ਵੱਡਾ ਹੁੰਦਾ ਜਾ ਰਿਹਾ ਟਰੈਵਲ ਸਕੈਮ ; ਆਨਲਾਈਨ ਬੁਕਿੰਗ ਵੇਲੇ ਰੱਖੋ ਪੂਰਾ ਧਿਆਨ, ਕਿਤੇ ਲੁੱਟ ਨਾ ਲੈਣ ਠੱਗ ਤੁਹਾਡੀ ਮਿਹਨਤ ਦੀ ਕਮਾਈ
ਔਕਲੈਂਡ, 21 ਨਵੰਬਰ 2026 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਨਲਾਈਨ ਟਰੈਵਲ ਅਤੇ ਰਿਹਾਇਸ਼ ਬੁਕਿੰਗ ਪਲੇਟਫਾਰਮਾਂ ਰਾਹੀਂ ਵੱਡੇ ਪੱਧਰ ਉੱਤੇ ਸਾਈਬਰ ਠੱਗੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਟਰੈਵਲ ਏਜੰਟਸ ਐਸੋਸੀਏਸ਼ਨ ਦੀ ਜੂਲੀ ਵ੍ਹਾਈਟ (Julie White) ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਮੱਸਿਆ ਲੋਕਾਂ ਦੀ ਸੋਚ ਨਾਲੋਂ ਕਿਤੇ ਵੱਧ ਗੰਭੀਰ ਹੈ ਅਤੇ ਅਜਿਹੀਆਂ ਠੱਗੀਆਂ ਰੋਜ਼ਾਨਾ ਵਾਪਰ ਰਹੀਆਂ ਹਨ। ਤਾਜ਼ਾ ਮਾਮਲਿਆਂ ਵਿੱਚ ‘ਬਿਜ਼ਨਸ ਨਿਊਜ਼ੀਲੈਂਡ’ ਦੀ ਮੁੱਖ ਕਾਰਜਕਾਰੀ ਅਧਿਕਾਰੀ ਕੈਥਰੀਨ ਰਿਚ ਵੀ ਆਨਲਾਈਨ ਪਲੇਟਫਾਰਮ ‘ਬੁੱਕਇਟ’ (Bookit) ਰਾਹੀਂ ਇੱਕ ਵੱਡੇ ਸਕੈਮ ਦਾ ਸ਼ਿਕਾਰ ਹੋਣੋਂ ਵਾਲ-ਵਾਲ ਬਚੀ। ਵਾਇਰਾਰਾਪਾ ਵਿਖੇ ਰਿਹਾਇਸ਼ ਲਈ ਠੱਗਾਂ ਵੱਲੋਂ ਆਸਟ੍ਰੇਲੀਅਨ ਡਾਲਰਾਂ ਵਿੱਚ ਭੁਗਤਾਨ ਮੰਗੇ ਜਾਣ ਕਾਰਨ ਇਸ ਠੱਗੀ ਦਾ ਪਰਦਾਫਾਸ਼ ਹੋ ਗਿਆ। ਬੁੱਕਇਟ ਨੇ ਮੰਨਿਆ ਕਿ ਨਵੰਬਰ ਦੇ ਸ਼ੁਰੂ ਵਿੱਚ ਉਨ੍ਹਾਂ ਦਾ ਸਿਸਟਮ ਹੈਕ ਹੋਇਆ ਸੀ ਅਤੇ ਇਸ ਹਫ਼ਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ।
ਜੂਲੀ ਵ੍ਹਾਈਟ ਅਨੁਸਾਰ ਹੈਕਰ ਲਗਭਗ ਹਰ ਕੰਪਨੀ ਦੇ ਸਿਸਟਮ ਵਿੱਚ ਸੰਨ੍ਹ ਲਗਾਉਣ ਦੇ ਸਮਰੱਥ ਹਨ ਅਤੇ ਹੁਣ ਸਵਾਲ ਇਹ ਨਹੀਂ ਕਿ ਇਹ ਹੋਵੇਗਾ ਜਾਂ ਨਹੀਂ, ਸਗੋਂ ਇਹ ਹੈ ਕਿ ਇਹ ਕਦੋਂ ਹੋਵੇਗਾ। ਜੂਨ ਮਹੀਨੇ ਵਿੱਚ ‘ਫਾਈਵ ਆਈਜ਼’ ਸਾਈਬਰ ਆਗੂਆਂ ਨੇ ਵੀ ਚੇਤਾਵਨੀ ਦਿੱਤੀ ਸੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਤਰੱਕੀ ਨਾਲ ਸਾਈਬਰ ਹਮਲਿਆਂ ਦੀ ਰਫ਼ਤਾਰ ਅਤੇ ਗੁੰਝਲਤਾ ਕਈ ਗੁਣਾ ਵਧ ਗਈ ਹੈ। ਟੋਰਬੇ ਦੀ ਰਹਿਣ ਵਾਲੀ ਫਰਾਂਸਿਸ ਓ’ਡਫੀ ਪਿਛਲੇ ਇੱਕ ਹਫ਼ਤੇ ਵਿੱਚ ਦੋ ਵੱਖ-ਵੱਖ ਠੱਗੀਆਂ ਦਾ ਸ਼ਿਕਾਰ ਹੋਈ ਹੈ। ਬੁੱਧਵਾਰ ਨੂੰ ਉਸ ਨੂੰ ‘ਬੁਕਿੰਗ ਡਾਟ ਕਾਮ’ ਦੇ ਨਾਮ ਉੱਤੇ ਇੱਕ ਵਟਸਐਪ ਮੈਸੇਜ ਆਇਆ, ਜਿਸ ਵਿੱਚ 24 ਘੰਟਿਆਂ ਦੇ ਅੰਦਰ ਭੁਗਤਾਨ ਨਾ ਕਰਨ ਉੱਤੇ ਬੁਕਿੰਗ ਰੱਦ ਕਰਨ ਦੀ ਧਮਕੀ ਦਿੱਤੀ ਗਈ ਸੀ। ਮੈਸੇਜ ਵਿੱਚ ਉਸ ਦੇ ਨਾਮ, ਈਮੇਲ ਅਤੇ ਠਹਿਰਨ ਵਾਲੀ ਥਾਂ ਦੇ ਸਾਰੇ ਵੇਰਵੇ ਬਿਲਕੁਲ ਸਹੀ ਸਨ। ਪਿਛਲੇ ਹਫ਼ਤੇ ਹੀ ਉਸ ਦੇ ਕ੍ਰੈਡਿਟ ਕਾਰਡ ਤੋਂ 1,500 NZD ਦੀ ਠੱਗੀ ਵੱਜ ਚੁੱਕੀ ਸੀ, ਜਿਸ ਕਾਰਨ ਉਸ ਨੇ ਆਪਣੇ ਪਤੀ ਦੇ ਕਾਰਡ ਤੋਂ ਭੁਗਤਾਨ ਕੀਤਾ ਅਤੇ 200 NZD ਗੁਆ ਬੈਠੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਉਹੀ ਮੋਟਲ ਸੀ ਜਿੱਥੇ ਕੈਥਰੀਨ ਰਿਚ ਨੇ ਬੁਕਿੰਗ ਕਰਵਾਈ ਸੀ ਅਤੇ ਮੋਟਲ ਮਾਲਕ ਨੂੰ ਉਸ ਦਿਨ ਅਜਿਹੀਆਂ 5 ਜਾਂ 6 ਸ਼ਿਕਾਇਤਾਂ ਮਿਲੀਆਂ ਸਨ।
ਵਿਸ਼ਵ ਪੱਧਰ ਉੱਤੇ ਵੀ ਵੱਡੀਆਂ ਕੰਪਨੀਆਂ ਨਿਸ਼ਾਨੇ ਉੱਤੇ ਹਨ। ਅਪ੍ਰੈਲ ਵਿੱਚ 28 ਮਿਲੀਅਨ ਤੋਂ ਵੱਧ ਲਿਸਟਿੰਗ ਵਾਲੀ ਵੈੱਬਸਾਈਟ ‘ਬੁਕਿੰਗ ਡਾਟ ਕਾਮ’ ਨੇ ਡਾਟਾ ਚੋਰੀ ਹੋਣ ਬਾਰੇ ਗਾਹਕਾਂ ਨੂੰ ਚੇਤਾਵਨੀ ਦਿੱਤੀ ਸੀ। ਇਸ ਹਫ਼ਤੇ ‘ਐਕਸਪੀਡੀਆ ਗਰੁੱਪ’ ਨੇ ਵੀ ਸਾਈਬਰ ਹਮਲੇ ਦੀ ਜਾਂਚ ਦੀ ਪੁਸ਼ਟੀ ਕੀਤੀ ਹੈ, ਜਿੱਥੇ ਹੈਕਰਾਂ ਨੇ ਲਗਭਗ ਇੱਕ ਬਿਲੀਅਨ ਗਾਹਕਾਂ ਦਾ ਡਾਟਾ ਚੋਰੀ ਕਰਨ ਦਾ ਦਾਅਵਾ ਕੀਤਾ ਹੈ। ਇਸੇ ਤਰ੍ਹਾਂ ਕ੍ਰਿਸ ਲੈਗੇਟ ਨਾਮਕ ਇੱਕ ਹੋਰ ਕੀਵੀ ਨਾਗਰਿਕ ਨੂੰ ਕੋਪਨਹੇਗਨ ਦੀ ਬੁਕਿੰਗ ਲਈ ਐਕਸਪੀਡੀਆ ਦੇ ਨਾਮ ਉੱਤੇ ਵਟਸਐਪ ਮੈਸੇਜ ਆਇਆ, ਪਰ ਡੈਨਿਸ਼ ਕ੍ਰੋਨ (Krone) ਦੀ ਬਜਾਏ ਯੂਰੋ ਵਿੱਚ ਭੁਗਤਾਨ ਮੰਗੇ ਜਾਣ ਅਤੇ ਸਪੈਲਿੰਗ ਦੀ ਗਲਤੀ ਕਾਰਨ ਉਹ ਠੱਗੀ ਤੋਂ ਬਚ ਗਿਆ।
ਅੰਕੜਿਆਂ ਅਨੁਸਾਰ ਸਾਲ 2025 ਵਿੱਚ ਕੀਵੀ ਲੋਕਾਂ ਨੇ ਸਕੈਮਾਂ ਕਾਰਨ ਅੰਦਾਜ਼ਨ 3 ਬਿਲੀਅਨ ਡਾਲਰ ਗੁਆਏ ਹਨ। ਕੈਥਰੀਨ ਰਿਚ ਨੇ ਕਿਹਾ ਕਿ ਡਾਟਾ ਚੋਰੀ ਹੋਣ ਉੱਤੇ ਕਾਰੋਬਾਰਾਂ ਦੀ ਕਾਨੂੰਨੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ 72 ਘੰਟਿਆਂ ਦੇ ਅੰਦਰ ਪ੍ਰਾਈਵੇਸੀ ਕਮਿਸ਼ਨਰ ਨੂੰ ਸੂਚਿਤ ਕਰਨ, ਜਿਸ ਦੀ ਉਲੰਘਣਾ ਕਰਨ ਉੱਤੇ 10,000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਨੈੱਟਸੇਫ ਦੇ ਐਲੈਕਸ ਯੀ ਅਨੁਸਾਰ ਟਰੈਵਲ ਸਕੈਮ ਦੀਆਂ ਰਿਪੋਰਟਾਂ ਵਧ ਕੇ ਲਗਭਗ ਇੱਕ ਪ੍ਰਤੀ ਹਫ਼ਤਾ ਹੋ ਗਈਆਂ ਹਨ। ਇਸ ਤੋਂ ਇਲਾਵਾ ‘ਬਾਚਕੇਅਰ’ (Bachcare) ਦੇ ਨਾਮ ਉੱਤੇ ਦੱਖਣੀ ਅਫ਼ਰੀਕੀ ਕਾਰ ਕੰਪਨੀ ਵੱਲੋਂ ਈਮੇਲ ਭੇਜਣ ਅਤੇ ਜਾਅਲੀ ਵੀਜ਼ਾ ਵੈੱਬਸਾਈਟਾਂ ਰਾਹੀਂ ਲੋਕਾਂ ਨੂੰ ਲੁੱਟਣ ਦੇ ਮਾਮਲੇ ਵੀ ਵਧੇ ਹਨ।
ਮਾਹਿਰਾਂ ਵੱਲੋਂ ਸੁਰੱਖਿਆ ਲਈ ਦਿੱਤੀਆਂ ਗਈਆਂ ਖ਼ਾਸ ਹਦਾਇਤਾਂ ਅਨੁਸਾਰ ਵਟਸਐਪ ਰਾਹੀਂ ਆਉਣ ਵਾਲੇ ਭੁਗਤਾਨ ਦੇ ਮੈਸੇਜਾਂ ਤੋਂ ਸਾਵਧਾਨ ਰਹੋ। ਹਮੇਸ਼ਾ ਵੈੱਬਸਾਈਟ ਦਾ ਪਤਾ ਅਤੇ ਸਪੈਲਿੰਗ ਚੈੱਕ ਕਰੋ ਅਤੇ ਅਸਲ ਬੁਕਿੰਗ ਪੁਸ਼ਟੀਕਰਨ ਈਮੇਲ ਦੀ ਜਾਂਚ ਕਰੋ। ਠੱਗਾਂ ਵੱਲੋਂ ਬਣਾਈ ਜਾਣ ਵਾਲੀ ਜਲਦਬਾਜ਼ੀ ਦੇ ਦਬਾਅ ਵਿੱਚ ਨਾ ਆਓ, ਸੁਰੱਖਿਅਤ ਭੁਗਤਾਨ ਤਰੀਕਿਆਂ ਦੀ ਵਰਤੋਂ ਕਰੋ ਅਤੇ ਹੋ ਸਕੇ ਤਾਂ ਸਿੱਧਾ ਹੋਟਲ ਜਾਂ ਕਾਰ ਕੰਪਨੀ ਨਾਲ ਰਾਬਤਾ ਕਰਕੇ ਹੀ ਬੁਕਿੰਗ ਕਰੋ।
Share this content:



Post Comment