਹਿੰਦੇ ਹਨ ਤੇ ਕੰਧ ਉੱਤੇ ਪੈਂਦੀਆਂ ਹਵਾਵਾਂ, ਬਰਸਾਤਾਂ ਤੇ ਕੁਦਰਤ ਦੇ ਥਪੇੜਿਆਂ ਦਾ ਪਤਾ ਉਨ੍ਹਾਂ ਨੂੰ ਨਹੀਂ ਹੁੰਦਾ।

Share this content:

Post Comment