Loading Now

ਵਪਾਰਕ ਤਣਾਅ ਦਰਮਿਆਨ ਕੈਨੇਡੀਅਨ AI ਕੰਪਨੀ ਨੇ ਅਮਰੀਕਾ ਨਾਲ ਕੰਮ ਕਰਨ ਤੋਂ ਕੀਤਾ ਇਨਕਾਰ

ਵਪਾਰਕ ਤਣਾਅ ਦਰਮਿਆਨ ਕੈਨੇਡੀਅਨ AI ਕੰਪਨੀ ਨੇ ਅਮਰੀਕਾ ਨਾਲ ਕੰਮ ਕਰਨ ਤੋਂ ਕੀਤਾ ਇਨਕਾਰ

ਕੈਨੇਡਾ ਅਤੇ ਅਮਰੀਕਾ ਦਰਮਿਆਨ ਵਧ ਰਹੇ ਵਪਾਰਕ ਤਣਾਅ ਅਤੇ ਸਿਆਸੀ ਖਿੱਚੋਤਾਣ ਦਾ ਅਸਰ ਹੁਣ ਦੋਵਾਂ ਦੇਸ਼ਾਂ ਦੇ ਤਕਨਾਲੋਜੀ ਖੇਤਰ ’ਤੇ ਵੀ ਸਪਸ਼ਟ ਦਿਸਣ ਲੱਗ ਪਿਆ ਹੈ। ਕੈਨੇਡਾ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਕੰਪਨੀ ‘ਕੇਸਵੇਅ’ ਨੇ ਅਮਰੀਕੀ ਸਰਕਾਰ ਨਾਲ ਜੁੜੇ ਕੰਮਾਂ ਤੋਂ ਪਿੱਛੇ ਹਟਣ ਦਾ ਵੱਡਾ ਫ਼ੈਸਲਾ ਲਿਆ ਹੈ। ਕਾਨੂੰਨੀ ਅਤੇ ਰੱਖਿਆ ਖੇਤਰ ਲਈ ਏ.ਆਈ. ਔਜ਼ਾਰ ਤਿਆਰ ਕਰਨ ਵਾਲੀ ਇਸ ਓਟਾਵਾ ਸਥਿਤ ਕੰਪਨੀ ਨੇ ਹੁਣ ਆਪਣਾ ਧਿਆਨ ਕੈਨੇਡਾ ਦੇ ਘਰੇਲੂ ਰੱਖਿਆ ਖੇਤਰ ਸਮੇਤ ਯੂਰਪ ਅਤੇ ਤਾਈਵਾਨ ਵਰਗੇ ਵਿਦੇਸ਼ੀ ਬਾਜ਼ਾਰਾਂ ਵੱਲ ਮੋੜ ਲਿਆ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਲ ਵਿਜੀਅਰ ਨੇ ਖ਼ੁਲਾਸਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ‘51ਵਾਂ ਰਾਜ’ ਬਣਾਉਣ ਬਾਰੇ ਦਿੱਤੇ ਬਿਆਨਾਂ ਅਤੇ ਤਣਾਅਪੂਰਨ ਵਪਾਰਕ ਰਵੱਈਏ ਨੇ ਉਨ੍ਹਾਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ। ਵਿਜੀਅਰ ਨੇ ਕਿਹਾ, “ਜਦੋਂ ਇੱਕ ਪਾਸੇ ਅਮਰੀਕਾ ਸਾਨੂੰ ਧਮਕੀਆਂ ਦੇ ਰਿਹਾ ਹੈ, ਤਾਂ ਅਜਿਹੇ ਮਾਹੌਲ ਵਿੱਚ ਅਸੀਂ ਉਨ੍ਹਾਂ ਦੀਆਂ ਏ.ਆਈ. ਲੋੜਾਂ ਪੂਰੀਆਂ ਕਰਨ ਲਈ ਅੱਗੇ ਵਧਣ ਵਿੱਚ ਸਹਿਜ ਮਹਿਸੂਸ ਨਹੀਂ ਕਰਦੇ।

ਇਹ ਫ਼ੈਸਲਾ ਕੰਪਨੀ ਲਈ ਆਰਥਿਕ ਤੌਰ ’ਤੇ ਵੱਡਾ ਝਟਕਾ ਵੀ ਸਾਬਤ ਹੋ ਸਕਦਾ ਹੈ। ਕੰਪਨੀ ਨੇ ਇੱਕ ਪ੍ਰਮੁੱਖ ਅਮਰੀਕੀ ਉਦਯੋਗਿਕ ਸੰਮੇਲਨ ਵਿੱਚ ਪੇਸ਼ਕਾਰੀ ਲਈ ਚੁਣੀਆਂ ਗਈਆਂ ਅੱਠ ਕੰਪਨੀਆਂ ਵਿੱਚ ਥਾਂ ਬਣਾਈ ਸੀ, ਜਿੱਥੇ 50 ਤੋਂ 100 ਮਿਲੀਅਨ ਡਾਲਰ ਤੱਕ ਦਾ ਨਿਵੇਸ਼ ਮਿਲਣ ਦੀ ਸੰਭਾਵਨਾ ਸੀ। ਪਰ ਕੈਨੇਡੀਅਨ ਕੰਪਨੀ ਨੇ ਇਸ ਵੱਡੇ ਨਿਵੇਸ਼ ਦੀ ਪਰਵਾਹ ਨਾ ਕਰਦਿਆਂ ਅਮਰੀਕੀ ਬਾਜ਼ਾਰ ਨੂੰ ਨਾਂਹ ਕਰ ਦਿੱਤੀ। ਇਸ ਘਟਨਾਕ੍ਰਮ ਨੇ ਕੈਨੇਡਾ ਦੇ ਏ.ਆਈ. ਖੇਤਰ ਦੀ ਅਮਰੀਕੀ ਇਨਫ਼ਰਾਸਟਰਕਚਰ ’ਤੇ ਨਿਰਭਰਤਾ ਬਾਰੇ ਵੀ ਚਿੰਤਾਵਾਂ ਵਧਾ ਦਿੱਤੀਆਂ ਹਨ। ਟੋਰਾਂਟੋ ਯੂਨੀਵਰਸਿਟੀ ਦੇ ਤਕਨਾਲੋਜੀ ਨੀਤੀ ਮਾਹਰ ਸ਼ਾਨ ਮੁਲਿਨ ਨੇ ਸਵਾਲ ਉਠਾਇਆ ਕਿ ਸੰਵੇਦਨਸ਼ੀਲ ਸਰਕਾਰੀ ਅਤੇ ਰੱਖਿਆ ਡਾਟਾ ਅਜਿਹੇ ਕਲਾਊਡ ਜਾਂ ਮਾਡਲਾਂ ਰਾਹੀਂ ਕਿਉਂ ਚੱਲਣਾ ਚਾਹੀਦਾ ਹੈ ਜੋ ਦੇਸ਼ ਦੇ ਆਪਣੇ ਕੰਟਰੋਲ ਵਿੱਚ ਹੀ ਨਾ ਹੋਣ?

ਹਾਲਾਂਕਿ ਕੈਨੇਡਾ ਸਰਕਾਰ ਨੇ ਡਾਟਾ ਸੈਂਟਰਾਂ ਅਤੇ ਸੁਪਰ ਕੰਪਿਊਟਿੰਗ ਵਿੱਚ ਨਿਵੇਸ਼ ਦੇ ਵਾਅਦੇ ਕੀਤੇ ਹਨ, ਪਰ ਇਸ ਸਮਰੱਥਾ ਨੂੰ ਬਣਾਉਣ ਵਿੱਚ ਅਜੇ ਕਾਫ਼ੀ ਸਮਾਂ ਅਤੇ ਅਰਬਾਂ ਡਾਲਰ ਲੱਗਣਗੇ। ਦੂਜੇ ਪਾਸੇ, ਕੈਨੇਡਾ ਵਿੱਚ ਏ.ਆਈ. ਕੰਪਨੀਆਂ ਲਈ ਫ਼ੰਡ ਇਕੱਠਾ ਕਰਨਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸਰਕਾਰੀ ਬੁਲਾਰਿਆਂ ਦਾ ਕਹਿਣਾ ਹੈ ਕਿ ਕੈਨੇਡੀਅਨ ਉੱਦਮੀਆਂ ਨੂੰ ਦੇਸ਼ ਛੱਡਣ ਦੀ ਲੋੜ ਨਹੀਂ ਪਵੇਗੀ ਅਤੇ ਸਰਕਾਰ ਖ਼ੁਦ ਸਥਾਨਕ ਕੰਪਨੀਆਂ ਦੀ ਮੁੱਖ ਖ਼ਰੀਦਦਾਰ ਬਣ ਕੇ ਸਹਿਯੋਗ ਦੇਵੇਗੀ।

Share this content:

Post Comment