Loading Now

ਲੋਕ ਸਭਾ ਦੇ ਸਪੀਕਰ ਖਿਲਾਫ ਮਤਾ ਲਿਆਉਣ ਦੀ ਤਿਆਰੀ

ਲੋਕ ਸਭਾ ਦੇ ਸਪੀਕਰ ਖਿਲਾਫ ਮਤਾ ਲਿਆਉਣ ਦੀ ਤਿਆਰੀ

ਨਵੀਂ ਦਿੱਲੀ, 10 ਫਰਵਰੀ – ਸੰਸਦ ਦੇ ਬਜਟ ਅਜਲਾਸ ਵਿੱਚ ਪਏ ਅੜਿੱਕੇ ਦਰਮਿਆਨ ਆਪੋਜ਼ੀਸ਼ਨ ਲੋਕ ਸਭਾ ਦੇ ਸਪੀਕਰ ਓਮ ਬਿੜਲਾ ਨੂੰ ਹਟਾਉਣ ਦਾ ਮਤਾ ਪੇਸ਼ ਕਰ ਸਕਦੀ ਹੈ। ਆਪੋਜ਼ੀਸ਼ਨ ਨੂੰ ਗੁੱਸਾ ਹੈ ਕਿ ਸਪੀਕਰ ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਕਰਦੇ ਮਤੇ ਉੱਤੇ ਰਾਹੁਲ ਗਾਂਧੀ ਨੂੰ ਬੋਲਣ ਨਹੀਂ ਦੇ ਰਹੇ। ਸੂਤਰਾਂ ਮੁਤਾਬਕ ਆਪੋਜ਼ੀਸ਼ਨ ਸੰਵਿਧਾਨ ਦੇ ਆਰਟੀਕਲ 94-ਸੀ ਤਹਿਤ ਸਪੀਕਰ ਖਿਲਾਫ ਮਤੇ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਲਈ ਲੋੜੀਂਦੇ ਮੈਂਬਰਾਂ ਦੇ ਦਸਤਖਤ ਇਕੱਠੇ ਕੀਤੇ ਜਾ ਰਹੇ ਹਨ। ਘੱਟੋ-ਘੱਟ 100 ਮੈਂਬਰਾਂ ਦੇ ਦਸਤਖਤ ਇਕੱਠੇ ਕਰਨ ਦਾ ਟੀਚਾ ਹੈ। ਮਤਾ ਲਿਆਉਣ ਦੀ ਗੱਲ ਸੋਮਵਾਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਚੈਂਬਰ ਵਿੱਚ ਆਪੋਜ਼ੀਸ਼ਨ ਮੈਂਬਰਾਂ ਦੀ ਮੀਟਿੰਗ ਵਿੱਚ ਚੱਲੀ। ਮੀਟਿੰਗ ਵਿੱਚ ਡੀ ਐੱਮ ਕੇ, ਟੀ ਐੱਮ ਸੀ, ਸਮਾਜਵਾਦੀ ਪਾਰਟੀ, ਸ਼ਿਵ ਸੈਨਾ (ਯੂ ਬੀ ਟੀ), ਐੱਨ ਸੀ ਪੀ (ਸ਼ਰਦ ਪਵਾਰ) ਦੇ ਮੈਂਬਰ ਵੀ ਹਾਜ਼ਰ ਸਨ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਭਾਰੀ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਸੰਸਦ ਮੈਂਬਰ ਭਾਰਤ-ਅਮਰੀਕਾ ਅੰਤਰਮ ਵਪਾਰ ਢਾਂਚੇ ‘ਤੇ ਚਰਚਾ ਦੀ ਮੰਗ ਕਰ ਰਹੇ ਸਨ। ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਣ ਤੋਂ ਬਾਅਦ ਤਿੰਨ ਵਾਰ ਮੁਲਤਵੀ ਹੋਈ ਅਤੇ ਅੰਤ ਵਿੱਚ ਦੁਪਹਿਰ 2 ਵਜੇ ਇਸ ਨੂੰ ਅਗਲੇ ਦਿਨ ਤੱਕ ਰੋਕ ਦਿੱਤਾ ਗਿਆ।

ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਉਨ੍ਹਾ ਨੂੰ ਨਿੱਜੀ ਤੌਰ ‘ਤੇ ਭਰੋਸਾ ਦਿੱਤਾ ਗਿਆ ਸੀ ਕਿ ਬਜਟ ‘ਤੇ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲੇਗਾ, ਪਰ ਹੁਣ ਪ੍ਰੀਜ਼ਾਈਡਿੰਗ ਅਧਿਕਾਰੀ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੇ ਹਨ। ਦੂਜੇ ਪਾਸੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਅਜਿਹਾ ਕੋਈ ਭਰੋਸਾ ਨਹੀਂ ਦਿੱਤਾ ਗਿਆ ਸੀ ਅਤੇ ਰਾਹੁਲ ਗਾਂਧੀ ਦੇ ਸ਼ਬਦ ਸੌ ਫੀਸਦੀ ਝੂਠੇ ਹਨ। ਚੇਅਰ ‘ਤੇ ਬੈਠੇ ਸੰਸਦ ਮੈਂਬਰ ਸੰਧਿਆ ਰਾਏ ਨੇ ਕਿਹਾ ਕਿ ਉਨ੍ਹਾ ਨੂੰ ਰਾਹੁਲ ਗਾਂਧੀ ਵੱਲੋਂ ਕੋਈ ਨੋਟਿਸ ਨਹੀਂ ਮਿਲਿਆ ਹੈ ਅਤੇ ਬਿਨਾਂ ਨੋਟਿਸ ਕਿਸੇ ਵੀ ਮੁੱਦੇ ‘ਤੇ ਚਰਚਾ ਨਹੀਂ ਕੀਤੀ ਜਾ ਸਕਦੀ। ਇਸ ਦੌਰਾਨ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਵੀ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਦਾ ਮੌਕਾ ਦੇਣਾ ਸੰਸਦੀ ਪਰੰਪਰਾ ਹੈ। ਰਾਜ ਸਭਾ ਵਿਚ ਸੋਮਵਾਰ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੂੰ ਬੋਲਣ ਦੀ ਇਜਾਜ਼ਤ ਨਾ ਦੇਣ ‘ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ। ਖੜਗੇ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਧੰਨਵਾਦ ਮਤੇ ‘ਤੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਬਾਅਦ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਉਨ੍ਹਾ ਨੂੰ ਲੋਕ ਸਭਾ ਨਾਲ ਸੰਬੰਧਤ ਮੁੱਦਾ ਚੁੱਕਣ ਦੀ ਇਜਾਜ਼ਤ ਨਹੀਂ ਦਿੱਤੀ।

ਇਸ ਤੋਂ ਪਹਿਲਾਂ ਖੜਗੇ ਨੇ ਕੇਂਦਰੀ ਮੰਤਰੀ ਪਿਊਸ਼ ਗੋਇਲ ਵੱਲੋਂ ਪਿਛਲੇ ਹਫਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ‘ਤੇ ਬਿਆਨ ਦੇਣ ਦਾ ਮੁੱਦਾ ਚੁੱਕਿਆ। ਇਸ ਦੌਰਾਨ ਵੀ ਚੇਅਰਮੈਨ ਨੇ ਖੜਗੇ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਮੈਂਬਰ ਖੜ੍ਹੇ ਹੋ ਗਏ ਤੇ ਆਪਣਾ ਵਿਰੋਧ ਪ੍ਰਗਟਾਉਣ ਲੱਗੇ। ਇਸ ਤੋਂ ਬਾਅਦ ਚੇਅਰਮੈਨ ਨੇ ਪ੍ਰਸ਼ਨ ਕਾਲ ਸ਼ੁਰੂ ਕੀਤਾ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ ਅਤੇ ਬਾਅਦ ਵਿੱਚ ਸਦਨ ਤੋਂ ਵਾਕਆਊਟ ਕੀਤਾ। ਇਸੇ ਦੌਰਾਨ ਲੋਕ ਸਭਾ ਵਿੱਚ ਕਾਂਗਰਸ ਦੀਆਂ ਮਹਿਲਾ ਮੈਂਬਰਾਂ ਨੇ ਸਪੀਕਰ ਬਿੜਲਾ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਦਨ ਵਿੱਚੋਂ ਗਾਇਬ ਰਹਿਣ ਨੂੰ ਦਰੁੱਸਤ ਠਹਿਰਾਉਣ ਲਈ ਹੁਕਮਰਾਨ ਪਾਰਟੀ ਦੇ ਦਬਾਅ ਹੇਠ ਉਨ੍ਹਾਂ ਖਿਲਾਫ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਪੀਕਰ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ।

ਬਿੜਲਾ ਨੇ ਕਿਹਾ ਸੀ ਕਿ ਉਨ੍ਹਾ ਨੂੰ ਠੋਸ ਸੂਚਨਾ ਮਿਲੀ ਸੀ ਕਿ ਕਈ ਕਾਂਗਰਸ ਮੈਂਬਰ ਪ੍ਰਧਾਨ ਮੰਤਰੀ ਦੀ ਸੀਟ ਵੱਲ ਵਧ ਕੇ ਕੁਝ ਅਣਕਿਆਸਿਆ ਕਾਰਾ ਕਰ ਸਕਦੇ ਹਨ, ਇਸ ਕਰਕੇ ਉਨ੍ਹਾ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਕਰਦੇ ਮਤੇ ‘ਤੇ ਬਹਿਸ ਦਾ ਜਵਾਬ ਦੇਣ ਲਈ ਸਦਨ ਵਿੱਚ ਨਾ ਆਉਣ ਦੀ ਬੇਨਤੀ ਕੀਤੀ ਸੀ। ਪੱਤਰ, ਜਿਸ ਵਿੱਚ ਪ੍ਰਿਅੰਕਾ ਗਾਂਧੀ, ਜਿਓਤੀਣੀ, ਆਰ ਸੁਧਾ, ਵਰਸ਼ਾ ਗਾਇਕਵਾੜ ਤੇ ਜਿਓਤਸਨਾ ਮਹੰਤ ਦੇ ਦਸਤਖਤ ਹਨ, ਵਿੱਚ ਕਿਹਾ ਗਿਆ ਹੈ, ‘ਸਾਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕਿਉਂਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕ ਵਿਰੋਧੀ ਸਰਕਾਰ ਵਿਰੁੱਧ ਲਗਾਤਾਰ ਲੜ ਰਹੀਆਂ ਹਾਂ ਅਤੇ ਉਨ੍ਹਾ ਤੋਂ ਜਵਾਬ ਮੰਗ ਰਹੀਆਂ ਹਾਂ। ਉਹ ਸਦਨ ਵਿੱਚੋਂ ਸਾਡੀ ਤਰਫੋਂ ਕਿਸੇ ਖਤਰੇ ਕਰਕੇ ਗੈਰਹਾਜ਼ਰ ਨਹੀਂ ਹੋਏ, ਸਗੋਂ ਡਰ ਕਰਕੇ ਹੋਏ। ਉਨ੍ਹਾ ਕੋਲ ਆਪੋਜ਼ੀਸ਼ਨ ਦਾ ਸਾਹਮਣਾ ਕਰਨਾ ਦਾ ਹੌਸਲਾ ਨਹੀਂ। ਅਸੀਂ ਉਸ ਕਾਂਗਰਸ ਦੀਆਂ ਮੈਂਬਰ ਹਾਂ, ਜਿਹੜੀ ਪਿਆਰ, ਅਮਨ, ਸੰਵਿਧਾਨਕ ਕਦਰਾਂ-ਕੀਮਤਾਂ ਤੇ ਮਨੁੱਖੀ ਵੱਕਾਰ ਲਈ ਖੜ੍ਹਦੀ ਹੈ। ਅਸੀਂ ਹਿੰਸਾ ਜਾਂ ਧਮਕੀਆਂ ਵਿੱਚ ਯਕੀਨ ਨਹੀਂ ਕਰਦੀਆਂ। ਅਸੀਂ ਚੁਣੀਆਂ ਹੋਈਆਂ ਦਲੇਰ ਪ੍ਰਤੀਨਿਧ ਹਾਂ, ਜਿਹੜੀਆਂ ਧਮਕਾਉਣ ਨਾਲ ਚੁੱਪ ਨਹੀਂ ਕਰਨਗੀਆਂ।

Share this content:

Post Comment