ਰੈਗਿੰਗ ਦਾ ਦਹਿਸ਼ਤੀ ਰੂਪ
ਹਿਮਾਚਲ ਪ੍ਰਦੇਸ਼ ’ਚ ਰੈਗਿੰਗ ਦਾ ਖ਼ੌਫ਼ਨਾਕ ਚਿਹਰਾ ਸਾਹਮਣੇ ਆਇਆ ਹੈ। ਦਲਿਤ ਵਿਦਿਆਰਥੀ ਨਾਲ ਰੈਗਿੰਗ ਮਗਰੋਂ ਉਸ ਦੀ ਮੌਤ ਦੇ ਮਾਮਲੇ ’ਚ ਬੇਸ਼ੱਕ ਸੂਬਾ ਸਰਕਾਰ ਨੇ ਮੁਲਜ਼ਮ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਹੈ ਪਰ ਇਸ ਮਗਰੋਂ ਕਈ ਸਵਾਲ ਵੀ ਖੜ੍ਹੇ ਹੋ ਰਹੇ ਹਨ। ਫ਼ਿਲਹਾਲ ਇਸ ਮਾਮਲੇ ਦੀ ਕਮੇਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬੇਸ਼ੱਕ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਪਰ ਮਾਪਿਆਂ ਨੇ ਇਕ ਹੋਣਹਾਰ ਧੀ ਅਤੇ ਕਾਲਜ ਨੇ ਇਕ ਮਿਹਨਤੀ ਵਿਦਿਆਰਥਣ ਗੁਆ ਲਈ ਹੈ। ਮ੍ਰਿਤਕ ਵਿਦਿਆਰਥਣ ਵੱਲੋਂ ਆਖਰੀ ਸਮੇਂ ਦੌਰਾਨ ਵੀਡੀਓ ’ਚ ਆਪਣੇ ਨਾਲ ਹੋਈ ਰੈਗਿੰਗ ਬਾਰੇ ਜੋ ਕੁਝ ਬਿਆਨ ਦਿੱਤਾ ਗਿਆ ਹੈ, ਉਹ ਵੀ ਚਿੰਤਾ ਦਾ ਵਿਸ਼ਾ ਹੈ। ਅਧਿਆਪਕ ਦੀ ਰੈਗਿੰਗ ਦਾ ਸ਼ਿਕਾਰ ਵਿਦਿਆਰਥਣ ਦੀ ਉਮਰ ਸਿਰਫ਼ 19 ਸਾਲਾਂ ਦੀ ਸੀ ਅਤੇ ਉਹ ਸਰਕਾਰੀ ਡਿਗਰੀ ਕਾਲਜ, ਧਰਮਸ਼ਾਲਾ ’ਚ ਦੂਜੇ ਸਾਲ ਦੀ ਪੜ੍ਹਾਈ ਪੂਰੀ ਕਰ ਰਹੀ ਸੀ।
ਇਹ ਮਾਮਲਾ ਇਸ ਲਈ ਵੀ ਗੰਭੀਰ ਹੈ ਕਿਉਂਕਿ ਅਧਿਆਪਕ ’ਤੇ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਵੀ ਇਲਜ਼ਾਮ ਲੱਗੇ ਹਨ। ਕਾਲਜ ਦੀਆਂ ਤਿੰਨ ਵਿਦਿਆਰਥਣਾਂ ਨੇ ਮ੍ਰਿਤਕ ਵਿਦਿਆਰਥਣ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਡਰਾਇਆ ਧਮਕਾਇਆ। ਲੜਕੀ ਦੇ ਹਾਲਾਤ ਇਹ ਸਨ ਕਿ ਉਸ ਨਾਲ ਕਾਲਜ ਅੰਦਰ ਜੋ ਕੁਝ ਵਾਪਰਿਆ, ਉਹ ਉਸ ਬਾਰੇ ਖੁੱਲ੍ਹ ਕੇ ਦੱਸ ਵੀ ਨਹੀਂ ਪਾ ਰਹੀ ਸੀ। ਰੈਗਿੰਗ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਸ ’ਚ ਕਿਸੇ ਵਿਦਿਆਰਥੀ ਦੀ ਮੌਤ ਹੋਈ ਹੈ। ਸਾਲ 1996 ’ਚ ਤਾਮਿਲਨਾਡੂ ਦੀ ਇਕ ਯੂਨੀਵਰਸਿਟੀ ’ਚ ਐੱਮਬੀਬੀਐੱਸ ਦੇ ਪਹਿਲੇ ਸਾਲ ਦੇ ਵਿਦਿਆਰਥੀ ਨਾਲ ਰੈਗਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੌਰਾਨ ਵਿਦਿਆਰਥੀ ਦੀ ਮੌਤ ਹੋ ਗਈ ਸੀ।
ਸਾਲ 2009 ’ਚ ਟਾਂਡਾ ਦੇ ਇਕ ਕਾਲਜ ’ਚ 19 ਸਾਲ ਦੇ ਵਿਦਿਆਰਥੀ ਦੀ ਰੈਗਿੰਗ ਤੋਂ ਬਾਅਦ ਬ੍ਰੇਨ ਹੈਮਰੇਜ ਕਰਕੇ ਮੌਤ ਹੋਈ ਸੀ। ਇਸੇ ਤਰ੍ਹਾਂ 2019 ’ਚ ਮੁੰਬਈ ਦੇ ਕਾਲਜ ’ਚ ਵਿਦਿਆਰਥੀ ਨਾਲ ਜਾਤ ਆਧਾਰਿਤ ਰੈਗਿੰਗ ਨੇ ਵੀ ਉਸ ਦੀ ਜਾਨ ਲੈ ਲਈ ਸੀ। ਪਿਛਲੇ ਕੁਝ ਸਾਲਾਂ ਤੋਂ ਰੈਗਿੰਗ ਦੇ ਮਾਮਲੇ ਲਗਾਤਾਰ ਵਧੇ ਹਨ। ਯੂਜੀਸੀ ਨੇ ਸਾਲ 2024 ’ਚ ਐਂਟੀ ਰੈਗਿੰਗ ਹੈਲਪਲਾਈਨ ’ਤੇ 1,084 ਸ਼ਿਕਾਇਤਾਂ ਦਰਜ ਕੀਤੀਆਂ ਸਨ।
ਜਦਕਿ 2023 ’ਚ 964 ਸ਼ਿਕਾਇਤਾਂ ਸਾਹਮਣੇ ਆਈਆਂ ਸਨ ਅਤੇ 2022 ’ਚ 1,103 ਮਾਮਲੇ ਸਾਹਮਣੇ ਆਏ। ਖੇਤਰਾਂ ਦੇ ਲਿਹਾਜ ਨਾਲ ਦੇਖਿਆ ਜਾਵੇ ਤਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ’ਚ ਪਿਛਲੇ ਸਾਲਾਂ ਦੌਰਾਨ ਸਕੂਲਾਂ-ਕਾਲਜਾਂ ’ਚ ਸਭ ਤੋਂ ਵੱਧ ਰੈਗਿੰਗ ਦੇ ਮਾਮਲੇ ਸਾਹਮਣੇ ਆਏ ਹਨ। ਵਿਦਿਆਰਥੀਆਂ ਦੇ ਨਾਲ ਜਾਣ-ਪਛਾਣ ਕਰਨ ਦੇ ਬਹਾਨੇ ਉਨ੍ਹਾਂ ਨਾਲ ਕਈ ਤਰ੍ਹਾਂ ਦੇ ਭੱਦੇ ਮਜ਼ਾਕ ਕੀਤੇ ਜਾਂਦੇ ਹਨ। ਬਹੁਤੀ ਵਾਰ ਇਹ ਮਜ਼ਾਕ ਤੇ ਛੇੜਛਾੜ ਰੰਗ, ਨਸਲ ਤੇ ਖਿੱਤੇ ਨਾਲ ਜੁੜ ਕੇ ਹੱਦਾਂ ਬੰਨ੍ਹੇ ਟੱਪ ਜਾਂਦੇ ਹਨ। ਅਜਿਹੇ ’ਚ ਰੈਗਿੰਗ ਦਾ ਸ਼ਿਕਾਰ ਵਿਦਿਆਰਥੀ ਜਾਂ ਵਿਦਿਆਰਥਣ ਮਾਨਸਿਕ ਤੌਰ ’ਤੇ ਪਰੇਸ਼ਾਨੀਆਂ ਝੱਲਦੇ ਹਨ। ਕਾਲਜਾਂ ਸਕੂਲਾਂ ਦੇ ਸੀਨੀਅਰ ਵਿਦਿਆਰਥੀ ਆਪਣੀ ਚੌਧਰ ਵਧਾਉਣ ਲਈ ਵੀ ਹੇਠਲੀਆਂ ਜਮਾਤਾਂ ਦੇ ਨਵੇਂ-ਪੁਰਾਣੇ ਵਿਦਿਆਰਥੀਆਂ ਨਾਲ ਰੈਗਿੰਗ ਦੇ ਨਾਂ ’ਤੇ ਧੱਕੇਸ਼ਾਹੀਆਂ ਕਰਦੇ ਹੈ।
ਹਿਮਾਚਲ ’ਚ ਰੈਗਿੰਗ ਦਾ ਜੋ ਰੂਪ ਸਾਹਮਣੇ ਆਇਆ ਹੈ, ਇਸ ਨੂੰ ਸਖ਼ਤ ਜਾਂਚ ਦੇ ਘੇਰੇ ’ਚੋਂ ਲੰਘਾਉਣਾ ਚਾਹੀਦਾ ਹੈ। ਬੱਚਿਆਂ ਨੂੰ ਸਕੂਲਾਂ ਤੇ ਕਾਲਜਾਂ ’ਚ ਦਾਖ਼ਲ ਕਰਵਾ ਕੇ ਹੀ ਮਾਪਿਆਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਫ਼ਾਰਗ ਮਹਿਸੂਸ ਨਹੀਂ ਕਰਨਾ ਚਾਹੀਦਾ। ਬੱਚੇ ਸਕੂਲਾਂ ਤੇ ਕਾਲਜਾਂ ’ਚ ਕੀ ਕਰਦੇ ਹਨ ਤੇ ਉਨ੍ਹਾਂ ਨਾਲ ਵਿੱਦਿਅਕ ਅਦਾਰਿਆਂ ’ਚ ਕਿਹੋ ਜਿਹਾ ਵਰਤਾਓ ਹੁੰਦਾ ਹੈ, ਇਸ ਦੀ ਸਮੇਂ-ਸਮੇਂ ’ਤੇ ਪੜਤਾਲ ਕਰਦੇ ਰਹਿਣਾ ਚਾਹੀਦਾ ਹੈ।
Share this content:



Post Comment