ਵੁਜ਼ੂ ਮਾਮਲੇ ’ਚ ਗ੍ਰਿਫ਼ਤਾਰ ਨੌਜਵਾਨ ਤਿੰਨ ਦਿਨਾ ਪੁਲੀਸ ਰਿਮਾਂਡ ’ਤੇ
ਅੰਮ੍ਰਿਤਸਰ, 5 ਫਰਵਰੀ – ਅੰਮ੍ਰਿਤਸਰ ਪੁਲੀਸ ਨੇ ਸਿੱਖ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਸੁਬਹਾਨ ਰੰਗਰੀਜ ਨੂੰ ਬੁੱਧਵਾਰ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਪੁੱਛਗਿੱਛ ਲਈ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਰੰਗਰੀਜ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਵੁਜ਼ੂ ਕਰਦੇ ਅਤੇ ਕੁਰਲੀ ਕਰਦਿਆਂ ਦੀ ਇਕ ਵੀਡੀਓ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਰੰਗਰੀਜ ਨੂੰ ਬੀਤੇ ਦਿਨ ਯੂਪੀ ਦੇ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਾਮਲੇ ਵਿੱਚ 24 ਜਨਵਰੀ ਨੂੰ ਅੰਮ੍ਰਿਤਸਰ ਪੁਲੀਸ ਕੋਲ ਇਸ ਨੌਜਵਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲੀਸ ਨੇ ਉਸ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ।
ਪੁਲੀਸ ਨੇ ਅੱਜ ਬਾਅਦ ਦੁਪਹਿਰ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਹੈ। ਪੁਲੀਸ ਨੇ ਦਲੀਲ ਦਿੱਤੀ ਕਿ ਉਸ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਥਿਤ ਕਾਰਵਾਈ ਦੇ ਪਿੱਛੇ ਦੇ ਉਦੇਸ਼ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਦੇ ਸਹਾਇਕ ਕਮਿਸ਼ਨਰ ਜਸਪਾਲ ਸਿੰਘ ਅਤੇ ਇੰਸਪੈਕਟਰ ਰਾਜਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਨੂੰ ਸੁਰੱਖਿਆ ਕਾਰਨਾਂ ਕਰਕੇ ਮੀਡੀਆ ਸਾਹਮਣੇ ਪੇਸ਼ ਨਹੀਂ ਕੀਤਾ ਗਿਆ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਮਗਰੋਂ ਜਦੋਂ ਇਸ ਦਾ ਵਿਰੋਧ ਹੋਇਆ ਤਾਂ ਰੰਗਰੀਜ ਨੇ ਸੋਸ਼ਲ ਮੀਡੀਆ ਰਾਹੀਂ ਇਹ ਕਹਿ ਕੇ ਮਾਫੀ ਵੀ ਮੰਗੀ ਕਿ ਉਸ ਨੂੰ ਸਿੱਖ ਧਰਮ ਦੀ ਮਰਿਆਦਾ ਅਤੇ ਰਵਾਇਤਾਂ ਬਾਰੇ ਜਾਣਕਾਰੀ ਨਹੀਂ ਸੀ।
Share this content:



Post Comment