Loading Now

ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ

ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ

ਨਵੀਂ ਦਿੱਲੀ, 18 ਅਪ੍ਰੈਲ – ਲੋਕ ਸਭਾ ਦੀ ਕਾਰਵਾਈ ਸ਼ਨਿਚਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਨੂੰ ਦੱਸਿਆ ਕਿ ਇਸ ਸੈਸ਼ਨ ਵਿੱਚ ਕੁੱਲ 31 ਬੈਠਕਾਂ ਹੋਈਆਂ ਅਤੇ ਸਦਨ ਦੀ ਕਾਰਵਾਈ 151 ਘੰਟੇ ਅਤੇ 42 ਮਿੰਟ ਤੱਕ ਚੱਲੀ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਵਿੱਚ ਕਾਰਜ ਉਤਪਾਦਕਤਾ 93 ਪ੍ਰਤੀਸ਼ਤ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕਈ ਹੋਰ ਪਾਰਟੀਆਂ ਦੇ ਪ੍ਰਮੁੱਖ ਨੇਤਾ ਸਦਨ ਵਿੱਚ ਮੌਜੂਦ ਰਹੇ। ਬਜਟ ਸੈਸ਼ਨ ਦੀ ਸ਼ੁਰੂਆਤ 28 ਜਨਵਰੀ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨ ਨਾਲ ਹੋਈ ਸੀ।

ਪਹਿਲਾਂ ਇਹ ਸੈਸ਼ਨ ਦੋ ਅਪਰੈਲ ਨੂੰ ਮੁਕੰਮਲ ਹੋਣਾ ਸੀ, ਪਰ ਮਹਿਲਾ ਰਾਖਵਾਂਕਰਨ ਨਾਲ ਸਬੰਧਤ ‘ਸੰਵਿਧਾਨ (131ਵੀਂ) ਸੋਧ ਬਿੱਲ 2026’ ਅਤੇ ਇਸ ਨਾਲ ਸਬੰਧਤ ਦੋ ਹੋਰ ਬਿੱਲਾਂ ‘ਤੇ ਚਰਚਾ ਕਰਨ ਅਤੇ ਇਨ੍ਹਾਂ ਨੂੰ ਪਾਸ ਕਰਾਉਣ ਦੇ ਮਕਸਦ ਨਾਲ ਸੈਸ਼ਨ ਨੂੰ ਵਧਾ ਦਿੱਤਾ ਗਿਆ ਅਤੇ 16 ਤੋਂ 18 ਅਪਰੈਲ ਤੱਕ ਤਿੰਨ ਦਿਨਾਂ ਦੀ ਵਿਸ਼ੇਸ਼ ਬੈਠਕ ਬੁਲਾਈ ਗਈ ਸੀ। ਇਹ ਸੰਵਿਧਾਨਕ ਸੋਧ ਬਿੱਲ ਪਾਸ ਨਹੀਂ ਹੋ ਸਕਿਆ। ਬਿੱਲ ‘ਤੇ ਹੋਈ ਵੋਟਿੰਗ ਦੌਰਾਨ ਇਸ ਦੇ ਪੱਖ ‘ਚ 298 ਅਤੇ ਵਿਰੋਧ ‘ਚ 230 ਵੋਟਾਂ ਪਈਆਂ। ਲੋਕ ਸਭਾ ਵਿੱਚ ਸੰਵਿਧਾਨ ਸੋਧ ਬਿੱਲ ਨੂੰ ਪਾਸ ਕਰਨ ਲਈ ਦੋ-ਤਿਹਾਈ ਬਹੁਮਤ ਦੀ ਲੋੜ ਹੁੰਦੀ ਹੈ।

ਬਿੱਲ ‘ਤੇ ਵੋਟਿੰਗ ਵਿੱਚ 528 ਮੈਂਬਰਾਂ ਨੇ ਹਿੱਸਾ ਲਿਆ। ਇਸ ਬਿੱਲ ਨੂੰ ਪਾਸ ਕਰਨ ਲਈ 352 ਮੈਂਬਰਾਂ ਦੇ ਸਮਰਥਨ ਦੀ ਲੋੜ ਸੀ। ਬਿਰਲਾ ਨੇ ਦੱਸਿਆ ਕਿ ਇਸ ਸੈਸ਼ਨ ਵਿੱਚ ਕੁੱਲ 12 ਸਰਕਾਰੀ ਬਿੱਲ ਪੇਸ਼ ਕੀਤੇ ਗਏ ਅਤੇ ਨੌਂ ਪਾਸ ਕੀਤੇ ਗਏ। ਪਾਸ ਕੀਤੇ ਗਏ ਵਿੱਤ ਬਿੱਲਾਂ ਵਿੱਚ ਆਂਧਰਾ ਪ੍ਰਦੇਸ਼ ਪੁਨਰਗਠਨ ਸੋਧ ਬਿੱਲ ਅਤੇ ਜਨ ਵਿਸ਼ਵਾਸ ਸੋਧ ਬਿੱਲ ਪ੍ਰਮੁੱਖ ਹਨ।

ਰਾਜ ਸਭਾ ਦੀ ਬੈਠਕ ਅਣਮਿੱਥੇ ਸਮੇਂ ਲਈ ਮੁਲਤਵੀ 

ਰਾਜ ਸਭਾ ਦੀ ਬੈਠਕ ਸ਼ਨਿਚਰਵਾਰ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਰਾਜ ਸਭਾ ਦੇ ਚੇਅਰਮੈਨ ਸੀ ਪੀ ਰਾਧਾਕ੍ਰਿਸ਼ਨਨ ਨੇ ਉੱਚ ਸਦਨ ਦੇ 270ਵੇਂ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਤੋਂ ਪਹਿਲਾਂ ਆਪਣੇ ਰਵਾਇਤੀ ਸੰਬੋਧਨ ਵਿੱਚ ਕਿਹਾ ਕਿ ਸੰਸਦ ਦੇ ਤਿੰਨੋਂ ਸੈਸ਼ਨਾਂ ਵਿੱਚ ਬਜਟ ਸੈਸ਼ਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ, ਕਿਉਂਕਿ ਇਹ ਨਾ ਸਿਰਫ਼ ਸਭ ਤੋਂ ਲੰਬਾ ਸੈਸ਼ਨ ਹੁੰਦਾ ਹੈ, ਸਗੋਂ ਦੇਸ਼ ਦੇ ਵਿਕਾਸ ਦੀ ਦਿਸ਼ਾ ਤੈਅ ਕਰਨ ਵਿੱਚ ਵੀ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

ਚੇਅਰਮੈਨ ਨੇ ਦੱਸਿਆ ਕਿ ਸੈਸ਼ਨ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ‘ਤੇ ਚਰਚਾ ਨਾਲ ਹੋਈ, ਜੋ ਚਾਰ ਦਿਨ ਚੱਲੀ ਅਤੇ ਇਸ ਵਿੱਚ 79 ਮੈਂਬਰਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਰਚਾ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ 2026-27 ‘ਤੇ ਵੀ ਚਾਰ ਦਿਨ ਵਿਸਤ੍ਰਿਤ ਚਰਚਾ ਹੋਈ, ਜਿਸ ਵਿੱਚ 97 ਮੈਂਬਰਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ ਸਦਨ ਵਿੱਚ ਸਰਕਾਰ ਦੇ ਦੋ ਪ੍ਰਮੁੱਖ ਮੰਤਰਾਲਿਆਂ ਦੇ ਕੰਮਕਾਜ ਬਾਰੇ ਵੀ ਚਰਚਾ ਹੋਈ। ਚੇਅਰਮੈਨ ਅਨੁਸਾਰ, ਬਜਟ ਸੈਸ਼ਨ ਦੌਰਾਨ ਸਦਨ ਵਿੱਚ ਕੁੱਲ 157 ਘੰਟੇ 40 ਮਿੰਟ ਕੰਮ ਹੋਇਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 117 ਪ੍ਰਸ਼ਨ ਪੁੱਛੇ ਗਏ, ਸਿਫ਼ਰ ਕਾਲ ਦੌਰਾਨ 446 ਸਵਾਲ ਚੁੱਕੇ ਗਏ ਅਤੇ 207 ਵਿਸ਼ੇਸ਼ ਸਵਾਲ ਲਏ ਗਏ। ਸੈਸ਼ਨ ਦੌਰਾਨ ਸਦਨ ਵਿੱਚ ਟਰਾਂਸਜੈਂਡਰ ਵਿਅਕਤੀ (ਅਧਿਕਾਰਾਂ ਦੀ ਸੁਰੱਖਿਆ) ਸੋਧ ਬਿੱਲ, 2026, ਹਥਿਆਰਬੰਦ ਪੁਲੀਸ ਬਲ (ਆਮ ਪ੍ਰਸ਼ਾਸਨ) ਬਿੱਲ, 2026, ਦੀਵਾਲੀਆਪਨ ਅਤੇ ਸ਼ੋਧਨ ਅਕਸ਼ਮਤਾ ਕੋਡ (ਸੋਧ) ਬਿੱਲ, 2025, ਆਂਧਰਾ ਪ੍ਰਦੇਸ਼ ਪੁਨਰਗਠਨ (ਸੋਧ) ਬਿੱਲ, 2026, ਜਨ ਵਿਸ਼ਵਾਸ (ਉਪਬੰਧਾਂ ਦੀ ਸੋਧ) ਬਿੱਲ 2026 ਅਤੇ ਉਦਯੋਗਿਕ ਸਬੰਧ ਕੋਡ (ਸੋਧ) ਬਿੱਲ, 2026 ‘ਤੇ ਚਰਚਾ ਕੀਤੀ ਗਈ ਅਤੇ ਇਨ੍ਹਾਂ ਨੂੰ ਪਾਸ ਕੀਤਾ ਗਿਆ।

Share this content:

Post Comment